ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਅੰਧ ਵਿਸ਼ਵਾਸ ਦੀਆਂ ਬੇਲਗਾਮ ਰਵਾਇਤਾਂ

Posted On September - 13 - 2019

ਮਹਿੰਦਰ ਸਿੰਘ ‘ਦੋਸਾਂਝ’

ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਅਸੀਂ ਦੇਸ਼ ਵਿਚ ਪਿੰਡ ਪਿੰਡ ਸਕੂਲ ਤੇ ਅਨੇਕਾਂ ਕਾਲਜ ਖੋਲ੍ਹੇ ਅਤੇ ਅਨੇਕਾਂ ਯੂਨੀਵਰਸਿਟੀਆਂ ਦੀ ਸਥਾਪਨਾ ਵੀ ਕੀਤੀ ਹੈ। ਆਪਣੇ ਬੱਚਿਆਂ ਨੂੰ ਉੱਚੀ ਤੋਂ ਉੱਚੀ ਵਿੱਦਿਆ ਨਾਲ ਜੋੜਨ ਵਿਚ ਵੀ ਕੋਈ ਕਸਰ ਨਹੀਂ ਛੱਡੀ ਪਰ ਬੀਤੇ ਲਗਭਗ ਸੱਤਰਾਂ ਸਾਲਾਂ ਵਿਚ ਕਈ ਦੇਸ਼ਾਂ ਦੇ ਅਨੇਕਾਂ ਲੋਕ ਗਿਆਨ ਵਿਗਿਆਨ ਦੀ ਰੌਸ਼ਨ ਵਿਚ ਕਿਤੇ ਦੀ ਕਿਤੇ ਪਹੁੰਚ ਗਏ ਹਨ ਤੇ ਸਾਡੇ ਦੇਸ਼ ਦੇ ਸਮਾਜ ਦਾ ਇੱਕ ਵੱਡਾ ਹਿੱਸਾ ਹਜ਼ਾਰਾਂ ਸਾਲ ਪਹਿਲਾਂ ਦੀਆਂ ਨਿਰਾਰਥਕ ਧਾਰਨਾਵਾਂ ਵਿਚ ਫਸਿਆ ਅੰਧ ਵਿਸ਼ਵਾਸ ਦੇ ਹਨੇਰੇ ਵਿੱਚ ਭਟਕਦਾ ਨਿਰੰਤਰ ਠੋਕਰਾਂ ਖਾ ਰਿਹਾ ਹੈ।
ਸਾਰਾ ਵਿਸ਼ਵ ਆਪੋ ਆਪਣੇ ਦੇਸ਼ ਦੇ ਉਥਾਨ ਵਾਸਤੇ ਗਿਆਨ ਵਿਗਿਆਨ ਦੀ ਰੌਸ਼ਨੀ ਵਿਚ ਲੱਭੇ ਰਾਹਾਂ ’ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਆਪਣੇ ਪੈਰਾਂ ਵਿਚ ਆਪੇ ਪਾਈਆਂ ਅੰਧ ਵਿਸ਼ਵਾਸ ਦੀ ਫੌਲਾਦੀ ਜ਼ੰਜ਼ੀਰਾਂ ਖੋਲ੍ਹ ਕੇ ਸਾਡਾ ਦੇਸ਼ ਤੇ ਸਮਾਜ ਕਿਵੇਂ ਤੇ ਕਦੋਂ ਜਾਗਰੂਕ ਦੇਸ਼ਾਂ ਦੇ ਲੋਕਾਂ ਨਾਲ ਰਲੇਗਾ?
ਸਾਡੇ ਦੇਸ਼ ਵਿਚ ਬਹੁਤ ਸਾਰੇ ਲਾਵਾਰਸ ਲੋਕ ਅਕਸਰ ਮਾਨਸਿਕ ਰੋਗੀ ਹੋ ਜਾਂਦੇ ਹਨ ਤੇ ਆਮ ਲੋਕਾਂ ਨੂੰ ਉੱਚਾ ਨੀਵਾਂ ਬੋਲਣ ਲੱਗ ਜਾਂਦੇ ਹਨ, ਕਈ ਵਾਰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ, ਇੱਥੋਂ ਤੱਕ ਕਿ ਲੋਕਾਂ ਦੇ ਇੱਟਾਂ ਰੋੜੇ ਮਾਰਨ ਲੱਗ ਜਾਂਦੇ ਹਨ, ਫੇਰ ਉਹ ਸਾਰੇ ਕੱਪੜੇ ਲਾਹ ਕੇ ਅਲਫ ਨੰਗੇ ਹੋ ਜਾਂਦੇ ਹਨ।
ਕੋਈ ਵਿਅਕਤੀ, ਕੋਈ ਸੰਸਥਾ ਨਹੀਂ ਸੋਚਦੀ ਕਿ ਅਜਿਹੇ ਰੋਗੀ ਨੂੰ ਕਿਸੇ ਚੰਗੇ ਹਸਪਤਾਲ ਵਿਚ ਦਾਖਲ ਕਰਵਾ ਕੇ ਉਸਦਾ ਇਲਾਜ ਕਰਵਾਇਆ ਜਾਵੇ ਤੇ ਉਸ ਨੂੰ ਮੁੜ ਸੁਖਾਵਾਂ ਜੀਵਨ ਪ੍ਰਦਾਨ ਕੀਤਾ ਜਾਵੇ, ਇਸਦੇ ਉਲਟ ਪਹਿਲਾਂ ਦਰਜਨਾਂ, ਫੇਰ ਸੈਂਕੜੇ ਤੇ ਫੇਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਜਿਹੇ ਰੋਗੀਆਂ ਦੇ ਅੱਗੇ ਵਧ ਵਧ ਕੇ ਪੈਰ ਫੜਨ ਲੱਗ ਜਾਂਦੇ ਹਨ, ਉਨ੍ਹਾਂ ਦੇ ਨਾਮ ’ਤੇ ਸੜਕਾਂ ਦੇ ਨਾਮ ਰੱਖੇ ਤੇ ਗੇਟ ਬਣਾਏ ਜਾਂਦੇ ਹਨ, ਕਈ ਥਾਂ ਧਾਰਮਿਕ ਸਥਾਨ ਉਸਾਰੇ ਜਾਂਦੇ ਹਨ, ਉਨ੍ਹਾਂ ਦੇ ਨਾਮ ’ਤੇ ਦੁਕਾਨਾਂ ਦੇ ਨਾਮ ਰੱਖੇ ਜਾਂਦੇ ਹਨ, ਔਰਤਾਂ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਅਜਿਹੇ ਰੋਗੀਆਂ ਕੋਲ ਬੱਚਿਆਂ ਨੂੰ ਗਾਲ੍ਹਾਂ ਖਿਲਾਉਣ ਲਿਆਂਦੀਆਂ ਹਨ ਤੇ ਇਹ ਸੋਚਦੀਆਂ ਹਨ ਕਿ ਜਿਸ ਬੱਚੇ ਨੂੰ ਸੰਤ ਗਾਲ਼ ਕੱਢ ਦੇਣਗੇ ਉਹ ਤਰ ਜਾਵੇਗਾ।
ਇਹ ਮਾਨਸਿਕ ਰੋਗੀ ਨਿਰੰਤਰ ਬੋਲੀ ਜਾਂਦੇ ਹਨ ਤੇ ਇਨ੍ਹਾਂ ਦੇ ਅੱਗੇ ਬੈਠੇ ਸ਼ਰਧਾਲੂ ਇੰਨ੍ਹਾਂ ਦੀਆਂ ਗੱਲਾਂ ’ਚੋਂ ਆਪਣੀਆਂ ਲੋੜਾਂ ਲਈ ਅਰਥ ਕੱਢਦੇ ਹਨ, ਕਈ ਗੱਲਾਂ ਸੁਭਾਵਿਕ ਹੀ ਲੋਕਾਂ ਦੀ ਜ਼ਿੰਦਗੀ ਅਤੇ ਲੋਕਾਂ ਦੀਆਂ ਲੋੜਾਂ ਤੇ ਮਸਲਿਆਂ ਦੇ ਅਨੁਸਾਰ ਢੁੱਕ ਜਾਂਦੀਆਂ ਹਨ, ਅਜਿਹੀ ਅਵਸੱਥਾ ਵਿਚ ਸਮਾਜ ਅੰਦਰ ਅੰਧ ਵਿਸ਼ਵਾਸ ਅੱਗੇ ਤੋਂ ਅੱਗੇ ਪ੍ਰਫੁੱਲਤ ਹੋਈ ਜਾਂਦਾ ਹੈ। ਇਨ੍ਹਾਂ ਦੇ ਸ਼ਰਧਾਲੂਆਂ ਦੀ ਭੀੜ ਵਿਚ ਗ੍ਰੈਜੁਏਟ ਪੋਸਟ ਗ੍ਰੈਜੁਏਟ ਤੇ ਪੀਐੱਚ ਡੀ ਤੱਕ ਵਿੱਦਿਆ ਪ੍ਰਾਪਤ ਲੋਕ ਵੀ ਰਲ ਜਾਂਦੇ ਹਨ।
ਕੁਝ ਸਾਲ ਪਹਿਲਾਂ ਪੰਜਾਬ ਵਿਚ ਅਜਿਹੇ ਹੀ ਇੱਕ ਮਾਨਸਿਕ ਰੋਗੀ ਨਾਲ ਸਬੰਧਤ ਇੱਕ ਘਟਨਾ ਮੈਨੂੰ ਯਾਦ ਆ ਰਹੀ ਹੈ, ਇਸ ਮਾਨਸਿਕ ਰੋਗੀ ਨੇ ਇੱਟਾਂ ਰੋੜੇ ਮਾਰ ਕੇ ਦੋ ਬੱਚਿਆਂ ਨੂੰ ਤੇ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਸ ਤੋਂ ਬਾਅਦ ਉਸਨੇ ਇੱਟਾਂ ਮਾਰ ਕੇ ਇੱਕ ਚੌਥੇ ਸ਼ਰਧਾਲੂ ਦਾ ਵੀ ਕਤਲ ਕਰ ਦਿੱਤਾ ਸੀ। ਸਥਾਨਕ ਪੁਲੀਸ ਤੇ ਪ੍ਰਸ਼ਾਸਨ ਟੱਸ ਤੋਂ ਮੱਸ ਨਾ ਹੋਇਆ ਤਾਂ ਤਰਕਸ਼ੀਲ਼ਾਂ ਨੇ ਸਬੰਧਤ ਥਾਣੇ ਵਿਚ ਪਰਚਾ ਦਰਜ ਕਰਵਾਇਆ, ਕਾਰਵਾਈ ਅਦਾਲਤ ਤੱਕ ਗਈ ਤੇ ਉਸ ਬੰਦੇ ਨੂੰ ਜ਼ਿਲ੍ਹਾ ਜੇਲ੍ਹ ਵਿਚ ਭੇਜ ਦਿੱਤਾ ਗਿਆ, ਜੇਲ੍ਹ ਦੇ ਗੇਟ ਅੱਗੇ ਸ਼ਰਧਾਲੂਆਂ ਨੇ ‘ਦੇਸੀ ਘਿਉ ਨਾਲ ਕੜਾਹ ਪ੍ਰਸ਼ਾਦ ਤੇ ਵੰਨ ਸੁਵੰਨੇ ਖਾਣੇ’ ਤਿਆਰ ਕਰ ਕੇ ਸ਼ਾਮਿਆਨੇਂ ’ਤੇ ਦਰੀਆ ਵਿਛਾਈਆਂ ਤੇ ਦਰੀਆ ’ਤੇ ਆਉਣ ਜਾਣ ਵਾਲੇ ਲੋਕਾਂ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ।
ਕੁੱਝ ਚਿਰ ਬਾਅਦ ਉਸ ਮਾਨਸਿਕ ਰੋਗੀ ਨੂੰ ਦੂਜੇ ਜ਼ਿਲ੍ਹੇ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤੇ ਲੰਗਰ ਦਾ ਸਾਰਾ ਸਾਮਾਨ ਚੁੱਕ ਕੇ ਸ਼ਰਧਾਲੂਆ ਨੇ ਉਸ ਨਵੀਂ ਜੇਲ੍ਹ ਦੇ ਗੇਟ ਅੱਗੇ ਜਾ ਕੇ ਪਹਿਲਾਂ ਤੋਂ ਵੀ ਵੱਧ ਉਤਸ਼ਾਹ ਨਾਲ ਲੰਗਰ ਚਲਾਉਣਾ ਸ਼ੁਰੂ ਕਰ ਦਿੱਤਾ। ਅਜਿਹੀ ਸੇਵਾ ਕਰ ਕੇ ਉਹ ਖੂਬ ਖੁਸ਼ ਹੋ ਰਹੇ ਸਨ। ਸੈਂਕੜਿਆਂ ’ਚੋਂ ਕਿਸੇ ਇੱਕ ਅਜਿਹੇ ਮਾਨਸਿਕ ਰੋਗੀ ਨੂੰ ਜੇ ਜੇਲ੍ਹ ਵਿਚ ਲਿਜਾਇਆ ਜਾਂਦਾ ਹੈ ਤਾਂ ਸਰਕਾਰ, ਸਰਕਾਰ ਦਾ ਸਿਹਤ ਵਿਭਾਗ ਜਾਂ ਸਮਾਜ ਭਲਾਈ ਵਿਭਾਗ ਅਜਿਹੇ ਵਿਅਕਤੀ ਦਾ ਇਲਾਜ ਕਰਾਉਣ ਵਾਸਤੇ ਕਦੇ ਨਹੀਂ ਸੋਚਦਾ।

ਮਹਿੰਦਰ ਸਿੰਘ ‘ਦੋਸਾਂਝ’

ਸਾਡੇ ਦੇਸ਼ ਵਿਚ ਕੋਈ ਵੀ ਕੰਮ ਚਾਲੂ ਕਰਨ ਲਈ ਅਕਸਰ ਪੈਸੇ ਅਤੇ ਕਈ ਤਰ੍ਹਾਂ ਦੇ ਵਸੀਲਿਆਂ ਦੀ ਲੋੜ ਪੈਂਦੀ ਹੈ ਪਰ ਇੱਕ ਕੰਮ ਬਿਨਾਂ ਪੈਸੇ ਤੇ ਬਿਨਾਂ ਕਿਸੇ ਤਰਦੱਦ ਦੇ ਸ਼ੁਰੂ ਕੀਤਾ ਜਾ ਸਕਦਾ ਹੈ, ਇਸ ਕੰਮ ਲਈ ਕਿਸੇ ਤਰ੍ਹਾਂ ਦੇ ਲਾਈਸੈਂਸ ਅਤੇ ਸਰਕਾਰੀ ਅਨੁਮਤੀ ਦੀ ਵੀ ਕੋਈ ਲੋੜ ਨਹੀਂ, ਅਜਿਹੇ ਕੰਮ ਲਈ ਨਾ ਬਹੁਤੀ ਪੜ੍ਹਾਈ ਦੀ, ਨਾ ਕਿਸੇ ਹੁਨਰ ਜਾਂ ਸਿਖਲਾਈ ਦੀ ਲੋੜ ਪੈਂਦੀ ਹੈ, ਬਸ ਥੋੜ੍ਹੀ ਜਿਹੀ ਚੁਸਤੀ ਦੀ ਲੋੜ ਪੈਂਦੀ ਹੈ।
ਅਜਿਹੇ ਕਾਰੋਬਾਰ ਲਈ ਕੋਈ ਵੀ ਥੋੜ੍ਹੇ ਜਿਹੇ ਚੁਸਤ ਸੁਭਾਅ ਵਾਲਾ ਬੰਦਾ ਆਪਣਾ ਇਲਾਕਾ ਛੱਡ ਕੇ ਦੂਰ ਕਿਸੇ ਪਿੰਡ ਨੇੜੇ ਬਿਰਛਾਂ ਦੀ ਝਿੜੀ ਵਿਚ ਬੈਠ ਜਾਵੇ, ਭਗਵੇਂ ਰੰਗ ਦੇ ਕੱਪੜੇ ਪਾ ਕੇ ਸਿਰ ’ਤੇ ਇਸੇ ਰੰਗ ਦਾ ਸਾਫਾ ਲਪੇਟ ਲਵੇਂ ਤੇ ਹੇਠਾਂ ਵਿਛਾ ਲਵੇ ਕਿਸੇ ਕਿਸਾਨ ਦੀ ਪਾਟੀ ਜਿਹੀ ਆਲੂਆਂ ਵਾਲੀ ਖਾਲੀ ਬੋਰੀ ਅਤੇ ਖਾਮੋਸ਼ ਬੈਠ ਜਾਵੇ।
ਸਵੇਰ ਹੋਣ ਤੱਕ ਸੰਤਾਂ ਦੇ ਪਧਾਰਨ ਦੀ ਖ਼ਬਰ ਦੂਰ ਦੂਰ ਤੱਕ ਫੈਲ ਜਾਵੇਗੀ ਤੇ ਲੋਕ ਵਾਰੋਵਾਰੀ ਪੈਰ ਛੱਡਣ ਤੇ ਪੈਰਾਂ ’ਤੇ ਸਿਰ ਧਰਨ ਲਈ ਆ ਕੇ ਇੱਕਠੇ ਹੋ ਜਾਣਗੇ।
ਅਜਿਹੇ ਬੰਦੇ ਨੂੰ ਬਹੁਤਾ ਝੂਠ ਬੋਲਣ ਦੀ ਵੀ ਕੋਈ ਲੋੜ ਨਹੀਂ ਪਵੇਗੀ, ਬਸ ਇਹੋ ਆਖੇ-‘ਚਲੇ ਜਾਓ ਇਥੋਂ! ਇਥੇ ਕੀ ਕਰਨ ਆਏ ਆਂ? ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਸੁਦਾਈਆਂ!!’
ਜਿੰਨੀਆਂ ਏਦਾਂ ਦੀਆਂ ਗੱਲਾਂ ਉਹ ਕਰੇਗਾ ਉੰਨੇ ਵੱਧ ਲੋਕ ਅੱਗੇ ਵਧ ਵਧ ਕੇ ਉਸਦੇ ਪੈਰ ਫੜਨ ਤੇ ਉਹਦੀ ਪੂਜਾ ਕਰਨ ਦੇ ਕੰਮ ਵਿਚ ਜੱਟ ਜਾਣਗੇ। ਸਹਿਜੇ ਸਹਿਜੇ ਸਮਾਜ ’ਚੋਂ ਕਈ ਵਿਹਲੜ ਤੇ ਚਲਾਕ ਲੋਕ ਅਜਿਹੇ ਸੰਤ ਦੇ ਚੇਲੇ ਬਣ ਜਾਣਗੇ, ਅਜਿਹੇ ਚੇਲੇ ਸੰਤਾਂ ਦੇ ਡੇਰੇ ਦਾ ਪ੍ਰਚਾਰ ਕਰਨ ਤੇ ਡੇਰੇ ਦਾ ਕਾਰੋਬਾਰ ਵਧਾਉਣ ਲਈ ਵਰਦਾਨ ਸਾਬਤ ਹੁੰਦੇ ਹਨ, ਵੇਖਦਿਆਂ ਵੇਖਦਿਆਂ ਅਜਿਹੇ ਡੇਰੇ ਸਿਖਰਾਂ ਛੋਹਣ ਲੱਗ ਜਾਂਦੇ ਹਨ ਤੇ ਲੋਕਾਂ ਦੇ ਚੜ੍ਹਾਵੇ ਦਾ ਥੋਕ ਪੈਸਾ ਡੇਰੇ ਵਾਲੇ ਤੰਗਲੀਆਂ ਨਾਲ ਵੀ ਖਿੱਚਣ ਤੱਦ ਵੀ ਢੇਰ ਊਣੇਂ ਨਹੀਂ ਹੋਣਗੇ, ਲੋਈ ਸ਼ਰਧਾਲੂ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਕਰੇਗਾ ਕੇ ਇਹ ਸੰਤ ਕੌਣ ਹੈ ਤੇ ਕਿੱਥੋ ਆਇਆ ਹੈ।
ਆਮ ਲੋਕ ਕਈ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਅਜਿਹੇ ਡੇਰਿਆਂ ਵਿਚ ਆਉਦੇਂ ਹਨ ਜਿਵੇਂ ਉਨ੍ਹਾਂ ਦੇ ਬੇਟਾ ਹੋਵੇਗਾ ਜਾਂ ਬੇਟੀ?, ਉਨ੍ਹਾਂ ਦੇ ਪਰਿਵਾਰ ਦਾ ਕੋਈ ਬੰਦਾ ਵਿਦੇਸ਼ ਚਲਾ ਜਾਵੇਗਾ ਜਾਂ ਨਹੀਂ? ਉਨ੍ਹਾਂ ਦਾ ਮਰੀਜ਼ ਠੀਕ ਹੋਵੇਗਾ ਜਾਂ ਨਹੀ? ਕੀ ਉਨ੍ਹਾਂ ਦਾ ਕਾਰੋਬਾਰ ਸਫਲ ਹੋ ਜਾਵੇਗਾ? ਅਜਿਹੇ ਸਵਾਲਾਂ ਦੇ ਜਵਾਬ ਵਿਚ ਸੰਤ ਅੰਦਾਜ਼ੇ ਨਾਲ ਜਿਵੇਂ ਦਾ ਮਰਜ਼ੀ ਜਵਾਬ ਦੇ ਦੇਣ, ਜਿਥੇ ਕੰਮਾਂ ਤੇ ਲੋੜਾਂ ਵਾਸਤੇ ਲੋਕ ਆਪ ਵੀ ਯਤਨ ਕਰਦੇ ਰਹਿੰਦੇ ਹਨ, ਉਥੇ ਕੁਦਰਤ ਦੇ ਨਿਯਮ ਅਨੁਸਾਰ ਸਫ਼ਲਤਾ ਅਸਫ਼ਲਤਾ ਦਾ ਨਤੀਜਾ ਲਗਪਗ ਪੰਜਾਹ-ਪੰਜਾਹ ਫੀਸਦੀ ਨਿਕਲਦਾ ਹੈ ਪਰ ਜੇ ਸੌ ’ਚੋ ਕੇਵਲ ਇਕ ਬੰਦੇ ਦਾ ਨਤੀਜਾ ਵੀ ਸੰਤਾਂ ਦੇ ਕਹੇ ’ਤੇ ਸ਼ਰਧਾਲੂਆਂ ਦੀ ਇੱਛਾ ਅਨੁਸਾਰ ਨਿਕਲ ਆਵੇ ਤਾਂ ਅਜਿਹਾ ਸ਼ਰਧਾਲੂ ਤੇ ਉਹਦਾ ਪਰਿਵਾਰ ਹੋਰ ਲੋਕਾਂ ਨੂੰ ਨਾਲ ਲੈ ਕੇ ਭੰਡਾਰਾ ਰੱਖ ਕੇ ਤੇ ਉਪਰ ਚਿੱਟਾ ਕੱਪੜਾ ਦੇ ਕੇ ਨੰਗੇ ਪੈਰੀ ਸੰਤਾ ਦੇ ਡੇਰੇ ਪਹੁੰਚਦਾ ਹੈ ਤੇ ਡੇਰੇ ਦਾ ਅਜਿਹਾ ਧੁੰਆਂ ਧਾਰ ਪ੍ਰਚਾਰ ਕਰਦਾ ਹੈ, ਜਿਸ ਤਰ੍ਹਾਂ ਦਾ ਪ੍ਰਚਾਰ ਕਿਸੇ ਵੀ ਸਰਕਾਰ ਦਾ ਲੋਕ ਸੰਪਰਕ ਵਿਭਾਗ ਵੀ ਨਹੀਂ ਕਰ ਸਕਦਾ।
ਅੱਜ ਲੱਖਾਂ ਲੋਕਾਂ ਨੂੰ ਗੁਮਰਾਹ ਕਰ ਕੇ ਨਾਲ ਤੋਰਨ ਵਾਲੇ ਵੱਡੇ ਵੱਡੇ ਡੇਰਿਆਂ ਦੇ ਸੰਚਾਲਕ ਸੰਤਾਂ ’ਚੋਂ ਕਈ ਅਪਰਾਧਕ ਮਾਮਲਿਆਂ ਵਿਚ ਫਸੇ ਜੇਲ੍ਹਾਂ ਵਿਚ ਬੈਠੇ ਹਨ ਤੇ ਕਈਆਂ ’ਤੇ ਕੇਸ ਚੱਲ ਰਹੇ ਹਨ। ਇਨ੍ਹਾਂ ਸੰਤਾਂ ਦੇ ਅਪਰਾਧਕ ਕਾਰਨਾਮੇ ਉਜਾਗਰ ਹੋਣ ’ਤੇ ਵੀ ਅਜਿਹੇ ਸੰਤਾਂ ਲਈ ਉਨ੍ਹਾਂ ਦੇ ਸ਼ਰਧਾਲੂ ਹਾਉਂਕੇ ਭਰ ਰਹੇ ਹਨ ਤੇ ਉਨ੍ਹਾਂ ਦੇ ਦਰਸ਼ਨਾਂ ਲਈ ਤਰਸ ਰਹੇ ਹਨ।

ਸੰਪਰਕ: 9463233991


Comments Off on ਅੰਧ ਵਿਸ਼ਵਾਸ ਦੀਆਂ ਬੇਲਗਾਮ ਰਵਾਇਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.