ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਇਕ ਦਿਨ ਸੂਟ ਦੇ ਲੇਖੇ

Posted On September - 8 - 2019

ਸੁਖਵਿੰਦਰ ਦਾਨਗੜ੍ਹ
ਆਪ ਬੀਤੀ

ਹਰ ਮਹੀਨੇ ਸੂਟ ਲੈਣ ਦੇ ਬਾਵਜੂਦ ਪਤਨੀ ਦੀ ਹਮੇਸ਼ਾ ਇਹ ਹੀ ਸ਼ਿਕਾਇਤ ਰਹਿੰਦੀ ਸੀ ਕਿ ਮੇਰੇ ਕੋਲ ਤਾਂ ਚੱਜ ਦਾ ਕੋਈ ਵੀ ਸੂਟ ਨਹੀਂ ਕਿਤੇ ਆਉਣ ਜਾਣ ਨੂੰ!! ਇਕ ਦਿਨ ਛੁੱਟੀ ਦਾ ਲਾਹਾ ਲੈ ਕੇ ਮੈਂ ਤੁਰੰਤ ਫ਼ੈਸਲਾ ਲੈ ਲਿਆ ਕਿ ਅੱਜ ਹੀ ਨਵਾਂ ਸੂਟ ਲੈ ਕੇ ਆਉਂਦੇ ਹਾਂ। ਬਾਜ਼ਾਰ ’ਚ ਚੰਗੀ ਜਿਹੀ ਦੁਕਾਨ ਦੇਖ ਕੇ ਪਹੁੰਚ ਗਏ ਅੰਦਰ। ਅੱਗੇ ਸੂਟਾਂ ਦਾ ਢੇਰ ਲੱਗਿਆ ਪਿਆ ਸੀ। ਲਓ ਜੀ, ਜਾਣ ਸਾਰ ਭਾਗਵਾਨ ਨੇ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ। ਜਦੋਂ ਵੀ ਕੋਈ ਸੂਟ ਚੁੱਕ ਕੇ ਮੇਰੇ ਵੱਲ ਨੂੰ ਕਰੇ ਮੈਂ ਡਰਦੇ-ਡਰਦੇ ਹਾਮੀ ਜਿਹੀ ਭਰ ਦਿਆ ਕਰਾਂ, ‘‘ਹਾਂ ਊਂ ਤਾਂ ਠੀਕ ਐ, ਤੈਨੂੰ ਕਿਵੇਂ ਲੱਗਿਆ?’’ ਅੱਗੋਂ ਉਸ ਦਾ ਜਵਾਬ ਹੁੰਦਾ, ‘‘ਠੀਕ ਐ ਪਰ ਰੰਗ ਥੋੜ੍ਹਾ ਗੂੜ੍ਹਾ ਐ!!’’ ਇਹ ਆਖ ਕੇ ਉਹ ਦੁਕਾਨ ਦੇ ਖਾਨਿਆਂ ਵਿਚੋਂ ਪੰਜ-ਸੱਤ ਸੂਟ ਹੋਰ ਲੁਹਾ ਲੈਂਦੀ।
ਮੈਂ ਤਾਂ ਨੀਵੀਂ ਪਾ ਕੇ ਬੈਠ ਗਿਆ। ਕੁਝ ਕੁ ਸਮੇਂ ਮਗਰੋਂ ਜਦੋਂ ਦੇਖਿਆ ਤਾਂ ਸੂਟਾਂ ਦਾ ਢੇਰ ਅੱਗੇ ਨਾਲੋਂ ਦੁੱਗਣਾ ਹੋਇਆ ਜਾਪਿਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਕ ਸੂਟ ਲੈਣ ਲਈ ਏਨੀ ਜੱਦੋਜਹਿਦ। ਹਾਂ, ਨਵੇਂ ਨਵੇਂ ਸ਼ਬਦ ਜ਼ਰੂਰ ਕੰਨਾਂ ਵਿਚ ਪੈ ਰਹੇ ਸਨ: ‘‘ਇਹ ਤਾਂ ਵੀਰੇ ਜਾਮ ਕੌਟਨ ਲੱਗਦੀ ਐ।’’ ਅੱਗੋਂ ਉਹ ਆਖ ਦਿੰਦਾ, ‘‘ਨਹੀਂ ਭਾਈ!! ਇਹ ਗਰੇਸ ਕੌਟਨ ਐ…’’ ‘‘ਨਹੀਂ ਇਹ ਨਹੀਂ! ਇਹ ਤਾਂ ਮੇਰੇ ਕੋਲ ਹੈਗਾ ਐ… ਜਵਾਂ ਓਹੋ ਜਿਹਾ ਆਪਣੀ ਸਰਬੀ ਕੋਲ ਐ। ਓਹ ਕੈਮਰਿਕ ਦਿਖਾਈਂ… ਨਾਲੇ ਇਹ ਰਾਮਟੈਕਸ ਵੀ ਦਿਖਾ ਦੇਈਂ।’’ ਜੇ ਕਿਸੇ ਸੂਟ ਦਾ ਰੰਗ ਪਸੰਦ ਆ ਜਾਂਦਾ ਤਾਂ ਉਹ ਆਖ ਦਿੰਦੀ, ‘‘ਵੀਰੇ! ਇਸ ’ਚ ਕੋਈ ਹੋਰ ਡਿਜ਼ਾਈਨ ਨੀਂ ਐ?’’ ਜੇ ਕਿਸੇ ਸੂਟ ਦਾ ਡਿਜ਼ਾਈਨ ਪਸੰਦ ਆ ਜਾਂਦਾ ਤਾਂ ਉਹ ਆਖ ਦਿੰਦੀ, ‘‘ਵੀਰੇ! ਇਸ ’ਚ ਕੋਈ ਹੋਰ ਰੰਗ ਨਹੀਂ ਐ?’’ ਨਾ ਕੋਈ ਰੇਟ ਦਾ ਹਿਸਾਬ-ਕਿਤਾਬ, ਕਦੇ ਹਜ਼ਾਰ-ਦੋ ਹਜ਼ਾਰ ਵਾਲਾ ਸੂਟ ਪਸੰਦ ਆ ਜਾਂਦਾ ਤੇ ਕਦੇ ਚਾਰ-ਪੰਜ ਹਜ਼ਾਰ ਵਾਲਾ ਵੀ ਨਖਰੇ ਹੇਠ ਨਾ ਆਉਂਦਾ। ਆਖ਼ਰ ਤਿੰਨ-ਚਾਰ ਘੰਟੇ ਦੀ ਤਕੜੀ ਮੁਸ਼ੱਕਤ ਮਗਰੋਂ ਇਕ ਸੂਟ ਦੀ ਚੋਣ ਹੋ ਗਈ। ਮੈਂ ਵੀ ਡੂੰਘਾ ਜਿਹਾ ਸਾਹ ਲੈ ਕੇ ਆਖ ਦਿੱਤਾ, ‘‘ਵਾਹ!! ਇਹ ਬਣੀ ਐ ਗੱਲ। ਬਿਲਕੁਲ ਨਵਾਂ ਡਿਜ਼ਾਈਨ ਐ। ਨਾਲੇ ਰੰਗ ਵੀ ਕਿੰਨਾ ਪਿਆਰਾ ਐ। ਹੋਰ ਤਾਂ ਹੋਰ ਇਹੋ ਜਿਹਾ ਕਿਸੇ ਦੇ ਪਾਇਆ ਵੀ ਨਹੀਂ ਦੇਖਿਆ। ਵੱਖਰਾ ਜਿਹਾ ਐ!!’’ ਉਹ ਹੁੱਬ ਕੇ ਬੋਲੀ, ‘‘ਪਿਓਰ ਸਿਲਕ ਦਾ ਐ! ਹੈ ਵੀ ਪੂਰੇ ਪੰਜ ਹਜ਼ਾਰ ਦਾ…।’’ ਹੁਣ ਉਹਦੇ ਚਿਹਰੇ ਦੇ ਹਲਕੀ ਰੌਣਕ ਝਲਕ ਰਹੀ ਸੀ। ਮੈਂ ਵੀ ਅੰਦਰੋਂ ਆਪਣੇ ਆਪ ਨੂੰ ਹੌਸਲਾ ਜਿਹਾ ਦਿੱਤਾ ਕਿ ਚਲੋ ਦੁਕਾਨ ਵਿਚੋਂ ਜਾਨ ਤਾਂ ਛੁੱਟੀ, ਭਾਵੇਂ ਪੰਜ ਹਜ਼ਾਰ ਲੱਗ ਹੀ ਗਿਆ। ਅਜੇ ਦੁਕਾਨਦਾਰ ਸੂਟ ਲਿਫ਼ਾਫ਼ੇ ਵਿਚ ਪਾਉਣ ਹੀ ਲੱਗਿਆ ਸੀ ਕਿ ਪਤਨੀ ਬੋਲੀ, ‘‘ਵੀਰੇ, ਦੇਈਂ ਜ਼ਰਾ ਇਕ ਮਿੰਟ…।’’ ਮੇਰੇ ਦਿਲ ਦੀ ਧੜਕਣ ਜਿਵੇਂ ਰੁਕ ਗਈ ਕਿ ਲਓ ਫੇਰ ਕੋਈ ਨਵਾਂ ਪੰਗਾ ਛਿੜ ਗਿਆ। ਉਹਨੇ ਸੂਟ ਫੜ ਕੇ ਬਾਹਰ ਚਾਨਣ ’ਚ ਲਿਜਾ ਕੇ ਦੇਖਣ ਮਗਰੋਂ ਮੁੜ ਲਿਫ਼ਾਫ਼ੇ ਵਿਚ ਪਵਾ ਲਿਆ। ਮੇਰੇ ਸਾਹ ਵਿਚ ਸਾਹ ਆਇਆ। ਉਹ ਮੈਨੂੰ ਕਹਿਣ ਲੱਗੀ, ‘‘ਤੁਸੀਂ ਵੀ ਆਪਣੇ ਵਾਸਤੇ ਕੋਈ ਕੁੜਤਾ ਪਜਾਮਾ ਦੇਖ ਲੈਦੇ।’’ ‘‘ਨਹੀਂ, ਮੈਂ ਤਾਂ ਕਦੇ ਫੇਰ ਲੈ ਲਊਂ,’’ ਇਹ ਆਖ ਕੇ ਮੈਂ ਫੱਟ ਦੇਣੇ ਦੁਕਾਨ ’ਚੋਂ ਬਾਹਰ ਨਿਕਲ ਆਇਆ। ਫਟਾਫਟ ਕਾਰ ਦੀ ਤਾਕੀ ਖੋਲ੍ਹ ਕੇ ਚਾਬੀ ਘੁਮਾ ਦਿੱਤੀ ਤੇ ਨਾਲੇ ਪੋਲੇ ਜਿਹੇ ਮੂੰਹ ਨਾਲ ਆਖਿਆ, ‘‘ਕੁਝ ਹੋਰ ਤਾਂ ਨਹੀਂ ਲੈਣਾ ਬਾਜ਼ਰ ’ਚੋਂ?’’ ‘‘ਲੈਣਾ ਤਾਂ ਸੀ। ਚਲੋ ਫੇਰ ਆ ਜਾਵਾਂਗੇ। ਜਾ ਕੇ ਰੋਟੀ-ਟੁੱਕ ਬਣਾਉਣਾ ਐ। ਲੇਟ ਹੋ ਜਾਵਾਂਗੇ… ਜੁਆਕ ਵੀ ਘਰ ਇਕੱਲੇ ਐ।’’ ਮੇਰੇ ਮਨਭਾਉਂਦਾ ਜੁਆਬ ਦੇ ਕੇ ਉਸ ਨੇ ਮੁੜ ਸੂਟ ਵਾਲਾ ਲਿਫ਼ਾਫ਼ਾ ਖੋਲ੍ਹ ਲਿਆ ਅਤੇ ਮੈਂ ਸਟੀਰੀਓ ਦੀ ਆਵਾਜ਼ ਹੋਰ ਉੱਚੀ ਕਰ ਦਿੱਤੀ। ਘਰ ਆਉਣ ਸਾਰ ਉਸ ਨੇ ਇਕ-ਦੋ ਰਿਸ਼ਤੇਦਾਰੀਆਂ ਅਤੇ ਦੋ-ਚਾਰ ਸਹੇਲੀਆਂ ਕੋਲ ਨਵੇਂ ਲਿਆਂਦੇ ਸੂਟ ਦੀ ਸੂਚਨਾ ਦੇ ਦਿੱਤੀ। ਸੂਟ ਦੀ ਫੋਟੋਆਂ ਵੱਟਸਐਪ ’ਤੇ ਵਾਇਰਲ ਹੋ ਗਈਆਂ। ਇਕ ਦੋ ਥਾਵਾਂ ਤੋਂ ਸੂਟ ਸਲਾਹਿਆ ਗਿਆ, ਪਰ ਦੋ ਕੁ ਜਣਿਆਂ ਨੇ ਕੁਝ ਕੁ ਨੁਕਸ ਦੱਸ ਦਿੱਤੇ। ਕੁੱਲ ਮਿਲ ਕੇ ਸਾਰਾ ਦਿਨ ਸੂਟ ਉਸ ਦੇ ਦਿਮਾਗ਼ ਵਿਚ ਘੁੰਮਦਾ ਰਿਹਾ। ਅਗਲੇ ਦਿਨ ਸਕੂਲ ਜਾਣ ਵੇਲੇ ਉਸ ਨੇ ਮੈਨੂੰ ਅਚਾਨਕ ਪੁੱਛਿਆ, ‘‘ਹੁਣ ਤੁਹਾਨੂੰ ਅਗਲੀ ਛੁੱਟੀ ਕਦੋਂ ਐ?’’ ਮੈਂ ਕਿਹਾ, ‘‘ਆਹੀ ਸ਼ਨਿੱਚਰਵਾਰ ਨੂੰ!! ਕਿਉਂ?’’
‘‘ਉਹ ਜਿਹੜਾ ਮੈਂ ਕੱਲ੍ਹ ਸੂਟ ਨੀਂ ਲੈ ਕੇ ਆਈ ਸੀ… ਉਹ ਮੋੜ ਕੇ ਹੋਰ ਲੈ ਕੇ ਆਉਣਾ ਐ!!!’’

ਸੰਪਰਕ: 94171-80205


Comments Off on ਇਕ ਦਿਨ ਸੂਟ ਦੇ ਲੇਖੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.