ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਆਓ ਭਾ’ਜੀ, ਕੁਝ ਗੱਲਾਂ ਕਰੀਏ

Posted On September - 14 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਇਸ ਮਹੀਨੇ ਭਾ’ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਵੀ ਹੈ ਤੇ ਇਸੇ ਮਹੀਨੇ ਉਹ ਸਾਨੂੰ ਅਲਵਿਦਾ ਵੀ ਕਹਿ ਗਏ ਸਨ। ਉਨ੍ਹਾਂ ਦਾ ਜਨਮ 16 ਸਤੰਬਰ ਤੇ ਦੇਹਾਂਤ 27 ਸਤੰਬਰ ਨੂੰ ਹੋਇਆ। ਇਸ ਲਈ ਸਤੰਬਰ ਮਹੀਨਾ ਪੰਜਾਬੀ ਰੰਗਮੰਚ ਲਈ ਮਾਣਮੱਤਾ ਹੈ। ਮੌਕਾ ਵੀ ਹੈ ਤੇ ਦਸਤੂਰ ਵੀ ਕਿ ਦਿਲਾਂ ਅੰਦਰ ਵਸਦੇ ਭਾ’ਜੀ ਨਾਲ ਸੰਵਾਦ ਰਚਾਇਆ ਜਾਵੇ। ਭਾ’ਜੀ ਜੀ ਵਲ਼ ਫੇਰ ਨਹੀਂ ਸੀ ਪਾਉਂਦੇ, ਅੱਜ ਵੀ ਸਿੱਧਾ ਟੱਕਰੇ ਤੇ ਬੂਹਾ ਖੁੱਲ੍ਹਦੇ ਹੀ ਬਿਨਾਂ ਸਵਾਲ ਸੁਣੇ ਸ਼ੁਰੂ ਹੋ ਗਏ:
ਇਹ ਜਵਾਹਰੇਵਾਲਾ ’ਚ ਜੋ ਦਲਿਤਾਂ ਨਾਲ ਹੋਇਆ, ਭਿਆਨਕ ਏ, ਬਹੁਤ ਭਿਆਨਕ! (ਭਾ’ਜੀ ਕੁਰਸੀ ਤੋਂ ਅਗਾਂਹ ਖਿਸਕ ਆਏ।), 72 ਸਾਲਾਂ ਵਿਚ ਅਸੀਂ ਉਨ੍ਹਾਂ ਵਿਹੜੇ ਵਾਲਿਆਂ ਨੂੰ ਕੀ ਦਿੱਤਾ! ਖਾਣ ਲਈ ਰੋਟੀ ਨਹੀਂ, ਪੀਣ ਲਈ ਸਾਫ਼ ਪਾਣੀ ਨਹੀਂ, ਆਪਣੀ ਜ਼ਮੀਨ ਨਹੀਂ! ਉਨ੍ਹਾਂ ਦੇ ਨਿਆਣੇ ਕਿਵੇਂ ਮੰਨ ਲੈਣ ਕਿ ਦੇਸ਼ ਆਜ਼ਾਦ ਐ! ਉਨ੍ਹਾਂ ਕੀ ਕਰਨੀ ਐ ਡਿਜੀਟਲਾਈਜੇਸ਼ਨ, ਮੁੱਢਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ। ਉਹ ਜੋ ਉੱਪਰ ਬੈਠੇ ਹਨ, ਉਨ੍ਹਾਂ ਐਲਾਨ ਕਰ ਦਿੱਤਾ ਕਿ ਜਿਸ ਕੋਲ ਤਾਕਤ ਐ, ਉਹ ਹਰ ਸੁਵਿਧਾ ਮਾਣੇਗਾ, ਬਾਕੀ ਏਜੰਡੇ ਤੋਂ ਬਾਹਰ! ਤੇ ਫਿਰ ਸਾਨੂੰ ਵੀ ਕਹਿਣਾ ਪਏਗਾ ਕਿ ਸਾਨੂੰ ਇਹ ਮਨਜ਼ੂਰ ਨਹੀਂ! ਉੱਚੀ ਕਹਿਣਾ ਪਏਗਾ ਕਿ ਡਾਢਿਓ ਸਾਨੂੰ ਇਹ ਪ੍ਰਬੰਧ ਕਬੂਲ ਨਹੀਂ, ਅਸੀਂ ਕੀੜੇ ਮਕੌੜੇ ਨਹੀਂ ਆਂ, ਜਿਉਂਦੇ ਜਾਗਦੇ ਇਨਸਾਨ ਆਂ।
– ਭਾ ’ਜੀ ਤੁਸੀਂ ਨਾਟਕਾਂ ਦੀ ਦੁਨੀਆਂ ਵਿਚ ਸਚਮੁੱਚ ਵਿਲੱਖਣ ਕੰਮ ਕੀਤਾ ਹੈ, ਫਿਰ ਕੀ ਕਾਰਨ ਹੈ ਕਿ ਤੁਹਾਡੇ ਜਿਉਂਦੇ ਜੀਅ ਬਹੁਤ ਸਾਰੇ ਨਾਟਕਕਾਰ ਅਤੇ ਆਲੋਚਕ ਤੁਹਾਨੂੰ ਨਾਟਕਕਾਰ ਨਹੀਂ ਸੀ ਮੰਨਦੇ! ਤੇ ਹੁਣ ਸਵਰਗਵਾਸ ਹੋਣ ਤੋਂ ਬਾਅਦ…?
– ਏਹ ਸਵਰਗਵਾਸ ਕੀ ਹੁੰਦਾ ਐ?
– (ਕਿੱਥੇ ਪੰਗਾ ਲੈ ਲਿਆ) ਕੁਝ ਨਹੀਂ ਭਾ’ ਜੀ, ਉਂਜ ਈ ਲਫਜ਼ ਵਰਤਿਆ ਗਿਆ ਕਿ ਹੁਣ ਤੁਸੀਂ…।
– ਲਫਜ਼ ਲੱਭੋ, ਨਵੇਂ ਲਫਜ਼ ਲੱਭਣੇ ਪੈਣਗੇ, ਨਹੀਂ ਤਾਂ ਉਹ ਸਾਨੂੰ ਇਸ ਗਧੀਗੇੜ ’ਚ ਫਸਾਈ ਰੱਖਣਗੇ। ਇਹ ਲਫਜ਼ ‘ਉਨ੍ਹਾਂ’ ਬਣਾਏ-ਸਵਰਗ, ਨਰਕ, ਰੱਬ, ਸਰਬਸ਼ਕਤੀਮਾਨ, ਉਨ੍ਹਾਂ ਬਣਾਏ ਸਾਨੂੰ ਦਬਾਉਣ ਲਈ! ਤੇ ਅਸੀਂ ਮੰਨ ਲਏ, ਇਹੋ ਸਾਡੀ ਬੇਵਕੂਫੀ ਐ। ਮੇਰੇ ਲੋਗ (ਲੋਕ), ਮੇਰੇ ਲੋਗ, (ਭਾ’ਜੀ ਦਾ ਗਲਾ ਭਰ ਆਇਆ), ਮੇਰੇ ਲੋਗ ਮੱਖੀ ਮੱਛਰ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੇ ਨੇ, ਸੁੰਨੀਆਂ ਅੱਖਾਂ ਲਈ ਬੈਠੇ ਨੇ। ਦੇਖਦੇ ਰਹਿੰਦੇ ਨੇ ਕਿ ਹੁਣ ਕੁਝ ਮਿਲੇਗਾ, ਹੁਣ ਜੂਨ ਸੁਧਰੇਗੀ, ਪਰ ਸੁਧਰਦੀ ਨਹੀਂ! ਦੋ ਕੱਪੜਿਆਂ ’ਚ ਸਾਰੀ ਜ਼ਿੰਦਗੀ ਬਿਤਾ ਦਿੰਦੇ ਨੇ, ਕੀ ਉਨ੍ਹਾਂ ਦਾ ਜੀਅ ਨਹੀਂ ਕਰਦਾ ਰੰਗ ਬਿਰੰਗੇ ਕੱਪੜੇ ਪਹਿਨਣ ਨੂੰ! ਮੇਰੇ ਲੋਗ ਅਜੇ ਵੀ ਹੱਥ ’ਤੇ ਧਰਕੇ ਰੋਟੀ ਖਾਂਦੇ ਨੇ, ਕਿਉਂ! ਉਨ੍ਹਾਂ ਨੂੰ 72 ਸਾਲਾਂ ਵਿਚ ਭਾਂਡੇ ਨਹੀਂ ਦੇ ਸਕੇ! ਕੀ ਉਨ੍ਹਾਂ ਦਾ ਜੀਅ ਨਹੀਂ ਕਰਦਾ ਥਾਲੀ ਸਜਾ ਕੇ ਖਾਣਾ ਖਾਣ ਨੂੰ! ਅਜੇ ਵੀ ਸਵੇਰੇ ਉੱਠ ਕੇ ਜੰਗਲ ਪਾਣੀ ਜਾਣ ਲਈ ਖੇਤਾਂ ਦੀਆਂ ਵੱਟਾਂ ਤੇ ਫੈਕਟਰੀਆਂ ਦੇ ਖੂੰਜੇ ਕਿਉਂ ਲੱਭਣੇ ਪੈਂਦੇ ਨੇ! ਇਹ ਨਰਕ ਉਨ੍ਹਾਂ ਲਈ ਕਿਹਨੇ ਬਣਾਇਆ? ਇਹ ਸੋਚਣਾ ਪਵੇਗਾ। ਉਨ੍ਹਾਂ ਨੂੰ ਦੱਸਣਾ ਪਏਗਾ ਕਿ ਇਹ ਕਿਸੇ ਸਰਬਸ਼ਕਤੀਮਾਨ ਦਾ ਕੰਮ ਨਹੀਂ, ਬਲਕਿ ਜਿਉਂਦੇ ਜੀਅ ਸਵਰਗ ਮਾਨਣ ਵਾਲਿਆਂ ਦੀ ਸਾਜ਼ਿਸ਼ ਏ! ਏਹ ਸਵਰਗ ਨਰਕ ਜਿਹੇ ਲਫਜ਼ ਬੰਦ ਕਰੋ। ਮੈਂ ਸਾਰੀ ਉਮਰ ਆਪਣੇ ਗ਼ਰੀਬ ਲੋਗਾਂ ਲਈ ਕੰਮ ਕੀਤਾ, ਮੇਰਾ ਵਾਸਾ ਕਿਸੇ ਸਵਰਗ ’ਚ ਨਹੀਂ ਹੋ ਸਕਦਾ, ਸਿਰਫ਼ ਆਪਣੇ ਲੋਗਾਂ ਦੇ ਦਿਲਾਂ ’ਚ ਹੋ ਸਕਦਾ ਐ।
-ਭਾ’ ਜੀ, ਕੀ ਤੁਹਾਨੂੰ ਵੀ ਲੱਗਦਾ ਹੈ ਕਿ ਪੰਜਾਬੀ ਨਾਟਕ ਬਾਕੀ ਭਾਸ਼ਾਵਾਂ ਦੇ ਨਾਟਕ ਨਾਲੋਂ ਪੇਤਲਾ ਐ, ਸਤਹੀ ਐ, ਮਿਆਰੀ ਨਹੀਂ ਹੈ?
– ਸਵਾਲ ਤਾਂ ਇਹ ਐ ਕਿ ਤੁਸੀਂ ਆਪਣੇ ਕਿਹੜੇ ਨਾਟਕ ਦੀ ਬਾਕੀ ਭਾਸ਼ਾਵਾਂ ਦੇ ਨਾਟਕ ਨਾਲ ਤੁਲਨਾ ਕਰ ਰਹੇ ਓ! ਜੇ ਆਪਣੇ ਕਲਾਸਿਕ (ਜੇ ਹੈਗੇ ਨੇ ਤਾਂ) ਦੀ ਦੂਜੇ ਕਲਾਸਿਕ ਨਾਲ ਤੁਲਨਾ ਕਰੋਗੇ ਤਾਂ ਸ਼ਾਇਦ ਸਤਹੀ ਹੀ ਲੱਗਣ। ਉਨ੍ਹਾਂ ਕੋਲ ਲੰਬੀ ਪਰੰਪਰਾ ਹੈ, ਪਰ ਜੇ ਆਪਣੀ ਭਾਸ਼ਾ ਦੇ ਉਸ ਨਾਟਕ ਦੀ ਗੱਲ ਕਰੋਗੇ ਜੋ ਕਿਸੇ ਵਰਗਾ ਨਹੀਂ, ਜੋ ਵੱਖਰੇ ਮੌਲਿਕ ਮੁਹਾਂਦਰੇ ਵਾਲਾ ਐ ਤਾਂ ਸਤਹੀ ਨਹੀਂ ਲੱਗੇਗਾ। ਮੈਂ ਮਾਣ ਨਾਲ ਕਹਿ ਸਕਨਾਂ ਕਿ ਦੂਜੀਆਂ ਭਾਸ਼ਾਵਾਂ ਦੇ ਵੱਡੇ ਨਾਟਕਕਾਰ ਮੇਰੇ ਕੰਮ ਨੂੰ ਸਲਾਹੁੰਦੇ ਰਹੇ ਕਿਉਂਕਿ ਉਨ੍ਹਾਂ ਨੂੰ ਮੇਰੇ ਨਾਟਕ ਦਾ ਮੁਹਾਂਦਰਾ ਵੱਖਰਾ ਲੱਗਦਾ ਸੀ। ਰਾਜਸੀ ਨਾਟਕ ਲਿਖਣਾ ਕੋਈ ਮਿਹਣਾ ਨਹੀਂ, ਬਹੁਤ ਵੱਡੀ ਜ਼ਿੰਮੇਵਾਰੀ ਐ। ਅਸੀਂ ਕਿਉਂ ਨਾ ਟਿੱਪਣੀ ਕਰੀਏ ਆਪਣੇ ਆਲੇ ਦੁਆਲੇ ਵਾਪਰ ਰਹੀ ਰਾਜਨੀਤਕ ਖੇਡ ਬਾਰੇ। ਮੈਂ ਲਫਜ਼ ਖੇਡ ਵਰਤਦਾਂ! ਅਸੀਂ ਇਹ ਕਹਿ ਕੇ ਚੁੱਪ ਰਹੀਏ ਕਿ ਕਲਾਕਾਰ ਨਿਰਪੱਖ ਹੋਣਾ ਚਾਹੀਦਾ! ਉਹ ਦਗੇਬਾਜ਼ੀਆਂ ਕਰਦੇ ਰਹਿਣ ਤੇ ਅਸੀਂ ਨਿਰਪੱਖ ਰਹੀਏ। ਉਏ ਫੇਰ ਇਹ ਕਲਮਾਂ ਕਿਉਂ ਚੁੱਕੀਆਂ ਨੇ, ਫੇਬ ਸਟੇਜ ’ਤੇ ਕਿਉਂ ਚੜ੍ਹਨਾ? ਇਹ ਜ਼ੀਰੋ ਫਿਲਾਸਫ਼ੀ ਏ, ਵੱਡੀ ਸਾਰੀ ਜ਼ੀਰੋ! (ਭਾ’ਜੀ ਪੂਰੇ ਵੇਗ ਨਾਲ ਹਵਾ ’ਚ ਜ਼ੀਰੋ ਵਾਹ ਦਿੰਦੇ ਹਨ।)
– ਭਾ’ਜੀ, ਤੁਹਾਨੂੰ ਦੁਨੀਆਂ ਤੋਂ ਤੁਰ ਜਾਣ ਮਗਰੋਂ ਕੌਣ ਸਭ ਤੋਂ ਵੱਧ ਯਾਦ ਆਉਂਦਾ ਐ? ਧੀਆਂ, ਪਤਨੀ, ਕਲਾਕਾਰ ਜਾਂ ਕੋਈ ਹੋਰ?

ਡਾ. ਸਾਹਿਬ ਸਿੰਘ

– (ਇਸ ਵਾਰ ਭਾ’ ਜੀ ਬਿਨਾਂ ਭਖਿਆਂ ਸਿਰ ਝੁਕਾ ਕੇ ਪਿਆਰ ਨਾਲ ਜਵਾਬ ਦਿੰਦੇ ਹਨ।) ਜ਼ਿੰਦਗੀ ਲਈ ਤਰਸ ਰਹੇ, ਜ਼ਿੰਦਗੀ ਲਈ ਲੜ ਰਹੇ, ਲਿੱਬੜੇ ਚਿਹਰਿਆਂ ਵਾਲੇ, ਵਗਦੀਆਂ ਨਲੀਆਂ ਤੇ ਖਿਲਰੀਆਂ ਜਟੂਰੀਆਂ ਵਾਲੇ ਗ਼ਰੀਬ ਬੱਚੇ! ਗੁਰਸ਼ਰਨ ਸਿੰਘ ਸ਼ਰਮਸਾਰ ਏ ਉਨ੍ਹਾਂ ਬੱਚਿਆਂ ਅੱਗੇ ਕਿ ਤੁਹਾਡੀ ਜੂਨ ਸੁਧਾਰਨ ਲਈ ਮੈਂ ਬਹੁਤ ਕੁਝ ਨਾ ਕਰ ਸਕਿਆ! (ਭਾ’ਜੀ ਦੀ ਭੁੱਬ ਨਿਕਲ ਗਈ),ਉਨ੍ਹਾਂ ਬੱਚਿਆਂ ਨੂੰ ਵੀ ‘ਉਹ’ ਕਹਿਣਗੇ ਕਿ ਕਹੋ, ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ।’ ਉਨ੍ਹਾਂ ਨੂੰ ਵੀ ਦੇਸ਼ ਭਗਤੀ ਦਾ ਪਾਠ ਪੜ੍ਹਾਇਆ ਜਾਵੇਗਾ, ਪਰ ਦੇਸ਼ ਨੇ ਉਨ੍ਹਾਂ ਲਈ ਕੀ ਕੀਤਾ! ਮੈਨੂੰ ਤਾਂ ਹਮੇਸ਼ਾਂ ਉਨ੍ਹਾਂ ਦੀਆਂ ਅੱਖਾਂ ’ਚ ਸਵਾਲ ਲਟਕਦਾ ਦਿਸਿਆ ਕਿ ਅਸੀਂ ਕਿਸ ਗੁਨਾਹ ਦੀ ਸਜ਼ਾ ਭੁਗਤ ਰਹੇ ਆਂ। ਲਾਲ ਕਿਲੇ ਤੋਂ ਹਰ ਸਾਲ ਗੂੰਜਦੀ ਤਕਰੀਰ ਵਿਚ ਸਾਡਾ ਜ਼ਿਕਰ ਤਾਂ ਹੈ, ਪਰ ਫਿਕਰ ਕਿਉਂ ਨਹੀਂ? ਹਰ ਨੇਤਾ ਨੂੰ ਸਾਡੇ ਵਿਹੜੇ ਆ ਕੇ ਤਸਵੀਰ ਖਿਚਵਾਉਣਾ ਤਾਂ ਯਾਦ ਰਹਿੰਦਾ, ਸਾਡੀ ਤਕਦੀਰ ਕਿਉਂ ਨਹੀਂ ਯਾਦ ਰਹਿੰਦੀ? ਮੈਂ ਜਦੋਂ ਆਪਣੇ ਤਰਤਾਲੀ ਸੈਕਟਰ ਵਾਲੇ ਘਰ ਤੋਂ ਕਲਾ ਭਵਨ ਵੱਲ ਜਾਂਦਾ ਹਾਂ ਤਾਂ ਚੌਕਾਂ ’ਤੇ ਬੈਠੇ ਨੰਗ ਧੜੰਗ ਬੱਚਿਆਂ ਵੱਲ ਦੇਖਦਾਂ, ਫਿਰ ਨਜ਼ਰਾਂ ਚੁੱਕ ਵੱਡੇ ਵੱਡੇ ਭਵਨਾਂ, ਹੋਟਲਾਂ, ਇਮਾਰਤਾਂ ਵੱਲ ਦੇਖਦਾਂ, ਇਵੇਂ ਜਗਮਗ ਜਗਮਗ ਜਿਵੇਂ ਦੀਵਾਲੀ ਹੋਵੇ! ਏਡਾ ਪਾੜਾ, ਸਿਤਮਜ਼ਰੀਫੀ ਦੀ ਹੱਦ ਐ! ਏਡੀ ਬੇਸ਼ਰਮੀ ਕਿ ਸਭ ਕੁਝ ਹੜੱਪੀ ਜਾਓ ਤੇ ਗ਼ਰੀਬ ਨੂੰ ਮਰਨ ਲਈ ਛੱਡ ਦਿਓ! ਫੇਰ ਸਾਨੂੰ ਕਹੋ ਕਿ ਅਸੀਂ ਸਟੇਜਾਂ ਤੋਂ ਇਸ ਦੇਸ਼ ਦੇ, ਇਸ ਲੋਕਤੰਤਰ ਦੇ ਸੋਹਲੇ ਗਾਈਏ! ਸਿਰ ਸੁਆਹ ਨਾ ਪਾਈਏ… ਛਿੱਤਰਾਂ ਦੇ ਹਾਰ ਨਾ ਪਾਈਏ।
ਅੰਤ ਮੈਂ ਸੁਆਲ ਕਰਕੇ ਬੈਠਾ ਸੋਚਦਾ ਹਾਂ ਕਿ ਇਹ ਜੋ ਬੰਦਾ ਮੇਰੇ ਸਾਹਮਣੇ ਬੈਠਾ ਹੈ, ਇਸਨੂੰ ਬਾਬਾ, ਦਰਵੇਸ਼, ਯੁੱਗਪੁਰਸ਼, ਕੁਝ ਵੀ ਕਹਿ ਦਿਆਂ, ਲਫਜ਼ ਬੌਣੇ ਰਹਿ ਜਾਣਗੇ! ਨਿੱਜ ਦੀ ਪਰਵਾਹ ਈ ਨਹੀਂ, ਬਸ ‘ਲੋਗ’ ਈ ਨੇ ਸਭ ਕੁਝ! ਏਥੇ ਤਕ ਤਾਂ ਅਜੇ ਤਕ ਕੋਈ ਕਲਾਕਾਰ ਨਹੀਂ ਅੱਪੜਿਆ। ਹੁਣ ਅਗਲਾ ਸਵਾਲ ਕੀ ਪੁੱਛਾਂ, ਮੇਰਾ ਮਨ ਭਰਿਆ ਹੋਇਆ।

ਸੰਪਰਕ: 98880-11096


Comments Off on ਆਓ ਭਾ’ਜੀ, ਕੁਝ ਗੱਲਾਂ ਕਰੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.