ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਇਤਨਾ ਸੰਨਾਟਾ ਕਿਉਂ ਹੈ, ਭਾਈ?

Posted On September - 9 - 2019

ਐੱਸ ਪੀ ਸਿੰਘ

ਐੱਸਪੀ ਸਿੰਘ

Goering – ਬਿਲਕੁਲ ਠੀਕ, ਲੋਕ ਜੰਗ ਨਹੀਂ ਚਾਹੁੰਦੇ। ਕਿਸੇ ਖੇਤ ’ਚ ਕੰਮ ਕਰਦਾ ਕੋਈ ਗ਼ਰੀਬ ਕਾਮਾ ਕਿਸੇ ਐਸੇ ਯੁੱਧ ਵਿੱਚ ਜਾਨ ਜੋਖ਼ਮ ਵਿੱਚ ਕਿਉਂ ਪਾਉਣਾ ਚਾਹੇਗਾ, ਜਿਸ ਵਿੱਚੋਂ ਉਸ ਦਾ ਵਡੇਰਾ ਮੁਨਾਫ਼ਾ ਇਹੀ ਹੋ ਸਕਦਾ ਹੈ ਕਿ ਉਹ ਜਿਉਂਦਾ ਬਚ ਜਾਵੇ ਤੇ ਮੁੜ ਖੇਤਾਂ ਵਿੱਚ ਉਹੀ ਹੱਡਭੰਨਵਾਂ ਕੰਮ ਕਰੇ? ਆਮ ਲੋਕ ਜੰਗ ਨਹੀਂ ਚਾਹੁੰਦੇ। ਨਾ ਰੂਸ ਵਿੱਚ, ਨਾ ਇੰਗਲੈਂਡ ਵਿੱਚ, ਨਾ ਅਮਰੀਕਾ ਤੇ ਨਾ ਹੀ ਜਰਮਨੀ ਵਿੱਚ। ਇਹ ਗੱਲ ਸਮਝ ਆਉਂਦੀ ਹੈ, ਪਰ ਅੰਤ ਵਿੱਚ ਤਾਂ ਇਨ੍ਹਾਂ ਮੁਲਕਾਂ ਦੇ ਨੇਤਾ ਹੀ ਨੀਤੀ ਨਿਰਧਾਰਤ ਕਰਦੇ ਹਨ ਅਤੇ ਲੋਕਾਂ ਨੂੰ ਧਰੀਕ ਕੇ ਜੰਗ ਵਿੱਚ ਲੈ ਆਉਣਾ ਇੱਕ ਸਾਦਾ ਜਿਹਾ ਕਾਰਜ ਹੁੰਦਾ ਹੈ।
Gilbert – ਪਰ ਇੱਕ ਫਰਕ ਤਾਂ ਹੈ ਲੋਕਤੰਤਰ ਵਿੱਚ ਲੋਕਾਂ ਦੀ ਅਜਿਹੇ ਮਸਲਿਆਂ ਵਿੱਚ ਕੋਈ ਆਵਾਜ਼ ਹੁੰਦੀ ਹੈ ਜਿਹੜੀ ਉਹ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਰੱਖਦੇ ਹਨ। ਅਮਰੀਕਾ ਵਿੱਚ ਸਿਰਫ਼ ਕਾਂਗਰਸ ਹੀ ਯੁੱਧ ਦਾ ਐਲਾਨ ਕਰ ਸਕਦੀ ਹੈ।
Goering – ਆਵਾਜ਼ ਹੋਵੇ ਜਾਂ ਨਾ, ਲੋਕਾਂ ਨੂੰ ਨੇਤਾ ਦੇ ਕਹੇ ’ਤੇ ਫੁੱਲ ਚੜ੍ਹਾਉਣ ਲਈ ਕਦੀ ਵੀ ਤਿਆਰ ਕੀਤਾ ਜਾ ਸਕਦਾ ਹੈ। ਇਹ ਤਾਂ ਆਸਾਨ ਜਿਹਾ ਕਾਰਜ ਹੈ। ਤੁਸੀਂ ਉਨ੍ਹਾਂ ਨੂੰ ਸਿਰਫ਼ ਇਹ ਦੱਸਣਾ ਹੁੰਦਾ ਹੈ ਕਿ ਤੁਹਾਡੇ ’ਤੇ ਹਮਲਾ ਕੀਤਾ ਜਾ ਰਿਹਾ ਹੈ, ਅਤੇ ਅਮਨ ਦੀ ਗੱਲ ਕਰਨ ਵਾਲਿਆਂ ਨੂੰ ਇਹ ਕਹਿ ਕੇ ਭੰਡਣਾ ਹੁੰਦਾ ਹੈ ਕਿ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਕਮੀ ਹੈ ਅਤੇ ਉਹ ਦੇਸ਼ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।
(ਅਮਰੀਕੀ ਮਨੋਵਿਗਿਆਨੀ Gustave Gilbert ਦੀ ਹਿਟਲਰ ਦੀ ਨਾਜ਼ੀ ਪਾਰਟੀ ਦੇ ਸਭ ਤੋਂ ਕੱਦਾਵਰ ਨੇਤਾਵਾਂ ਵਿੱਚੋਂ ਇੱਕ,Hermann Goering ਨਾਲ ਸੰਵਾਦ; Gustave Gilbert ਦੀ Nuremberg Diary ਵਿੱਚੋਂ।)
ਸਰਕਾਰਾਂ ਦੀ ਸਭ ਤੋਂ ਵੱਡੀ ਸ਼ਕਤੀ ਲੋਕ-ਹੁੰਗਾਰਾ ਹੁੰਦੀ ਹੈ। ਲੋਕ-ਹੁੰਗਾਰਾ ਲੋਕਾਂ ਦੀ ਸਮਝ ਵਿੱਚੋਂ ਆਉਂਦਾ ਹੈ। ਲੋਕਾਈ ਆਪਣੀ ਸਮਝ ਖ਼ਬਰਾਂ, ਅਖ਼ਬਾਰਾਂ, ਟੀਵੀ, ਸੋਸ਼ਲ ਮੀਡੀਆ, ਫਿਲਮਾਂ, ਕਿਤਾਬਾਂ ਵਿੱਚੋਂ ਬਣਾਉਂਦੀ ਹੈ। ਕਿਸੇ ਹਰਮਨ ਪਿਆਰੀ ਸਰਕਾਰ ਜਾਂ ਨੇਤਾ ਦੀ ਅਸਲ ਸ਼ਕਤੀ ਉਹਨੂੰ ਮਿਲ ਰਿਹਾ ਲੋਕ-ਹੁੰਗਾਰਾ ਹੁੰਦਾ ਹੈ। ਵੱਡੇ ਫ਼ੈਸਲੇ ਵੱਡੇ ਲੋਕ-ਹੁੰਗਾਰੇ ਵਿੱਚੋਂ ਮਿਲੀ ਸ਼ਕਤੀ ਦੇ ਸਿਰ ਹੀ ਕੀਤੇ ਜਾਂਦੇ ਹਨ।
ਲੋਕ-ਹੁੰਗਾਰੇ ਦੇ ਨਿਰਮਾਣ ਲਈ ਪ੍ਰਚਾਰ ਦੀ ਮਹੱਤਤਾ ਨੂੰ ਸਰਕਾਰਾਂ ਭਲੀਭਾਂਤ ਸਮਝਦੀਆਂ ਹਨ। ਨਾਜ਼ੀ ਜਰਮਨੀ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਵਾਰ-ਵਾਰ ਬੋਲਿਆ ਝੂਠ ਸੱਚ ਹੋ ਨਿਬੜਦਾ ਹੈ। 1981 ਤੋਂ 1987 ਤੱਕ ਅਮਰੀਕਾ ਦੀ ਖ਼ੁਫ਼ੀਆ ਏਜੰਸੀ, ਸੀਆਈਏ ਦੇ ਡਾਇਰੈਕਟਰ ਰਹੇ William J casey ਨੇ ਇੱਕ ਵਾਰੀ ਕਿਹਾ ਸੀ ਕਿ ਝੂਠੇ ਤੱਥ ਅਤੇ ਝੂਠੇ ਬਿਆਨੀਏ ਲੋਕਪਿੜ ਵਿੱਚ ਸੁੱਟ ਕੇ ਲੋਕ-ਸਮਝ ਦਾ ਨਿਰਮਾਣ ਕਰਨ ਵਾਲਾ ਸਾਡਾ ਪ੍ਰੋਗਰਾਮ ਉਸ ਦਿਨ ਸਹੀ ਮਾਅਨਿਆਂ ਵਿੱਚ ਸਫਲ ਮੰਨਿਆ ਜਾਵੇਗਾ ਜਿਸ ਦਿਨ ਹਰ ਉਹ ਗੱਲ, ਜਿਸ ’ਤੇ ਅਮਰੀਕੀ ਲੋਕ ਵਿਸ਼ਵਾਸ ਕਰਦੇ ਹਨ, ਅਸਲ ਵਿੱਚ ਝੂਠ ਹੋਵੇਗੀ।
ਲੋਕ-ਹੁੰਗਾਰੇ ਲਈ ਲੋੜੀਂਦੀ ਲੋਕ-ਸਮਝ ਦੇ ਨਿਰਮਾਣ ਲਈ ਜਨਸੰਚਾਰ ਮਾਧਿਅਮਾਂ ਦੀ ਵਿਉਂਤਬੰਦ ਅਤੇ ਸੂਖ਼ਮ ਤਰੀਕਿਆਂ ਨਾਲ ਵਰਤੋਂ ਆਧੁਨਿਕ ਰਾਜਨੀਤੀ ਦਾ ਇੱਕ ਪੁਖ਼ਤਾ ਸੱਚ ਹੈ। ਅਜੋਕੀ ਦੁਨੀਆ ਸਾਡੀ ਸਿਮਤ ਹੁਣ ਏਨੀ ਸੂਚਨਾ ਲਗਾਤਾਰ ਸੁੱਟਦੀ ਹੈ ਕਿ ਸਾਨੂੰ ਭਰਮ ਹੋ ਜਾਂਦਾ ਹੈ ਕਿ ਅਸੀਂ ਹੀ ਆਪਣੇ ਵਿਚਾਰਾਂ ਲਈ ਜ਼ਿੰਮੇਵਾਰ ਹਾਂ ਅਤੇ ਇਨ੍ਹਾਂ ਨਤੀਜਿਆਂ ’ਤੇ, ਜਿਨ੍ਹਾਂ ਦਾ ਅਸੀਂ ਜ਼ੋਰਦਾਰ ਤਰੀਕਿਆਂ ਨਾਲ ਦਿਫਾ ਕਰ ਰਹੇ ਹਾਂ, ਅਸੀਂ ਆਪ ਹੀ ਪਹੁੰਚੇ ਹਾਂ। ਅਸੀਂ ਕਿੰਨੀ ਵੀ ਦਿਆਨਤਦਾਰੀ ਨਾਲ ਸੋਚੀਏ ਕਿ ਆਪਣੇ ਖ਼ਿਆਲਾਂ ਦੇ ਨਿਰਮਾਣ ਦਾ ਸਫ਼ਰ ਅਸੀਂ ਬਿਨਾਂ ਕਿਸੇ ਦੇ ਝਾਂਸੇ ਵਿੱਚ ਆਏ ਕੀਤਾ ਹੈ, ਸੱਚ ਇਹ ਹੈ ਕਿ ਅਜਿਹਾ ਕਰਨਾ ਹੁਣ ਸ਼ਾਇਦ ਸੰਭਵ ਹੀ ਨਹੀਂ ਰਹਿ ਗਿਆ। ਬਦਲਵੀਆਂ ’ਤੇ ਆਜ਼ਾਦਾਨਾ ਸੂਚਨਾਵਾਂ ਇਕੱਠੀਆਂ ਕਰਨੀਆਂ ਮੁਸ਼ਕਿਲ ਤੇ ਮਹਿੰਗਾ ਕਾਰਜ ਹੈ ਅਤੇ ਜਿਹੜੇ ਇਸ ਸਚਾਈ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਉਨ੍ਹਾਂ ਲਈ ਵੀ ਇਸ ਵਰਤਾਰੇ ਤੋਂ ਬਚਣਾ ਕਠਿਨ ਹੋ ਚੁੱਕਾ ਹੈ।
ਵੱਡੇ ਮੀਡੀਆ ਘਰਾਣਿਆਂ ਦਾ ਲੋਕ-ਸਮਝ ਦੇ ਨਿਰਮਾਣ ਉੱਤੇ ਲਗਭਗ ਸੰਪੂਰਨ ਕਬਜ਼ਾ ਹੋ ਚੁੱਕਾ ਹੈ। ਸੀਰੀਆ ਅਤੇ ਇਰਾਕ ਬਾਰੇ ਸਾਰੀ ਖ਼ਬਰਸਾਜ਼ੀ ਅਲ-ਜਜ਼ੀਰਾ (ਕਤਰ), ਬੀਬੀਸੀ (ਯੂਕੇ), ਸੀਐੱਨਐੱਨ (ਯੂਐੱਸਏ), ਫਰਾਂਸ 24 (ਫਰਾਂਸ) ਅਤੇ ਸਕਾਈਨਿਊਜ਼ (ਯੂਕੇ) ਨੇ ਹੀ ਕੀਤੀ।
ਮਿੱਥੇ ਮੰਤਵ ਤਹਿਤ ਲੋਕ-ਸਮਝ ਬਣਾਈ ਜਾਂਦੀ ਹੈ ਕਿ ਭਾਈ, ਫਲਾਣੀ ਪਾਰਟੀ ਜਾਂ ਫਲਾਣਾ ਦੇਸ਼ ਅਸਲ ਵਿੱਚ ਬਹੁਤ ਬੁਰਾ ਹੈ, ਬਲਕਿ ਸ਼ੈਤਾਨ ਦਾ ਰੂਪ ਹੈ, ਬਲਕਿ ਜੇ ਛੇਤੀ ਹੀ ਨਸ਼ਟ ਨਾ ਕੀਤਾ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ।
1898 ਦੀ Spanish American War ਵੇਲੇ ਅਮਰੀਕਾ ਦੀ ਪ੍ਰੈੱਸ ਨੇ ਦੇਸ਼ਵਾਸੀਆਂ ਨੂੰ ਫਜ਼ੂਲ ਦੀ ਜੰਗ ਲਈ ਤਿਆਰ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਕਿਊਬਾ ਉੱਤੇ ਸਪੇਨ ਦਾ ਰਾਜ ਸੀ ਜਿਸ ਤੋਂ ਮੁਕਤੀ ਪਾਉਣ ਲਈ ਕੁਝ ਸਾਲਾਂ ਤੋਂ ਕਿਊਬਾ ਵਿੱਚ ਬਗ਼ਾਵਤੀ ਸੁਰ ਉੱਭਰ ਰਹੇ ਸਨ। ਅੱਜ ਦੇ ਟੀਆਰਪੀ ਨਾਲ ਗ੍ਰਸਿਤ ਟੀਵੀ ਵਾਂਗ ਉਦੋਂ ਦੀਆਂ ਅਮਰੀਕੀ ਅਖ਼ਬਾਰਾਂ ਨੂੰ ਵਿਕਰੀ ਦੇ ਅੰਕੜਿਆਂ ਦਾ ਖ਼ਬਤ ਸਨ ਅਤੇ ਕਿਊਬਾ ਵਿੱਚ ਹੋ ਰਹੇ ਮੁਬਾਇਨਾ ਜ਼ੁਲਮਾਂ ਬਾਰੇ ਧੜਾਧੜ ਖ਼ਬਰਾਂ ਛਾਪ ਅਮਰੀਕੀ ਜਨ-ਸਾਧਾਰਨ ਨੂੰ ਭੜਕਾ ਰਹੀਆਂ ਸਨ। ਅਖ਼ਬਾਰਾਂ ਦੀ ਆਪਸ ਵਿੱਚ ਵਿਕਰੀ ਅਤੇ ਇਸ਼ਾਇਤ ਨੂੰ ਲੈ ਕੇ ਜੰਗ ਲੱਗੀ ਹੋਈ ਸੀ। ਇੱਕ ਪਾਸੇ New York World ਨਿਊਯਾਰਕ ਵਰਲਡ ਦਾ Joseph Pulitzer ਸੀ ਜਿਸ ਦੇ ਨਾਮ ’ਤੇ ਅੱਜਕੱਲ੍ਹ ਪੱਤਰਕਾਰੀ ਦੇ ਵੱਡੇ ਇਨਾਮ ਦਿੱਤੇ ਜਾਂਦੇ ਹਨ ਅਤੇ ਦੂਜੇ ਪਾਸੇ New York Journal ਦਾ William Randolph Hearst ਸੀ ਜਿਸ ਨੇ ‘ਪੀਲੀ ਪੱਤਰਕਾਰੀ’ ਜੁਮਲਾ ਘੜਿਆ ਸੀ।
Hearst ਨੇ ਆਪਣੇ ਹਵਾਨਾ ਸਥਿਤ ਨਾਮਾਨਿਗਾਰ ਨੂੰ ਕਿਹਾ ਕਿ ਉਹ ਭੈੜੀਆਂ ਤੋਂ ਭੈੜੀਆਂ ਅਤੇ ਜ਼ੁਲਮਾਂ, ਬਗ਼ਾਵਤਾਂ, ਹਕੂਮਤੀ ਜਬਰਾਂ ਦੀਆਂ ਖ਼ਬਰਾਂ ਭੇਜੇ। ਅੱਗੋਂ ਉਸ ਕਿਹਾ ਕਿ ਕਿਊਬਾ ਵਿੱਚ ਤਾਂ ਸਭ ਸ਼ਾਂਤ ਹੈ। ਹਾਸਟ ਦਾ ਮੋੜਵਾਂ ਜਵਾਬ ਹੁਣ ਦੁਨੀਆਂ ਭਰ ਵਿੱਚ ਸਹਾਫ਼ਤ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਉਸ ਕਿਹਾ, ‘‘ਤੂੰ ਮੈਨੂੰ ਬੱਸ ਤਸਵੀਰਾਂ ਭੇਜ, ਤੇ ਜੰਗ ਮੈਂ ਮੁਹੱਈਆ ਕਰਵਾ ਦੇਵਾਂਗਾ।’’
ਅਮਰੀਕੀ ਰਾਸ਼ਟਰਪਤੀ ਜੰਗ ਤੋਂ ਬਚਣਾ ਚਾਹ ਰਿਹਾ ਸੀ, ਪਰ ਮੁਲਕ ਦੀ tabloid ਪ੍ਰੈੱਸ ਨੇ ਮਾਹੌਲ ਗਰਮ ਕਰ ਦਿੱਤਾ ਸੀ। ਉਧਰੋਂ ਬਦਕਿਸਮਤੀ ਨੂੰ ਇਸੇ ਦੌਰਾਨ ਅਮਰੀਕੀ ਸਮੁੰਦਰੀ ਜੰਗੀ ਜਹਾਜ਼ ”SS Maine ਇੱਕ ਭੇਤਭਰੇ ਧਮਾਕੇ ਤੋਂ ਬਾਅਦ Havana Harbour ਵਿੱਚ ਡੁੱਬ ਗਿਆ। ਧਮਾਕੇ ਦਾ ਕਾਰਨ ਤਾਂ ਅੱਜ ਤੱਕ ਵੀ ਸਪੱਸ਼ਟ ਨਹੀਂ ਪਰ Pulitzer ਅਤੇ Hearst ਨੂੰ ਰਤਾ ਵੀ ਸ਼ੱਕ ਨਹੀਂ ਸੀ ਕਿ ਇਹ ਸਪੇਨ ਦਾ ਹੀ ਕੀਤਾ ਕਰਾਇਆ ਸੀ। ਅਖ਼ਬਾਰਾਂ ਵਿੱਚ ਜ਼ਹਿਰ ਦੇ ਦਰਿਆ ਵਗ ਤੁਰੇ। ਅਮਰੀਕੀ ਜਨ-ਸਾਧਾਰਨ ਦੇ ਠਾਠਾਂ ਮਾਰਦੇ ਸਮੁੰਦਰ ਨਾਅਰੇ ਮਾਰਨ ਲੱਗ ਪਏ- ‘‘ਯਾਦ ਹੈ ਮੇਨ? ਭੇਜੋ ਨਰਕ ਵਿੱਚ ਸਪੇਨ।’’
ਰਾਸ਼ਟਰਪਤੀ ਅਤੇ ਮੁਕਾਮੀ ਸ਼ਾਸਕ ਭਾਵੇਂ ਜੰਗ ਨਹੀਂ ਚਾਹੁੰਦੇ ਸਨ, ਪਰ ਹੁਣ ਤਾਂ ਇਹ ਲੋਕ-ਮੰਗ ਸੀ ਤੇ ਉਹ ਯੁੱਧ ਹੋ ਕੇ ਹਟਿਆ ਜਿਹੜਾ ਅਮਰੀਕਾ ਵਿਚਲੀਆਂ ਕੁਝ ਸ਼ਕਤੀਆਂ ਚਿਰਾਂ ਤੋਂ ਚਾਹ ਰਹੀਆਂ ਸਨ। ਅਖ਼ਬਾਰਾਂ ਰਾਹੀਂ ਲੋਕ-ਸਮਝ ਦਾ ਨਿਰਮਾਣ ਕੀਤਾ ਗਿਆ।
ਇੱਕ ਹਾਸੋਹੀਣੀ ਉਦਾਹਰਨ Operation Cornflakes ਹੈ। ਅਮਰੀਕੀ ਸੀਆਈਏ ਦਾ ਪਹਿਲਾ ਅਵਤਾਰ US Office of Strategic Services (OSS) ਸੀ। ਇਸ ਨੇ ਦੂਜੀ ਸੰਸਾਰ ਜੰਗ ਦੇ ਅੰਤਲੇ ਸਾਲਾਂ ਵਿੱਚ ਜਰਮਨ ਜਨ-ਸਾਧਾਰਨ ਦਾ ਮਨੋਬਲ ਡੇਗਣ ਲਈ ਲੱਖਾਂ ਹੀ ਜਾਅਲੀ ਚਿੱਠੀਆਂ ਆਮ ਲੋਕਾਂ ਨੂੰ ਭੇਜੀਆਂ, ਪਰ ਸੁਆਦ ਤਾਂ ਇਹ ਜਾਨਣ ਵਿੱਚ ਹੈ ਕਿ ਇਹਦੇ ਲਈ ਤਰੱਦਦ ਕਿੰਨਾ ਕੀਤਾ ਗਿਆ।
ਅਮਰੀਕੀਆਂ ਨੇ ਜਰਮਨ ਕੈਦੀਆਂ ਤੋਂ ਜਾਣਕਾਰੀ ਹਾਸਲ ਕੀਤੀ। ਫਿਰ ਜਰਮਨ ਟੈਲੀਫੋਨ ਡਾਇਰੈਕਟਰੀ ਅਤੇ ਹੋਰਨਾਂ ਸਾਧਨਾਂ ਰਾਹੀਂ ਲੱਖਾਂ ਲੋਕਾਂ ਦੇ ਪਤੇ ਹਾਸਲ ਕੀਤੇ, ਚਿੱਠੀਆਂ ਲਿਖੀਆਂ ਅਤੇ ਜਰਮਨਾਂ ਲਈ ਭਵਿੱਖ ਵਿੱਚ ਆ ਰਹੇ ਮਾੜੇ ਹਾਲਾਤ ਬਾਰੇ ਬਹੁਤ ਸਾਰੇ ਪਰਚੇ ਤਿਆਰ ਕੀਤੇ। ਲਿਫ਼ਾਫ਼ਿਆਂ ਵਿੱਚ ਤੁੰਨ, ਉੱਤੇ ਡਾਕ ਟਿਕਟਾਂ ਅਤੇ ਮੋਹਰਾਂ ਲਾ, ਇਹ ਅਸਲੀ ਜਾਪਦੇ ਜਾਅਲੀ ਡਾਕ-ਲਿਫ਼ਾਫ਼ੇ ਬੋਰੀਆਂ ਵਿਚ ਭਰੇ। ਫਿਰ ਡਾਕ ਲੈ ਕੇ ਜਾਂਦੀਆਂ ਜਰਮਨ ਰੇਲ ਗੱਡੀਆਂ ਉੱਤੇ ਬੰਬਾਰੀ ਕਰਨ ਲਈ ਜਹਾਜ਼ ਭੇਜੇ, ਪਿੱਛੇ-ਪਿੱਛੇ ਦੂਜਾ ਜਹਾਜ਼ ਨੇੜੇ ਹੀ ਲਿਫ਼ਾਫ਼ਿਆਂ ਨਾਲ ਭਰੀਆਂ ਬੋਰੀਆਂ ਸੁੱਟ ਦਿੰਦਾ ਤਾਂ ਜੋ ਜਰਮਨ ਡਾਕ ਮਹਿਕਮਾ ਇਨ੍ਹਾਂ ਨੂੰ ਅਸਲੀ ਸਮਝ ਘਰੋ-ਘਰੀ ਪਹੁੰਚਾਵੇ। ਇਹ ਸਾਜ਼ਿਸ਼ ਬਹੁਤੀ ਕਾਮਯਾਬ ਨਹੀਂ ਹੋਈ ਕਿਉਂ ਜੋ ਅਮਰੀਕੀਆਂ ਨੇ ਜਰਮਨ ਸ਼ਬਦਜੋੜਾਂ ਦਾ ਉਹ ਹਾਲ ਕੀਤਾ ਸੀ ਜਿਹੜਾ ਅੱਜ ਵੱਡੀ ਗਿਣਤੀ ਵਿੱਚ ਪੰਜਾਬੀ, ਅੰਗਰੇਜ਼ੀ ਦੇ ਸ਼ਬਦਜੋੜਾਂ ਦਾ ਕਰਦੇ ਹਨ। ਛੇਤੀ ਹੀ ਭਾਂਡਾ ਭੱਜ ਗਿਆ, ਪਰ ਲੋਕ-ਸਮਝ ਦੇ ਨਿਰਮਾਣ ਪ੍ਰਤੀ ਗੰਭੀਰਤਾ ਦੀ ਅਤਿ ਤਾਂ ਦੇਖੋ!
ਸੀਆਈਏ ਦੇ Operation Mockingbird ਬਾਰੇ ਗੂਗਲ ਕਰ ਵੇਖੋ, ਤੁਹਾਨੂੰ ਸਰਕਾਰਾਂ, ਖ਼ੁਫ਼ੀਆ ਏਜੰਸੀਆਂ, ਲੇਖਕਾਂ, ਪੱਤਰਕਾਰਾਂ, ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਨਾਜਾਇਜ਼ ਰਿਸ਼ਤਿਆਂ ਬਾਰੇ ਜਿੰਨਾ ਭੈੜਾ ਅੱਜ ਸੋਚ ਸਕਦੇ ਹੋ, ਉਸ ਤੋਂ ਭੈੜਾ ਖਾਕਾ ਮਿਲੇਗਾ।
ਲੋਕ-ਹੁੰਗਾਰੇ ਵਾਂਗ ਲੋਕ-ਚੁੱਪ ਦਾ ਵੀ ਨਿਰਮਾਣ ਕੀਤਾ ਜਾਂਦਾ ਹੈ। ਜਰਮਨੀ ਦੀ ਰਾਜਨੀਤਕ ਵਿਗਿਆਨੀ Elisabeth Noelle-Neumann ਨੇ 70ਵਿਆਂ ਵਿੱਚ The Spiral of Silence ਦੇ ਸਿਧਾਂਤ ਬਾਰੇ ਸਾਨੂੰ ਆਗਾਹ ਕੀਤਾ ਸੀ।
ਅੱਜ ਕਸ਼ਮੀਰ ਵਿੱਚ ਜ਼ਿੰਦਗੀ ਨੂੰ ਰੁਕਿਆਂ ਇੱਕ ਮਹੀਨਾ ਟੱਪ ਚੁੱਕਾ ਹੈ। ਅਖ਼ਬਾਰੀ ਸੁਰਖੀਆਂ ਅੰਦਰਲੇ ਸਫ਼ਿਆਂ ਦਾ ਰੁਖ਼ ਕਰ ਚੁੱਕੀਆਂ ਹਨ। ਟੀਵੀ ਰੋਜ਼-ਰੋਜ਼ ਇੱਕੋ ਮੁੱਦੇ ’ਤੇ ਬਹਿਸ ਨਹੀਂ ਕਰ ਸਕਦਾ। ਪਰ ਇਹ ਕਿਵੇਂ ਸੰਭਵ ਹੋ ਗਿਆ ਕਿ ਦੇਸ਼ ਭਰ ਵਿੱਚ ਭੀੜਾਂ ਉਮੜ ਕੇ ਸੜਕ ’ਤੇ ਇਹ ਕਹਿੰਦਿਆਂ ਨਹੀਂ ਨਿਕਲ ਰਹੀਆਂ ਕਿ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਹੱਸਬੇ-ਮਾਮੂਲ ਕਿਵੇਂ ਜੀਵੀਏ ਜੇ ਲੱਖਾਂ ਲੋਕ ਮਹੀਨੇ ਭਰ ਤੋਂ ਘਰਾਂ ਵਿੱਚ ਬੰਦ ਹਨ?
ਇਹ ਤਾਂ ਸੰਭਵ ਹੀ ਨਹੀਂ ਕਿ ਸਵਾ ਸੌ ਕਰੋੜ ਲੋਕਾਂ ਤੋਂ ਵੀ ਵਧੇਰੇ ਲੋਕ ਇੰਨੇ ਗ਼ੈਰ-ਮਨੁੱਖੀ, ਸੰਵੇਦਨਾਹੀਣ ਹੋ ਗਏ ਹਨ ਕਿ ਉਨ੍ਹਾਂ ਨੂੰ ਪ੍ਰਵਾਹ ਨਹੀਂ ਕਿ ਲੱਖਾਂ ਲੋਕਾਂ ਨਾਲ ਕੀ ਵਾਪਰ ਰਿਹਾ ਹੈ? ਉਹ ਵੀ ਤਾਂ ਮਨੁੱਖ ਹਨ ਜਿਨ੍ਹਾਂ ਦੇ ਪਰਿਵਾਰ ਹਨ। ਉਹ ਰੋਜ਼ੀ-ਰੋਟੀ ਲਈ ਮਿਹਨਤ ਕਰਦੇ ਹਨ। ਕਿਸਾਨ ਹਨ, ਦੁਕਾਨਦਾਰ ਹਨ, ਵਕੀਲ ਹਨ, ਡਾਕਟਰ ਹਨ, ਮੁਲਾਜ਼ਮ ਹਨ। ਕੀ ਐਸਾ ਹੋ ਸਕਦਾ ਹੈ ਕਿ ਸਵਾ ਸੌ ਕਰੋੜ ਲੋਕ ਕਸ਼ਮੀਰ ਵਿੱਚ ਲੱਖਾਂ ਦੀ ਰੁਕੀ ਹੋਈ ਜ਼ਿੰਦਗੀ ਨੂੰ ਵੇਖ ਬੇਚੈਨ ਹੀ ਨਹੀਂ ਹਨ?
ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਵੇਂ ਉੱਚੀ ਆਵਾਜ਼ ਵਾਲਾ ਜਨ-ਸਾਧਾਰਨ ਦਾ ਇੱਕ ਹਿੱਸਾ ਹਕੂਮਤ ਦੀ ਬੰਦੂਕ ਨਾਲ ਠੋਕ ਕੇ ਖੜ੍ਹਾ ਹੈ ਅਤੇ ਉਹਦਾ ਹੁੰਗਾਰਾ ਵਿਉਂਤਬੰਦ ਤਰੀਕੇ ਨਾਲ ਨਿਰਮਾਣ ਕੀਤੀ ਗਈ ਲੋਕ-ਸਮਝ ਵਿੱਚੋਂ ਆ ਰਿਹਾ ਹੈ ਪਰ ਇਕ ਵੱਡੇ ਹਿੱਸੇ ਦੀ ਚੁੱਪ ਨੂੰ ਕਿਵੇਂ ਸਮਝਿਆ ਜਾਵੇ?
Noelle-Neumann ਦੀ The Spiral of Silence ਥਿਊਰੀ ਦੱਸਦੀ ਹੈ ਕਿ ਨਾਗਰਿਕ ਅਕਸਰ ਇੱਕ ਐਸਾ ਪੈਂਤੜਾ ਲੈ ਲੈਂਦੇ ਹਨ ਜਿਹੜਾ ਉਨ੍ਹਾਂ ਦੇ ਅਸਲ ਵਿਚਾਰਾਂ ਤੋਂ ਭਿੰਨ ਹੁੰਦਾ ਹੈ ਕਿਉਂ ਜੋ ਉਹ ਵੱਡੇ ਜਾਪਦੇ ਜਨ ਸਮੂਹ ਤੋਂ ਵੱਖ ਨਹੀਂ ਦਿਸਣਾ ਚਾਹੁੰਦੇ। ਉਹ ਉੱਚੀ ਤੂਤੀ ਵਾਲੇ ਜਾਂ ਵੱਡੀ ਬੰਦੂਕ ਵਾਲੇ ਦੇ ਵਿਚਾਰ ਅੱਗੇ ਡਟ ਕੇ ਇਕੱਲੇ ਰਹਿ ਜਾਣ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੇ।
ਸਾਡੀ ਲੋਕ-ਸਮਝ ਵਿੱਚ ਕਿਸ ਹੱਦ ਤੱਕ ਘਾਲਾਮਾਲਾ ਕਰਨਾ ਸੰਭਵ ਹੈ, ਇਹ ਇੱਥੋਂ ਪਤਾ ਲੱਗਦਾ ਹੈ ਕਿ ਮੀਡਿਆ ਵਿਚ manipulation ਕਰਨ ਲਈ ਜਿਹੜੇ ਦਸ ਹੱਥਕੰਡਿਆਂ ਦੀ ਪਹਿਚਾਣ ਕਰਨ ਦਾ ਸਿਹਰਾ Noam Chomsky ਨੂੰ ਆਮ ਹੀ ਦਿੱਤਾ ਜਾਂਦਾ ਹੈ, ਉਹ ਕੰਮ ਅਸਲ ਵਿੱਚ ਇੱਕ ਫਰਾਂਸੀਸੀ ਲੇਖਕ Sylvain Timsit ਨੇ ਕੀਤਾ ਸੀ। ਸੈਂਕੜੇ ਦਰੁਸਤੀਆਂ ਤੋਂ ਬਾਅਦ ਵੀ ਪੜ੍ਹੇ-ਲਿਖੇ ਵਿਸ਼ਲੇਸ਼ਕ ਵੀ Noam Chomsky ਦਾ ਹੀ ਨਾਮ ਲੈਂਦੇ ਹਨ, Timsit ਦਾ ਨਹੀਂ। ਸੋਚੋ, ਜਦੋਂ ਤੁਹਾਡਾ ਸਾਡਾ ਮਨ ਸਰਕਾਰ ਨੇ ਜੰਗ ਲਈ ਜਾਂ ਕਸ਼ਮੀਰੀਆਂ ਬਾਰੇ ਬਣਾਉਣਾ ਹੋਵੇ ਤਾਂ ਕੀ ਕੀ ਸੰਭਵ ਹੈ? Chomsky ਦੇ ਦੱਸੇ ਪਛਾਣੇ ਸਰੇ-ਰਾਹ ਨੰਗੇ ਕੀਤੇ ਹੱਥਕੰਡੇ ਹੋਣ ਜਾਂ Timsit ਦੇ, ਸਾਡੇ ਵਿੱਚੋਂ ਬਹੁਤਿਆਂ ਦਾ ਫਸ ਜਾਣਾ ਵੱਟ ’ਤੇ ਪਿਆ ਹੈ। ਚੁੱਪ ਵਾਲੀ ਚੱਕਰੀ ਅਲੱਗ ਘੁੰਮਣੀ ਹੈ। ਮਹੀਨੇ ਤੋਂ ਉੱਪਰ ਘਰ ਵਿੱਚ ਬੰਦ ਲੱਖਾਂ ਦੀ ਜ਼ਿੰਦਗੀ ਦੀ ਮਰਦੀ ਸਹਿਕਦੀ ਆਵਾਜ਼ ਫਿਰ ਕਿਸ ਸੁਣਨੀ ਹੈ?
ਦੁਨੀਆ ਭਰ ਵਿਚ ਨਫ਼ਰਤਾਂ ਕਾਰਨ ਰੁਕੀਆਂ ਹੋਈਆਂ ਜ਼ਿੰਦਗੀਆਂ ਨੂੰ ਫੋਨ ਨਹੀਂ ਲੱਗ ਰਹੇ, ਪਰ ਤੁਹਾਡਾ ਤਾਂ ਇੰਟਰਨੈੱਟ ਚਲਦਾ ਹੈ। ਜੇ ਕਸ਼ਮੀਰੀ ਨੂੰ ਪਿਆਰ ਕਰਦੇ ਹੋ ਤਾਂ ਵੀ, ਜੇ ਫ਼ੌਜੀ ਨੂੰ ਕਰਦੇ ਹੋ ਤਾਂ ਵੀ, ਅਤੇ ਜੇ ਦੋਹਾਂ ਅਤੇ ਸਭਨਾਂ ਨੂੰ ਕਰਦੇ ਹੋ, ਤਾਂ ਵੀ ਅੱਜ ਇਸ ਫ਼ੌਜੀ ਦੀ ਗੱਲ ਸੁਣੋ। ਨਾਮ ਹੈ Major General Smedley Darlington Butler ਜੋ ਅਮਰੀਕਾ ਦਾ ਸਭ ਤੋਂ ਵਧੇਰੇ ਸਨਮਾਨਿਤ ਫ਼ੌਜੀ ਸੀ। US Marine Corps ਦਾ ਸਭ ਤੋਂ ਛੋਟੀ ਉਮਰ ਦਾ ਕਪਤਾਨ ਅਤੇ ਅਮਰੀਕਾ ਦੇ ਦੋ ਅਜਿਹੇ ਫ਼ੌਜੀਆਂ ਵਿੱਚੋਂ ਇੱਕ ਜਿਨ੍ਹਾਂ ਨੂੰ ਦੇਸ਼ ਦਾ highest decoration ਦੋ ਵਾਰੀ ਮਿਲਿਆ। ਰਿਟਾਇਰ ਹੋਣ ਤੋਂ ਬਾਅਦ ਉਸ ਇੱਕ ਭਾਸ਼ਣ ਦਿੱਤਾ ਜਿਸ ਦਾ ਨਾਮ ਹੈ- War Is a Racket ਜੰਗ ਇੱਕ ਘਪਲਾ ਹੈ। ਅੱਜ ਗੂਗਲ ਕਰ ਉਹਦੀ ਤਕਰੀਰ ਪੜ੍ਹੋ, ਗੁਆਂਢੀ ਘਰ ਜਾ ਇਹਦੀ ਗੱਲ ਕਰੋ, ਬੱਚਿਆਂ ਨੂੰ ਦੱਸੋ, ਹਰ ਕਿਸੇ ਨਾਲ ਮਸਲਾ ਛੇੜ ਦਿਓ। ਆਪਾਂ ਵੀ ਤਾਂ ਲੋਕ-ਸਮਝ ਦੇ ਨਿਰਮਾਣ ਦਾ ਕੋਈ ਹੀਲਾ ਵਸੀਲਾ ਕਰੀਏ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕਸ਼ਮੀਰ ਵੇਖਣ ਘੁੰਮਣ ਦੀ ਤਮੰਨਾ ਪੂਰੀ ਕਰਨ ਲਈ ਡਾਢਿਆਂ ਤੋਂ ਸਿੱਖੇ ਹੀਲੇ ਵਸੀਲੇ ਵਰਤਣ ਤੋਂ ਵੀ ਸ਼ਰਮਸਾਰ ਨਹੀਂ ਜਾਪ ਰਿਹਾ।)


Comments Off on ਇਤਨਾ ਸੰਨਾਟਾ ਕਿਉਂ ਹੈ, ਭਾਈ?
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.