ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਆਲੋਚਨਾ ਤੋਂ ਸ਼ੋਹਰਤ ਤੱਕ ਅੰਮ੍ਰਿਤਾ ਪ੍ਰੀਤਮ

Posted On September - 1 - 2019

ਡਾ. ਮਨੀਸ਼ਾ ਬੱਤਰਾ

‘ਪੰਜਾਬੀ ਟ੍ਰਿਬਿਊਨ’ ਨੇ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਮੌਕੇ 31 ਅਗਸਤ 2019 ਨੂੰ ਵਿਸ਼ੇਸ਼ ਅੰਕ ਕੱਢਿਆ।

ਅੰਮ੍ਰਿਤਾ ਪ੍ਰੀਤਮ ਅਜਿਹੀ ਸ਼ਖ਼ਸੀਅਤ ਸੀ ਜੋ ਕਿਸੇ ਵਿਹਾਰਕ ਜਾਣ-ਪਛਾਣ ਦੀ ਮੁਥਾਜ ਨਹੀਂ ਤੇ ਨਾ ਹੀ ਉਸ ਦੀ ਹੋਂਦ ਨੂੰ ਸ਼ਬਦਾਂ ਦੇ ਦਾਇਰਿਆਂ ਵਿਚ ਬੰਨ੍ਹਿਆ ਜਾ ਸਕਦਾ ਹੈ। ਸਾਹਿਤ ਪ੍ਰੇਮੀਆਂ ਤੋਂ ਲੈ ਕੇ ਜਨ-ਸਾਧਾਰਨ ਵਿਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਗਿਆਨੀ ਕਰਤਾਰ ਸਿੰਘ ਹਿੱਤਕਾਰੀ ਅਤੇ ਮਾਤਾ ਰਾਜ ਦੇ ਘਰ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿਚ ਹੋਇਆ। ਅੰਮ੍ਰਿਤਾ ਨੇ ਪੰਜਾਬੀ ਸਾਹਿਤ ਦੀ ਹਰ ਵੰਨਗੀ- ਨਾਵਲ, ਕਹਾਣੀ ਜਾਂ ਵਾਰਤਕ- ਦਾ ਸਾਹਿਤ ਸਿਰਜਿਆ।
ਬਹੁਤ ਛੋਟੀ ਉਮਰ ਤੋਂ ਸਾਹਿਤ ਚੇਤਨਾ ਵੱਲ ਕਦਮ ਰੱਖਣ ਵਾਲੀ ਅੰਮ੍ਰਿਤਾ ਨੇ ਕਾਫ਼ੀਆ, ਰਦੀਫ਼ ਬਾਰੇ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਉਸ ਦੇ ਪਿਤਾ ਖ਼ੁਦ ਚੰਗੇ ਛੰਦ ਸ਼ਾਸਤਰੀ ਸਨ। ਪਿਤਾ ਦੇ ਰੁਝੇਵਿਆਂ ਨੇ ਅੰਮ੍ਰਿਤਾ ਅੰਦਰ ਇਕੱਲਤਾ ਭਰ ਦਿੱਤੀ। ਇਸੇ ਇੱਕਲੇਪਣ ਅਤੇ ਖ਼ਾਲੀਪਣ ਨਾਲ ਉਸ ਨੇ ਆਪਣੇ ਹੱਥਾਂ ਵਿਚ ਕਲਮ ਫੜੀ। ਚਾਰ ਸਾਲ ਦੀ ਅੰਮ੍ਰਿਤਾ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ ਗਈ। ਜਦੋਂ ਉਹ ਗਿਆਰਾਂ ਸਾਲਾਂ ਦੀ ਹੋਈ ਤਾਂ ਮਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਅੰਮ੍ਰਿਤਾ ਨੇ 1932 ਵਿਚ ਵਿਦਵਾਨੀ ਅਤੇ 1933 ਵਿਚ ਗਿਆਨੀ ਦੀ ਪ੍ਰੀਖਿਆ ਲਾਹੌਰ ਤੋਂ ਪਾਸ ਕੀਤੀ। ਪਿਤਾ ਨੇ ਆਪਣੀ ਪਤਨੀ ਦੇ ਬੋਲ ਪੁਗਾਉਣ ਖ਼ਾਤਰ 1936 ’ਚ ਅੰਮ੍ਰਿਤਾ ਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਈ।
ਅੰਮ੍ਰਿਤਾ ਨੇ ਪਹਿਲੀ ਕਵਿਤਾ ਸਾਲ 1935 ਵਿਚ ਲਿਖੀ। ਸ਼ੁਰੂ ਵਿਚ ਉਸ ਨੇ ਪਿਤਾ ਦੇ ਪ੍ਰਭਾਵ ਅਧੀਨ ਧਾਰਮਿਕ, ਰਵਾਇਤੀ ਤੇ ਛੰਦਬੱਧ ਕਵਿਤਾ ਲਿਖਣੀ ਸ਼ੁਰੂ ਕੀਤੀ। ਇਨ੍ਹਾਂ ਵਿਚੋਂ ਕਈ ਧਾਰਮਿਕ ਕਵਿਤਾਵਾਂ ‘ਠੰਢੀਆਂ ਕਿਰਣਾਂ’ ਟ੍ਰੈਕਟ ਰੂਪ ਵਿਚ ਛਪੀਆਂ। ਇਸ ਤੋਂ ਬਾਅਦ 1936 ਵਿਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਅੰਮ੍ਰਿਤ ਲਹਿਰਾਂ’ ਪ੍ਰਕਾਸ਼ਿਤ ਹੋਇਆ ਜਿਸ ਵਿਚ ਧਾਰਮਿਕ ਤੇ ਸਮਾਜਿਕ ਕਿਸਮ ਦੀਆਂ ਰਵਾਇਤੀ ਕਵਿਤਾਵਾਂ ਸਨ। 1938 ਵਿਚ ਅੰਮ੍ਰਿਤਾ ਨੇ ਇਕ ਰਸਾਲਾ ‘ਨਵੀਂ ਦੁਨੀਆ’ ਨਾਂ ਹੇਠ ਕੱਢਿਆ ਜੋ ਛੇਤੀ ਹੀ ਬੰਦ ਹੋ ਗਿਆ।
ਅੰਮ੍ਰਿਤਾ ਨੇ 1947 ਤੱਕ ਲਾਹੌਰ ਰੇਡੀਓ ਲਈ ਗੀਤ ਸੰਗੀਤ ਦਾ ਛੋਟਾ-ਮੋਟਾ ਕਾਰਜ ਕਰਨਾ ਸ਼ੁਰੂ ਕੀਤਾ। ਉਸ ਵੇਲੇ ਸਾਡੇ ਸਮਾਜ ਵਿਚ ਸ਼ਰੀਫ਼ ਕੁੜੀਆਂ ਦੇ ਟੀ.ਵੀ, ਰੇਡੀਓ ਕੰਮ ਕਰਨ ਨੂੰ ਵਰਜਿਤ ਸਮਝਿਆ ਜਾਂਦਾ ਸੀ। ਜਿਸ ਕਰਕੇ ਅੰਮ੍ਰਿਤਾ ਦੀ ਆਲੋਚਨਾ ਉਸ ਦੇ ਲਾਹੌਰ ਰੇਡੀਓ ਸਟੇਸ਼ਨ ’ਤੇ ਕੰਮ ਕਰਨ ਤੋਂ ਹੀ ਸ਼ੁਰੂ ਹੋ ਗਈ। ਸੰਨ ਸੰਤਾਲੀ ਵਿਚ ਹਿੰਦੋਸਤਾਨ ਦੀ ਤਕਸੀਮ ਦਾ ਪੂਰੇ ਮੁਲਕ ਦੇ ਨਾਲ ਅੰਮ੍ਰਿਤਾ ਦੇ ਕੋਮਲ ਹਿਰਦੇ ਉੱਪਰ ਵੀ ਡੂੰਘਾ ਅਸਰ ਪਿਆ। ਉਸ ਸਮੇਂ ਵੰਡ ਨਾਲ ਪ੍ਰਭਾਵਿਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਉਸ ਨੇ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਕਵਿਤਾ ਲਿਖੀ। ਪਰ ਜਦੋਂ ਉਸ ਨੇ ਵਾਰਿਸ ਸ਼ਾਹ ਨੂੰ ਮੁਖ਼ਾਤਬ ਹੁੰਦਿਆਂ ਪੰਜਾਬ ਦਾ ਦਰਦ ਬਿਆਨ ਕੀਤਾ ਤਾਂ ਉਸ ਦੀ ਮੁਖ਼ਾਲਫ਼ਤ ਹੋਰ ਵਧ ਗਈ। ਹਰ ਧਰਮ ਦੇ ਲੋਕਾਂ ਨੂੰ ਲੱਗਿਆ ਕਿ ਇਹ ਕਵਿਤਾ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ ਸਮਰਪਿਤ ਹੋਣੀ ਚਾਹੀਦੀ ਸੀ। ਬਹੁਤ ਸਾਰੇ ਅਖ਼ਬਾਰਾਂ ਅਤੇ ਰਸਾਲਿਆਂ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਉਸ ਵੇਲੇ ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇਹ ਕਵਿਤਾ ਜਨ-ਸਾਧਾਰਨ ਦੇ ਨਾਲ ਨਾਲ ਪੰਜਾਬ ਦੀ ਆਵਾਜ਼ ਬਣ ਕੇ ਨਵਾਂ ਇਤਿਹਾਸ ਰਚੇਗੀ। ਇਹ ਕਵਿਤਾ ਅੱਜ ਵੀ ਵਾਰਿਸ ਸ਼ਾਹ ਦੀ ਮਜ਼ਾਰ ’ਤੇ ਗਾਈ ਜਾਂਦੀ ਹੈ।
ਦੇਸ਼ ਵੰਡ ਤੋਂ ਬਾਅਦ ਅੰਮ੍ਰਿਤਾ ਪਹਿਲਾਂ ਦੇਹਰਾਦੂਨ ਤੇ ਫਿਰ ਦਿੱਲੀ ਆ ਵਸੀ। ਸਾਲ 1948 ਵਿਚ ਦਿੱਲੀ ਰਹਿ ਕੇ ਉਸ ਨੇ ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿਚ ਬਤੌਰ ਅਨਾਊਂਸਰ ਤੇ ਸਕ੍ਰਿਪਟ ਰਾਈਟਰ ਲਗਾਤਾਰ 12 ਸਾਲ ਕੰਮ ਕੀਤਾ। ਉਸ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਦਿੱਲੀ ਰਹਿੰਦਿਆਂ ਪੰਜਾਬੀ ਸਾਹਿਤ ਲੇਖਣ ਦਾ ਕਾਰਜ ਨਿਰੰਤਰ ਜਾਰੀ ਰੱਖਿਆ ਅਤੇ ਇਸ ਨੂੰ ਗਿਣਾਤਮਕ ਤੇ ਗੁਣਾਤਮਿਕ ਪੱਖੋਂ ਅਮੀਰ ਬਣਾਇਆ।

ਡਾ. ਮਨੀਸ਼ਾ ਬੱਤਰਾ

ਅੰਮ੍ਰਿਤਾ ਪ੍ਰੀਤਮ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਬਹੁਤ ਲੰਬੀ ਹੈ। ਕਵਿੱਤਰੀ ਤੋਂ ਇਲਾਵਾ ਅੰਮ੍ਰਿਤਾ ਕੁਸ਼ਲ ਕਹਾਣੀਕਾਰ, ਨਾਵਲਕਾਰ ਅਤੇ ਵਾਰਤਕਕਾਰ ਸੀ। ਛੇ ਦਹਾਕਿਆਂ ਦੌਰਾਨ ਉਸ ਨੇ ਵਿਭਿੰਨ ਵਿਧਾਵਾਂ ਵਿਚ ਲਗਭਗ 100 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਆਧੁਨਿਕ ਪੰਜਾਬੀ ਸਾਹਿਤ ਦੇ ਖੇਤਰ ਵਿਚ ਉਸ ਨੂੰ ਪੰਜਾਬੀ ਦੀ ਪਹਿਲੀ ਸਾਹਿਤਕਾਰ ਕਹਿਣਾ ਅਤਿਕਥਨੀ ਨਹੀਂ ਹੋਵੇਗਾ। ਇਸ ਦੇ ਨਾਲ ਕਈ ਵਰ੍ਹੇ ਉਸ ਨੇ ‘ਨਾਗਮਣੀ’ ਨਾਂ ਦੇ ਮਾਸਿਕ ਰਸਾਲੇ ਦਾ ਸੰਪਾਦਨ ਵੀ ਕੀਤਾ। ‘ਨਾਗਮਣੀ’ ਰਾਹੀਂ ਉਸ ਨੇ ਕਈ ਨਵੇਂ ਸਾਹਿਤਕਾਰਾਂ ਨੂੰ ਸਾਹਿਤ ਸਿਰਜਣਾ ਦੇ ਰਾਹ ਪਾਇਆ। ਇਸੇ ਲਈ ਕਈ ਸਾਹਿਤਕਾਰ ਇਹ ਕਬੂਲਦੇ ਹਨ ਕਿ ਅੱਜ ਉਹ ਜੋ ਕੁਝ ਵੀ ਹਨ, ਅੰਮ੍ਰਿਤਾ ਦੀ ਸੁਯੋਗ ਅਗਵਾਈ ਕਰਕੇ ਹਨ।
ਉਸ ਦੀਆਂ ਕਈ ਪੁਸਤਕਾਂ ਦਾ 36 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਅੰਮ੍ਰਿਤਾ ਆਪ ਵੀ ਚੰਗੀ ਅਨੁਵਾਦਕ ਸੀ। ਉਂਜ, ਅੰਮ੍ਰਿਤਾ ਨੇ ਭਾਸ਼ਾ ਤੋਂ ਜ਼ਿਆਦਾ ਵਿਅਕਤੀ ਦੇ ਮਨ ਤਕ ਪਹੁੰਚ ਕਰਨ ਦੀ ਕੋਸ਼ਿਸ ਕੀਤੀ ਹੈ। ਉਸ ਦੀਆਂ ਰਚਨਾਵਾਂ ਨੇ ਲੋਕਾਂ ਦਾ ਮਨ ਹੀ ਨਹੀਂ ਬਦਲਿਆ ਸਗੋਂ ਸਮਾਜ ਵਿਚ ਬਦਲਾਅ ਲਿਆਉਣ ਦੀ ਪ੍ਰੇਰਣਾ ਦਿੱਤੀ। ਉਸ ਨੇ ਆਪਣੇ ਵੇਲੇ ਦੀਆਂ ਦਬੀਆਂ-ਕੁਚਲੀਆਂ ਔਰਤਾਂ ਦੀ ਦਾਸਤਾਨ ਨੂੰ ਸ਼ਬਦ ਦਿੱਤੇ। ਅੰਮ੍ਰਿਤਾ ਨੂੰ ਹਮੇਸ਼ਾਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅਜਿਹੀ ਆਲੋਚਨਾ ਬਰਦਾਸ਼ਤ ਕਰਨ ਵਾਲੀ ਅੰਮ੍ਰਿਤਾ ਵਿਸ਼ਵ ਪ੍ਰਸਿੱੱਧ ਲੇਖਿਕਾ ਬਣ ਜਾਵੇਗੀ। ਇਸ ਬਾਰੇ ਅੰਮ੍ਰਿਤਾ ਲਿਖਦੀ ਹੈ:
ਹਮਨੇ ਆਜ ਯੇ ਦੁਨੀਆ ਬੇਚੀ,
ਔਰ ਦੀਨ ਖ਼ਰੀਦ ਕੇ ਲਾਏ
ਬਾਤ ਕੁਫ਼ਰ ਕੀ ਹੈ ਹਮਨੇ…!!
ਇਸ ਤੋਂ ਇਲਾਵਾ ਅੰਮ੍ਰਿਤਾ ਦੀ ਕਹਾਣੀ ‘ਇਕ ਸ਼ਹਿਰ ਦੀ ਮੌਤ’ ਅਤੇ ਕਵਿਤਾ ‘ਨੌ ਸਪਨੇ’ (ਜਿਸ ’ਚ ਗੁਰੂ ਨਾਨਕ ਦੇਵ ਜੀ ਦੇ ਜਨਮ ’ਤੇ ਉਨ੍ਹਾਂ ਦੀ ਮਾਂ ਤ੍ਰਿਪਤਾ ਦੇ ਅਨੁਭਵਾਂ ਨੂੰ ਪੇਸ਼ ਕੀਤਾ ਗਿਆ ਸੀ) ਖ਼ਿਲਾਫ਼ ਫੌਜਦਾਰੀ ਮੁਕੱਦਮਾ ਕੀਤਾ ਗਿਆ। ਇਸ ਸਮੇਂ ਅੰਮ੍ਰਿਤਾ ਇਕੱਲੀ ਨਹੀਂ ਸੀ, ਉਸ ਨਾਲ ਚਿੱਤਰਕਾਰ ਇਮਰੋਜ਼ ਸੀ। ਦੋਵਾਂ ਨੇ ਲਗਭਗ 45 ਸਾਲ ਇਕੱਠੇ ਬਿਤਾਏ।
ਅੰਮ੍ਰਿਤਾ ਪ੍ਰੀਤਮ ਨੂੰ 1956 ਵਿਚ ਕਾਵਿ-ਸੰਗ੍ਰਹਿ ‘ਸੁਨੇਹੜੇ’ ਲਈ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਤਾਂ ਉਸ ਪ੍ਰਤੀ ਮੁਖ਼ਾਲਫ਼ਤ ਸ਼ੋਹਰਤ ਵਿਚ ਬਦਲ ਗਈ। ਇਸ ਦੇ ਨਾਲ ਹੀ ਉਸ ਨੂੰ ਭਾਰਤ ਦੀਆਂ ਪੰਜ ਯੂਨੀਵਰਸਿਟੀਆਂ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਵੀ ਪ੍ਰਾਪਤ ਹੋਈ। 1958 ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਅਤੇ 1969 ’ਚ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਪ੍ਰਾਪਤ ਹੋਇਆ। ਸਾਲ 1974 ਵਿਚ ਸਾਹਿਤ ਕਲਾ ਪ੍ਰੀਸ਼ਦ, ਦਿੱਲੀ ਵੱਲੋਂ ਸਨਮਾਨਿਤ ਕੀਤਾ ਗਿਆ। 1982 ਵਿਚ ‘ਕਾਗਜ਼ ਤੇ ਕੈਨਵਸ’ ਕਾਵਿ-ਸੰਗ੍ਰਹਿ ਲਈ ਗਿਆਨਪੀਠ ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ 1986 ਵਿਚ ਉਸ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।
ਅੰਮ੍ਰਿਤਾ ਦੀ ਆਵਾਜ਼ ਇਨਸਾਨੀਅਤ ਦੀ ਆਵਾਜ਼ ਬਣਦੀ ਗਈ। ਉਸ ਨੇ ਇਸਤਰੀ ਪੁਰਸ਼ ਦੇ ਰਿਸ਼ਤੇ ਵਿਚਲੀ ਕੋਮਲਤਾ ਨੂੰ ਗਹਿਰਾਈ ਨਾਲ ਸਮਝ ਕੇ ਉਸ ’ਤੇ ਆਪਣੀ ਕਲਮ ਚਲਾਈ। ਇਹ ਰਚਨਾਵਾਂ ਪੜ੍ਹ ਕੇ ਪਾਠਕਾਂ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਇਹ ਉਨ੍ਹਾਂ ਦਾ ਆਪਣਾ ਸੱਚ ਹੈ। ਪ੍ਰਗਤੀਵਾਦੀ ਲਹਿਰ ਨਾਲ ਜੁੜ ਕੇ ਉਸ ਨੇ ਨਿੱਜੀ ਦਰਦ ਤੋਂ ਪਾਰ ਜਾ ਕੇ ਸਮੂਹਿਕ ਦੁੱਖ-ਦਰਦ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਅੰਮ੍ਰਿਤਾ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਕਾਲੀ ਸਮਾਜ ਉੱਪਰ ਕਈ ਟਿੱਪਣੀਆਂ ਕੀਤੀਆਂ। ਉਸ ਨੇ ਆਪਣੀਆਂ ਰਚਨਾਵਾਂ ਵਿਚ ਫ਼ਿਰਕੂ ਫਸਾਦਾਂ ਤੇ ਸਰਮਾਏਦਾਰੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਹ ਨਿੱਜ ਤੋਂ ਉੱਭਰ ਕੇ ਪੂਰੇ ਸਮਾਜ ਲਈ ਸੁਨੇਹਾ ਦਿੰਦੀ ਹੈ।


Comments Off on ਆਲੋਚਨਾ ਤੋਂ ਸ਼ੋਹਰਤ ਤੱਕ ਅੰਮ੍ਰਿਤਾ ਪ੍ਰੀਤਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.