ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਆਰਕਬਿਸ਼ਪ ਵੱਲੋਂ ਮੁਆਫ਼ੀ

Posted On September - 12 - 2019

ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਪੋਰਟਲ ਵੈਲਬੀ ਨੇ ਜੱਲ੍ਹਿਆਂਵਾਲਾ ਬਾਗ ਵਿਚ ਸ਼ਰਧਾਂਜਲੀ ਭੇਟ ਕਰਕੇ 100 ਸਾਲ ਪਹਿਲਾਂ ਇੱਥੇ ਵਾਪਰੇ ਖੂਨੀ ਸਾਕੇ ਨੂੰ ਪਾਪ ਕਰਾਰ ਦਿੰਦਿਆਂ ਇਸ ਵਾਸਤੇ ਦੁੱਖ ਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕੀਤਾ ਹੈ। ਜਸਟਿਨ ਵੈਲਬੀ ਨੇ ਕਿਹਾ ਕਿ ਇੱਥੇ ਮਾਰੇ ਗਏ, ਜ਼ਖ਼ਮੀ ਹੋਏ ਅਤੇ ਪੀੜਤਾਂ ਦੇ ਪਰਿਵਾਰਾਂ ਦੀਆਂ ਰੂਹਾਂ ਇਨ੍ਹਾਂ ਪੱਥਰਾਂ ’ਚੋਂ ਸਾਨੂੰ ਪੁਕਾਰਦੀਆਂ ਹਨ ਅਤੇ ਸੱਤਾ ਤੇ ਤਾਕਤ ਦੀ ਵਰਤੋਂ ਅਤੇ ਦੁਰਵਰਤੋਂ ਬਾਰੇ ਚਿਤਾਵਨੀ ਦਿੰਦੀਆਂ ਹਨ। ਜਸਟਿਨ ਵੈਲਬੀ ਨੇ ਦੰਡਵਤ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸਾਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ। ਆਰਕਬਿਸ਼ਪ ਅਨੁਸਾਰ, ਉਹ ਬਰਤਾਨਵੀ ਸਰਕਾਰ ਦੀ ਤਰਫ਼ੋਂ ਕੁਝ ਨਹੀਂ ਕਹਿ ਸਕਦੇ ਪਰ ਈਸਾ ਮਸੀਹ ਦੇ ਨਾਂ ’ਤੇ ਇਸ ਅਪਰਾਧਕ ਕਾਰੇ ਬਾਰੇ ਬਹੁਤ ਸ਼ਰਮਿੰਦਾ ਹਨ ਅਤੇ ਮੁਆਫ਼ੀ ਮੰਗਦੇ ਹਨ। ਇਸ ਤੋਂ ਪਹਿਲਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਥੈਰੇਸਾ ਮੇਅ ਦੋਵਾਂ ਨੇ ਜੱਲ੍ਹਿਆਂਵਾਲਾ ਬਾਗ ਦੇ ਕਾਂਡ ਨੂੰ ਸ਼ਰਮਨਾਕ ਕਾਰਾ ਕਰਾਰ ਦਿੱਤਾ ਸੀ ਪਰ ਇਸ ਬਾਰੇ ਮੁਆਫ਼ੀ ਨਹੀਂ ਸੀ ਮੰਗੀ। ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬਥ ਵੀ 1997 ਵਿਚ ਇੱਥੇ ਆਈ ਸੀ ਅਤੇ ਉਸ ਨੇ ਇਸ ਕਾਂਡ ਨੂੰ ਭਾਰਤ ਵਿਚ ਇੰਗਲੈਂਡ ਦੇ ਇਤਿਹਾਸ ਦੀ ਦਰਦਨਾਕ ਘਟਨਾ ਦੱਸਿਆ ਸੀ।
ਐਂਗਲੀਕਨ ਭਾਈਚਾਰਾ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਇਸਾਈ ਭਾਈਚਾਰਾ ਹੈ ਅਤੇ ਇਹ ‘ਚਰਚ ਆਫ਼ ਇੰਗਲੈਂਡ’ ਅਤੇ ਕਈ ਹੋਰ ਰਾਸ਼ਟਰੀ ਤੇ ਸਥਾਨਕ ਚਰਚਾਂ ਨਾਲ ਸਹਿਚਾਰ ਵਿਚ ਵਿਚਰਦਾ ਹੈ। ਕੈਂਟਰਬਰੀ ਦੇ ਆਰਕਬਿਸ਼ਪ ਨੂੰ ਇਸ ਭਾਈਚਾਰੇ ਵਿਚ ਮੁੱਖ ਸਥਾਨ ਪ੍ਰਾਪਤ ਹੈ। ਇਹ ਭਾਈਚਾਰਾ ਦੋਵੇਂ ਪ੍ਰਮੁੱਖ ਇਸਾਈ ਭਾਈਚਾਰਿਆਂ ਰੋਮਨ ਕੈਥੋਲਿਕ ਅਤੇ ਪ੍ਰੋਟੈਸਟੈਂਟ ਚਰਚ ਦੀਆਂ ਪ੍ਰੰਪਰਾਵਾਂ ਨਾਲ ਰਿਸ਼ਤਾ ਗੰਢਦਾ ਹੈ। ਜੱਲ੍ਹਿਆਂਵਾਲਾ ਬਾਗ ਵਿਚ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਾ ਜਨਰਲ ਡਾਇਰ ਇਸੇ ਭਾਈਚਾਰੇ ਨਾਲ ਸਬੰਧਤ ਸੀ। ਇਸ ਤੋਂ ਪਹਿਲਾਂ ਵੀ ਇਸ ਭਾਈਚਾਰੇ ਦੇ ਕਈ ਧਾਰਮਿਕ ਵਿਅਕਤੀ ਜੱਲ੍ਹਿਆਂਵਾਲਾ ਬਾਗ ਦੇ ਕਾਂਡ ਬਾਰੇ ਪਛਤਾਵਾ ਕਰ ਚੁੱਕੇ ਹਨ ਜਿਨ੍ਹਾਂ ਵਿਚ ਮੁੱਖ ਪਾਦਰੀ ਸੀਐੱਫ਼ ਐਂਡਰਿਊ ਸੀ ਜੋ ਉਨ੍ਹਾਂ ਵਰ੍ਹਿਆਂ ਦੌਰਾਨ ਭਾਰਤ ਵਿਚ ਮੌਜੂਦ ਸੀ ਅਤੇ ਮਹਾਤਮਾ ਗਾਂਧੀ ਦਾ ਸਾਥੀ ਵੀ ਰਿਹਾ। ਐਂਗਲੀਕਰਨ ਭਾਈਚਾਰੇ ਦੇ ਮੁਖੀ ਵੱਲੋਂ ਮੰਗੀ ਗਈ ਮੁਆਫ਼ੀ ਭਾਈਚਾਰੇ ਵਿਚ ਇਸ ਕਾਂਡ ਬਾਰੇ ਮਹਿਸੂਸ ਕੀਤੀ ਗਈ ਸਮੂਹਿਕ ਸ਼ਰਮਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਹੋਰ ਧਾਰਮਿਕ ਮੁਖੀਆਂ ਨੂੰ ਦੱਸਦੀ ਹੈ ਕਿ ਸਾਨੂੰ ਆਪਣੀਆਂ ਗ਼ਲਤੀਆਂ, ਜਿਨ੍ਹਾਂ ਨੂੰ ਕਈ ਵਾਰ ਕੌਮ, ਧਰਮ ਅਤੇ ਰਾਸ਼ਟਰ ਦੇ ਨਾਂ ’ਤੇ ਸਹੀ ਠਹਿਰਾਇਆ ਜਾਂਦਾ ਹੈ, ਪ੍ਰਤੀ ਪਛਤਾਵਾ ਹੋਣਾ ਚਾਹੀਦਾ ਹੈ।
ਪੰਜਾਬੀ ਬਰਤਾਨਵੀ ਸਰਕਾਰ ਤੋਂ ਇਹ ਮੰਗ ਕਰਦੇ ਰਹੇ ਹਨ ਕਿ ਉਹ ਜੱਲ੍ਹਿਆਂਵਾਲਾ ਬਾਗ ਕਾਂਡ ਬਾਰੇ ਮੁਆਫ਼ੀ ਮੰਗੇ। ਮੁਆਫ਼ੀ ਮੰਗਣ ਦੀ ਸਿਆਸਤ ਬਾਰੇ ਇਤਿਹਾਸਕਾਰਾਂ ਦੇ ਵਿਚਾਰ ਵੱਖਰੇ ਵੱਖਰੇ ਹਨ। ਕੁਝ ਇਤਿਹਾਸਕਾਰ ਇਤਿਹਾਸ ਵਿਚ ਵਾਪਰੇ ਵੱਖ ਵੱਖ ਦੁਖਾਂਤਕ ਕਾਂਡਾਂ ਬਾਰੇ ਸਬੰਧਤ ਧਿਰਾਂ ਵੱਲੋਂ ਮੁਆਫ਼ੀ ਮੰਗਣ ਦੇ ਹੱਕ ਵਿਚ ਹਨ। ਕਈ ਹੋਰ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਮੰਗ ਸਤਹੀ ਕਿਸਮ ਦੀ ਸਿਆਸਤ ਹੈ ਕਿਉਂਕਿ ਵੱਖ ਵੱਖ ਭਾਈਚਾਰਿਆਂ ਨੇ ਇਤਿਹਾਸ ਦੇ ਵੱਖ ਵੱਖ ਮੋੜਾਂ ’ਤੇ ਹੋਰਨਾਂ ਭਾਈਚਾਰਿਆਂ ਨਾਲ ਮਾੜਾ ਵਰਤਾਓ ਕੀਤਾ; ਯੁੱਧਾਂ ਵਿਚ ਜਿੱਤਾਂ ਤੇ ਹਾਰਾਂ ਹੋਈਆਂ ਅਤੇ ਜੇਤੂਆਂ ਨੇ ਹਾਰੇ ਹੋਏ ਲੋਕਾਂ ਨੂੰ ਦੱਬਿਆ, ਕੁਚਲਿਆ ਅਤੇ ਆਪਣੇ ਜਬਰ ਦਾ ਸ਼ਿਕਾਰ ਬਣਾਇਆ। ਇਸ ਤਰ੍ਹਾਂ ਦੇ ਇਤਿਹਾਸ ਕਈ ਹਜ਼ਾਰ ਵਰ੍ਹੇ ਪੁਰਾਣੇ ਹਨ ਅਤੇ ਕਿਸੇ ਵਿਅਕਤੀ ਜਾਂ ਹੁਕਮਰਾਨ ਵੱਲੋਂ ਮੁਆਫ਼ੀ ਮੰਗਣ ਨਾਲ ਉਨ੍ਹਾਂ ਦੁੱਖਾਂ ਦੇ ਦਾਗ਼ ਮਿਟ ਨਹੀਂ ਸਕਦੇ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜਿੱਤਾਂ, ਹਾਰਾਂ ਅਤੇ ਜਬਰ ਕਰਨ ਤੇ ਦੁੱਖ ਝੱਲਣ ਦੇ ਬਾਬ ਹਰ ਭਾਈਚਾਰੇ ਦੇ ਹਿੱਸੇ ਆਏ ਹਨ। ਜੱਲ੍ਹਿਆਂਵਾਲਾ ਬਾਗ ਵਿਚ ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲ੍ਹਿਆ। ਇਸ ਕਾਂਡ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ। ਇਸ ਤੋਂ ਪਹਿਲਾਂ ਆਜ਼ਾਦੀ ਵਾਸਤੇ ਮੰਗ ਸ਼ਹਿਰਾਂ ਵਿਚ ਰਹਿੰਦੇ ਕੁਝ ਪੜ੍ਹੇ-ਲਿਖੇ ਲੋਕਾਂ ਤਕ ਸੀਮਤ ਸੀ ਪਰ ਇਸ ਕਾਂਡ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਵਿਚ ਅੰਗਰੇਜ਼ਾਂ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਉੱਠੀ। ਊਧਮ ਸਿੰਘ ਨੇ ਉਸ ਵੇਲ਼ੇ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮਾਰ ਕੇ ਇਸ ਕਾਂਡ ਦਾ ਬਦਲਾ ਲਿਆ। ਇਸ ਕਾਂਡ ਦਾ ਅਸਲੀ ਮਹੱਤਵ ਲੋਕ-ਸਮੂਹਾਂ ਨੂੰ ਆਜ਼ਾਦੀ ਦੇ ਸੰਘਰਸ਼ ਵਿਚ ਸਾਂਝ ਪਾਉਣ ਦੀ ਪ੍ਰੇਰਨਾ ਬਣਨ ਅਤੇ ਉਸ ਨੂੰ ਨਵੀਂ ਦਿਸ਼ਾ ਦੇਣ ਵਿਚ ਹੈ।


Comments Off on ਆਰਕਬਿਸ਼ਪ ਵੱਲੋਂ ਮੁਆਫ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.