ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਅਮਰੀਕਾ ਵੱਲੋਂ ਖਾੜੀ ’ਚ ਫ਼ੌਜੀ ਦਸਤੇ ਭੇਜਣ ਦਾ ਐਲਾਨ

Posted On September - 22 - 2019

ਵਾਸ਼ਿੰਗਟਨ, 21 ਸਤੰਬਰ

ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੇਜਰ ਜਨਰਲ ਹੁਸੈਨ ਸਲਾਮੀ (ਸੱਜੇ) ਸ਼ਨਿੱਚਰਵਾਰ ਨੂੰ ਤਹਿਰਾਨ ਦੇ ਅਜਾਇਬਘਰ ਵਿੱਚ ਇੱਕ ਡਰੋਨ, ਜਿਸ ਨੂੰ ਇਰਾਨ ਨੇ ਅਮਰੀਕਾ ਦੀ ਆਰਕਿਊ-170 ਸੈਂਟੀਨਿਲ ਡਰੋਨ ਆਖਿਆ ਹੈ, ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਹੁਸੈਨ ਸਲਾਮੀ ਨੇ ਇਰਾਨ ਵਲੋਂ ਫੜੀਆਂ ਗਈਆਂ ਡਰੋਨਾਂ ਦੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। -ਫੋਟੋ: ਏਐੱਫਪੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਹਿਰਾਨ ’ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਨੇ ਖਾੜੀ ਖਿੱਤੇ ’ਚ ਫੌਜੀ ਬਲ ਭੇਜਣ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਮਗਰੋਂ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਹੁਣ ਤੱਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਹਨ ਪਰ ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਕਿਸੇ ਵੀ ਫੌਜੀ ਹਮਲੇ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਵੱਲੋਂ ਇਹ ਦਾਅਵਾ ਕੀਤੇ ਜਾਣ ਕਿ ਤਹਿਰਾਨ ਨੇ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲਾ ਕੀਤਾ ਹੈ, ਮਗਰੋਂ ਅਮਰੀਕਾ ਨੇ ਇਰਾਨ ਦੀ ਕੇਂਦਰੀ ਬੈਂਕ ’ਤੇ ਸਖ਼ਤੀ ਕੀਤੀ ਹੈ। ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਜੂਨ ਵਿੱਚ ਅਮਰੀਕੀ ਡਰੋਨ ’ਤੇ ਹਮਲੇ ਸਮੇਤ ਹੋਏ ਹੋਰ ਹਮਲੇ ਇਰਾਨ ਦੇ ਵੱਧ ਰਹੇ ਹਮਲਾਵਰ ਰੁਖ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਅਪੀਲ ’ਤੇ ਅਮਰੀਕਾ ਆਪਣੇ ਫੌਜੀ ਦਸਤੇ ਖਾੜੀ ਖਿੱਤੇ ’ਚ ਭੇਜੇਗਾ।
ਐਸਪਰ ਨੇ ਕਿਹਾ, ‘ਖਾੜੀ ਮੁਲਕਾਂ ਦੀ ਅਪੀਲ ’ਤੇ ਰਾਸ਼ਟਰਪਤੀ ਨੇ ਅਮਰੀਕੀ ਦਸਤੇ ਤਾਇਨਾਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮੁੱਖ ਤੌਰ ’ਤੇ ਰੱਖਿਆਤਮਕ ਹੋਣਗੇ ਅਤੇ ਉਨ੍ਹਾਂ ਦਾ ਧਿਆਨ ਹਵਾਈ ਤੇ ਮਿਜ਼ਾਈਲ ਸੁਰੱਖਿਆ ’ਤੇ ਹੋਵੇਗਾ।’ ਦੂਜੇ ਪਾਸੇ ਜੁਆਇੰਟ ਚੀਫ਼ਜ਼ ਆਫ ਸਟਾਫ ਜੋਇ ਡਨਫੋਰਡ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਗਿਣਤੀ ਹਜ਼ਾਰ ਸੈਨਿਕਾਂ ਤੋਂ ਘੱਟ ਹੋਵੇਗੀ ਪਰ ਉਨ੍ਹਾਂ ਪੂਰਾ ਅੰਕੜਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਟਰੰਪ ਆਪਣੇ ਆਲੋਚਕਾਂ ’ਤੇ ਵਰ੍ਹੇ ਜੋ ਇਹ ਦਾਅਵਾ ਕਰ ਰਹੇ ਹਨ ਕਿ ਟਰੰਪ ਇਰਾਨ ਵਿੱਚ ਜੰਗ ਲਈ ਆਪਣੇ ਫੌਜੀ ਦਸਤੇ ਭੇਜ ਰਹੇ ਹਨ। ਉਨ੍ਹਾਂ ਕਿਹਾ, ‘ਇਰਾਨ ਨੂੰ ਕੰਟਰੋਲ ਕਰਨ ਲਈ ਮੇਰੇ ਕੋਲ 15 ਸੌਖੇ ਢੰਗ ਹਨ ਪਰ ਮੇਰਾ ਮੰਨਣਾ ਹੈ ਕਿ ਤਾਕਤਵਰ ਵਿਅਕਤੀ ਨੂੰ ਥੋੜ੍ਹਾ ਸਬਰ ਦਿਖਾਉਣਾ ਚਾਹੀਦਾ ਹੈ।’ -ਪੀਟੀਆਈ

ਇਰਾਨ ਨੇ ਜੰਗ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ
ਤਹਿਰਾਨ: ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਦੇਸ਼ ਇਰਾਨ ’ਤੇ ਹਮਲਾ ਕਰੇਗਾ ਉਹ ਆਪਣੇ ਇਲਾਕੇ ਨੂੰ ‘ਮੁੱਖ ਜੰਗ ਦਾ ਮੈਦਾਨ’ ਬਣਦਾ ਦੇਖੇਗਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੇਜਰ ਜਨਰਲ ਹੁਸੈਨ ਸਲਾਮੀ ਨੇ ਕਿਹਾ ਕਿ ਇਰਾਨ ਕਿਸੇ ਵੀ ਸਥਿਤੀ ਲਈ ਤਿਆਰ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਜੋ ਵੀ ਆਪਣੇ ਮੁਲਕ ਨੂੰ ਜੰਗ ਦਾ ਮੈਦਾਨ ਬਣਿਆ ਦੇਖਣਾ ਚਾਹੁੰਦਾ ਹੈ ਉਹ ਅੱਗੇ ਵਧੇ। ਅਸੀਂ ਇਰਾਨ ’ਚ ਕਿਸੇ ਵੀ ਤਰ੍ਹਾਂ ਦੀ ਜੰਗ ਨਹੀਂ ਹੋਣ ਦਿਆਂਗੇ। ਸਾਨੂੰ ਆਸ ਹੈ ਕਿ ਉਹ ਕੋਈ ਰਣਨੀਤਕ ਗਲਤੀ ਨਹੀਂ ਕਰਨਗੇ’ ਇਸੇ ਦੌਰਾਨ ਇਰਾਨ ਨੇ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਪਿੱਛੇ ਤਹਿਰਾਨ ਦਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਹੈ। -ਏਐੱਫਪੀ


Comments Off on ਅਮਰੀਕਾ ਵੱਲੋਂ ਖਾੜੀ ’ਚ ਫ਼ੌਜੀ ਦਸਤੇ ਭੇਜਣ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.