ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਇੱਕ ਮਜ਼ਬੂਤ ਨੇਤਾ ਦਾ ਹਸ਼ਰ

Posted On September - 2 - 2019

ਐੱਸ ਪੀ ਸਿੰਘ*

ਨੇਤਾ ਬਹੁਤ ਮਜ਼ਬੂਤ ਸੀ। ਉਸ ਨੇ ਲੋਕਾਂ ਤੋਂ ਬੜਾ ਵੱਡਾ ਫਤਵਾ ਹਾਸਲ ਕੀਤਾ ਸੀ। ਚੋਣਾਂ ਤੋਂ ਪਹਿਲਾਂ ਬਹੁਤਿਆਂ ਨੂੰ ਉਸ ਦੀ ਜਿੱਤਣ ਦੀ ਸਮਰੱਥਾ ’ਤੇ ਸ਼ੱਕ ਸੀ ਕਿਉਂ ਜੋ ਪਾਰਟੀ ਦੇ ਅੰਦਰੋਂ ਹੀ ਉਸ ਨੂੰ ਵੱਡੇ ਨੇਤਾ ਚੁਣੌਤੀ ਦੇ ਰਹੇ ਸਨ। ਪਰ ਨੇਤਾ ਨੇ ਧੂੰਆਂਧਾਰ ਚੋਣ ਪ੍ਰਚਾਰ ਕੀਤਾ। ਉਸ ਲੋਕਾਂ ਨੂੰ ਦੱਸਿਆ ਕਿ ਮੇਰੇ ਵਿਰੋਧੀਆਂ ਕੋਲ ਇੱਕ ਹੀ ਨਿਸ਼ਾਨਾ ਹੈ – ਮੈਂ। ਉਹ ਮੇਰੇ ਖ਼ਿਲਾਫ਼ ਹਨ। ਉਨ੍ਹਾਂ ਮਹਾਂਗਠਬੰਧਨ ਬਣਾ ਲਿਆ ਹੈ ਕਿਉਂ ਜੋ ਉਹ ਮੈਨੂੰ ਹਟਾਉਣਾ ਚਾਹੁੰਦੇ ਹਨ। ਮੇਰਾ ਨਿਸ਼ਾਨਾ ਤੁਹਾਡੇ ਦੁੱਖ ਹਟਾਉਣਾ ਹੈ।
ਲੋਕਾਂ ਦਿਲ ਖੋਲ੍ਹ ਕੇ ਨੇਤਾ ਨੂੰ ਵੋਟਾਂ ਪਾਈਆਂ। ਉਹਦੀ ਪਾਰਟੀ ਨੂੰ 300 ਤੋਂ ਕਿਤੇ ਵਧੇਰੇ ਸੀਟਾਂ ਫੜਾਈਆਂ। ਵਿਰੋਧੀਆਂ ਹਿੱਸੇ ਬੱਸ ਪੋਟਿਆਂ ’ਤੇ ਗਿਣਨ ਜੋਗੀਆਂ ਆਈਆਂ। ਸਾਰਾ ਵਿਰੋਧੀ ਮਹਾਂਗਠਬੰਧਨ ਇਕੱਠੇ ਹੋ ਕੇ ਵੀ ਵਿਰੋਧੀ ਧਿਰ ਦਾ ਆਗੂ ਨਹੀਂ ਬਣਾ ਸਕਦਾ ਸੀ।
ਦੁਸ਼ਮਣ ਮੁਲਕ ਅੱਖਾਂ ਵਿਖਾ ਰਿਹਾ ਸੀ, ਪਰ ਨੇਤਾ ਮਜ਼ਬੂਤ ਹੋਵੇ ਤਾਂ ਦੁਸ਼ਮਣ ਨੂੰ ਅੱਖ ਕਿਵੇਂ ਚੁੱਕਣ ਦੇਂਦਾ? ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਦੰਦ ਖੱਟੇ ਕਰ ਦਿੱਤੇ। ਧੁਰ ਅੰਦਰ ਜਾ ਕੇ ਦੁਸ਼ਮਣ ਕੁੱਟਿਆ, ਧੌਣੋਂ ਫੜ ਦੋ ਟੁਕੜੇ ਕਰ ਸੁੱਟਿਆ। ਮੁਲਖੱਈਏ ਨੇ ਨੇਤਾ ਮਹਾਨ ਦਾ ਰਾਗ ਅਲਾਪਿਆ। ਇੱਕ ਤੋਂ ਬਾਅਦ ਇੱਕ ਸੂਬੇ ਵਿੱਚ ਹੁਣ ਨੇਤਾ ਦੀ ਪਾਰਟੀ ਦੀ ਜਿੱਤ ਦੇ ਝੰਡੇ ਝੂਲਣ ਲੱਗੇ। ਨੇਤਾ ਨੂੰ ਕਿਸੇ ਪਾਸਿਓਂ ਕੋਈ ਚੁਣੌਤੀ ਨਹੀਂ ਸੀ। ਉਹ ਸਰਬਪ੍ਰਵਾਨਤ, ਸਰਬਸ਼ਕਤੀਮਾਨ ਸੀ। ਪਾਰਟੀ ਉਸੇ ਦੇ ਰੰਗ ਵਿੱਚ ਢਲ ਗਈ ਸੀ। ਉਸ ਦੀ ਪੋਸ਼ਾਕ ਉੱਤੇ ਤਬਸਰੇ ਲਿਖੇ ਜਾਂਦੇ, ਉਹਦੀ ਭਾਸ਼ਣ ਕਲਾ ਦੇ ਕਸੀਦੇ ਪੜ੍ਹੇ ਜਾਂਦੇ। ਹਿੰਦੁਸਤਾਨੀਆਂ ਨੂੰ ਆਪਣਾ ਸੁਪਰੀਮ ਲੀਡਰ ਮਿਲ ਚੁੱਕਾ ਸੀ।
ਇਹ ਲਗਭਗ ਅੱਧੀ ਸਦੀ ਪਹਿਲਾਂ ਦੀ ਗੱਲ ਹੈ।
ਮਜ਼ਬੂਤ ਸਰਕਾਰ ਅਤੇ ਨਿਆਂਪਾਲਿਕਾ ਵਿਚਕਾਰ ਤਣਾਅ ਦੀ ਸਥਿਤੀ ਉਤਪੰਨ ਹੋ ਗਈ ਸੀ। ਸੁਪਰੀਮ ਕੋਰਟ ਨੂੰ ਜਾਪ ਰਿਹਾ ਸੀ ਕਿ ਸਰਕਾਰ ਦੇ ਕੁਝ ਫ਼ੈਸਲੇ ਲੋਕਤੰਤਰੀ ਪ੍ਰੰਪਰਾਵਾਂ ਅਤੇ ਸੰਵਿਧਾਨ ਦੇ ਖ਼ਿਲਾਫ਼ ਹਨ। ਸੱਤਾਧਾਰੀ ਪਾਰਟੀ ਨੇ ਐਲਾਨੀਆ ਕਹਿ ਦਿੱਤਾ ਸੀ ਕਿ ਅਦਾਲਤ-ਏ-ਉਸਮਾ ਪਾਰਲੀਮੈਂਟ ਨੂੰ ਚੁਣੌਤੀ ਦੇ ਰਹੀ ਹੈ। ਨੇਤਾ ਮਹਾਨ ਨੇ ਕਿਹਾ ਕਿ ਗ਼ਰੀਬ ਭਲਾਈ ਕੰਮਾਂ ਵਿੱਚ ਅਦਾਲਤ ਟੰਗ ਨਾ ਅੜਾਵੇ। ਵਿਰੋਧੀ ਧਿਰ ਰੋਣਾ ਰੋਵੇ ਕਿ ਰਾਜਨੀਤਕ ਸ਼ਕਤੀ ਇੱਕ ਵਿਅਕਤੀ ਵਿਸ਼ੇਸ਼ ਦੀ ਸ਼ਕਤੀ ਵਿੱਚ ਤਬਦੀਲ ਹੋ ਚੁੱਕੀ ਹੈ। ਸਾਰੀ ਫੈਸਲਾਸਾਜ਼ੀ ਉਸੇ ਦੀ ਮਰਜ਼ੀ ’ਤੇ ਨਿਰਭਰ ਹੈ। ਉਹ ਜਿਸ ਨੂੰ ਚਾਹੇ, ਕਿਸੇ ਰਾਜ ਦਾ ਮੁੱਖ ਮੰਤਰੀ ਲਾਵੇ। ਜਿਸ ਨੂੰ ਚਾਹੇ, ਹਟਾਵੇ। ਨੇਤਾ ਕਹੇ ਦੇਸ਼ ਮੇਰੇ ਨਾਲ ਹੈ, ਗ਼ਰੀਬ ਮੇਰੇ ਨਾਲ ਹੈ, ਸੀਟਾਂ ਤਾਂ ਵੇਖੋ ਮੇਰੇ ਕੋਲ ਕਿੰਨੀਆਂ ਹਨ!
ਦੁਸ਼ਮਣਾਂ ਦੀ ਪਛਾਣ ਕੀਤੀ ਜਾ ਰਹੀ ਸੀ। ਨਕਸਲੀ ਦੁਸ਼ਮਣ ਹਨ, ਫ਼ੈਸਲਾ ਹੋ ਗਿਆ। ਉਨ੍ਹਾਂ ਦਾ ਸਰਗਨਾ ਚਾਰੂ ਮਜੂਮਦਾਰ ਗੁਪਤ ਟਿਕਾਣੇ ਤੋਂ ਨੱਪ ਲਿਆ, ਸਲਾਖਾਂ ਪਿੱਛੇ ਸੁੱਟਿਆ। ਉਹ ਅੰਦਰੇ ਹੀ ਮਰ ਗਿਆ। ਜਿੱਥੇ ਅੰਦੋਲਨ ਉੱਠੇ, ਨੱਪਣ ਲਈ ਹਕੂਮਤ ਜ਼ੋਰ ਲਾਵੇ।
ਲੋਕਾਈ ਮਹਿੰਗਾਈ ਨਾਲ ਤ੍ਰਾਹ-ਤ੍ਰਾਹ ਕਰ ਰਹੀ ਸੀ। ਸਿਨੇਮਾ ਦੀ ਸਕਰੀਨ ਉੱਤੇ ਮੁਟਿਆਰ ਨਾਲ ਦਰੱਖਤਾਂ ਦੁਆਲੇ ਨੱਚਦਾ ਗਾਉਂਦਾ ਸੋਹਣਾ ਸੁਨੱਖਾ ਨੌਜਵਾਨ ਐਂਗਰੀ ਯੰਗ ਮੈਨ ਬਣ ਰਿਹਾ ਸੀ। ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰ ਵਿੱਚ, ਜਿਹੜਾ ਅੱਜਕੱਲ੍ਹ ਉੱਤਰਾਖੰਡ ਹੈ, ਔਰਤਾਂ ਦਰੱਖਤਾਂ ਨਾਲ ਚਿਪਕ ਗਈਆਂ। ਉਹ ਅਨਪੜ੍ਹ ਸਨ, ਉਨ੍ਹਾਂ ਅਜੇ ਵਾਤਾਵਰਣ ਬਦਲਾਅ ਬਾਰੇ ਨਹੀਂ ਸੀ ਸੁਣਿਆ, ਪਰ ਅਕਲਮੰਦ ਸਨ। ਚਿਪਕੋ, ਚਿਪਕੋ ਕਹਿ ਜ਼ਿੰਦਗੀ ਨੂੰ ਜੱਫਾ ਮਾਰ ਰਹੀਆਂ ਸਨ। ਨੇਤਾ ਕਹੇ ਇਹ ਵਿਕਾਸ ਰੋਕ ਰਹੀਆਂ ਹਨ।
ਉਧਰ ਸਰਬਉੱਚ ਅਦਾਲਤ ਵਿਚਲੇ ਜੱਜਾਂ ਵਿੱਚ ਪਾੜ ਪੈ ਗਿਆ ਕਿ ਸੰਵਿਧਾਨ ਦੀ ਮੌਲਿਕ ਬਣਤਰ ਨਾਲ ਪਾਰਲੀਮੈਂਟ ਛੇੜਛਾੜ ਕਰ ਸਕਦੀ ਹੈ ਜਾਂ ਨਹੀਂ। 700 ਸਫ਼ਿਆਂ ਦਾ ਫ਼ੈਸਲਾ ਆਇਆ। 7-6 ਦੇ ਮਹੀਨ ਪਰ ਭਾਰਤੀ ਲੋਕਤੰਤਰ ਦੀ ਕਿਸਮਤ ਬਦਲ ਦੇਣ ਵਾਲੇ ਫ਼ਰਕ ਨੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ। ਨੇਤਾ ਲਈ ਇਹ ਮਾੜੀ ਖ਼ਬਰ ਸੀ। ਉਸ ਕੋਲ 300 ਤੋਂ ਵਧੇਰੇ ਸੀਟਾਂ ਸਨ, ਸੋ ਚੁੱਕ ਕੇ ਆਪਣੀ ਮਰਜ਼ੀ ਦਾ ਮੁਨਸਿਫ਼ ਸਿਖਰ ’ਤੇ ਬਿਠਾਇਆ।
ਉਧਰ ਮਹਿੰਗਾਈ ਦੀ ਦਰ 30 ਪ੍ਰਤੀਸ਼ਤ ਨੂੰ ਛੂਹਣ ਲੱਗੀ। ਬਾਜ਼ਾਰ ਵਿੱਚ ਜਿਹੜੀ ਵਸਤ ਨੂੰ ਕੋਈ ਹੱਥ ਪਾਵੇ, ਭਾਅ ਅਸਮਾਨੀ ਜਾਵੇ। ਖ਼ਲਕਤ ਕੁਰਲਾ ਉੱਠੀ ਸੀ। ਮੁਲਕ ਭਰ ਵਿੱਚ ਹੜਤਾਲਾਂ ਦਾ ਸਿਲਸਿਲਾ ਤੁਰ ਪਿਆ। ਸਾਰਾ ਰੇਲਵੇ ਨਿਜ਼ਾਮ ਖੜ੍ਹ ਗਿਆ। ਰੇਲਗੱਡੀਆਂ ਦਾ ਪਹੀਆ ਜਾਮ ਹੋ ਗਿਆ। ਗੁਜਰਾਤ ਵਿੱਚ ਵਿਦਿਆਰਥੀਆਂ ਨੇ ਵਧਦੀ ਮਹਿੰਗਾਈ ਖ਼ਿਲਾਫ਼ ਅੰਦੋਲਨ ਵਿੱਢ ਦਿੱਤਾ। ਪਰ ਇਧਰ ਨੇਤਾ ਨੂੰ ਵੀ ਆਪਣੇ ਮਹਾਨ ਹੋਣ ’ਤੇ ਕੋਈ ਸ਼ੱਕ ਨਹੀਂ ਸੀ। ਉਸ ਐਟਮੀ ਧਮਾਕਾ ਕਰ ਦਿੱਤਾ।
ਮਜ਼ਬੂਤ ਨੇਤਾ, 300 ਤੋਂ ਵੱਧ ਪਾਰਲੀਮੈਂਟ ਵਿੱਚ ਸੀਟਾਂ, ਪਾਰਟੀ ਵਿੱਚ ਕੋਈ ਕੁਸਕ ਨਹੀਂ ਸੀ ਸਕਦਾ ਉਹਦੇ ਅੱਗੇ, ਉੱਤੋਂ ਗੱਲਾਂ ਐਟਮੀ ਸ਼ਕਤੀ ਦੀਆਂ। ਦੁਨੀਆ ਦੀ ਇੱਕ ਸੁਪਰ-ਪਾਵਰ ਉਹਦੇ ਨਾਲ ਸੀ। ਗੁਆਂਢ ਵਿੱਚ ਇੱਕ ਪਿੱਦੀ ਜਿਹਾ ਦੇਸ਼ ਸੀ, ਜਿਵੇਂ ਛੋਟਾ ਜਿਹਾ ਕੋਈ ਸਵਿਟਜ਼ਰਲੈਂਡ ਹੋਵੇ। ਨੇਤਾ ਨੇ ਇੱਕ ਦਿਨ ਹੱਥ ਮਾਰਿਆ, ਅੰਦਰ ਹੀ ਕਰ ਲਿਆ ਉਹਨੂੰ। ਸਿੱਕਿਮ ਨੂੰ ਭਾਰਤ ਦਾ ਸੂਬਾ ਹੀ ਬਣਾ ਲਿਆ। ਅੱਜਕੱਲ੍ਹ ਦਾ ਮਜ਼ਬੂਤ ਨੇਤਾ ਤਾਂ ਸਿਰਫ਼ ਸੂਬੇ ਦੇ ਹੀ ਟੁਕੜੇ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਂਦਾ ਹੈ, ਉਹ ਨੇਤਾ ਤਾਂ ਹੋਰ ਵੀ ਮਜ਼ਬੂਤ ਸੀ।
ਪਰ ਨਿਜ਼ਾਮ ਵਿੱਚ ਕਈ ਵਾਰੀ ਐਸੇ ਵੀ ਕੋਈ ਕੋਕੜੂ ਆ ਜਾਂਦੇ ਹਨ ਜਿਨ੍ਹਾਂ ਸਾਹਮਣੇ ਦਾਲ ਨਹੀਂ ਗਲਦੀ। ਅਲਾਹਬਾਦ ਹਾਈਕੋਰਟ ਦਾ ਜੱਜ ਜਗਮੋਹਨ ਲਾਲ ਸਿਨਹਾ ਵੀ ਉਸੇ ਮਿੱਟੀ ਦਾ ਬਣਿਆ ਸੀ ਜਿਹੜੀ ਕੁੱਟਿਆਂ ਨਹੀਂ ਭੁਰਦੀ। ਉਸ ਕਿਹਾ ਕਿ ਨੇਤਾ ਦੀ ਚੋਣ ਹੀ ਨਾਜਾਇਜ਼ ਹੈ। ਇਸ ਨੇ ਚੋਣ ਵਿੱਚ ਸਰਕਾਰੀ ਹੀਲੇ-ਵਸੀਲੇ ਵਰਤੇ ਸਨ। ਉਧਰੋਂ ਬਿਹਾਰ ਵਾਲੇ ਪਾਸਿਓਂ ਤੂਫ਼ਾਨ ਚੜ੍ਹਦਾ ਆ ਰਿਹਾ ਸੀ। ‘ਸਿੰਘਾਸਨ ਖਾਲੀ ਕਰੋ ਕਿ ਜਨਤਾ ਆਤੀ ਹੈ’ ਦੀਆਂ ਆਵਾਜ਼ਾਂ ਫਿਜ਼ਾ ਵਿੱਚ ਗੂੰਜ ਰਹੀਆਂ ਸਨ।
ਹਰ ਮਜ਼ਬੂਤ ਨੇਤਾ ਆਪਣਾ ਥਾਪੜਾ-ਪ੍ਰਾਪਤ ਪਾਰਟੀ ਪ੍ਰਧਾਨ ਲਾਉਂਦਾ ਹੈ ਜਿਹੜਾ ਮੌਕਾ-ਬਮੌਕਾ ਉੱਚੀ ਹੇਕ ਵਿੱਚ ਸਰਵਉੱਚ ਨੇਤਾ ਦੇ ਕਸੀਦੇ ਪੜ੍ਹ ਸਕੇ। ਇਹ ਕੰਮ ਦੇਵ ਕਾਂਤ ਬਰੂਆ ਨੇ ਬੜੀ ਵਫ਼ਾਦਾਰੀ ਨਾਲ ਕੀਤਾ। ਰਾਜਧਾਨੀ ਵਿੱਚ ਢੋਅ ਕੇ ਲਿਆਂਦੇ ਲੋਕਾਂ ਦੇ ਸਮੁੰਦਰ ਸਾਹਵੇਂ ਉਸ ਕਵਿਤਾ ਪੜ੍ਹੀ – ‘‘ਨੇਤਾ ਤੇਰੀ ਸੁਬਹ ਕੀ ਜੈ, ਤੇਰੀ ਸ਼ਾਮ ਕੀ ਜੈ। ਤੇਰੇ ਕਾਮ ਕੀ ਜੈ, ਤੇਰੇ ਨਾਮ ਕੀ ਜੈ।’’ ਤਿੰਨ ਦਿਨਾਂ ਬਾਅਦ ਸੁਪਰੀਮ ਕੋਰਟ ਨੇ ਆਖਿਆ, ‘‘ਨੇਤਾ ਕੁਰਸੀ ’ਤੇ ਭਾਵੇਂ ਬੈਠੇ ਪਰ ਪਾਰਲੀਮੈਂਟ ਵਿੱਚ ਉਹਦੇ ਕੋਲ ਹੁਣ ਕੋਈ ਅਧਿਕਾਰ ਨਹੀਂ ਰਹਿ ਗਿਆ।’’
ਪਰ ਇਹ ਕੋਈ 303 ਵਾਲਾ ਮਜ਼ਬੂਤ ਨੇਤਾ ਨਹੀਂ ਸੀ। ਇਸ ਕੋਲ ਤਾਂ 352 ਸਨ। ਮਜ਼ਬੂਤ ਨੇਤਾ ਦੀ ਪਿਰਤ ਹੀ ਉਸ ਪਾਈ ਸੀ। ਅਗਲੇ ਹੀ ਦਿਨ ਉਸ ਅਚਾਨਕ ਐਲਾਨ ਕੀਤਾ ਕਿ ਬਹੁਤ ਹੋ ਗਿਆ, ਹੁਣ ਕੋਈ ਕੁਸਕਣ ਦੀ ਜੁਰੱਅਤ ਨਾ ਕਰੇ। ਸਾਰੇ ਵਿਰੋਧੀ ਚੁੱਕ ਜੇਲ੍ਹਾਂ ਵਿੱਚ ਡੱਕ ਦਿੱਤੇ। ਲੋਕੀਂ ਦੁਰਗਾ ਐਵੇਂ ਥੋੜ੍ਹੀ ਕਹਿੰਦੇ ਸਨ!
ਉਸ ਵੇਲੇ ਦਾ ਸਾਰਾ ਮੁਲਕ ਮਜ਼ਬੂਤ ਨੇਤਾ ਨੇ ਅੱਜ ਦੀ ਕਸ਼ਮੀਰ ਵਾਦੀ ਵਾਂਗ ਬਣਾ ਦਿੱਤਾ। ਅਖ਼ਬਾਰਾਂ ਦੀ ਬਿਜਲੀ ਕੱਟ ਦਿੱਤੀ, ਬੋਲਣ ਦੀ ਆਜ਼ਾਦੀ ਖੋਹ ਲਈ। ਸੈਂਸਰਸ਼ਿਪ ਲਾ ਦਿੱਤੀ। ਬੱਚੇ ਕਿੰਨੇ ਪੈਦਾ ਕਰਨੇ ਹਨ, ਸਰਕਾਰੀ ਹੁਕਮ ਆਉਣ ਲੱਗੇ। ਨੇਤਾ ਨੇ ਚਿਤਾਵਨੀ ਦਿੱਤੀ ਕਿ ਖਬਰਦਾਰ, ਜੇ ਕਿਸੇ ਨੇ ਧਰਨਾ ਪ੍ਰਦਰਸ਼ਨ ਕਰਨ ਬਾਰੇ ਸੋਚਿਆ ਵੀ ਤਾਂ ਅੰਜਾਮ ਬੁਰਾ ਹੋਵੇਗਾ।
ਅਦਾਲਤ-ਏ-ਉਸਮਾ ਵਿੱਚ ਸਿਖਰ ’ਤੇ ਮੁਨਸਿਫ਼ ਉਸ ਹੱਥੀਂ ਲਾਇਆ ਸੀ। ਚੀਕਾਂ ਮਾਰਦੇ ਜਿਹੜੇ ਉਸ ਕੋਲ ਫ਼ਰਿਆਦ ਲੈ ਕੇ ਗਏ, ਅਦਾਲਤ ਨੇ ਬੇਰੰਗ ਵਾਪਸ ਭੇਜੇ। ਅਖੇ, ਹਕੂਮਤ ਹਕੂਮਤ ਹੁੰਦੀ ਹੈ, ਜਿਹਦੀ ਚਾਹੇ ਜਾਨ ਲੈ ਲਵੇ। ਪੰਜਾਂ ਜੱਜਾਂ ਦੇ ਉਸ ਬੈਂਚ ਵਿੱਚ ਇੱਕ ਪੰਜਾਬੀ ਜੱਜ ਵੀ ਸੀ। ਉਸ ਆਖਿਆ, ‘‘ਨਾਗਰਿਕ ਦੇ ਜੀਵਨ ਦਾ ਅਧਿਕਾਰ ਐਨਾ ਮੌਲਿਕ ਹੈ ਕਿ ਇਹ ਸੰਵਿਧਾਨ ਦੀ ਇਸ ਅਧਿਕਾਰ ਦਿੰਦੀ ਧਾਰਾ ਤੋਂ ਵੀ ਉਚੇਰਾ ਹੈ। ਹਕੂਮਤ ਨੂੰ ਕੋਈ ਹੱਕ ਨਹੀਂ ਕਿ ਉਹ ਇਹ ਅਧਿਕਾਰ ਖੋਹ ਸਕੇ।’’ ਵਿਚਾਰਾ ’ਕੱਲਾ ਹੀ ਰਹਿ ਗਿਆ। ਬਾਕੀ ਚਾਰੇ ਵਾਰੀ ਵਾਰੀ ਮੁਲਕ ਦੇ ਚੀਫ਼ ਜਸਟਿਸ ਬਣੇ, ਉਹ ਸਿਰਫ਼ ਇਨਸਾਫ਼ਪਸੰਦਾਂ ਦੇ ਦਿਲਾਂ ’ਤੇ ਰਾਜ ਕਰਨ ਜੋਗਾ ਰਹਿ ਗਿਆ। ਨੇਤਾ ਨੇ ਦੇਸ਼ ਨੂੰ ਦੱਸਿਆ ਕਿ ਅਸੀਂ ਤਾਂ ਗ਼ਰੀਬ ਦੀ ਭਲਾਈ ਕਰਨਾ ਲੋਚਦੇ ਹਾਂ, ਇਸ ਲਈ ਜੇ ਅਦਾਲਤਾਂ, ਜੱਜ ਜਾਂ ਅਫ਼ਸਰਸ਼ਾਹੀ ਨੇ ਲੱਤ ਅੜਾਈ ਤਾਂ ਉਹ ਦੇਸ਼ ਦੁਸ਼ਮਣ ਹੋਣਗੇ।
ਮਜ਼ਬੂਤ ਨੇਤਾਵਾਂ ਦੀ ਕਿਸਮਤ ਵਿੱਚ ਕਿਸੇ ਨਾ ਕਿਸੇ ਐਵਾਰਡ-ਵਾਪਸੀ ਬ੍ਰਿਗੇਡ ਨਾਲ ਟਾਕਰਾ ਲਿਖਿਆ ਹੁੰਦਾ ਹੋਣਾ ਹੈ। ਕੰਨੜ ਭਾਸ਼ਾ ਦੇ ਵਿਦਵਾਨ ਲੇਖਕ ਪਦਮ ਭੂਸ਼ਣ ਸ਼ਿਵਰਾਮ ਕਾਰੰਤ ਨੇ ਰਾਸ਼ਟਰੀ ਇਨਾਮ ਹਕੂਮਤ ਦੇ ਮੂੰਹ ’ਤੇ ਦੇ ਮਾਰਿਆ। ਫਨੀਸ਼ਵਰਨਾਥ ਰੇਣੂ ਨੇ ਪਦਮਸ੍ਰੀ ਤੋਂ ਇਹੋ ਕੰਮ ਲਿਆ। ਉਦੋਂ ਸਰਕਾਰ ਦੇ ਗੋਦੀ ਚੜ੍ਹੇ ਟੀਵੀ ਐਂਕਰ ਰਾਤੀਂ ਨੌਂ ਵਜੇ ਕੁਰਸੀ ਤੋਂ ਉੱਛਲ-ਉੱਛਲ ਕੇ ਜੇ ਸਵਾਲ ਪੁੱਛਦੇ ਹੁੰਦੇ ਤਾਂ ਹਰ ਸ਼ਾਮ ਛੱਤ ਵਿੱਚ ਜਾ ਵੱਜਦੇ, ਸ਼ਾਇਦ ਇਨਾਮ ਵਾਪਸ ਕਰਨ ਵਾਲਿਆਂ ਨੂੰ ਭੰਡਦੇ ਅਤੇ ਦੇਵ ਕਾਂਤ ਬਰੂਆ ਨੂੰ ਹੀ ਆਪਣੇ ਸਮਿਆਂ ਦਾ ਮਹਾਨ ਕਵੀ ਐਲਾਨ ਦਿੰਦੇ।
ਮਜ਼ਬੂਤ ਨੇਤਾ ਦੇ ਪਿਓ ਨੇ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਸਮਾਂ ਗੁਜ਼ਾਰਿਆ ਸੀ ਜਿੱਥੋਂ ਉਸ ਆਪਣੀ ਇਕਲੌਤੀ ਸੰਤਾਨ ਨੂੰ ਚਿੱਠੀਆਂ ਲਿਖੀਆਂ ਸਨ। ਬਚਪਨ ਵਿੱਚ ਸਾਨੂੰ ਸਕੂਲ ਵਿੱਚ ਉਨ੍ਹਾਂ ’ਚੋਂ ਕੁਝ ਚਿੱਠੀਆਂ ਪਾਠਕ੍ਰਮ ਵਿੱਚ ਲੱਗੀਆਂ ਸਨ। ਜਦੋਂ ਮਜ਼ਬੂਤ ਨੇਤਾ ਨੇ ਵਿਰੋਧੀ ਧਿਰ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਸੀ ਤਾਂ ਨਿਊਯਾਰਕ ਟਾਈਮਜ਼ ਦੇ ਭਾਰਤ ਵਿੱਚ ਕਦੀ ਨਾਮਾਨਿਗਾਰ ਰਹੇ ਪੱਤਰਕਾਰ ਏ.ਐੱਮ. ਰੋਜ਼ੈਨਥਾਲ ਨੇ ਦੇਸ਼ ’ਚ ਚੱਕਰ ਮਾਰਿਆ। ਉਨ੍ਹਾਂ ਲਿਖਿਆ ਕਿ ਜੇ ਅੱਜ ਨੇਤਾ ਦਾ ਬਾਪ ਜਿਉਂਦਾ ਹੁੰਦਾ ਤਾਂ ਉਸ ਨੇ ਫਿਰ ਜੇਲ੍ਹ ਵਿੱਚ ਹੋਣਾ ਸੀ ਅਤੇ ਮੁੜ ਤੋਂ ਸੰਤਾਨ ਨੂੰ ਜੇਲ੍ਹ ਵਿੱਚੋਂ ਚਿੱਠੀਆਂ ਲਿਖ ਸਮਝਾਉਣਾ ਸੀ ਕਿ ਲੋਕਤੰਤਰ ਕੀ ਹੁੰਦਾ ਹੈ।
ਲੋਕਤੰਤਰ ਦੀ ਉਸ ਲੜਾਈ ਵਿੱਚ ਪੰਜਾਬ ਮੋਹਰੀ ਹੋ ਕੇ ਲੜਿਆ ਸੀ। ਅੱਜ ਜਦੋਂ ਕਸ਼ਮੀਰ ਦੀ ਵਾਦੀ ਨੂੰ ਐਮਰਜੈਂਸੀ ਤੋਂ ਮਾੜੇ ਦਿਨ ਦੇਖਣੇ ਪੈ ਰਹੇ ਹਨ ਤਾਂ ਵੀ ਪੰਜਾਬ ਦੇ ਵਲਵਲੇ ਮਜ਼ਬੂਤ ਨੇਤਾ ਪਿੱਛੇ ਲੱਗੇ ਦੇਸ਼ ਦੇ ਵੱਡੇ ਜਨਸਮੂਹ ਤੋਂ ਵੱਖਰੇ ਅਤੇ ਨਿਆਰੇ ਹਨ। ਵਾਦੀ ਵਿੱਚ ਲੋਕਤੰਤਰ ਦਾ ਗਲਾ ਘੁੱਟਣ ਵਿੱਚ ਅੱਜ ਹੱਥ ਕੁਝ ਉਨ੍ਹਾਂ ਪਾਰਟੀਆਂ ਦੇ ਵੀ ਹਨ ਜਿਹੜੀਆਂ ਅੱਜ ਤੱਕ ਰਾਜਾਂ ਦੇ ਵੱਧ ਅਧਿਕਾਰਾਂ ਦੀਆਂ ਅਲੰਬਰਦਾਰ ਰਹੀਆਂ ਹਨ, ਪਰ ਹੁਣ ਸ਼ਾਇਦ ਮਜ਼ਬੂਤ ਨੇਤਾ ਦੀ ਹਰਮਨ ਪਿਆਰਤਾ ਤੋਂ ਭੈਅ ਖਾਂਦੀਆਂ ਹਨ। ਇਸੇ ਲਈ ਕਈਆਂ ਦੇ ਮੂੰਹੋਂ ਅਸਾਮ ਵਿੱਚ ਲੱਖਾਂ ਬਾਸ਼ਿੰਦਿਆਂ ਕੋਲੋਂ ਉਨ੍ਹਾਂ ਦਾ ਦੇਸ਼ ਖੋਹੇ ਜਾਣ ’ਤੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ। ਉਹ ਤਾਂ ਕਸ਼ਮੀਰ ਦੇ ਉਨ੍ਹਾਂ ਲੀਡਰਾਂ ਲਈ ਵੀ ਨਹੀਂ ਬੋਲ ਰਹੀਆਂ ਜਿਹੜੇ ਉਸ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਸਨ।
ਪਰ ਅੱਜ ਚੁੱਪ ਰਹਿਣ ਵਾਲਿਆਂ ਨੂੰ ਇਹ ਸਨਦ ਰਹਿਣੀ ਚਾਹੀਦੀ ਹੈ ਕਿ ਉਸ ਮਜ਼ਬੂਤ ਨੇਤਾ ਦਾ ਲੋਕਾਂ ਕੀ ਹਸ਼ਰ ਕੀਤਾ ਸੀ? 352 ਸੀਟਾਂ ਜਿੱਤ, ਪਾਕਿਸਤਾਨ ਨੂੰ ਹਰਾ, ਉਹਦੇ ਟੋਟੇ ਕਰ, ਦੁਰਗਾ ਬਣ, ਐਟਮੀ ਧਮਾਕੇ ਕਰ, ਐਮਰਜੈਂਸੀ ਲਾ ਉਸ ਨੂੰ ਕਿੰਨੇ ਕੁ ਵਕਤ ਵਿੱਚ ਲੋਕਾਂ ਭੁੰਜੇ ਲਾਹ ਸੁੱਟਿਆ ਸੀ। ਬਚ ਰਹੇ ਸਵਾਲ ਉਸ ਦੀ ਪਾਰਟੀ ਨੂੰ ਅੱਜ ਵੀ ਮਹਿੰਗੇ ਪੈ ਰਹੇ ਹਨ। ਅੱਜ ਦੇ ਮਜ਼ਬੂਤ ਨੇਤਾ ਅਤੇ ਉਹਦੇ ਆਪੂੰ ਬਣੇ ਢੰਡੋਰਚੀਆਂ ਨੂੰ ਹਬੀਬ ਜਾਲਿਬ ਦਾ ਇਹ ਸ਼ਿਅਰ ਨਹੀਂ ਭੁੱਲਣਾ ਚਾਹੀਦਾ:
ਤੁਮਸੇ ਪਹਿਲੇ ਵੋ ਜੋ ਇਕ ਸ਼ਖ਼ਸ ਯਹਾਂ ਤਖ਼ਤ-ਨਸ਼ੀਂ ਥਾ
ਉਸਕੋ ਭੀ ਅਪਨੇ ਖ਼ੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਤੀਤ ਵਿੱਚ ਰਾਜਾਂ ਦੇ ਵੱਧ ਅਧਿਕਾਰਾਂ ਦੇ ਅਲੰਬਰਦਾਰ ਰਹੇ ਨੇਤਾਵਾਂ ਨੂੰ ਮਜ਼ਬੂਤ ਨੇਤਾ ਸਾਹਮਣੇ ਲਿਫ਼ਦਿਆਂ ਵੇਖ ਉਸ ਹਕੀਮ ਦਾ ਪਤਾ ਲੱਭ ਰਿਹਾ ਹੈ ਜਿਹੜਾ ਕੰਧਾਂ ’ਤੇ ਇਬਾਰਤ ਲਿਖਦਾ ਸੀ ਕਿ ਮਰਦਾਨਾ ਕਮਜ਼ੋਰੀ ਵਾਲੇ ਇੱਕ ਵਾਰੀ ਜ਼ਰੂਰ ਮਿਲਣ।)


Comments Off on ਇੱਕ ਮਜ਼ਬੂਤ ਨੇਤਾ ਦਾ ਹਸ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.