ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਅਧਿਆਪਕ ਤੇ ਵਿਦਿਆਰਥੀ ਦੀ ਸਾਂਝ

Posted On September - 6 - 2019

ਪ੍ਰੋ.ਅੱਛਰੂ ਸਿੰਘ

ਇੱਕ ਸੱਚੀ ਅਮਰੀਕਨ ਕਹਾਣੀ
ਅਮਰੀਕਾ ਦੇ ਇੱਕ ਜੂਨੀਅਰ ਸਕੂਲ ਵਿੱਚ ਸ੍ਰੀਮਤੀ ਥਾਂਪਸਨ ਨਾਮ ਦੀ ਇੱਕ ਅਧਿਆਪਕਾ ਸੇਵਾ ਕਰ ਰਹੀ ਸੀ, ਜਦ ਸਕੂਲ ਦੇ ਪਹਿਲੇ ਹੀ ਦਿਨ ਆਪਣੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅੱਗੇ ਖੜ੍ਹੀ ਉਹ ਹੋਰ ਬਹੁ-ਗਿਣਤੀ ਅਧਿਆਪਕਾਂ ਵਾਂਗ, ਉਨ੍ਹਾਂ ਵੱਲ ਦੇਖਦੀ ਹੋਈ ਕਹਿ ਰਹੀ ਸੀ ਕਿ ਉਹ ਉਨ੍ਹਾਂ ਸਭ ਨੂੰ ਸਮਾਨ ਰੂਪ ਵਿੱਚ ਪਿਆਰ ਕਰਦੀ ਹੈ ਤਾਂ ਉਹ ਕੋਰਾ ਝੂਠ ਬੋਲ ਰਹੀ ਸੀ। ਇਹ ਹੋ ਹੀ ਨਹੀਂ ਸਕਦਾ ਸੀ ਕਿਉਂਕਿ ਉਸ ਦੇ ਸਾਹਮਣੇ ਪਹਿਲੀ ਹੀ ਕਤਾਰ ਵਿੱਚ ਟੈਡੀ ਸਟੌਡਰਡ ਨਾਮ ਦਾ ਲੜਕਾ ਆਪਣੀ ਸੀਟ ’ਤੇ ਟੇਢਾ ਜਿਹਾ ਬੈਠਾ ਸੀ। ਸ੍ਰੀਮਤੀ ਥਾਂਪਸਨ ਟੈਡੀ ਨੂੰ ਪਿਛਲੇ ਸਾਲ ਤੋਂ ਹੀ ਦੇਖ ਰਹੀ ਸੀ ਅਤੇ ਉਸ ਦੇ ਲਗਾਤਾਰ ਧਿਆਨ ਵਿਚ ਆ ਰਿਹਾ ਸੀ ਕਿ ਟੈਡੀ ਬਹੁਤ ਘੱਟ ਨਹਾ ਕੇ ਆਉਂਦਾ ਹੈ। ਉਸਦੇ ਕੱਪੜੇ ਹਮੇਸ਼ਾਂ ਗੰਦੇ ਮੰਦੇ ਹੁੰਦੇ ਹਨ ਅਤੇ ਉਹ ਦੂਸਰੇ ਬੱਚਿਆਂ ਨਾਲ ਘੱਟ-ਵੱਧ ਹੀ ਹੱਸਦਾ-ਖੇਡਦਾ ਸੀ। ਕਦੀ-ਕਦੀ ਉਹ ਕਿਸੇ ਨੂੰ ਰੁੱਖਾ ਵੀ ਬੋਲ ਪੈਂਦਾ ਸੀ।
ਕੁਝ ਸਮੇਂ ਬਾਅਦ ਤਾਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਜਦ ਥਾਂਪਸਨ ਟੈਡੀ ਦੇ ਪੇਪਰਾਂ ਦਾ ਮੁਲਾਂਕਣ ਕਰ ਰਹੀ ਹੁੰਦੀ ਤਾਂ ਉਨ੍ਹਾਂ ਉੱਪਰ ਮੋਟੇ ਜਿਹੇ ਨਿਬ ਵਾਲੇ ਲਾਲ ਪੈਨ ਨਾਲ ਕਾਟੇ ਮਾਰ ਕੇ ਉਸ ਨੂੰ ਸੁਆਦ ਜਿਹਾ ਆਉਣ ਲੱਗ ਪਿਆ, ਜਿਸ ਸਕੂਲ ਵਿੱਚ ਸ੍ਰੀਮਤੀ ਥਾਂਪਸਨ ਪੜ੍ਹਾਉਂਦੀ ਸੀ ਉੱਥੇ ਅਧਿਆਪਕ ਨੂੰ ਆਪਣੀ ਜਮਾਤ ਦੇ ਹਰ ਬੱਚੇ ਦਾ ਪਿਛਲਾ ਰਿਕਾਰਡ ਜ਼ਰੂਰ ਦੇਖਣਾ ਪੈਂਦਾ ਸੀ ਅਤੇ ਥਾਂਪਸਨ ਨੇ ਟੈਡੀ ਦੀ ਫਾਈਲ ਸਭ ਤੋਂ ਅਖੀਰ ਵਿੱਚ ਖੋਲ੍ਹੀ। ਉਸ ਦੀ ਪਹਿਲੀ ਜਮਾਤ ਦੀ ਅਧਿਆਪਕਾ ਨੇ ਲਿਖਿਆ ਸੀ ਕਿ ਟੈਡੀ ਇੱਕ ਬਹੁਤ ਹੀ ਹੁਸ਼ਿਆਰ ਅਤੇ ਹੱਸ-ਮੁੱਖ ਬੱਚਾ ਹੈ। ਉਹ ਆਪਣਾ ਕੰਮ ਬਹੁਤ ਸਫਾਈ ਨਾਲ ਕਰਦਾ ਹੈ ਅਤੇ ਬਹੁਤ ਚੰਗੀ ਤਹਿਜ਼ੀਬ ਰੱਖਦਾ ਹੈ।
ਉਸ ਦੀ ਦੂਜੀ ਜਮਾਤ ਦੀ ਅਧਿਆਪਕਾ ਨੇ ਲਿਖਿਆ ਸੀ ਕਿ ਟੈਡੀ ਇੱਕ ਬਹੁਤ ਵਧੀਆ ਵਿਦਿਆਰਥੀ ਹੈ ਅਤੇ ਉਸ ਦੇ ਜਮਾਤੀ ਉਸ ਨੂੰ ਬਹੁਤ ਪਸੰਦ ਕਰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਕਾਫੀ ਉਦਾਸ ਰਹਿੰਦਾ ਹੈ। ਪਤਾ ਲੱਗਾ ਹੈ ਕਿ ਉਸ ਦੀ ਮਾਤਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ ਅਤੇ ਘਰ ਦੇ ਹਾਲਾਤ ਠੀਕ ਨਹੀਂ ਹਨ। ਉਸ ਦੀ ਤੀਜੀ ਜਮਾਤ ਦੀ ਅਧਿਆਪਕਾ ਨੇ ਲਿਖਿਆ ਸੀ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਉਸ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਹੈ। ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦਾ ਪਿਤਾ ਉਸ ਵਿੱਚ ਬਿਲਕੁਲ ਹੀ ਕੋਈ ਦਿਲਚਸਪੀ ਨਹੀਂ ਲੈ ਰਿਹਾ। ਜੇਕਰ ਜਲਦੀ ਕੋਈ ਉਪਾਅ ਨਾ ਹੋਇਆ ਤਾਂ ਉਸ ਦਾ ਪਰਿਵਾਰਕ ਜੀਵਨ ਉਸ ’ਤੇ ਬਹੁਤ ਬੁਰਾ ਪ੍ਰਭਾਵ ਪਾ ਸਕਦਾ ਹੈ।

ਪ੍ਰੋ.ਅੱਛਰੂ ਸਿੰਘ

ਹੁਣ ਤਕ ਸ੍ਰੀਮਤੀ ਥਾਂਪਸਨ ਨੇ ਸਾਰੀ ਸਮੱਸਿਆ ਸਮਝ ਲਈ ਸੀ ਅਤੇ ਉਹ ਆਪਣੇ ਆਪ ’ਤੇ ਸ਼ਰਮਿੰਦਾ ਹੋ ਰਹੀ ਸੀ। ਉਸ ਸਮੇਂ ਉਹ ਕੁਝ ਹੋਰ ਵੀ ਸ਼ਰਮਿੰਦੀ ਪੈ ਰਹੀ ਸੀ ਜਦ ਟੈਡੀ ਤੋਂ ਇਲਾਵਾ ਉਸ ਦੇ ਬਾਕੀ ਵਿਦਿਆਰਥੀ ਉਸ ਦੇ ਲਈ ਸੋਹਣੇ-ਸੋਹਣੇ ਰਿਬਨਾਂ ਅਤੇ ਚਮਕਦਾਰ ਕਾਗਜ਼ਾਂ ਵਿੱਚ ਲਪੇਟੇ ਹੋਏ ਆਪਣੇ ਕ੍ਰਿਸਮਸ ਦੇ ਤੋਹਫੇ ਉਸ ਨੂੰ ਭੇਟ ਕਰ ਰਹੇ ਸਨ। ਟੈਡੀ ਨੇ ਆਪਣਾ ਤੋਹਫਾ ਕਿਸੇ ਪੰਸਾਰੀ ਦੀ ਦੁਕਾਨ ਤੋਂ ਮਿਲੇ ਖ਼ਾਕੀ ਲਿਫ਼ਾਫ਼ੇ ਵਾਲੇ ਕਾਗਜ਼ ਵਿੱਚ ਦੇਸੀ ਜਿਹੇ ਢੰਗ ਨਾਲ ਲਪੇਟ ਕੇ ਉਸ ਨੂੰ ਪੇਸ਼ ਕੀਤਾ। ਥਾਂਪਸਨ ਨੇ ਬਾਕੀ ਤੋਹਫਿਆਂ ਵਾਂਗ ਇਸ ਤੋਹਫੇ ਨੂੰ ਬੜੇ ਪਿਆਰ ਨਾਲ ਖੋਲ੍ਹਿਆ। ਇਹ ਤੋਹਫ਼ਾ ਇੱਕ ਪੁਰਾਣਾ ਬਲੌਰੀ ਕੰਗਣ ਸੀ, ਜਿਸ ’ਚੋਂ ਕੁਝ ਨਗ ਨਿੱਕਲੇ ਹੋਏ ਸਨ ਅਤੇ ਇਸ ਨਾਲ ਇੱਕ ਇਤਰ ਦੀ ਸ਼ੀਸ਼ੀ ਸੀ, ਜਿਸ ਵਿੱਚ ਕੇਵਲ ਚੌਥਾ ਕੁ ਹਿੱਸਾ ਇੱਤਰ ਸੀ। ਇਨ੍ਹਾਂ ਪੁਰਾਣੇ ਜਿਹੇ ਤੋਹਫਿਆਂ ਨੂੰ ਦੇਖ ਕੇ ਜਮਾਤ ਦੇ ਕੁਝ ਬੱਚਿਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਪਰ ਸ੍ਰੀਮਤੀ ਥਾਂਪਸਨ ਨੇ ਉਸ ਕੰਗਣ ਨੂੰ ਪਹਿਨ ਕੇ ਅਤੇ ਸ਼ੀਸ਼ੀ ਵਿੱਚੋਂ ਕੁਝ ਇਤਰ ਆਪਣੇ ਉੱਪਰ ਛਿੜਕ ਕੇ ਇਹ ਕਹਿ ਕੇ ਸਭ ਦਾ ਹਾਸਾ ਰੋਕ ਦਿੱਤਾ ਕਿ ਇਹ ਤੋਹਫਾ ਸੱਚਮੁੱਚ ਹੀ ਬਹੁਤ ਸੋਹਣਾ ਹੈ ਅਤੇ ਉਸ ਨੂੰ ਬਹੁਤ ਪਸੰਦ ਹੈ।
ਉਸ ਦਿਨ ਛੁੱਟੀ ਤੋਂ ਬਾਅਦ ਵੀ ਟੈਡੀ ਘਰ ਨਹੀਂ ਗਿਆ ਅਤੇ ਉਹ ਸ੍ਰੀਮਤੀ ਥਾਂਪਸਨ ਨੂੰ ਇਹ ਕਹਿਣ ਲਈ ਰੁਕਿਆ ਰਿਹਾ, ‘’ਸ੍ਰੀਮਤੀ ਥਾਂਪਸਨ, ਅੱਜ ਤੁਹਾਡੇ ਵਿੱਚੋਂ ਬਿਲਕੁਲ ਉਸੇ ਤਰ੍ਹਾਂ ਦੀ ਖੁਸ਼ਬੂ ਆ ਰਹੀ ਹੈ, ਜਿਸ ਤਰ੍ਹਾਂ ਦੀ ਮੇਰੀ ਮੰਮੀ ਵਿੱਚੋਂ ਆਇਆ ਕਰਦੀ ਸੀ। ਬੱਚਿਆਂ ਦੇ ਜਾ ਚੁੱਕਣ ਤੋਂ ਬਾਅਦ ਅਧਿਆਪਕਾ ਘੱਟੋ ਘੱਟ ਅੱਧਾ ਘੰਟਾ ਰੋਂਦੀ ਰਹੀ। ਉਸ ਦਿਨ ਤੋਂ ਉਸ ਨੇ ਬੱਚਿਆਂ ਨੂੰ ਕੇਵਲ ਪੜ੍ਹਨਾ, ਲਿਖਣਾ ਤੇ ਗਣਿਤ ਪੜ੍ਹਾਉਣਾ ਛੱਡ ਦਿੱਤਾ ਅਤੇ ਇਨ੍ਹਾਂ ਦੀ ਬਜਾਏ ਉਹ ਬੱਚਿਆਂ ਨੂੰ ਸਹੀ ਅਰਥਾਂ ਵਿੱਚ ਪੜ੍ਹਾਉਣ ਲੱਗ ਪਈ। ਹੁਣ ਉਹ ਟੈਡੀ ਵੱਲ ਵਿਸ਼ੇਸ਼ ਧਿਆਨ ਦਿੰਦੀ ਸੀ। ਜਦ ਇਸ ਤਰ੍ਹਾਂ ਹੋਇਆ ਤਾਂ ਟੈਡੀ ਵੀ ਸਕੂਲ ਵਿੱਚ ਦਿਲ ਤੋਂ ਆਉਣ ਲੱਗ ਪਿਆ ਅਤੇ ਜਿੰਨਾ ਵੱਧ ਉਹ ਉਸ ਨੂੰ ਉਤਸ਼ਾਹਿਤ ਕਰਦੀ ਸੀ, ਉਨਾ ਹੀ ਵੱਧ ਤੇਜ਼ੀ ਨਾਲ ਉਹ ਆਪਣੀ ਪੜ੍ਹਾਈ ਵਿੱਚ ਅੱਗੇ ਵੱਧ ਰਿਹਾ ਸੀ। ਸਾਲ ਦੇ ਅੰਤ ਤੱਕ ਟੈਡੀ ਜਮਾਤ ਦੇ ਸਭ ਤੋਂ ਹੁਸ਼ਿਆਰ ਬੱਚਿਆਂ ਵਿੱਚੋਂ ਸੀ ਅਤੇ ਉਸ ਦੇ ਇਸ ਝੂਠ ਦੇ ਬਾਵਜੂਦ ਕਿ ਉਹ ਸਾਰੇ ਬੱਚਿਆਂ ਨੂੰ ਸਮਾਨ ਪਿਆਰ ਕਰਦੀ ਸੀ, ਟੈਡੀ ਉਸ ਦਾ ਖਾਸ ਚਹੇਤਾ ਬਣ ਚੁੱਕਾ ਸੀ। ਇੱਕ ਸਾਲ ਬਾਅਦ ਉਸ ਨੂੰ ਆਪਣੇ ਬੂਹੇ ਹੇਠੋਂ ਟੈਡੀ ਵੱਲੋਂ ਲਿਖੀਆਂ ਕੁਝ ਸਤਰਾਂ ਮਿਲੀਆਂ। ਉਸਨੇ ਲਿਖਿਆ ਸੀ, ‘’ਸ੍ਰੀਮਤੀ ਥਾਂਪਸਨ, ਤੁਸੀਂ ਹੁਣ ਤੱਕ ਮੇਰੀ ਸਭ ਤੋਂ ਵਧੀਆ ਅਧਿਆਪਕਾ ਹੋ।’’ ਛੇ ਸਾਲ ਬਾਅਦ ਉਸ ਨੂੰ ਪੜ੍ਹਨ ਲਈ ਇੱਕ ਹੋਰ ਲਿਖਤ ਮਿਲੀ। ਉਸ ਨੇ ਲਿਖਿਆ ਸੀ ਕਿ ਉਸ ਨੇ ਆਪਣੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਉਸ ਨੇ ਜਮਾਤ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਹਾਲੇ ਤੱਕ ਉਹ ਹੀ ਉਸ ਦੀ ਸਭ ਤੋਂ ਵਧੀਆ ਅਧਿਆਪਕਾ ਹੈ। ਚਾਰ ਸਾਲ ਬਾਅਦ ਉਸ ਨੂੰ ਟੈਡੀ ਵੱਲੋਂ ਇੱਕ ਹੋਰ ਪੱਤਰ ਪ੍ਰਾਪਤ ਹੋਇਆ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਭਾਵੇਂ ਕਦੀ-ਕਦਾਈਂ ਉਸ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਫਿਰ ਵੀ ਉਸ ਨੇ ਆਪਣੀ ਪੜ੍ਹਾਈ ਨਹੀਂ ਛੱਡੀ ਅਤੇ ਜਲਦੀ ਹੀ ਉਹ ਵਿਸ਼ੇਸ਼ ਦਰਜੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਵੇਗਾ। ਚਾਰ ਸਾਲ ਹੋਰ ਗੁਜ਼ਰ ਗਏ ਅਤੇ ਸ੍ਰੀਮਤੀ ਥਾਂਪਸਨ ਨੂੰ ਇੱਕ ਹੋਰ ਪੱਤਰ ਮਿਲਿਆ, ਜਿਸ ਵਿਚ ਉਸ ਨੇ ਸ੍ਰੀਮਤੀ ਥਾਂਪਸਨ ਨੂੰ ਇੱਕ ਵਾਰ ਫਿਰ ਆਪਣੀ ਸਭ ਤੋਂ ਵਧੀਆ ਅਧਿਆਪਕ ਐਲਾਨਿਆ ਸੀ ਤੇ ਇਸ ਵਾਰ ਪੱਤਰ ਹੇਠ ਜੋ ਨਾਮ ਲਿਖਿਆ ਹੋਇਆ ਸੀ ਉਹ ਸੀ ਥਿਊਡਰ ਐੱਫ ਸਟੌਡਰਡ, ਐੱਮਡੀ।
ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ, ਥਾਂਪਸਨ ਨੂੰ ਉਸ ਬਸੰਤ ਰੁੱਤ ਇੱਕ ਹੋਰ ਪੱਤਰ ਮਿਲਿਆ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ਨੂੰ ਆਪਣੀ ਪਸੰਦ ਦੀ ਲੜਕੀ ਮਿਲ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ। ਉਸ ਨੇ ਅੱਗੇ ਲਿਖਿਆ ਸੀ ਕਿ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਵਿਆਹ ਸਮੇਂ ਦੁਲਹੇ ਦੇ ਮਾਤਾ-ਪਿਤਾ ਲਈ ਬੈਠਣ ਵਾਲੇ ਸਥਾਨ ’ਤੇ ਬੈਠਣ ਵਾਲਾ ਉਸਦਾ ਹੁਣ ਕੋਈ ਨਹੀਂ ਹੈ। ਕੀ ਉਹ ਇਸ ਸਥਾਨ ’ਤੇ ਬੈਠਣ ਲਈ ਸਹਿਮਤ ਹੋ ਸਕਦੀ ਹੈ? ਅਧਿਆਪਕਾ ਇਹ ਜ਼ਿੰਮੇਵਾਰੀ ਨਿਭਾਉਣ ਲਈ ਖੁਸ਼ੀ-ਖੁਸ਼ੀ ਸਹਿਮਤ ਹੋ ਗਈ। ਸ੍ਰੀਮਤੀ ਥਾਂਪਸਨ ਨੇ ਉਹੀ ਪੁਰਾਣਾ ਬਲੌਰੀ ਕੰਗਣ ਪਹਿਨਿਆਂ ਹੋਇਆ ਸੀ, ਜਿਸ ਵਿੱਚੋਂ ਕੁਝ ਨਗ ਨਿੱਕਲੇ ਹੋਏ ਸਨ। ਉਸ ਨੇ ਇਹ ਗੱਲ ਵੀ ਯਕੀਨੀ ਬਣਾਈ ਸੀ ਕਿ ਉਸਨੇ ਆਪਣੇ ਉੱਪਰ ਉਹੀ ਇਤਰ ਛਿੜਕਿਆ ਹੋਇਆ ਸੀ, ਜਿਹੜਾ ਟੈਡੀ ਅਨੁਸਾਰ ਉਸ ਦੀ ਮਾਂ ਨੇ ਕ੍ਰਿਸਮਸ ਵਾਲੇ ਦਿਨ ਆਖਰੀ ਵਾਰ ਆਪਣੇ ਉੱਪਰ ਛਿੜਕਿਆ ਸੀ।
ਡਾਕਟਰ ਸਟੌਡਰਡ ਅਤੇ ਸ੍ਰੀਮਤੀ ਥਾਂਪਸਨ ਮਾਂ-ਪੁੱਤ ਵਾਂਗ ਇੱਕ-ਦੂਜੇ ਨੂੰ ਆਪਣੇ ਨਾਲ ਘੁੱਟ ਰਹੇ ਸਨ ਅਤੇ ਉਹ ਉਸ ਦੇ ਕੰਨ ਵਿੱਚ ਕਹਿ ਰਿਹਾ ਸੀ, ‘’ਮੇਰੇ ਵਿੱਚ ਵਿਸ਼ਵਾਸ ਕਰਨ ਲਈ ਤਹਿ ਦਿਲੋਂ ਧੰਨਵਾਦ, ਸ੍ਰੀਮਤੀ ਥਾਂਪਸਨ। ਸ੍ਰੀਮਤੀ ਥਾਂਪਸਨ ਨੇ ਆਪਣੀਆਂ ਅੱਖਾਂ ਵਿੱਚ ਹੰਝੂ ਭਰਦਿਆਂ ਅਤੇ ਉਸ ਦੀ ਗੱਲ ਦਾ ਜਵਾਬ ਦਿੰਦੇ ਹੌਲੀ ਜਿਹੀ ਬੋਲਦੇ ਹੋਏ ਕਿਹਾ, ‘’ਟੈਡੀ, ਤੂੰ ਬਿਲਕੁਲ ਗਲਤ ਕਹਿ ਰਿਹਾ ਹੈ, ਸੱਚ ਤਾਂ ਇਹ ਹੈ ਕਿ ਮੈਨੂੰ ਇਹ ਤੂੰ ਸਿਖਾਇਆ ਹੈ ਕਿ ਮੈਂ ਵੀ ਕੁਝ ਕਰ ਸਕਦੀ ਹਾਂ। ਤੈਨੂੰ ਮਿਲਣ ਤੋਂ ਪਹਿਲਾਂ ਤਾਂ ਮੈਨੂੰ ਪੜ੍ਹਾਉਣਾ ਹੀ ਨਹੀਂ ਆਉਂਦਾ ਸੀ।’
(ਸ਼੍ਰੋਮਣੀ ਸਾਹਿਤਕਾਰ)
292/13, ਸੁਹਜ ਵਿਲਾ, ਸਰਹਿੰਦ
ਸੰਪਰਕ : 98155-01381


Comments Off on ਅਧਿਆਪਕ ਤੇ ਵਿਦਿਆਰਥੀ ਦੀ ਸਾਂਝ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.