ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਇਨਕਲਾਬੀ ਕਾਰਵਾਈ…

Posted On September - 10 - 2019

ਗੁਰਦੀਪ ਸਿੰਘ ਢੁੱਡੀ
ਦੋ ਭਾਦੋਂ ਨੂੰ ਹਰ ਸਾਲ ਮੇਰੇ ਪਿੰਡ ਦੇ ਨੇੜਲੇ ਪਿੰਡ ਕੋਟਸੁਖੀਆ ਵਿਖੇ ਮੇਲਾ ਲੱਗਦਾ ਹੈ। ਇਹ ਮੇਲਾ ਇਕ ਡੇਰੇ ਦੇ ਮੁਖੀ ਦੀ ਯਾਦ ਵਿਚ ਲੱਗਦਾ ਹੈ। ਆਸੇ ਪਾਸੇ ਦੇ ਪਿੰਡਾਂ ਦੇ ਲੋਕ ਮੇਲੇ ਵਿਚ ਹੁੰਮ-ਹੁਮਾ ਕੇ ਆਉਂਦੇ ਹਨ। ਮੇਰੇ ਲਈ ਇਹ ਮੇਲਾ ਯਾਦਗਾਰੀ ਹੈ। ਮੈਂ ਅਤੇ ਮੇਰੇ ਸਾਥੀ (ਜਿਨ੍ਹਾਂ ਵਿਚ ਮੇਰੇ ਹਾਣ ਦੇ ਅਤੇ ਕੁੱਝ ਵੱਡੀ ਉਮਰ ਦੇ ਮੁੰਡੇ ਸ਼ਾਮਲ ਸਨ) ਇਸ ਮੇਲੇ ਵਿਚ ਡੇਰੇ ਦੇ ਸਾਧ ਦੀ ਕੁੱਟ ਤੋਂ ਬਚ ਗਏ ਗਏ ਸਾਂ ਅਤੇ ਆਪਣੀ ਗੱਲ ਕਰਨ ਵਿਚ ਵੀ ਕਿਸੇ ਹੱਦ ਤੱਕ ਸਫ਼ਲ ਵੀ ਹੋ ਗਏ ਸਾਂ।
ਅਸਲ ਵਿਚ ਇਹ ਸਮਾਂ 1970ਵਿਆਂ ਦੇ ਸ਼ੁਰੂ ਦਾ ਹੈ। ਇਸ ਸਮੇਂ ਪੰਜਾਬ ਵਿਚ ਨਕਸਲਬਾੜੀ ਲਹਿਰ ਦੀਆਂ ਸਰਗਰਮੀਆਂ ਨੂੰ ਆਪਣੇ ਵੱਲੋਂ ਸਰਕਾਰ ਨੇ ਦਬਾਅ ਦਿੱਤਾ ਸੀ। ਕੁੱਝ ਬਹੁਤ ਹੀ ਸਰਗਰਮ ਨੌਜਵਾਨਾਂ ਨੂੰ ਸਰਕਾਰ ਨੇ ਸੱਚੇ-ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰ ਦਿੱਤਾ ਸੀ, ਕੁੱਝ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਸੀ ਅਤੇ ਕੁੱਝ ਕੁ ਬਚਦੇ ਨੌਜਵਾਨ ਆਪਣੀਆਂ ਸਰਗਰਮੀਆਂ ਨੂੰ ਸੀਮਤ ਦਾਇਰੇ ਵਿਚ ਰੱਖ ਕੇ ਚੱਲ ਰਹੇ ਸਨ। ਇਸ ਲਹਿਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਇਹ ਸਾਹਿਤ ਉਸ ਸਮੇਂ ਦੀ ਸਮਾਜਕ, ਸਿਆਸੀ ਅਤੇ ਆਰਥਿਕ ਵਿਵਸਥਾ ਦਾ ਪ੍ਰਤੀਬਿੰਬ ਹੈ।
ਸਾਡੇ ਪਿੰਡ ਦੇ ਕੁੱਝ ਨੌਜਵਾਨ ਵੀ ਇਸ ਲਹਿਰ ਦੇ ਸਰਗਰਮ ਮੈਂਬਰਾਂ ਵਰਗੇ ਸਨ। ਇਨ੍ਹਾਂ ਵਿਚੋਂ ਕੁੱਝ ਸਕੂਲ ਅਧਿਆਪਕ ਲੱਗੇ ਹੋਏ ਸਨ ਅਤੇ ਕੁੱਝ ਕਾਲਜ ਪੜ੍ਹਦੇ ਸਨ। ਜਦੋਂ ਉਹ ਗੱਲਾਂ ਬਾਤਾਂ ਕਰਦੇ ਤਾਂ ਕਦੇ ਕਦੇ ਸਾਨੂੰ ਵੀ ਉਨ੍ਹਾਂ ਦੀ ਸੰਗਤ ਮਾਣਨ ਦਾ ਮੌਕਾ ਮਿਲ ਜਾਂਦਾ ਸੀ। ਉਨ੍ਹਾਂ ਦੀ ਗੱਲਬਾਤ ਵਿਚ ਜਾਗੀਰਦਾਰੀ ਦੇ ਪ੍ਰਤੀਕ ਜ਼ਿਆਦਾ ਜ਼ਮੀਨਾਂ ਵਾਲੇ ਜੱਟਾਂ ਦਾ ਸਫ਼ਾਇਆ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਗੈਰ ਜ਼ਮੀਨਿਆਂ ਵਿਚ ਵੰਡਣਾ, ਸਰਮਾਏਦਾਰਾਂ ਦਾ ਸਰਮਾਇਆ ਖੋਹ ਕੇ ਲੋੜਵੰਦਾਂ ਨੂੰ ਦੇਣਾ ਜਾਂ ਫਿਰ ਨੌਜਵਾਨ ਸਾਥੀਆਂ ਤੇ ਤਸ਼ੱਦਦ ਕਰਨ ਵਾਲੇ ਪੁਲੀਸ ਅਫ਼ਸਰਾਂ ਦਾ ਸਫ਼ਾਇਆ ਕਰਨਾ ਅਤੇ ਜਨਤਾ ਨੂੰ ਕੁਰਾਹੇ ਪਾਉਣ ਵਾਲੇ ਡੇਰਿਆਂ ਦੇ ਸਾਧਾਂ ਨੂੰ ਮਾਰਨ ਦੀਆਂ ਗੱਲਾਂ ਹੁੰਦੀਆਂ। ਸਾਰਿਆਂ ਦੇ ਜਿਊਣ ਲਈ ਇੱਕੋ ਜਿਹੇ ਮੌਕੇ ਹੋਣ ਦੀਆਂ ਗੱਲਾਂ ਵੀ ਉਹ ਅਕਸਰ ਕਰਦੇ ਸਨ।
ਇਨ੍ਹਾਂ ਗੱਲਾਂ ਦੀ ਸਾਨੂੰ ਪਿੰਡ ਦੇ ਬਹੁਤੀਆਂ ਜ਼ਮੀਨਾਂ ਵਾਲੇ ਵੱਡੇ ਜ਼ਿਮੀਦਾਰਾਂ ਦੇ ਨਾਵਾਂ ਤੋਂ ਬਿਨਾ ਕੋਈ ਬਹੁਤੀ ਸਮਝ ਨਾ ਲੱਗਦੀ। ਨੌਜਵਾਨ ਸਾਥੀਆਂ ਤੇ ਤਸ਼ੱਦਦ ਕਰਨ ਵਾਲੇ ਪੁਲੀਸ ਅਫ਼ਸਰਾਂ ਦਾ ਸਫ਼ਾਇਆ ਕਰਨ ਵਾਲੀ ਗੱਲ ਸਾਨੂੰ ਡਰਾਉਣੀ ਜਿਹੀ ਲੱਗਦੀ ਪਰ ਜਿਹੜੀ ਗੱਲ ਸਾਨੂੰ ਵੱਧ ਖਿੱਚਦੀ, ਉਹ ਡੇਰਿਆਂ ਦੇ ਸਾਧਾਂ ਨੂੰ ਮਾਰਨ ਵਾਲੀ ਸੀ। ਇਸੇ ਤਰ੍ਹਾਂ ਉਨ੍ਹਾਂ ਦੁਆਰਾ ਬੰਦੂਕ ਦੀ ਨਾਲ਼ੀ ਵਿਚੋਂ ਇਨਕਲਾਬ ਨਿੱਕਲਣ ਵਾਲੀ ਗੱਲ ਵੀ ਸਾਨੂੰ ਚੰਗੀ ਲੱਗਦੀ ਸੀ, ਭਾਵੇਂ ਇਹ ਗੱਲ ਸਾਡੀ ਸਮਝ ਤੋਂ ਬਾਹਰੀ ਹੀ ਹੁੰਦੀ ਸੀ।
ਉਨ੍ਹੀਂ ਦਿਨੀਂ ਸਾਡੇ ਪਿੰਡ ਸਮੇਤ ਆਲ਼ੇ-ਦੁਆਲ਼ੇ ਦੇ ਸਾਰੇ ਪਿੰਡਾਂ ਵਿਚ ਡੇਰੇ ਹੀ ਹੁੰਦੇ ਸਨ। ਇਨ੍ਹਾਂ ਵਿਚ ਕੁੱਝ ਡੇਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਸੀ ਪਰ ਇਸ ਦਾ ਪਾਠ ਡੇਰਿਆਂ ਦੀ ਰਹੁ-ਰੀਤਾਂ ਅਨੁਸਾਰ ਹੀ ਹੁੰਦਾ ਸੀ। ਕੁੱਝ ਡੇਰਿਆਂ ਵਿਚ ਪੂਰਨ ਡੇਰਿਆਂ ਵਾਲਾ ਕੰਮ ਹੀ ਪ੍ਰਚੱਲਤ ਸੀ। ਡੇਰਿਆਂ ਦੇ ਸਾਧਾਂ ਨੇ ਸਿਰ ਦੇ ਵਾਲ਼ਾਂ ਦੀਆਂ ਜਟਾਵਾਂ ਬਣਾਈਆਂ ਹੁੰਦੀਆਂ, ਪਿੰਡੇ ਤੇ ਸਵਾਹ ਮਲ਼ਦੇ, ਤਪ ਕਰਦੇ ਅਤੇ ਲੋਕਾਂ ਨੂੰ ਧਾਗੇ ਤਵੀਤ ਕਰਕੇ ਦਿੰਦੇ ਸਨ। ਪਿੰਡ ਦੇ ਬੰਦੇ, ਬੁੜ੍ਹੀਆਂ ਡੇਰਿਆਂ ਤੇ ਮੱਥਾ ਟੇਕਣ ਅਤੇ ਹੋਰ ਪੂਜਾ ਪਾਠ ਕਰਨ ਲਈ ਜਾਂਦੇ।
ਅਸੀਂ ਇਹ ਸੁਣਦੇ ਆਏ ਸਾਂ ਕਿ ਡੇਰਿਆਂ ਦੇ ਸਾਧਾਂ ਕੋਲ ਪੈਸਾ ਬਹੁਤ ਹੈ ਅਤੇ ਸਾਧ ਇਹ ਪੈਸਾ ਪਿੰਡ ਦੇ ਸਰਦੇ ਪੁਜਦੇ ਜੱਟਾਂ ਨੂੰ ਦਿੰਦੇ ਵੀ ਹਨ। ਸਰਦੇ ਪੁਜਦੇ ਇਹ ਜੱਟ, ਸਾਧਾਂ ਦੀ ਲੋੜੋਂ ਜ਼ਿਆਦਾ ਮੰਨਤਾ ਕਰਦੇ ਅਤੇ ਆਪਣੇ ਘਰਾਂ ਵਿਚ ਵੀ ਬੁਲਾ ਕੇ ਉਨ੍ਹਾਂ ਤੋਂ ਪੂਜਾ ਪਾਠ ਕਰਵਾਉਂਦੇ ਸਨ। ਇਸੇ ਕਰਕੇ ਸਾਨੂੰ ਡੇਰਿਆਂ ਦੇ ਸਾਧ ਹੀ ਵੱਡੇ ਜਮਾਤੀ ਦੁਸ਼ਮਣ ਲੱਗਦੇ ਸਨ ਅਤੇ ਅਸੀਂ ਆਪਣੀ ਸਮਝ ਤੇ ਵਿੱਤ ਅਨੁਸਾਰ ਡੇਰਿਆਂ ਦੇ ਸਾਧਾਂ ਦਾ ਅੰਦਰੋ ਅੰਦਰੀ ਵਿਰੋਧ ਕਰ ਰਹੇ ਸਾਂ। ਡੇਰਿਆਂ ਕੋਲ ਦੀ ਲੰਘਦੇ ਸਮੇਂ ਅਸੀਂ ਡੇਰਿਆਂ ਅਤੇ ਸਾਧਾਂ ਦੇ ਵਿਰੁੱਧ ਗਾਉਂਦੇ/ਬੋਲਦੇ ਹੋਏ ਕੁੱਝ ਵਿਸ਼ੇਸ਼ ਕਰਦੇ ਸਾਂ।
ਦੋ ਭਾਦੋਂ ਦੇ ਮੇਲੇ ਤੇ ਗਏ ਅਸੀਂ ਮੇਲੇ ਦਾ ਆਨੰਦ ਮਾਣ ਹੀ ਰਹੇ ਸਾਂ ਕਿ ਇਕ ਪਾਸਿਓਂ ਡੇਰੇ ਦਾ ਸਾਧ ਅਤੇ ਉਸ ਦੇ ਚਾਰ ਪੰਜ ਚੇਲੇ ਆਉਂਦੇ ਦਿਸੇ। ਅਸੀਂ ਉਸ ਨੂੰ ਚਿੜਾਉਣ ਲਈ ਉਸੇ ਤਰ੍ਹਾਂ ਦੀਆਂ ਬੋਲੀਆਂ ਅਤੇ ਗੀਤ ਗਾਉਣ ਲੱਗ ਪਏ। ਸਾਧ ਦੇ ਹੱਥ ਵਿਚ ਵੱਡਾ ਸਾਰਾ ਸੋਟਾ ਸੀ। ਸੋਟਾ ਉਪਰ ਨੂੰ ਚੁੱਕ ਕੇ ਉਹ ਗਾਲ਼ਾਂ ਕੱਢਦਾ ਸਾਡੇ ਵੱਲ ਭੱਜਿਆ ਤਾਂ ਅਸੀਂ ‘ਲੈ ਉਏ ਲੰਡੇ ਆਲ਼ਿਆ’ ਕਹਿੰਦੇ ਹਵਾ ਹੋ ਗਏ। ਸਾਧ ਦਾ ਭਾਰਾ ਸਰੀਰ ਤੇ ਅਸੀਂ ਫ਼ੁਰਤੀਲੇ; ਅਸੀਂ ਸਾਧ ਅਤੇ ਉਸ ਦੇ ਟੋਲੇ ਦੇ ਕਾਬੂ ਨਾ ਆਏ।
ਥੋੜ੍ਹੀ ਦੂਰ ਆ ਕੇ ਪਿੱਛੇ ਭਉਂ ਕੇ ਦੇਖਿਆ ਤਾਂ ਸਾਧ ਅਤੇ ਉਸ ਦਾ ਟੋਲਾ ਪਿੱਛੇ ਮੇਲੇ ਵਿਚ ਹੀ ਰਹਿ ਗਏ ਸਨ। ਅਸੀਂ ਰੁਕੇ ਅਤੇ ਫਿਰ ਹੌਲ਼ੀ ਹੌਲ਼ੀ ਮੇਲੇ ਵਿਚ ਆ ਕੇ ਮੇਲੇ ਦਾ ਆਨੰਦ ਮਾਣਨ ਲੱਗੇ। ਅਸੀਂ ਖੁਸ਼ ਸਾਂ। ਸਾਡੀ ਖੁਸ਼ੀ ਦਾ ਕਾਰਨ ਪਤਾ ਨਹੀਂ ਸਾਧ ਨੂੰ ਚਿੜਾਉਣ ਲਈ ਕੀਤੀ ਸਾਡੀ ਹਰਕਤ ਸੀ ਜਾਂ ਫਿਰ ਸਾਧ ਦੇ ਹਮਲੇ ਤੋਂ ਬਚ ਜਾਣਾ ਸੀ! ਹੋ ਸਕਦਾ, ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੋਵੇ ਕਿ ਅਸੀਂ ਇਨਕਲਾਬੀਆਂ ਦਾ ਪ੍ਰੋਗਰਾਮ ਸਿਰੇ ਚੜ੍ਹਾਉਣ ਲਈ ਕੋਈ ਕਾਰਵਾਈ ਕੀਤੀ ਹੈ।
ਸੰਪਰਕ: 95010-20731

 


Comments Off on ਇਨਕਲਾਬੀ ਕਾਰਵਾਈ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.