ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਅਲਗੋਜ਼ਿਆਂ ਦੇ ਸੁਰ ਛੇੜਨ ਵਾਲਾ

Posted On September - 7 - 2019

ਸਤਵਿੰਦਰ ਸਿੰਘ ਬਸਰਾ

ਪੰਜਾਬ ਦੇ ਅਮੀਰ ਵਿਰਸੇ ’ਚ ਲੋਕ ਸਾਜ਼ਾਂ ਦਾ ਅਹਿਮ ਸਥਾਨ ਹੈ। 1980-85 ਤਕ ਅਲਗੋਜ਼ੇ, ਤੂੰਬੀ ਅਤੇ ਤੂੰਬਾ ਆਦਿ ਸਾਜ਼ਾਂ ਦੀ ਪੂਰੀ ਚੜ੍ਹਤ ਹੁੰਦੀ ਸੀ। ਰੇਡੀਓ, ਟੈਲੀਵਿਜ਼ਨ ’ਤੇ ਆਉਂਦਾ ਹਰ ਗਾਇਕ ਇਨ੍ਹਾਂ ਸਾਜ਼ਾਂ ਨਾਲ ਹੀ ਗਾਉਂਦਾ ਸੀ। ਆਧੁਨਿਕ ਹੋਣ ਦੇ ਚੱਕਰ ਵਿਚ ਗਾਇਕ ਇਨ੍ਹਾਂ ਸਾਜ਼ਾਂ ਤੋਂ ਦੂਰ ਹੁੰਦੇ ਗਏ, ਪਰ ਅੱਜ ਵੀ ਜਦੋਂ ਕਿਤੇ ਇਨ੍ਹਾਂ ਪੁਰਾਤਨ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਪੈਰ ਲੋਰ ਵਿਚ ਆ ਕਿ ਥਿਰਕਣੇ ਸ਼ੁਰੂ ਹੋ ਜਾਂਦੇ ਹਨ।
ਲੁਧਿਆਣਾ ਦੇ ਸ਼ਿਮਲਾਪੁਰੀ ਨਾਲ ਲੱਗਦੇ ਇਲਾਕੇ ’ਚ ਰਹਿੰਦਾ ਅਵਤਾਰ ਸਿੰਘ ਕਲੇਰਾਂ ਵਾਲਾ ਇਨ੍ਹਾਂ ਲੋਕ ਸਾਜ਼ਾਂ ਨੂੰ ਅੱਜ ਵੀ ਆਪਣੀ ਹਿੱਕ ਨਾਲ ਲਾ ਕੇ ਲੋਕਾਂ ਵਿਚ ਮਕਬੂਲ ਕਰਨ ਦੀ ਸੇਵਾ ਸੰਭਾਲੀ ਬੈਠਾ ਹੈ। ਉਹ ਸਿਰਫ਼ ਇਨ੍ਹਾਂ ਸਾਜ਼ਾਂ ਨੂੰ ਵਧੀਆ ਵਜਾਉਣ ਦੀ ਕਲਾ ਹੀ ਨਹੀਂ ਜਾਣਦਾ, ਸਗੋਂ ਇਨ੍ਹਾਂ ਨੂੰ ਤਿਆਰ ਵੀ ਆਪ ਹੀ ਕਰਦਾ ਹੈ। ਜਦੋਂ ਉਹ ਸਕੂਲ ਪੜ੍ਹਦਾ ਸੀ ਤਾਂ ਅਲਗੋਜ਼ਿਆਂ ਦੀ ਆਵਾਜ਼ ਉਸ ਦੇ ਧੁਰ ਅੰਦਰ ਤਕ ਉਤਰ ਜਾਂਦੀ ਸੀ। ਬਾਰ੍ਹਵੀਂ ਜਮਾਤ ਕੀਤੀ ਤਾਂ ਉਸ ਨੇ ਅਲਗੋਜ਼ਿਆਂ ਦੇ ਬਾਦਸ਼ਾਹ ਵਜੋਂ ਮਸ਼ਹੂਰ ਉਸਤਾਦ ਤਾਰਾ ਸਿੰਘ ਤੋਂ ਸਿਖਲਾਈ ਲੈ ਲਈ।
ਦਰਅਸਲ, ਅਵਤਾਰ ਨੇ ਲਗਪਗ 15 ਕੁ ਸਾਲ ਪਹਿਲਾਂ 300 ਰੁਪਏ ਵਿਚ ਅਲਗੋਜ਼ਿਆਂ ਦੀ ਜੋੜੀ ਖ਼ਰੀਦੀ ਸੀ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਉਸ ਨੇ ਘਰ ਵਿਚ ਹੀ ਅਲਗੋਜ਼ੇ, ਤੂੰਬੀ ਅਤੇ ਤੂੰਬਾ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਅਲਗੋਜ਼ੇ ਬਣਾਉਣ ਸਬੰਧੀ ਉਹ ਦੱਸਦਾ ਹੈ ਕਿ ਇਸ ਲਈ ਵਿਸ਼ੇਸ਼ ਤਰ੍ਹਾਂ ਦੇ ਬਾਂਸ ਦੀ ਲੋੜ ਹੁੰਦੀ ਹੈ। ਸੁਰ ਕੱਢਣ ਲਈ ਪੰਜ ਸੁਰਾਖ ਬਣਾਏ ਜਾਂਦੇ ਹਨ। ਜਿੱਪੀ ਰਾਹੀਂ ਇਸ ਵਿਚ ਹਵਾ ਮਾਰੀ ਜਾਂਦੀ ਹੈ। ਬਾਂਸ ਨੂੰ ਟੁੱਟਣ ਤੋਂ ਬਚਾਉਣ ਲਈ ਅਲਗੋਜ਼ਿਆਂ ਦੇ ਦੋਵੇਂ ਪਾਸੇ ਪਿੱਤਲ, ਲੋਹੇ ਜਾਂ ਹੋਰ ਕਿਸੇ ਧਾਤ ਦੇ ਕੜੇ ਨੁਮਾ ਛੱਲੇ ਜਿਸ ਨੂੰ ਸੰਬ ਕਹਿੰਦੇ ਹਨ, ਚੜ੍ਹਾਏ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਬਾਂਸਰੀ ਰਾਹੀਂ ਸਿਰਫ਼ ਸੱਤ ਸੁਰ ਕੱਢੇ ਜਾ ਸਕਦੇ ਹਨ, ਪਰ ਅਲਗੋਜ਼ਿਆਂ ਦੀ ਜੋੜੀ ਨਾਲ ਲੋਕ ਗੀਤਾਂ ਦੀ ਹਰ ਧੁਨ ਕੱਢੀ ਜਾ ਸਕਦੀ ਹੈ। ਅਲਗੋਜ਼ਿਆਂ ਦੀ ਜੋੜੀ ਬਣਾਉਂਦੇ ਸਮੇਂ ਇਨ੍ਹਾਂ ਤੋਂ ਪੈਦਾ ਹੁੰਦੀ ਆਵਾਜ਼ ਦਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਲੋਕ ਇਨ੍ਹਾਂ ਦੀ ਦਿੱਖ ਨੂੰ ਸੋਹਣਾ ਬਣਾਉਣ ਲਈ ਪੇਂਟ ਆਦਿ ਕਰ ਲੈਂਦੇ ਹਨ, ਪਰ ਅਜਿਹਾ ਕਰਨ ਨਾਲ ਇਨ੍ਹਾਂ ਵਿਚੋਂ ਨਿਕਲਣ ਵਾਲੀ ਆਵਾਜ਼ ਦੀ ਮਿਠਾਸ ’ਚ ਫ਼ਰਕ ਪੈ ਜਾਂਦਾ ਹੈ। ਉਸ ਅਨੁਸਾਰ ਬਿਨਾਂ ਰੰਗ ਕੀਤੇ ਅਲਗੋਜ਼ੇ ਵਧੀਆ ਮੰਨੇ ਜਾਂਦੇ ਹਨ। ਮੌਜੂਦਾ ਸਮੇਂ ਅਲਗੋਜ਼ਿਆਂ ਦੀ ਇਕ ਜੋੜੀ ਬਾਜ਼ਾਰ ’ਚ 1000 ਰੁਪਏ ਤੋਂ ਲੈ ਕੇ 5000 ਰੁਪਏ ਤਕ ਵਿਕ ਰਹੀ ਹੈ। ਉਹ ਹੁਣ ਤਕ ਅਨੇਕਾਂ ਹੀ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਅਲਗੋਜ਼ਾ ਵਜਾਉਣ ਦੀ ਸਿਖਲਾਈ ਦੇ ਚੁੱਕਾ ਹੈ। ਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਉਹ ਸਾਊਦੀ ਅਰਬ, ਆਬੂਧਾਬੀ, ਮਸਕਟ, ਅਮਰੀਕਾ ਅਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਪੇਸ਼ਕਾਰੀਆਂ ਦੇ ਚੁੱਕਾ ਹੈ। ਉਸ ਦਾ ਮੰਨਣਾ ਹੈ ਕਿ ਰਿਆਜ਼ ਦੇ ਨਾਲ ਹੀ ਕਿਸੇ ਕਲਾ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ।


Comments Off on ਅਲਗੋਜ਼ਿਆਂ ਦੇ ਸੁਰ ਛੇੜਨ ਵਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.