85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

Posted On September - 23 - 2019

ਐੱਸ ਪੀ ਸਿੰਘ
‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਾਡੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਨੇਤਾ ਤੋਂ ਖ਼ਬਰਾਂ ਸੁਣੋ। ਕੱਲ੍ਹ ਤੋਂ ਧਰਤੀ ਉੱਤੇ ਮਨੁੱਖਾਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਪਰ ਅੱਜ ਸ਼ਾਮ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਹਕੂਮਤ ਕਿਸੇ ਦੂਜੀ ਧਰਤੀ ਦਾ ਇੰਤਜ਼ਾਮ ਨਹੀਂ ਕਰ ਸਕੀ, ਭਾਵੇਂ ਇਹਦੇ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।’’
ਖ਼ਬਰਾਂ ਦਾ ਐਸਾ ਕੋਈ ਬੁਲੇਟਿਨ ਤੁਹਾਡੇ ਰੇਡੀਓ, ਟੀਵੀ ਤੋਂ ਪ੍ਰਸਾਰਿਤ ਨਹੀਂ ਕੀਤਾ ਜਾਣਾ। ਇਸ ਤੋਂ ਭਿਆਨਕ ਸੁਰਖ਼ੀਆਂ ਬੀਤੇ ਵਿੱਚ ਨਸ਼ਰ ਹੋ ਚੁੱਕੀਆਂ ਹਨ, ਪਰ ਅਸਾਂ ਉਨ੍ਹਾਂ ’ਤੇ ਕੋਈ ਬਹੁਤਾ ਕੰਨ ਨਹੀਂ ਸੀ ਧਰਿਆ। ਅਖ਼ਬਾਰ ਵਿੱਚ ਤਾਂ ਰੋਜ਼ ਅਣਹੋਣੀਆਂ ਦੀਆਂ ਖ਼ਬਰਾਂ ਛਪਦੀਆਂ ਹੀ ਰਹਿੰਦੀਆਂ ਹਨ। ਇਸ ਲਈ ਅਸੀਂ ਵੀ ਕਿਸੇ ਨਾ ਕਿਸੇ ਦਿਲ ਹਿਲਾ ਦੇਣ ਵਾਲੀ, ਧੁਰ ਅੰਦਰ ਤੱਕ ਕੰਬਾ ਦੇਣ ਵਾਲੀ, ਜੱਗੋਂ ਤੇਹਰਵੀਂ ਖ਼ਬਰ ਸੁਣਾ ਦੇਣ ਵਾਲੀ ਸੁਰਖ਼ੀ ਨਿੱਤ ਪੜ੍ਹਨ ਦੇ ਆਦੀ ਹੋ ਗਏ ਹਾਂ। ‘‘ਮਾੜੀ ਗੱਲ ਹੈ,’’ ਕਹਿ ਕੇ ਨਿਤਾ-ਪ੍ਰਤੀ ਦੀ ਜ਼ਿੰਦਗੀ ਦੀ ਡੋਰ ਫੜਨ ਦੇ ਆਦੀ ਹੋ ਗਏ ਹਾਂ।
ਪਰ ਇਹ ਤਾਂ ਬੱਚੇ ਸਨ। ਸਕੂਲਾਂ ਵਿੱਚ ਪੜ੍ਹਦੇ ਸਨ। ਅਜੇ ਇਨ੍ਹਾਂ ਨਿੱਤ ਦੀਆਂ ਕਿਆਮਤ ਦੇ ਐਲਾਨ ਕਰਦੀਆਂ ਸੁਰਖ਼ੀਆਂ ਹੰਢਾਉਣ ਦੀ ਆਦਤ ਪਾਉਣੀ ਸੀ। ਜੇ ਅਜਿਹਾ ਹੋ ਜਾਂਦਾ ਤਾਂ ਇਹ ਵੀ ਸਾਡੇ ਵਰਗੇ ਸੁੱਘੜ-ਸੁਜਾਨ ਬਣ ਜਾਂਦੇ। ਐਵੇਂ ਕੋਈ ਸੁਰਖ਼ੀ ਪੜ੍ਹ ਕੋਠੇ ਚੜ੍ਹ ਚੀਖ-ਚਿਹਾੜਾ ਨਾ ਪਾਉਂਦੇ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਗਿਆਨ ਅਤੇ ਵਿਗਿਆਨੀ ਦੱਸ ਰਹੇ ਹਨ ਕਿ ਧਰਤੀ ਤਬਾਹ ਹੋ ਰਹੀ ਹੈ ਅਤੇ ਚੰਦ ਹੀ ਸਾਲਾਂ ਵਿੱਚ ਮਨੁੱਖਾਂ ਦਾ ਜਿਉਂਦੇ ਰਹਿਣਾ ਅਤੇ ਆਮ ਵਾਂਗ ਜੀਵਨ ਬਿਤਾਉਣਾ ਅਸੰਭਵ ਹੋ ਜਾਵੇਗਾ ਤਾਂ ਉਨ੍ਹਾਂ ਰੌਲਾ ਪਾ ਦਿੱਤਾ। ਅਸੀਂ ਤਾਂ ਉਮਰ ਵਿੱਚ ਵੱਡੇ ਸਾਂ, ਸਾਨੂੰ ਤਾਂ ਪਹਿਲਾਂ ਹੀ ਇਹ ਇਲਮ ਸੀ। ਅਸਾਂ ਤਾਂ ਸਹੁੰ ਪਾ ਰੱਖੀ ਸੀ ਕਿ ਇੰਝ ਕੋਈ ਖ਼ਬਰ ਪੜ੍ਹ, ਕਿਸੇ ਵਿਗਿਆਨੀ ਦੀ ਗੱਲ ਸੁਣ, ਕਿਸੇ ਖੋਜ ਬਾਰੇ ਜਾਣ, ਤ੍ਰਭਕ ਨਹੀਂ ਜਾਣਾ। ਪਰ ਉਹ ਤਾਂ ਬਾਲ ਅੰਞਾਣੇ ਸਨ। ਸਮਝ ਹੀ ਨਹੀਂ ਸਕੇ ਕਿ ਇਹ ਕਿਵੇਂ ਸੰਭਵ ਹੋ ਗਿਆ ਕਿ ਘਰ ਨੂੰ ਅੱਗ ਲੱਗੀ ਹੋਈ ਹੋਵੇ ਅਤੇ ਕਿਸੇ ਨੂੰ ਅੱਗ ਬੁਝਾਉਣ ਦੀ ਕੋਈ ਚਿੰਤਾ ਨਾ ਹੋਵੇ? ਸਭਨਾਂ ਨੂੰ ਅੱਗ ਲੱਗਣ ਦੀ ਖ਼ਬਰ ਹੋਵੇ, ਸੇਕ ਵੀ ਪਹੁੰਚ ਰਿਹਾ ਹੋਵੇ ਅਤੇ ਬਹੁਤਾ ਰੌਲਾ-ਗੌਲਾ ਸੁਣ, ਬਸ ਅਸਰ ਏਨਾ ਹੀ ਹੋਇਆ ਹੋਵੇ ਕਿ ਅੱਗ ਬਾਰੇ ਕੋਈ ਮੀਟਿੰਗ-ਸ਼ੀਟਿੰਗ ਜਿਹੀ ਕਰ ਲਈ ਜਾਵੇ, ਅੱਗ ਦੇ ਮਸਲੇ ’ਤੇ ਗਰਮਾ-ਗਰਮ ਬਹਿਸ ਕੀਤੀ ਜਾਵੇ ਕਿ ਅੱਗ ਲੱਗੀ ਹੈ ਜਾਂ ਨਹੀਂ? ਜੇ ਲੱਗੀ ਹੈ ਤਾਂ ਕਿਸ ਬੁਝਾਉਣੀ ਹੈ? ਜਿਸ ਨੇ ਜ਼ਿਆਦਾ ਲਾਈ ਹੈ, ਉਹ ਕਿੰਨੀ ਜ਼ਿੰਮੇਵਾਰੀ ਲਵੇਗਾ ਅਤੇ ਬਾਕੀ ਜਿਹੜੇ ਇਸ ਵਿੱਚ ਸੜ ਜਾਣਗੇ, ਉਹ ਬੁਝਾਉਣ ਵਿੱਚ ਕਿੰਨਾ ਕੁ ਯੋਗਦਾਨ ਪਾਉਣਗੇ? ਫਿਰ ਉਹ ਆਮ ਸਹਿਮਤੀ ਵਾਲਾ ਇੱਕ ਸਮਝੌਤਾ ਨੱਕੀ ਕਰਨ ਕਿ ਅੱਗ ਬਾਕਾਇਦਾ ਲੱਗੀ ਹੈ ਅਤੇ ਬੁਝਾਉਣੀ ਚਾਹੀਦੀ ਹੈ। ਪਰ ਫਿਰ ਤਕੜਾ ਜਿਹਾ ਕੋਈ ਮੁਲਕ ਕਹਿ ਦੇਵੇ ਕਿ ਭਾਈ, ਅਸੀਂ ਜਿਹੜੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ, ਉਹਦੇ ਤੋਂ ਮੁਨਕਰ ਹੋਣ ਲੱਗੇ ਹਾਂ ਤੇ ਵੈਸੇ ਅੱਗ ਲੱਗੀ ਵੀ ਕੋਈ ਨਹੀਂ, ਐਵੇਂ ਲਪਟਾਂ ਜਿਹੀਆਂ ਨੇ ਜਿਨ੍ਹਾਂ ਵਿੱਚੋਂ ਸੇਕ ਆ ਰਿਹਾ ਹੈ ਅਤੇ ਕਈ ਮੁਲਕ ਸੜ ਰਹੇ ਹਨ!
ਪਿਛਲੇ ਸਾਲ ਇਨ੍ਹੀਂ ਦਿਨੀਂ ਸਵੀਡਨ ਦੀ ਉਦੋਂ 15-ਸਾਲਾ ਵਿਦਿਆਰਥਣ ਗਰੈਟਾ ਟੁਨਬਰਗ ਨੇ ਸਕੂਲੋਂ ਫਰਲੋ ਮਾਰੀ ਤੇ ਆਪਣੇ ਮੁਲਕ ਦੀ ਪਾਰਲੀਮੈਂਟ ਸਾਹਮਣੇ ਜਾ ਧਰਨਾ ਮਾਰਿਆ। ਅਖੇ ਵਾਤਾਵਰਨ ਤਬਾਹ ਹੋ ਰਿਹਾ ਹੈ, ਕੋਈ ਚੱਜ ਦਾ ਕਦਮ ਚੁੱਕੋ। ਉਹਦੀ ਆਵਾਜ਼ ਨੂੰ ਦੁਨੀਆ ਭਰ ਵਿੱਚ ਸਕੂਲੀ ਬੱਚਿਆਂ ਨੇ, ਨੌਜਵਾਨਾਂ ਨੇ ਸੁਣਿਆ ਤੇ ਹੁੰਗਾਰਾ ਭਰਿਆ। ਉਨ੍ਹਾਂ ਦੀ ਚਿੰਤਾ ਸਮਝ ਆਉਂਦੀ ਹੈ। ਉਹ ਹਾਲੇ ਬੱਚੇ ਹਨ, ਵੋਟ ਉਨ੍ਹਾਂ ਦੀ ਹੈ ਨਹੀਂ। ਬੱਚੇ ਦੀ ਤਾਂ ਪਰਿਭਾਸ਼ਾ ਵਿੱਚ ਹੀ ਉਹਦਾ ਸ਼ਕਤੀਹੀਣ ਹੋਣਾ ਲਿਖਿਆ ਹੁੰਦਾ ਹੈ। ਪਰ ਉਹ ਇੱਕ ਗੱਲ ਸਮਝ ਗਏ ਸਨ – ਜੇ ਵੱਡਿਆਂ ਨੇ ਸਮਾਂ ਰਹਿੰਦਿਆਂ ਠੀਕ ਕਦਮ ਨਾ ਚੁੱਕੇ ਤਾਂ ਉਹ ਆਪ ਵੱਡੇ ਹੋ ਕੇ ਵੀ ਕੁਝ ਨਹੀਂ ਕਰ ਸਕਣਗੇ।
ਵਿਗਿਆਨ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਜੇ ਧਰਤੀ ਤਬਾਹ ਹੋ ਗਈ ਤਾਂ ਦੂਜੀ ਕੋਈ ਨਹੀਂ ਹੈ, ਕਿ ਇਸੇ ਨੂੰ ਬਚਾਅ ਸਕਦੇ ਹੋ ਤਾਂ ਬਚਾਅ ਲਵੋ। ਮੰਜ਼ਰ ਖ਼ਤਰਨਾਕ ਸਮਝ ਹੋਰ ਜਾਣਿਆ ਤਾਂ ਪਤਾ ਲੱਗਾ ਕਿ ਖ਼ਬਰ ਤਾਂ ਇਸ ਤੋਂ ਵੀ ਭਿਆਨਕ ਹੈ – ਅਸੀਂ ਉਸ ਮੁਕਾਮ ਤੋਂ ਅੱਗੇ ਲੰਘ ਆਏ ਹਾਂ ਜਿੱਥੇ ਇਸ ਨੂੰ ਬਚਾਇਆ ਜਾ ਸਕਦਾ ਸੀ। ਹੁਣ ਤਾਂ ਕੇਵਲ ਬਰਬਾਦੀ ਦੀ ਰਫ਼ਤਾਰ ਨੂੰ ਹੀ ਥੋੜ੍ਹਾ ਠੱਲਿਆ ਜਾ ਸਕਦਾ ਹੈ।
ਵਡੇਰੀ ਉਮਰ ਵਾਲਿਆਂ ਨੇ ਤਾਂ ਜਿਵੇਂ-ਕਿਵੇਂ ਆਪਣਾ ਸਮਾਂ ਕੱਢ ਲੈਣਾ ਹੈ। ਜਿਹੜੇ ਅੱਜ ਬੱਚੇ ਹਨ, ਉਨ੍ਹਾਂ ਦਾ ਜੀਵਨ ਅਤਿ ਮੁਸ਼ਕਿਲ ਹੋ ਜਾਵੇਗਾ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਰਕ ਦਾ ਸਾਮਾਨ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੈ। ਹੁਣ ਪੋਤਿਆਂ-ਪੋਤੀਆਂ, ਦੋਹਤਿਆਂ-ਦੋਹਤੀਆਂ ਦੀ ਨਾ ਪੁੱਛਿਆ ਜੇ! ਉਦੋਂ ਤੱਕ ਸ਼ਾਇਦ ਖ਼ਬਰਾਂ ਦਾ ਇਹ ਆਖ਼ਰੀ ਬੁਲੇਟਿਨ ਪੜ੍ਹ ਦਿੱਤਾ ਜਾਵੇ ਕਿ ‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਾਂ ਸਹਿਕ ਰਹੇ ਹੋ ਤੇ ਜਾਂ ਮਰ ਚੁੱਕੇ ਹੋ। ਇਸ ਲਈ ਖ਼ਬਰਾਂ ਦਾ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ। ਪਹਿਲਾਂ ਕਿਹੜਾ ਤੁਸੀਂ ਸੁਣ ਰਹੇ ਸੀ?’’
ਇੰਜ ਜਾਪ ਰਿਹਾ ਹੈ ਜਿਵੇਂ ਵਾਤਾਵਰਨ ਬਦਲਾਅ ਦੇ ਮਸਲੇ ਨੂੰ ਲੈ ਕੇ ਲੜਨ ਵਾਲੇ ਨੌਜਵਾਨ ਸੂਰਮੇ ਅਤੇ ਸਾਡੇ ਨੇਤਾ ਵੱਖ ਵੱਖ ਦੁਨੀਆਂ ਵਿੱਚ ਰਹਿ ਰਹੇ ਹਨ।
ਜਿਸ ਦੁਨੀਆਂ ਵਿੱਚ ਅਸੀਂ ਰਹਿ ਰਹੇ ਹਾਂ, ਉੱਥੇ ਅਤਿ ਗਰਮ ਹਵਾਵਾਂ ਚੱਲ ਰਹੀਆਂ ਹਨ, ਤਾਪਮਾਨ ਚੜ੍ਹ ਰਿਹਾ ਹੈ, ਮਾਰੂ ਹੜ੍ਹ ਵਾਰ-ਵਾਰ ਆ ਰਹੇ ਹਨ। ਏਨੀਆਂ ਵੱਡੀਆਂ ਅੱਗਾਂ ਲੱਗ ਰਹੀਆਂ ਹਨ ਕਿ ਖਲਾਅ ਵਿੱਚੋਂ ਵੀ ਨਜ਼ਰ ਆ ਰਹੀਆਂ ਹਨ ਅਤੇ ਖ਼ਤਰਾ ਏਨਾ ਨੇੜੇ ਆ ਗਿਆ ਹੈ ਕਿ ਬੱਚੇ ਸਕੂਲੋਂ ਭੱਜ ਕੇ ਧਰਨੇ ਲਾ ਰਹੇ ਹਨ ਅਤੇ ਮਾਂ-ਬਾਪ ਕਹਿ ਰਹੇ ਹਨ ਕਿ ਉਹ ਅਜਿਹਾ ਕਰਕੇ ਠੀਕ ਕਰ ਰਹੇ ਹਨ।
ਜਿਸ ਦੁਨੀਆ ਵਿਚ ਸਾਡੇ ਨੇਤਾ ਰਹਿ ਰਹੇ ਹਨ, ਉੱਥੇ ਚਿੰਤਾ ਦਾ ਆਲਮ ਪਸਰਿਆ ਹੈ ਕਿ ਕਾਰਾਂ ਘੱਟ ਵਿਕ ਰਹੀਆਂ ਹਨ, ਹੋਰ ਕੋਲਾ ਬਾਲ ਕੇ ਊਰਜਾ ਉਤਪਾਦਨ ਹੋਰ ਵਧਾਉਣਾ ਹੈ, ਧਰਤੀ ਹੇਠੋਂ ਹੋਰ ਤੇਲ ਕੱਢਣਾ ਹੈ, ’ਕੱਲੇ-’ਕੱਲੇ ਗ਼ਰੀਬ ਦੇ ਘਰ ਏਸੀ ਲਾਉਣ ਦੇ ਵਾਅਦੇ ਕਰ ਵੋਟਾਂ ਬਟੋਰਨੀਆਂ ਹਨ, ਵਾਤਾਵਰਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਨਾਲ ਯਾਰੀਆਂ ਪੁਗਾਉਣੀਆਂ ਹਨ।
ਇਨ੍ਹਾਂ ਦੋ ਦੁਨੀਆਂ ਵਿਚਕਾਰ ਸਾਂਝੀ ਸਮਝ ਦਾ ਕੋਈ ਪੁਲ ਕਿਵੇਂ ਬਣਨਾ ਸੀ? ਹਰ ਸ਼ੁੱਕਰਵਾਰ ਨੂੰ ਬਹੁਤ ਸਾਰੇ ਮੁਲਕਾਂ ਦੇ ਸਕੂਲਾਂ ਵਿੱਚ ਬੱਚੇ ਸਿਰ ਜੋੜ ਕੇ ਬੈਠ ਰਹੇ ਹਨ। ਫ਼ਿਕਰਮੰਦ ਨਾਗਰਿਕ ਆਵਾਜ਼ ਬੁਲੰਦ ਕਰ ਰਹੇ ਹਨ ਤਾਂ ਜੋ ਨੀਤੀਘਾੜਿਆਂ ਦੇ ਕੰਨੀਂ ਜੂੰ ਸਰਕੇ ਤਾਂ ਜੋ ਉਹ ਵਿਕਾਸ ਬਾਰੇ ਦਮਗਜ਼ੇ ਮਾਰਨ ਅਤੇ ਯੋਜਨਾਵਾਂ ਬਣਾਉਣ ਤੋਂ ਪਹਿਲਾਂ ਵਿਕਾਸ ਦੇ ਮਾਅਨੇ ਸਮਝਣ। ਲਗਭਗ 150 ਮੁਲਕਾਂ ਨੇ ਇਸ ਹਫ਼ਤੇ ਵਾਤਾਵਰਨ ਬਦਲਾਅ ਦੇ ਮੁੱਦੇ ਨੂੰ ਲੈ ਕੇ ਧਰਨੇ-ਪ੍ਰਦਰਸ਼ਨ-ਹੜਤਾਲਾਂ-ਰੈਲੀਆਂ ਵੇਖੀਆਂ। ਲੱਖਾਂ ਲੋਕ ਸੜਕਾਂ ’ਤੇ ਆਏ। ਲੰਡਨ, ਨਿਊਯਾਰਕ, ਬਰਲਿਨ, ਪੈਰਿਸ ਤੋਂ ਲੈ ਕੇ ਅਫ਼ਰੀਕੀ ਸ਼ਹਿਰਾਂ ਵਿਚ ਲੋਕ ਬਾਹਰ ਨਿਕਲੇ। ਰਤਾ ਵੀ ਸੋਝੀ ਰੱਖਦਾ ਵਿਅਕਤੀ ਹੁਣ ਜਾਣਦਾ ਹੈ ਕਿ ਮਨੁੱਖਤਾ ਅਤੇ ਧਰਤੀ ਦੀ ਹੋਂਦ ਬਚਾਈ ਰੱਖਣ ਦੀ ਲੜਾਈ ਹੁਣ ਤੀਜੀ ਸੰਸਾਰ ਜੰਗ ਵਾਂਗ ਲੜਨੀ ਪੈਣੀ ਹੈ।
ਭਾਵੇਂ ਇਹ ਸੱਚ ਹੈ ਕਿ ਇਸ ਮਾੜੇ ਹਾਲ ਵਿੱਚ ਧਰਤੀ ਨੂੰ ਮਨੁੱਖ ਨੇ ਹੀ ਪਹੁੰਚਾਇਆ ਹੈ, ਪਰ ਕਿਹੜੇ ਮਨੁੱਖਾਂ ਨੇ? ਨਫ਼ੇ ਅਤੇ ਲਾਲਚ ਵਾਲੇ ਧਨਾਢ ਦੇਸ਼ਾਂ ਨੇ ਕੁਦਰਤ ’ਤੇ ਸਭ ਤੋਂ ਵਧੇਰੇ ਕਹਿਰ ਢਾਹਿਆ। ਗ਼ਰੀਬ ਦੇਸ਼ਾਂ ਵਿੱਚ ਵੱਡੇ ਧਨਾਢਾਂ ਨੇ ਉਨ੍ਹਾਂ ਵਾਲਾ ਹੀ ਵਤੀਰਾ ਅਪਣਾਇਆ। ਗ਼ਰੀਬ ਨੂੰ ਤਾਂ ਜਿਊਣ ਦਾ ਕੇਵਲ ਇੱਕੋ ਹੀ ਢੰਗ ਆਉਂਦਾ ਸੀ, ਉਹ ਕੁਦਰਤ ਨਾਲ ਸਾਂਝ ਬਣਾ, ਮਿਹਨਤ ਕਰਦਾ ਰਿਹਾ। ਅੱਜ ਤਬਾਹੀ ਦਾ ਸੇਕ ਸਭ ਤੋਂ ਪਹਿਲਾਂ ਉਸੇ ਨੇ ਸਹਿਣਾ ਹੈ।
ਗ਼ਰੀਬ ਦੇਸ਼ਾਂ ’ਚੋਂ ਲੱਖਾਂ ਵੱਸਦੇ-ਰਸਦੇ ਲੋਕ ਖਾਨਾਬਦੋਸ਼ਾਂ ਵਾਂਗ ਭੀੜਾਂ ਘੱਤ ਮੁਲਕਾਂ, ਸਮੁੰਦਰਾਂ ਨੂੰ ਪਾਰ ਕਰ, ਜਿਊਣਯੋਗ ਕੋਈ ਨੁੱਕਰ ਲੱਭਦੇ ਸਾਡੇ ਸਮਿਆਂ ਦੇ ਵਾਤਾਵਰਨ ਰਫਿਊਜੀ ਬਣ ਚੁੱਕੇ ਹਨ। ਜੇ ਸਰਕਾਰਾਂ ਅਤੇ ਨੇਤਾਵਾਂ ਨੇ ਕੁਦਰਤ-ਵਿਰੋਧੀ ਵਿਕਾਸ ਵਾਲੀ ਸਮਝ ਨਾ ਬਦਲੀ; ਧਰਤੀ, ਜੰਗਲ, ਪਾਣੀ ਤੇ ਹਵਾ ਨੂੰ ਬਰਬਾਦ ਕਰਦੀਆਂ ਸਨਅਤਾਂ ਅਤੇ ਵਤੀਰੇ ਨਾ ਬਦਲੇ ਤਾਂ ਅਸੀਂ ਵੀ ਰਫਿਊਜੀ ਤਾਂ ਬਣ ਜਾਵਾਂਗੇ, ਪਰ ਜਾਵਾਂਗੇ ਕਿੱਥੇ? ਪਾਰਾ ਚੜ੍ਹਨ ਲੱਗਿਆ ਤਾਂ ਏ.ਸੀ. ਸਿਰ ’ਤੇ ਚੁੱਕ ਟੁਰਿਆ ਕਰਾਂਗੇ? ਸਮੁੰਦਰਾਂ ਵਿੱਚ ਠਿੱਲ੍ਹ ਪਵਾਂਗੇ? ਚੰਦਰਯਾਨ ’ਤੇ ਚੜ੍ਹ ਕਿਸੇ ਤਾਰੇ ’ਤੇ ਕਾਲੋਨੀ ਕੱਟ, ਕੋਈ ਪਲਾਟ ਬੁੱਕ ਕਰਵਾਵਾਂਗੇ?
ਵਾਤਾਵਰਨ ਬਦਲਾਅ ਬਾਰੇ ਚਿੰਤਾ ਕਰਦੇ ਛੋਟੇ ਬੱਚਿਆਂ ਦੀ ਗੱਲ ਸੁਣੋ ਤਾਂ ਸਮਝ ਨਹੀਂ ਆਉਂਦਾ ਕਿ ਅਸੀਂ ਏਡੇ ਸਿਆਣੇ-ਬਿਆਣੇ ਹੋ, ਕੋਠਿਆਂ ’ਤੇ ਚੜ੍ਹ ‘‘ਅੱਗ ਲੱਗੀ, ਅੱਗ ਲੱਗੀ’’ ਦਾ ਰੌਲਾ ਕਿਉਂ ਨਹੀਂ ਪਾ ਰਹੇ? ਬੱਚੇ ਕਹਿ ਰਹੇ ਹਨ ਕਿ ਜੇ ਲੋਕਾਂ ਨੂੰ ਤੱਥਾਂ ਦਾ ਗਿਆਨ ਹੋਵੇ ਤਾਂ ਉਹ ਇਹ ਪੁੱਛਣਾ ਬੰਦ ਕਰ ਦੇਣਗੇ ਉਹ ਏਨੀ ਚਿੰਤਾ ਵਿੱਚ ਕਿਉਂ ਹਨ। ਜੇ ਲੋਕਾਂ ਨੂੰ ਪਤਾ ਹੋਵੇ ਕਿ ਹੁਣ ਪੈਰਿਸ ਵਾਤਾਵਰਨ ਸਮਝੌਤੇ ਵਿੱਚ ਤੈਅ ਕੀਤੇ ਅਸਲੋਂ ਨਿਗੂਣੇ ਨਿਸ਼ਾਨੇ ਪੂਰੇ ਕਰਨ ਦੀ ਵੀ ਨਾਂਮਾਤਰ ਸੰਭਾਵਨਾ ਬਚੀ ਹੈ ਅਤੇ ਜੇ ਉਨ੍ਹਾਂ ਨੂੰ ਕੋਈ ਦੱਸ ਦੇਵੇ ਕਿ ਦੋ ਡਿਗਰੀ ਸੈਲਸੀਅਸ ਪਾਰਾ ਚੜ੍ਹਨ ਨਾਲ ਕੀ ਹੋ ਜਾਵੇਗਾ ਤਾਂ ਕੱਲ੍ਹ ਹੀ ਸਾਰੇ ਸਕੂਲ, ਕਾਲਜ, ਫੈਕਟਰੀਆਂ, ਧੰਦੇ, ਸ਼ਹਿਰ, ਮੁਲਕ ਬੰਦ ਹੋ ਜਾਣਗੇ।
ਬੱਚੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਸ ਵਾਲੇ ਸ਼ਬਦ ਨਾ ਦਿਓ। ਉਹ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਨੂੰ ਧਰਵਾਸ ਦਿਓ ਕਿ ਉਹ ਨਾ ਡਰਨ। ਉਹ ਚਾਹ ਰਹੇ ਹਨ ਕਿ ਤੁਸੀਂ ਡਰ ਜਾਵੋ। ਉਹ ਹੈਰਾਨ ਹਨ ਕਿ ਤੁਸੀਂ ਇੰਝ ਕਿਉਂ ਨਹੀਂ ਵਿਚਰ ਰਹੇ ਜਿਵੇਂ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ। ਉਹ ਤੁਹਾਨੂੰ ਵਿਗਿਆਨ ਪੜ੍ਹ ਇੱਕ ਖ਼ਬਰ ਸੁਣਾ ਰਹੇ ਹਨ – ‘‘ਇਹ ਆਕਾਸ਼ਵਾਣੀ ਨਹੀਂ, ਸੱਚੀ ਖ਼ਬਰ ਹੈ। ਤੁਹਾਡੇ ਘਰ ਨੂੰ ਕਦੋਂ ਦੀ ਅੱਗ ਲੱਗ ਚੁੱਕੀ ਹੈ।’’ ਉਹ ਦੱਸ ਰਹੇ ਹਨ ਕਿ ਦੁਨੀਆਂ ਵਿੱਚ ਇਸ ਇੱਕ ਸੱਚਾਈ ਬਾਰੇ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੱਚ ਕਾਲਾ ਜਾਂ ਚਿੱਟਾ ਨਹੀਂ ਹੁੰਦਾ। ਜਾਂ ਤਾਂ ਅਸੀਂ ਗਲੋਬਲ ਵਾਰਮਿੰਗ ਨੂੰ ਡੇਢ ਡਿਗਰੀ ਸੈਂਟੀਗਰੇਡ ਤੋਂ ਥੱਲੇ ਰੱਖ ਲਵਾਂਗੇ ਜਾਂ ਨਹੀਂ। ਜਾਂ ਤਾਂ ਸੱਭਿਅਤਾ ਅੱਗੇ ਚੱਲੇਗੀ ਜਾਂ ਨਹੀਂ ਰਹੇਗੀ। ਸੱਚ ਏਨਾ ਹੀ ਕਾਲਾ ਜਾਂ ਚਿੱਟਾ ਹੈ, ਬਾਕੀ ਸਭ ਟਰੰਪ ਹੈ।
ਦੁਨੀਆ ਹੀ ਖ਼ਤਮ ਹੋ ਰਹੀ ਹੈ ਤਾਂ ਸਾਫ਼ ਗੱਲ ਕਰਨ, ਸੁਣਨ ਦੀ ਹਿੰਮਤ ਜੁਟਾ ਲਵੋ – ਜਿਵੇਂ ਜੀਵਨ ਜਿਊਂ ਰਹੇ ਹਾਂ, ਇਹਨੂੰ ਬਦਲਣਾ ਹੋਵੇਗਾ। ਸਾਡੀ ਹਾਲਤ ਇਹ ਹੈ ਕਿ ਜ਼ਿੰਦਗੀ ਮੌਤ ਬਾਰੇ ਸੱਚ ਬੋਲਣ ਦਾ ਬੋਝ ਵੀ ਹੁਣ ਬੱਚਿਆਂ ’ਤੇ ਪਾ ਦਿੱਤਾ ਹੈ ਕਿਉਂ ਜੋ ਸਭ ਸਮਝਦੇ ਹੋਏ ਵੀ ਅਸੀਂ ਇਨਕਾਰੀ ਹੋਏ ਬੈਠੇ ਹਾਂ। ਡੇਢ ਸੌ ਮੁਲਕਾਂ ਵਿੱਚ ਜਿੱਥੇ ਧਰਨਾ ਪ੍ਰਦਰਸ਼ਨ ਰੈਲੀਆਂ ਹੋਈਆਂ, ਚੀਨ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਬਾਰੇ ਕੀ ਕਹੀਏ? ਗਰੈਟਾ ਟੁਨਬਰਗ ਹੁਣ ਸੋਲਾਂ ਸਾਲ ਦੀ ਹੈ, ਪਰ ਉਹਦੇ ਤੋਂ ਜ਼ਿਆਦਾ ਅਕਲ ਦੀ ਗੱਲ ਕਰਦੀ ਹੈ। ਉਂਝ ਸੋਲਾਂ ਸਾਲ ਦੀ ਉਮਰ ਵਾਲੇ ਬਾਹਲੇ ਬੱਚੇ ਉਸ ਤੋਂ ਜ਼ਿਆਦਾ ਅਕਲ ਦੀ ਹੀ ਗੱਲ ਕਰਦੇ ਹਨ।

ਐੱਸਪੀ ਸਿੰਘ

ਸੱਚ ਛੁਪਾਉਣ ਦੀਆਂ ਕੋਸ਼ਿਸ਼ਾਂ ਦਾ ਤਾਂ ਅੰਤ ਹੀ ਨਹੀਂ। ਪਿੱਛੇ ਜਿਹੇ ਜਨਤਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀ ExxonMobil ਨੂੰ 1981 ਵਿੱਚ ਹੀ ਵਾਤਾਵਰਨ ਬਦਲਾਅ ਅਤੇ ਪਥਰਾਟ ਬਾਲਣਾਂ ਵਿਚਲੇ ਸਬੰਧ ਬਾਰੇ ਸਪੱਸ਼ਟ ਜਾਣਕਾਰੀ ਸੀ, ਪਰ ਇਸ ਸੱਚ ਨੂੰ ਝੁਠਲਾਉਣ ਲਈ ਉਹ ਢਾਈ ਦਹਾਕੇ ਤੋਂ ਵੀ ਵਧੇਰੇ ਝੂਠੇ ਵਿਗਿਆਨ ਲਈ ਵੱਡੇ ਫੰਡ ਦੇਂਦੀ ਰਹੀ। ਇਸੇ ਕੰਪਨੀ ਦਾ ਮੁਖੀ ਟਰੰਪ ਦੀ ਸਰਕਾਰ ਵਿੱਚ ਮੰਤਰੀ ਬਣਿਆ।
ਪਰ ਹੁਣ ਤਾਂ ਲੰਬੇ ਸਮੇਂ ਤੋਂ ਵਿਗਿਆਨੀ ਸਾਨੂੰ ਤਰ੍ਹਾਂ-ਤਰ੍ਹਾਂ ਦੇ ਤੱਥ ਦੱਸ ਰਹੇ ਹਨ। ਉਨ੍ਹਾਂ ਇਹ ਕੋਸ਼ਿਸ਼ਾਂ ਵੀ ਕੀਤੀਆਂ ਕਿ ਉਹ ਤੱਥਾਂ ਨੂੰ ਉਸ ਰੂਪ ਵਿੱਚ ਦੱਸਣ ਕਿ ਗੁੰਝਲਦਾਰ ਵਿਗਿਆਨ ਵੀ ਆਮ ਵਿਅਕਤੀ ਦੀ ਸਮਝ ਵਿੱਚ ਆ ਜਾਵੇ। ਬੇਹੱਦ ਸਤਿਕਾਰੇ ਜਾਂਦੇ ਵਾਤਾਵਰਨ ਵਿਗਿਆਨੀ ਜੇਮਜ਼ ਹੈਨਸਨ ਨੇ ਗੱਲ ਨੂੰ ਹੋਰ ਵੀ ਸੁਖਾਲੇ ਤਰੀਕੇ ਸਮਝਾਇਆ। ਦੁਨੀਆ ਭਰ ਵਿੱਚ ਮਸ਼ਹੂਰ ਹੋਈ ਆਪਣੀ “54 ਤਕਰੀਰ ਵਿੱਚ ਉਸ ਦੱਸਿਆ ਕਿ ਆਲਮੀ ਤਪਸ਼ ਦੇ ਵਾਧੇ ਦੀ ਦਰ ਇਵੇਂ ਹੈ ਜਿਵੇਂ ਸਾਲ ਦੇ ਹਰ ਦਿਨ ਅਸੀਂ ਹੀਰੋਸ਼ੀਮਾ ਉੱਤੇ ਸੁੱਟੇ ਐਟਮ ਬੰਬ ਵਰਗੇ 400,000 ਐਟਮ ਬੰਬ ਚਲਾਇਆ ਕਰੀਏ।
ਰੱਬ ਜਾਣੇ ਤੁਹਾਡੇ ਡਰਨ ਲਈ ਕਿੰਨੇ ਐਟਮ ਬੰਬ ਕਾਫ਼ੀ ਹੋਣਗੇ ਪਰ ਜਾਂਦੇ ਜਾਂਦੇ ਇਹ ਖਬਰ ਸੁਣੋ – ‘‘ਇਹ ਆਕਾਸ਼ਵਾਣੀ ਨਹੀਂ, ਸੱਚੀ ਖ਼ਬਰ ਹੈ। ਤੁਸੀਂ ਆਪਣੀਆਂ ਜੰਮਣ ਵਾਲੀਆਂ ਨਸਲਾਂ ਦਾ ਕਤਲ ਕਰ ਚੁੱਕੇ ਹੋ ਅਤੇ ਜੰਮ ਚੁੱਕੀਆਂ ਨਸਲਾਂ ਦਾ ਭਵਿੱਖ ਚੋਰੀ ਕਰ ਚੁੱਕੇ ਹੋ। ਦੁਨੀਆਂ ਦੇ 150 ਮੁਲਕਾਂ ਵਿੱਚ ਬੱਚੇ ਧਰਨੇ ਲਾ ਕੇ ਤੁਹਾਡੀ ਅਸਲੀਅਤ ਦੇ ਚਰਚੇ ਕਰ ਰਹੇ ਹਨ। ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਅਤੇ ਭੱਜ ਕੇ ਜਾਣ ਲਈ ਕੋਈ ਦੂਜਾ ਘਰ ਵੀ ਨਹੀਂ ਹੈ। ਖ਼ਬਰਾਂ ਖਤਮ ਹੋਈਆਂ ਕਿਉਂ ਜੋ ਤੁਸੀਂ ਵੀ ਬਾਕੀ ਨਹੀਂ ਰਹੇ।’’
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਪਤਾ ਕਰੋ ਕਿ ਕਿਤੇ ਐਵੇਂ ਹੀ ਗਰਮੀ ਤਾਂ ਨਹੀਂ ਖਾਈ ਬੈਠਾ ਅਤੇ ਅਗਲੇ ਹਫ਼ਤੇ ‘ਦੁਨੀਆ ਕਿੰਨੀ ਖ਼ੂਬਸੂਰਤ ਹੈ’ ਬਾਰੇ ਕਾਲਮ ਲਿਖਣ ਦਾ ਇਰਾਦਾ ਤਾਂ ਨਹੀਂ ਰੱਖਦਾ?)


Comments Off on ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.