ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਆਜ਼ਾਦੀ ਸੰਘਰਸ਼ ਦੇ ਅਣਗੌਲੇ ਸੂਰਬੀਰ ਫ਼ੌਜੀ

Posted On September - 4 - 2019

6 ਸਤੰਬਰ 1940 ਦੇ ਸ਼ਹੀਦਾਂ ਨੂੰ ਸਮਰਪਿਤ

ਕੰਵਲਬੀਰ ਸਿੰਘ ਪੰਨੂ
ਪਹਿਲਾ ਵਿਸ਼ਵ ਯੁੱਧ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਕਾਰਨ ਗ਼ਦਰ ਦੀ ਤਿਆਰੀ ਲਈ ਘੱਟ ਸਮਾਂ ਮਿਲਿਆ। ਇਸ ਕਰਕੇ ਗ਼ਦਰੀ ਦੇਸ਼ ਭਗਤਾਂ ਨੂੰ 1915 ਵਿਚ ਭਾਵੇਂ ਪੂਰੀ ਕਾਮਯਾਬੀ ਨਾ ਮਿਲੀ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਲਹਿਰ ਸਮੇਂ ਦੇ ਨਾਲ ਰੰਗ ਲਿਆਈ। ਗ਼ਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਝੱਲੇ ਕਸ਼ਟਾਂ ਨੇ ਭਾਰਤੀ ਲੋਕਾਂ ਅੰਦਰ ਵਿਚ ਪੂਰਨ ਆਜ਼ਾਦੀ ਦੀ ਮੱਧਮ ਹੋ ਚੁੱਕੀ ਭਾਵਨਾ ਨੂੰ ਚਿੰਗਾਰੀ ਲਾ ਕੇ ਤੇਜ ਕਰ ਦਿੱਤਾ। ਨਤੀਜੇ ਵਜੋਂ ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸੰਗਠਨ ਕਾਇਮ ਕਰਕੇ ਕ੍ਰਾਂਤੀਕਾਰੀ ਗਤੀਵਿਧੀਆਂ ਜਾਰੀ ਰੱਖੀਆਂ। ਗ਼ਦਰੀਆਂ ਵਲੋਂ ਫੌਜੀ ਛਾਉਣੀਆਂ ਅੰਦਰ ਕੀਤੇ ਪ੍ਰਚਾਰ ਨੇ ਭਾਰਤੀ ਫੌਜੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦਾ ਪ੍ਰਤੱਖ ਸਬੂਤ 1915 ਤੋਂ ਲੈ ਕੇ 1946 ਦੌਰਾਨ ਬਹੁਤ ਸਾਰੀਆਂ ਛਾਉਣੀਆਂ ਦੇ ਵੱਖ ਵੱਖ ਰਸਾਲਿਆਂ ਤੇ ਪਲਟਨਾਂ ਦੇ ਭਾਰਤੀ ਫ਼ੌਜੀਆਂ ਵਲੋਂ ਕੀਤੀਆਂ ਬਗਾਵਤਾਂ ਤੋਂ ਮਿਲਦਾ ਹੈ। ਨਤੀਜੇ ਵਜੋਂ ਅੰਗਰੇਜ਼ਾਂ ਨੇ ਇਨ੍ਹਾਂ ਬਗਾਵਤਾਂ ਵਿਚ ਸ਼ਾਮਲ ਹੋਏ ਹਜ਼ਾਰਾਂ ਫੌਜੀਆਂ ’ਚੋਂ 80 ਦੇ ਲਗਭਗ ਨੂੰ ਗੋਲੀਆਂ ਮਾਰ ਕੇ ਜਾਂ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ, 300 ਤੋਂ ਵੱਧ ਨੂੰ ਉਮਰ ਕੈਦ, ਜਲਾਵਤਨੀ, ਜਾਇਦਾਦ ਜ਼ਬਤੀ ਤੇ ਹੋਰ ਸਜ਼ਾਵਾਂ ਦਿੱਤੀਆਂ ਗਈਆਂ। ਕਈਆਂ ਨੂੰ ਫੌਜ ’ਚੋਂ ਕੱਢ ਦਿੱਤਾ ਗਿਆ।
ਦੂਜੀ ਸੰਸਾਰ ਜੰਗ ਸਮੇਂ 1940 ਈ. ਵਿਚ ਐਮ ਟੀ ਦੀ ਬਗਾਵਤ ਹੋਈ। ਫਿਰ 21 ਨੰਬਰ ਰਸਾਲੇ ਦੀ ਬਗਾਵਤ ਤੇ 3/1ਪੰਜਾਬ ਰੈਜੀਮੈਂਟ ਦੀ ਬਗਾਵਤ ਫੌਜੀ ਬਗਾਵਤਾਂ ਦੇ ਇਤਿਹਾਸ ਵਿੱਚ ਖਾਸ ਸਥਾਨ ਰੱਖਦੀਆਂ ਹਨ। ਇਨ੍ਹਾਂ ਬਗਾਵਤਾਂ ਵਿਚ ਫੌਜੀਆਂ ਨੂੰ ਸ਼ਾਮਲ ਕਰਨ ਦਾ ਕੰਮ ਵੀ 1915 ਦੇ ਗਦਰੀ ਆਗੂ ਭਾਈ ਸੰਤੋਖ ਸਿੰਘ ਧਰਦਿਓ ਵਲੋਂ ਸ਼ੁਰੂ ਕੀਤੇ ਗਏ ‘ਕਿਰਤੀ ਲਹਿਰ’ ਅਖਬਾਰ ਨੇ ਕੀਤਾ। ਇਸ ਅਖਬਾਰ ਨੂੰ ਭਾਈ ਸੰਤੋਖ ਸਿੰਘ ਦੇ 1927 ਵਿਚ ਚਲਾਣੇ ਦੇ ਬਾਅਦ ਕਾਮਰੇਡ ਸੋਹਣ ਸਿੰਘ ਜੋਸ਼, ਗੁਰਚਰਨ ਸਿੰਘ ਸਹਿੰਸਰਾ ਤੇ ਸੋਢੀ ਹਰਮਿੰਦਰ ਸਿੰਘ ਮਿਲ ਕੇ ਛਾਪਦੇ ਰਹੇ। ਇਥੇ ਅਸੀਂ ਸੈਂਟਰਲ ਇੰਡੀਆ ਹਾਰਸ (21 ਨੰ. ਰਸਾਲੇ) ਦੀ ਬਗਾਵਤ ਵਿਚ ਸ਼ਾਮਲ 110 ਸੂਰਬੀਰ ਫ਼ੌਜੀਆਂ ਦੀ ਵੀਰਤਾ ਬਾਰੇ ਸਾਂਝ ਪਾ ਹਹੇ ਹਾਂ। ਜੰਗ ਲੱਗਣ ਵੇਲੇ 21 ਨੰ. ਰਸਾਲੇ ਨੂੰ ਮੇਰਠ ਤੋਂ ਨਵੰਬਰ 1939 ਵਿਚ ਬੁਲਾਰਮ, ਸਿਕੰਦਰਬਾਦ ਬਦਲ ਦਿੱਤਾ ਗਿਆ। ਇਥੇ ਮਿਸਰ ਨੂੰ ਭੇਜੀਆਂ ਜਾਣ ਵਾਲੀਆਂ ਯੂਨਿਟਾਂ ਰੱਖੀਆ ਜਾ ਰਹੀਆਂ ਸਨ। ਲਗਭਗ 50,000 ਫੌਜ ਨੂੰ 18 ਜਹਾਜ਼ਾਂ ਵਿਚ ਲੈ ਕੇ ਜਾਣਾ ਸੀ। ਸਰਕਾਰ ਨੂੰ ਇਸ ਰਸਾਲੇ ਦੀਆਂ ਗਤੀਵਿਧੀਆਂ ’ਤੇ ਪਹਿਲਾਂ ਹੀ ਸ਼ੱਕ ਸੀ, ਜਿਸ ਕਰਕੇ ਅੰਗਰੇਜ਼ ਸਰਕਾਰ ਵਲੋਂ ਸਭ ਤੋਂ ਪਹਿਲਾਂ ਇਸ ਰਸਾਲੇ ਨੂੰ ਜਹਾਜ਼ ਚੜ੍ਹਨ ਦਾ ਹੁਕਮ ਦਿੱਤਾ ਗਿਆ। ਇਸ ਬਗਾਵਤ ਵਿਚ ਸ਼ਾਮਲ ਅਤਰ ਸਿੰਘ ਪਿੰਡ ਭਰਾੜੀਵਾਲ ਅਤੇ ਪ੍ਰਦੁਮਣ ਸਿੰਘ ਪਿੰਡ ਨੂਰਪੁਰ, ਜ਼ਿਲ੍ਹਾ ਫਿਰੋਜ਼ਪੁਰ ਦੇ ਬਿਆਨਾਂ ਅਨੁਸਾਰ ਬਗਾਵਤ ਵਾਲੇ ਦਿਨ ਮਿਤੀ 16-07 1940 ਨੂੰ ਸਵੇਰੇ ਹੀ ਉਨ੍ਹਾਂ ਦੇ ਰਸਾਲੇ ਨੂੰ ਮਿਸਰ ਭੇਜਣ ਲਈ ਅਲਗਜ਼ੈਂਡਰਾ ਡੈੱਕ ’ਤੇ ਪਹੁੰਚਾ ਦਿੱਤਾ ਗਿਆ।
ਜਿਸ ਜਹਾਜ਼ ਵਿਚ ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ, ਅਜਾਇਬ ਸਿੰਘ ਨੰਦਪੁਰ ਅਤੇ ਸਾਧੂ ਸਿੰਘ ਦਦੇਹਰ ਸਾਹਿਬ ਸ਼ਾਮਲ ਸਨ, ਉਸ ਜਹਾਜ਼ ਵਿਚ ਅੰਗਰੇਜ਼ ਅਫ਼ਸਰ ਨੇ ਗਾਰਦ ਨੂੰ ਚੜ੍ਹਨ ਦਾ ਹੁਕਮ ਕੀਤਾ। ਗਾਰਦ ਨੇ ਜਹਾਜ਼ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਬਸ ਉਦੋਂ ਹੀ ਬਗਾਵਤ ਦਾ ਬਿਗੁਲ ਵਜ ਗਿਆ। ਮੌਕੇ ’ਤੇ ਮੌਜੂਦ ਲੈਫਟੀਨੈਂਟ ਕਰਨਲ ਪੀ. ਜੀ. ਪਕਾਕ ਨੇ ਮੇਜਰ ਕਾਕਸ ਨੂੰ ਗਾਰਦ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਇਸ ਮਗਰੋਂ ਬੀ. ਸੁਕੁਆਡਰਨ ਦੇ ਸਿੱਖ ਸਿਪਾਹੀਆਂ ਨੇ ਵੀ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤੇ ਸਾਰੀ ਰੈਜੀਮੈਂਟ ਹੀ ਬਾਗੀ ਹੋ ਬੈਠੀ। ਇਨਕਾਰ ਕਰਨ ਵਾਲਿਆਂ ਨੂੰ ਮਨਾਉਣ ਲਈ ਸਾਰਾ ਦਿਨ ਯਤਨ ਹੁੰਦੇ ਰਹੇ। ਕਰਨਲ ਪਾਕਾਕ ਪਰੇਸ਼ਾਨ ਸੀ ਕਿਉਂਕਿ ਫੌਜੀਆਂ ਕੋਲ ਹਥਿਆਰ ਸਨ, ਜਿਨ੍ਹਾਂ ਵਿਚ 303 ਰਾਈਫਲਾਂ ਦੇ 6 ਲੱਖ ਅਤੇ ਰੀਵਾਲਵਰਾਂ ਦੇ 60000 ਰੌਂਦ ਸਨ। ਫੌਜੀਆਂ ਨੂੰ ਮਨਾਉਣ ਲਈ ਯਤਨ ਕੀਤੇ ਗਏ। ਅਖੀਰ ਸ਼ਾਮ ਤੱਕ 108 ਸਿੱਖ ਤੇ ਦੋ ਮੁਸਲਮਾਨ ਜਿਹੜੇ ਸਿੱਖ ਸਕੁਆਂਰਡਨ ਨਾਲ ਜੁੜੇ ਸਨ, ਹੀ ਰਹਿ ਗਏ। ਇਸ ਮਗਰੋਂ ਸਿੱਖਾਂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਗਿਆ। ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੀ ਧਮਕੀ ਦਿੱਤੀ ਗਈ। ਇਸ ’ਤੇ ਸਿੱਖ ਫੌਜੀਆਂ ਨੇ ਕਿਹਾ, ‘‘ਅਸੀਂ ਮਰਨ ਲਈ ਤਿਆਰ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਜੋ ਸਹੁੰ ਚੁੱਕੀ ਹੈ ਕਿ ਅਸੀਂ ਬਰਤਾਨਵੀ ਮੰਤਵ ਲਈ ਵਿਦੇਸ਼ੀ ਧਰਤੀ ’ਤੇ ਜਾ ਕੇ ਨਹੀਂ ਲੜਾਂਗੇ ਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਾਂਗੇ, ਨੂੰ ਨਹੀਂ ਤੋੜਾਂਗੇ।’’ ਇਸ ’ਤੇ ਫ਼ੌਜੀਆਂ ਨੂੰ ਜ਼ਬਰਦਸਤੀ ਬੇਹਥਿਆਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਅਤੇ ਤਰੀਮੁਲਗੇਰੀ ਜੇਲ੍ਹ, ਸਿਕੰਦਰਾਬਾਦ ਭੇਜ ਦਿੱਤਾ।
26 ਜੁਲਾਈ 1940 ਨੂੰ ਜੇਲ੍ਹ ਵਿਚ ਹੀ ਇਨ੍ਹਾਂ ਸੂਰਬੀਰਾਂ ਦਾ ਕੋਰਟ ਮਾਰਸ਼ਲ ਸ਼ੁਰੂ ਹੋਇਆ, ਜੋ ਕੇਵਲ ਚਾਰ ਦਿਨ ਹੀ ਚੱਲਿਆ। ਇਸ ਅਧੀਨ ਚਾਰ ਫ਼ੌਜੀਆਂ ਨੂੰ ਫਾਂਸੀ ਦੀ ਸਜ਼ਾ, 16 ਐੱਨਸੀਓ ਨੂੰ 14 -14 ਸਾਲ ਦੀ ਕੈਦ ਬਾਮੁਸ਼ੱਕਤ, 84 ਘੋੜਸਵਾਰਾਂ ਨੂੰ 10-10 ਸਾਲ ਬਾਮੁਸ਼ੱਕਤ ਕੈਦ ਤੇ ਛੇ ਰੰਗਰੂਟਾਂ ਨੂੰ 4-4 ਸਾਲ ਦੀ ਕੈਦ ਬਾਮੁਸ਼ੱਕਤ ਦੀ ਸਜ਼ਾ ਹੋਈ। ਇਹ ਸਜ਼ਾਵਾਂ 23 ਅਗਸਤ 1940 ਨੂੰ ਸੁਣਾਈਆਂ ਗਈਆਂ। ਭਾਈ ਨਾਹਰ ਸਿੰਘ ਦੀ ਸੂਚਨਾ ਮੁਤਾਬਿਕ ਕੋਰਟ ਮਾਰਸ਼ਲ ਵਿੱਚ ਪਹਿਲਾਂ 14 ਐੱਨਸੀਓ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਪਰ ਬਾਅਦ ਵਿਚ ਚਾਰਾਂ ਨੂੰ ਫਾਂਸੀ ਹੋਈ। 21 ਨੰ. ਰਸਾਲੇ ਦੇ ਜਿਨ੍ਹਾਂ ਚਾਰ ਸੂਰਬੀਰ ਫ਼ੌਜੀਆਂ ਨੂੰ 6 ਸਤੰਬਰ 1940 ਨੂੰ ਸਿਕੰਦਰਬਾਦ ਜੇਲ੍ਹ ਵਿਚ ਅੰਗਰੇਜ਼ ਸਰਕਾਰ ਵਲੋਂ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ, ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ:
1. ਸ਼ਹੀਦ ਬਿਸ਼ਨ ਸਿੰਘ: ਪਿੰਡ ਬੁੱਟਰ (ਅੰਮ੍ਰਿਤਸਰ) ਵਿਚ 1915ਈ. ਨੂੰ ਜਨਮੇ ਸ਼ਹੀਦ ਬਿਸ਼ਨ ਸਿੰਘ ਦੇ ਪਿਤਾ ਦਾ ਨਾਂ ਗੁਰਦਿੱਤ ਸਿੰਘ ਸੀ। ਉਨ੍ਹਾਂ ਨੇ ਮੱਢਲੀ ਵਿੱਦਿਆ ਡੀ.ਬੀ ਮਿਡਲ ਸਕੂਲ ਮਹਿਤਾ ਨੰਗਲ ਅਤੇ ਮੈਟਰਿਕ ਗੁਰੂ ਤੇਗ ਬਹਾਦਰ ਖਾਲਸਾ ਹਾਈ ਸਕੂਲ ਬਾਬਾ ਬਕਾਲਾ ਤੋਂ ਹਾਸਲ ਕੀਤੀ। ਮਹਿਤਾ ਨੰਗਲ ਦੇ ਸਕੂਲ ਦੇ ਰਸਤੇ ਵਿਚ ਸਿੰਘ ਬੇਲਾ ਗੁਰਦੁਆਰਾ ਸੀ, ਜਿੱਥੇ ਨਾਮ ਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਸੀ। ਉਹ ਸਕੂਲ ਤੋਂ ਵਾਪਸ ਆਉਂਦਿਆਂ ਦੀਵਾਨਾਂ ਦੀ ਹਾਜ਼ਰੀ ਭਰਦੇ। ਇਸ ਗੁਰਦੁਆਰੇ ਵਿਚ ਦੇਸ਼ ਭਗਤ ਸੰਤੋਖ ਸਿੰਘ ਧਰਦੇਓ ਤੇ ਸੰਤ ਇੰਦਰ ਸਿੰਘ ਅਦਿ ਸੰਤ ਭੇਸ ਵਿਚ ਰਿਹਾ ਕਰਦੇ ਸਨ। ਉਨ੍ਹਾਂ ਦੇ ਵਿਚਾਰ ਸੁਣ ਕੇ ਉਨ੍ਹਾਂ ਨੂੰ ਦੇਸ਼ ਭਗਤੀ ਦੀ ਲਗਨ ਲੱਗੀ। ਉਨ੍ਹਾਂ ਦਾ ਵਿਆਹ ਬੀਬੀ ਚਰਨ ਕੌਰ ਵਾਸੀ ਦਕੋਹਾ ਨਾਲ ਹੋਇਆ। ਉਨ੍ਹਾਂ ਦੇ ਘਰ ਬੇਟਾ ਹੋਇਆ, ਜਿਸ ਦਾ ਨਾਂ ਕਸ਼ਮੀਰ ਸਿੰਘ ਰੱਖਿਆ ਗਿਆ। ਪਿਤਾ ਨੂੰ ਫਾਂਸੀ ਲੱਗਣ ਵੇਲੇ ਪੁੱਤਰ ਸਿਰਫ਼ ਛੇ ਮਹੀਨੇ ਦਾ ਸੀ। ਜਦੋਂ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆਂ ਤਾਂ ਉਹ ਰਸਾਲੇ ’ਚੋਂ ਛੁੱਟੀ ਲੈ ਕੇ ਘਰ ਆਉਣ ਦੀ ਜਗ੍ਹਾ ਸ਼ਾਰਧਾ ਗਰਾਮ ਨੇੜੇ ਵਾਰਧਾ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਬਗਾਵਤ ਲਈ ਸਹਿਯੋਗ ਸਬੰਧੀ ਮੁਲਾਕਾਤ ਕਰਕੇ ਹੀ ਵਾਪਸ ਚਲੇ ਗਏ। ਫ਼ੌਜ ਵਿਚ ਰਹਿੰਦਿਆਂ ਵੀ ਉਨ੍ਹਾਂ ਦਾ ਸੰਪਰਕ ਕਿਰਤੀ ਪਾਰਟੀ ਨਾਲ ਬਣਿਆ ਰਿਹਾ। ਇਸ ਸ਼ਹੀਦ ਦੀ ਕੋਈ ਵੀ ਯਾਦਗਰ ਨਹੀਂ ਹੈ।
2. ਸ਼ਹੀਦ ਗੁਰਚਰਨ ਸਿੰਘ: ਅੰਮ੍ਰਿਤਸਰ ਦੇ ਪਿੰਡ ਚੁਗਾਵਾਂ ਸਾਧਪੁਰਾ ਵਿਚ 10 ਜੁਲਾਈ 1911 ਨੂੰ ਜਨਮੇ ਗੁਰਚਰਨ ਦੇ ਪਿਤਾ ਦਾ ਨਾਂ ਬਲਵੰਤ ਸਿੰਘ ਸੀ। ਉਨ੍ਹਾਂ ਨੇ ਸ਼ਾਮ ਨਗਰ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਉਨ੍ਹਾਂ ਦਾ ਵਿਆਹ ਬੀਬੀ ਗੁਰਵੇਲ ਕੌਰ ਪਿੰਡ ਭਾਂਬੜੀ, ਗੁਰਦਾਸਪੁਰ ਨਾਲ ਹੋਇਆ। ਸ਼ਹੀਦ ਦੇ ਨਾਂ ’ਤੇ ਪਿੰਡ ਦੀ ਪੰਚਾਇਤ ਨੇ ਸਰਕਾਰ ਦੀ ਮਦਦ ਨਾਲ ਸਾਢੇ ਏਕੜ ਜ਼ਮੀਨ ਵਿਚ ਸਰਕਾਰੀ ਸਕੂਲ ਬਣਾਇਆ ਹੈ।
3. ਸ਼ਹੀਦ ਅਜਾਇਬ ਸਿੰਘ: ਇਨ੍ਹਾਂ ਦਾ ਜਨਮ 1912 ਈ: ਨੂੰ ਪਿੰਡ ਨੰਦਪੁਰ ਜ਼ਿਲ੍ਹਾ ਤਰਨ ਤਾਰਨ ਵਿਚ ਜੇਠਾ ਸਿੰਘ ਤੇ ਮਾਤਾ ਇੰਦ ਕੌਰ ਦੇ ਘਰ ਹੋਇਆ। ਉਹ ਭਾਰਤੀ ਫ਼ੌਜ ਵਿਚ ਸੈਂਟਰਲ ਇੰਡੀਅਨ ਹੌਰਸ ਰੈਜੀਮੈਂਟ ਦੇ 21 ਨੰ. ਰਸਾਲੇ ਵਿਚ ਲੈਂਸ ਨਾਇਕ ਸਨ। ਉਹ ਸ਼ੁਰੂ ਤੋਂ ਹੀ ਸਿੱਖੀ ਜੀਵਨ ਜਾਚ ਤੋਂ ਪ੍ਰਭਾਵਿਤ ਸਨ, ਤੁਰਦੇ ਫਿਰਦੇ ਵੀ ਗੁਰਬਾਣੀ ਬੋਲਦੇ ਰਹਿੰਦੇ। ਸ਼ਹੀਦ ਹੋਣ ਤੋਂ ਥੋੜਾ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਬੀਬੀ ਪਾਲ ਕੌਰ ਪਿੰਡ ਰੂੜੀਵਾਲਾ, ਜ਼ਿਲ੍ਹਾ ਤਰਨ ਤਾਰਨ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਭਰਾਵਾਂ ਭਰਾਵਾਂ ਕਰਮ ਸਿੰਘ ਅਤੇ ਤੇਜਾ ਸਿੰਘ ਦੇ ਪਰਿਵਾਰ ਨੰਦਪੁਰ (ਤਰਨ ਤਾਰਨ) ਵਿੱਚ ਹੀ ਰਹਿੰਦੇ ਹਨ। ਸ਼ਹੀਦ ਅਜਾਇਬ ਸਿੰਘ ਦੀ ਵੀ ਕੋਈ ਯਾਦਗਰ ਨਹੀਂ ਹੈ।
4. ਸ਼ਹੀਦ ਸਾਧੂ ਸਿੰਘ: ਇਨ੍ਹਾਂ ਦਾ ਜਨਮ ਪਿੰਡ ਦਦੇਹਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਚ ਨੌਰੰਗ ਸਿੰਘ ਦੇ ਘਰ 1909 ਈ. ਵਿਚ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਂ ਬਚਨ ਕੌਰ ਸੀ, ਜਿਨ੍ਹਾਂ ਦਾ ਪੇਕਾ ਪਿੰਡ ਮਾਣੋਚਾਹਲ ਜ਼ਿਲ੍ਹਾ ਤਰਨ ਤਾਰਨ ਸੀ। ਉਨ੍ਹਾਂ ਦਾ ਇੱਕ ਪੁੱਤਰ ਰਣਜੀਤ ਸਿੰਘ ਸੀ, ਪਿਤਾ ਨੂੰ ਫਾਂਸੀ ਲੱਗਣ ਵੇਲੇ ਉਸ ਦੀ ਉਮਰ ਚਾਰ ਸਾਲ ਸੀ। ਪੁੱਤਰ ਦਾ ਪਰਿਵਾਰ ਦਦੇਹਰ ਸਾਹਿਬ ਹੀ ਰਹਿ ਰਿਹਾ ਹੈ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਲਗਨ ਆਪਣੇ ਹੀ ਪਿੰਡ ਦੇ ਗ਼ਦਰੀ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਦੀਆਂ ਕੁਰਬਾਨੀਆਂ ਅਤੇ ਜੀਵਨ ਤੋਂ ਮਿਲੀ। ਇਨ੍ਹਾਂ ਦੀ ਵੀ ਕੋਈ ਯਾਦਗਰ ਨਹੀਂ ਬਣੀ।
ਸਾਡਾ ਸਿਰ ਇਨ੍ਹਾਂ ਕੌਮੀ ਸੂਰਬੀਰਾਂ ਦੀਆਂ ਕੁਰਬਾਨੀਆਂ ਅੱਗੇ ਆਪ ਮੁਹਾਰੇ ਝੁਕ ਜਾਦਾਂ ਹੈ। ਲੋੜ ਹੈ ਇਨ੍ਹਾਂ ਭੁੱਲੇ ਵਿਸਰੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਉਚਿਤ ਯਾਦਗਾਰਾਂ ਬਣਾਉਣ ਦੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਡੇਰਿਆਂ ਨੂੰ ਯਾਦ ਰੱਖ ਸਕਣ।
ਸੰਪਰਕ: 98766-98068


Comments Off on ਆਜ਼ਾਦੀ ਸੰਘਰਸ਼ ਦੇ ਅਣਗੌਲੇ ਸੂਰਬੀਰ ਫ਼ੌਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.