ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਇਉਂ ਉੱਡਦੇ ਐ ਹੱਥਾਂ ਦੇ ਤੋਤੇ

Posted On September - 3 - 2019

ਬਲਦੇਵ ਸਿੰਘ (ਸੜਕਨਾਮਾ)

ਦੋਸਤੋ! ਕਲਕੱਤਾ ਮਹਾਂਨਗਰ ਦੀ ਇਹ ਘਟਨਾ ਬਹੁਤ ਸੋਚ-ਵਿਚਾਰ ਪਿੱਛੋਂ ਤੁਹਾਡੇ ਨਾਲ ਸਾਂਝੀ ਕਰਨ ਦੀ ਜੁਰੱਅਤ ਕਰਨ ਲੱਗਾ ਹਾਂ। ਅੱਗ ਵਰ੍ਹਾਉਂਦਾ ਸੂਰਜ ਭਾਵੇਂ ਕਲਕੱਤੇ ਦੀ ਵਿਕਟੋਰੀਆ ਯਾਦਗਾਰ ਓਹਲੇ ਹੋ ਗਿਆ ਸੀ, ਗਰਮੀ ਫਿਰ ਵੀ ਅੰਤਾਂ ਦੀ ਸੀ।
ਵਿਕਟੋਰੀਆ ਦੇ ਖੁੱਲ੍ਹੇ ਮੈਦਾਨਾਂ ਦੀ ਹਵਾ ਲੈਣ ਲਈ ਮੈਂ ਕੁਝ ਸਮਾਂ ਇੱਥੇ ਟੈਕਸੀ ਪਾਰਕ ਕਰ ਲਈ ਤੇ ਆਪ ਇਕ ਸੰਘਣੇ ਰੁੱਖ ਦੀ ਛਾਵੇਂ ਜਾ ਖੜ੍ਹਾ।
ਇੱਥੇ ਦਰੱਖਤਾਂ ਦੇ ਮੁੱਢਾਂ ਨਾਲ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਬੈਠੇ ਜੋੜਿਆਂ ਵੱਲ ਚਲਾਵੀਂ ਜਿਹੀ ਨਜ਼ਰ ਘੁੰਮਾਈ, ਹੈਰਾਨ ਹੋਇਆ, ਅਜਿਹੇ ਰੁੱਝੇ ਹੋਏ ਮਹਾਂਨਗਰ ਵਿਚ ਇਨ੍ਹਾਂ ਲੜਕੇ-ਲੜਕੀਆਂ ਨੂੰ ਸਿਵਾਏ ਇਸ਼ਕ ਫਰਮਾਉਣ ਦੇ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੀ ਨਹੀਂ ਹੈ? ਏਨੀ ਵਿਹਲ ਇਨ੍ਹਾਂ ਨੂੰ ਕਿਵੇਂ ਮਿਲ ਜਾਂਦੀ ਹੈ? ਸਿੱਧੇ ਘਰੋਂ ਆਏ ਨੇ, ਦਫ਼ਤਰੋਂ ਕੋਈ ਬਹਾਨਾ ਬਣਾ ਕੇ ਆਏ ਨੇ ਜਾਂ ਕਾਲਜ ਵਿਚੋਂ ਫਰਲੋ ਮਾਰੀ ਹੈ?
ਸਾਡੀਆਂ ਔਰਤਾਂ ਦੀ ਤਾਂ ਕੰਮਾਂ ਨਾਲ ਮੱਤ ਮਾਰੀ ਜਾਂਦੀ ਹੈ। ਸਫ਼ਾਈ ਤੋਂ ਵਿਹਲੀਆਂ ਹੁੰਦੀਆਂ ਹਨ ਤਾਂ ਰੋਟੀ-ਟੁੱਕ ’ਚ ਉਲਝ ਜਾਂਦੀਆਂ ਹਨ। ਰੋਟੀ-ਟੁੱਕ ਤੋਂ ਵਿਹਲ ਮਿਲਦੀ ਹੈ ਤਾਂ ਕੱਪੜਿਆਂ ਦਾ ਢੇਰ ਲੈ ਕੇ ਧੋਣ ਬਹਿ ਜਾਂਦੀਆਂ ਹਨ। ਜਦੋਂ ਨੂੰ ਨਹਾਉਣ, ਸਿਰ ਵਾਹੁਣ ਜਾਂ ਬਣਨ-ਸੰਵਰਨ ਦੀ ਵਿਹਲ ਮਿਲਦੀ ਹੈ ਤਾਂ ਰਾਤ ਦੀ ਰੋਟੀ ਦਾ ਵੇਲਾ ਹੋਇਆ ਹੁੰਦਾ ਹੈ।
ਅਜਿਹੀਆਂ ਸੋਚਾਂ ਵਿਚ ਉਲਝਿਆ ਜਦੋਂ ਮੈਂ ਟੈਕਸੀ ਲਾਗੇ ਆਇਆ ਤਾਂ ਅੰਦਰ ਇਕ ਚੱਕਵੇਂ ਜਿਹੇ ਪਹਿਰਾਵੇ ਵਾਲੀ ਲੜਕੀ ਬੈਠੀ ਵੇਖ ਕੇ ਹੈਰਾਨ ਹੋਇਆ।
ਮੈਂ ਠੇਠ ਮਲਵਈ ਵਿਚ ਪੁੱਛਿਆ, ‘ਕਿੱਥੇ ਜਾਣੈ ਕੁੜੀਏ?’
ਸ਼ਾਇਦ ਉਸ ਨੇ ‘ਕਿੱਥੇ’ ਸ਼ਬਦ ਤੋਂ ਅੰਦਾਜ਼ਾ ਲਾਇਆ ਸੀ। ਬੰਗਾਲੀ ਵਿਚ ਇਹ ਸ਼ਬਦ ‘ਕੁਥੈ’ ਹੈ। ਉਹ ਬੰਗਲਾ ’ਚ ਬੋਲੀ ‘ਪਾਰਕ ਸਰਕਸ ਜਾਬੋ।’ ਉਹ ਇੰਨੇ ਸੰਕੋਚ ਨਾਲ ਬੋਲੀ, ਜਿਵੇਂ ਬੁੱਲ੍ਹਾਂ ਦੀ ਸੁਰਖੀ ਖ਼ਰਾਬ ਹੋਣ ਤੋਂ ਡਰਦੀ ਹੋਵੇ। ਪਾਰਕ ਸਰਕਸ ਪਹੁੰਚ ਕੇ ਉਸਨੇ ਇਕ ਬਾੜੀ (ਹਵੇਲੀ) ਦੇ ਸਾਹਮਣੇ ਗੱਡੀ ਰੁਕਵਾਈ ਤੇ ਕਿਹਾ, ‘ਸ਼ੌਰਦਾਰ ਜੀ, ਦੋ ਮਿੰਟ ਵੇਟ ਕਰਨਾ।’ ਆਖ ਕੇ ਉਹ ਬਾੜੀ ਅੰਦਰ ਚਲੀ ਗਈ।
ਮੈਂ ਹੇਠਾਂ ਉੱਤਰ ਕੇ ‘ਫੇਅਰ-ਮੀਟਰ’ ਨੂੰ ਚਾਬੀ ਦੇ ਦਿੱਤੀ।
ਉਹ ਲੜਕੀ ਪੰਦਰਾਂ-ਵੀਹ ਮਿੰਟ ਬਾਅਦ ਬਾਹਰ ਆਈ ਤੇ ਖ਼ਿਮਾ ਮੰਗਦੀ ਨੇ ਕਿਹਾ: ‘ਸੌਰੀ ਸ਼ੌਰਦਾਰ ਜੀ…, ਇਲੀਅਟ ਸਿਨਮਾ ਲੇ ਚਲੋ।’
ਮੈਨੂੰ ਉਸ ਦੀਆਂ ਹਰਕਤਾਂ ਉੱਪਰ ਸ਼ੱਕ ਹੋਈ। ਇਲੀਅਟ ਸਿਨਮਾ ਜਦੋਂ ਪੁੱਜਾ ਤਾਂ ਉਹ ਟੈਕਸੀ ਵਿਚ ਬੈਠੀ ਹੀ ਏਧਰ-ਓਧਰ ਵੇਖਣ ਲੱਗੀ ਜਿਵੇਂ ਕਿਸੇ ਨੂੰ ਲੱਭਦੀ ਹੋਵੇ। ਉਸ ਨੇ ਘੜੀ ’ਤੇ ਟਾਈਮ ਵੀ ਵੇਖਿਆ ਫ਼ਿਲਮ ਸ਼ੁਰੂ ਹੋਣ ਦੀ ਘੰਟੀ ਵੱਜਣ ਲੱਗੀ। ਉਸ ਦੇ ਚਿਹਰੇ ’ਤੇ ਪ੍ਰੇਸ਼ਾਨੀ ਅਤੇ ਘਬਰਾਹਟ ਸੀ।
ਮੈਂ ਕਿਹਾ, ‘ਮੈਡਮ ਟੈਕਸੀ ਛੱਡੋ, ਇੱਥੇ ਨੋ ਪਾਰਕਿੰਗ ਵਿਚ ਖੜ੍ਹੇ ਹਾਂ।’ ‘ਸ਼ੌਰਦਾਰ ਜੀ, ਪਲੀਜ਼ ਇਕ ਮਿੰਟ?’ ਉਸ ਨੇ ਫੇਰ ਘੜੀ ਵੇਖੀ।
ਮੇਰਾ ਧਿਆਨ ਪਿੱਛੇ ਚੌਕ ਵਿਚ ਖੜ੍ਹੇ ਟਰੈਫਿਕ ਸਿਪਾਹੀ ਵੱਲ ਸੀ, ਉਹ ਕਦੋਂ ਇੱਥੋਂ ਜਾਣ ਲਈ ਵਿਸਲ ਮਾਰਦਾ ਹੈ।
ਲੜਕੀ ਕਿਸੇ ਨੂੰ ਉਡੀਕ ਰਹੀ ਸੀ। ਕਦੇ ਉਹ ਹੱਥਾਂ ਦੀਆਂ ਉਂਗਲਾਂ ਮਰੋੜਦੀ, ਕਦੇ ਰੁਮਾਲ ਨਾਲ ਚਿਹਰੇ ਨੂੰ ਹਵਾ ਝਲਦੀ। ਆਖ਼ਿਰ ਉਸ ਨੇ ਬੰਗਲਾ ’ਚ ਕਿਹਾ, ‘ਸ਼ੌਰਦਾਰ ਜੀ, ਮੈਨੂੰ ਉੱਥੇ ਵਿਕਟੋਰੀਆ ਹੀ ਛੱਡ ਦਿਓ।’
ਮੈਂ ਬੜਾ ਹੈਰਾਨ ਹੋਇਆ। ਟੈਕਸੀ ਸਟਾਰਟ ਕੀਤੀ ਤੇ ਵਿਕਟੋਰੀਆ ਯਾਦਗਾਰ ਵੱਲ ਚੱਲ ਪਿਆ।
ਟੈਕਸੀ ਦੇ ਸ਼ੀਸ਼ੇ ਵਿਚੋਂ ਦੀ ਵੇਖਿਆ। ਉਹ ਅਜੇ ਵੀ ਪ੍ਰੇਸ਼ਾਨ ਸੀ ਤੇ ਘੜੀ ਵੇਖ ਰਹੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ, ਇਹ ਸੱਚਮੁੱਚ ਪ੍ਰੇਸ਼ਾਨ ਹੈ ਜਾਂ ਨਾਟਕ ਕਰ ਰਹੀ ਹੈ? ਵਿਕਟੋਰੀਆ ਪਹੁੰਚ ਕੇ ਟੈਕਸੀ ਰੋਕੀ ਤਾਂ ਲੜਕੀ ਨੇ ਕਿਹਾ, ‘ਇਕ ਫਰੈਂਡ ਨੇ ਟਾਈਮ ਦਿੱਤਾ ਸੀ, ਉਹ ਮਿਲਿਆ ਨਹੀਂ।’ ‘ਤੋ?’ ਮੈਂ ਹੈਰਾਨ ਸਾਂ, ਉਹ ਮੈਨੂੰ ਇਹ ਕਿਉਂ ਦੱਸ ਰਹੀ ਹੈ।’

ਬਲਦੇਵ ਸਿੰਘ (ਸੜਕਨਾਮਾ)

‘ਮੇਰੇ ਪਾਸ ਕਿਰਾਏ ਜੋਗੇ ਪੈਸੇ ਨਹੀਂ ਹਨ।’ ਲੜਕੀ ਨੀਵੀਂ ਪਾਈ ਬੋਲੀ।
‘ਪੈਸੇ ਨਹੀਂ ਸਨ ਤਾਂ ਟੈਕਸੀ ਕਿਉਂ ਲਈ?’ ਮੇਰੇ ਤੇਵਰ ਬਦਲ ਗਏ।
‘ਫਰੈਂਡ ਨੇ ਕਿਹਾ ਸੀ, ਟੈਕਸੀ ਲੈ ਕੇ ਆ ਜਾਈਂ।’ ਲੜਕੀ ਮਾਫ਼ੀ ਮੰਗਣ ਦੇ ਲਹਿਜੇ ਵਿਚ ਬੋਲੀ।
ਮੈਂ ਹੁਣ ਤਸੱਲੀ ਨਾਲ ਉਸ ਵੱਲ ਵੇਖਿਆ। ਭਰਿਆ ਸਰੀਰ, ਕਣਕਵੰਨਾ ਰੰਗ, ਖਿੱਚਵਾਂ ਮੇਕਅੱਪ ਸ਼ਾਇਦ ਉਹ ਆਪਣੇ ਦੋਸਤ ਲਈ ਪੂਰੀ ਤਰ੍ਹਾਂ ਸਜ-ਧਜ ਕੇ ਆਈ ਸੀ। ਮੈਨੂੰ ਇਸ ਤਰ੍ਹਾਂ ਤਾੜਦਿਆਂ ਵੇਖ ਕੇ ਉਹ ਬੋਲੀ, ‘ਕੀ ਕਰਨਾ ਹੋਏਗਾ ਸ਼ੋਰਦਾਰ ਜੀ?’
‘ਅਰੇ ਕਰਨਾ ਕੀ ਹੋਏਗਾ, ਮੀਟਰ ਭਾੜਾ ਦੇਣਾ ਪਏਗਾ, ਮੈਡਮ। ਮੀਟਰ ਵਿਚ ਸੱਠ ਰੁਪਏ ਹੋ ਗਏ ਨੇ। ਅਸੀਂ ਵੀ ਖ਼ਰਚੇ ਪੂਰੇ ਕਰਨੇ ਐਂ।’ ਮੈਂ ਕੁਝ ਰੁੱਖਾ ਹੁੰਦਿਆਂ ਕਿਹਾ।
ਲੜਕੀ ਸੋਚੀਂ ਪੈ ਗਈ। ਫਿਰ ਘੜੀ ਵੇਖੀ, ਉਂਗਲਾਂ ਮਰੋੜਦੀ ਬੋਲੀ… ‘ਚਲੋ ਨਿਊ ਮਾਰਕੀਟ ਚਲੋ, ਉੱਥੇ ਮੇਰਾ ਅੰਕਲ ਹੈ, ਉਸ ਕੋਲੋਂ ਪੈਸੇ ਫੜ ਲੈਂਦੀ ਹਾਂ।’
‘ਮੈਡਮ ਜੇ ਉੱਥੇ ਅੰਕਲ ਨਾ ਮਿਲਿਆ ਫਿਰ?’ ਮੈਂ ਸੁਭਾਵਿਕ ਹੀ ਪੁੱਛ ਲਿਆ।
‘ਓ ਬਾਬਾ ਕੀ ਮੁਸ਼ਕਲ।’ ਉਹ ਛਟਪਟਾਈ। ਉਹ ਜਿਸ ਤਰ੍ਹਾਂ ਪ੍ਰਗਟਾਵਾ ਕਰ ਰਹੀ ਸੀ, ਸੱਚਮੁੱਚ ਪ੍ਰੇਸ਼ਾਨ ਲੱਗਦੀ ਸੀ।
ਸੂਰਜ ਹੁਗਲੀ ਨਦੀ ਵਿਚ ਡੁੱਬ ਰਿਹਾ ਸੀ। ਹਨੇਰਾ ਹੋਣ ਲੱਗਾ। ਅਣਮੰਨੇ ਜਿਹੇ ਮਨ ਨਾਲ ਮੈਂ ਟੈਕਸੀ ‘ਨਿਊ ਮਾਰਕੀਟ’ ਵੱਲ ਸਿੱਧੀ ਕਰ ਲਈ।
ਪਾਰਕ ਸਟਰੀਟ ਦੀਆਂ ਬੱਤੀਆਂ ’ਤੇ ਇਕ ਜਾਣੂ ਟੈਕਸੀ ਡਰਾਈਵਰ ਨੇ ਮੇਰੇ ਬਰਾਬਰ ਗੱਡੀ ਲਿਆ ਰੋਕੀ। ਪਿੱਛੇ ਬੈਠੀ ਸਵਾਰੀ ਵੇਖ ਕੇ ਬੋਲਿਆ, ‘ਮੌਜਾਂ ਲੁੱਟਦੈ ਪਿੰਡਾਂ ਆਲਿਆ।’’
‘ਕਾਹਦੀਆਂ ਮੌਜਾਂ ਯਾਰ।’ ਮੈਂ ਢਿੱਲਾ ਜਿਹਾ ਬੋਲਿਆ।
ਹਰੀ ਬੱਤੀ ਹੋ ਗਈ ਤੇ ਉਹ ‘ਆਥਣੇ ਜੱਗੂ ਬਾਜ਼ਾਰ ਵਾਲੇ ਠੇਕੇ ’ਤੇ ਮਿਲਦੇ ਐਂ? ਕਹਿ ਕੇ ਚਲਿਆ ਗਿਆ।
ਮੈਂ ਟੈਕਸੀ ਨਿਊਂ ਮਾਰਕੀਟ ਦੇ ਬਾਹਰ ਲਿਆ ਖੜ੍ਹੀ ਕੀਤੀ। ਇਹ ਸਾਰਾ ਖੇਤਰ ‘ਨੋ ਪਾਰਕਿੰਗ’ ਦਾ ਹੈ। ‘ਫਿਰ ਵੀ ਮੈਂ ਰਿਸਕ ਲੈ ਲਿਆ। ਲੜਕੀ ਫੁਰਤੀ ਨਾਲ ਗੱਡੀ ਵਿਚੋਂ ਉਤਰੀ ਤੇ ‘ਤਾੜਾ ਤਾੜੀ ਆਬੋ’ (ਜਲਦੀ ਆਊਂਗੀ) ਕਹਿ ਕੇ ਨਿਊ ਮਾਰਕੀਟ ਦੀਆਂ ਭੁੱਲ-ਭਲੱਈਆਂ ਵਿਚ ਵੜ ਗਈ। ਮੈਨੂੰ ਉਸ ’ਤੇ ਤਰਸ ਆਇਆ।
ਜਦੋਂ ਕਾਫ਼ੀ ਦੇਰ ਉਹ ਨਾ ਆਈ ਤਾਂ ਮੈਂ ਲੱਭਣ ਚਲਿਆ ਗਿਆ। ਉਹ ਨਹੀਂ ਮਿਲੀ। ਮੈਂ ਪ੍ਰੇਸ਼ਾਨ ਤੇ ਦੁਖੀ ਹੋਇਆ ਨਿਊ ਮਾਰਕੀਟ ਵਿਚੋਂ ਬਾਹਰ ਆਇਆ ਤਾਂ ਟਰੈਫਿਕ ਪੁਲੀਸ ਵਾਲੇ ਗੱਡੀ ਨੂੰ ਟੋਚਨ ਕਰੀ ਖੜ੍ਹੇ ਵੇਖ ਕੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ।

ਸੰਪਰਕ: 98147-83069


Comments Off on ਇਉਂ ਉੱਡਦੇ ਐ ਹੱਥਾਂ ਦੇ ਤੋਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.