‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਅਧਿਆਪਕ ਤੇ ਅਧਿਆਪਨ ਕਾਰਜ ਦੀ ਅਹਿਮੀਅਤ

Posted On September - 5 - 2019

ਅਧਿਆਪਕ ਦਿਵਸ ਮੌਕੇ ’ਤੇ

ਡਾ. ਕੁਲਦੀਪ ਸਿੰਘ

ਸਮਾਜ ਵਿਚ ਅਧਿਆਪਕ ਦਾ ਸਥਾਨ ਬੇਹੱਦ ਅਹਿਮ ਹੈ। ਅਧਿਆਪਕ ਨੂੰ ਵੱਖ-ਵੱਖ ਕਮਿਸ਼ਨਾਂ ਅਤੇ ਰਿਪੋਰਟਾਂ ਵਿਚ ਰਾਸ਼ਟਰ ਦਾ ਨਿਰਮਾਤਾ ਆਖਿਆ ਗਿਆ ਹੈ। ਉਸ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਆਦਰਸ਼ਮਈ ਸੋਚ ਦਾ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਉਹ ਤਬਦੀਲੀ ਦਾ ਅਜਿਹਾ ਵਾਹਕ ਹੈ ਜੋ ਆਪਣੇ ਆਦਰਸ਼, ਪ੍ਰਤੀਬੱਧਤਾ ਅਤੇ ਪੜ੍ਹਾਉਣ ਦੀ ਕਾਰਗੁਜ਼ਾਰੀ ਰਾਹੀਂ ਵਿਦਿਆਰਥੀਆਂ ਵਿਚ ਨਵੀਂ ਰੌਸ਼ਨੀ ਅਤੇ ਸੂਝ ਨੂੰ ਪ੍ਰਫੁੱਲਤ ਕਰਦਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕਹਿਣਾ ਸੀ ਕਿ ਡਾ. ਰਾਧਾਕ੍ਰਿਸ਼ਨਨ ਇਕ ਸ਼ਾਨਦਾਰ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਮਕਬੂਲ ਅਧਿਆਪਕ ਸਨ। ਡਾ. ਐਸ. ਰਾਧਾਕ੍ਰਿਸ਼ਨਨ ਨੇ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ (1948) ਵਿਚ ਦਰਜ ਕੀਤਾ ਕਿ ਸਾਡੀਆਂ ਸੰਸਥਾਵਾਂ ਦੇ ਕਾਰਜ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਅਸੀਂ ਵਿਦਿਆ ਪ੍ਰਦਾਨ ਕਰਦੇ ਸਮੇਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ, ਸੋਝੀ, ਕਲਾਵਾਂ, ਫਿਲਾਸਫੀ ਅਤੇ ਸਮਾਜਿਕ ਦ੍ਰਿਸ਼ਟੀਕੋਣ ਵਾਲੀ ਸੋਚਣੀ ਨੂੰ ਪ੍ਰਫੁੱਲਤ ਕਰੀਏ। ਪ੍ਰਸਿੱਧ ਚਿੰਤਕ ਨੋਮ ਚੌਮਸਕੀ ਨੇ ਪ੍ਰਸਿੱਧ ਸਿੱਖਿਅਕ ਪੌਲ ਫਰੇਰੇ ਦੀ ਸੰਸਾਰ ਪ੍ਰਸਿੱਧ ਪੁਸਤਕ ‘ਦੱਬੇ ਹੋਏ ਬੱਚਿਆਂ ਨੂੰ ਪੜ੍ਹਾਉਣ ਦਾ ਅਧਿਆਪਨ’ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਪੌਲ ਫਰੇਰੇ ਨੇ ਦਬੇ ਹੋਏ ਬੱਚਿਆਂ ਨੂੰ ਪੜ੍ਹਾਉਣ ਦਾ ਨਵਾਂ ਰਸਤਾ ਪ੍ਰਦਾਨ ਕੀਤਾ।
ਅਧਿਆਪਕ ਸਿਰਫ਼ ਵਿਦਿਆਰਥੀਆਂ ਤੱਕ ਗਿਆਨ ਦਾ ਸੰਚਾਰ ਹੀ ਨਹੀਂ ਕਰਦੇ ਬਲਕਿ ਉਹ ਉਨ੍ਹਾਂ ਨੂੰ ਸਚਾਈ ਦੀ ਖੋਜ ਦੇ ਰਸਤੇ ‘ਤੇ ਵੀ ਤੋਰਦੇ ਹਨ। ਸਭ ਤੋਂ ਸ਼ਾਨਦਾਰ ਅਧਿਆਪਕ ਉਸ ਨੂੰ ਮੰਨਿਆ ਜਾਂਦਾ ਹੈ ਜੋ ਵਿਦਿਆਰਥੀਆਂ ਵਿਚ ਨਵੇਂ ਕਿਸਮ ਦੀ ਉਤੇਜਨਾ ਅਤੇ ਰੁਚੀ ਵਿਕਸਤ ਕਰਦਾ ਹੋਵੇ ਅਤੇ ਉਸ ਨੂੰ ਇਕ ਪੂਰਨ ਇਨਸਾਨ ਸਮਝ ਕੇ ਉਸ ਦੀ ਸੋਚਣ ਸ਼ਕਤੀ ਨੂੰ ਤਾਕਤਵਰ ਬਣਾਉਂਦਾ ਹੋਵੇ। ਸਿੱਖਿਆ ਦੇ ਸਵਾਲ ਨੂੰ ਵਿਚਾਰਧਾਰਕ ਅਤੇ ਬੌਧਿਕ ਦ੍ਰਿਸ਼ਟੀਕੋਣ ਤੋਂ ਵਿਕਸਤ ਕਰਨ ਵਾਲੇ ਰਵਿੰਦਰ ਨਾਥ ਟੈਗੋਰ ਜਿਨ੍ਹਾਂ ਨੂੰ ਰੂਸੋ, ਪਿਸ਼ਟਲੋਜੀ, ਫਰੇਬੈਲ, ਮੈਨਟੇਸਰੀ ਅਤੇ ਜੋਨ ਡੈਵੀ ਦੇ ਬਰਾਬਰ ਸਿੱਖਿਆ ਦੀਆਂ ਫਿਲਾਸਫੀਆਂ ਵਿਚ ਰੱਖਿਆ ਹੈ, ਨੇ ਸਿੱਖਿਆ ਦੇ ਟੀਚੇ ਨਿਰਧਾਰਤ ਕਰਦਿਆਂ ਲਿਖਿਆ ਅਧਿਆਪਨ ਕਾਰਜ ਕਰਨ ਵਾਲਾ ਅਧਿਆਪਕ ਅਜਿਹੇ ਖੂਬਸੂਰਤ ਦਿਮਾਗ ਅਤੇ ਮਨ ਦਾ ਮਾਲਕ ਹੁੰਦਾ ਹੈ, ਜਿਸ ਵਿਚ ਗਿਆਨ ਆਜ਼ਾਦ ਰੂਪ ਵਿਚ ਵਿਚਰਦਾ ਹੈ। ਜਿਸ ਦਾ ਮਨ ਦੂਰ ਅਗਾਂਹ ਤੱਕ ਕਹਿਣੀ ਅਤੇ ਕਰਨੀ ਵਿਚ ਆਜ਼ਾਦ ਰੂਪ ਵਿਚ ਵਿਦਿਆਰਥੀ ਲਈ ਰਸਤੇ ਪ੍ਰਦਾਨ ਕਰਦਾ ਹੈ, ਪਰ ਇਸ ਦਾ ਮੂਲ ਆਧਾਰ ਅਧਿਆਪਕ ਦੀ ਪ੍ਰਤੀਬੱਧਤਾ ਉਪਰ ਨਿਰਭਰ ਕਰਦਾ ਹੈ।

ਡਾ. ਕੁਲਦੀਪ ਸਿੰਘ

ਸਿੱਖਿਆ ਸ਼ਾਸਤਰੀਆਂ ਅਨੁਸਾਰ ਚੰਗੇ ਅਧਿਆਪਨ ਕਾਰਜ ਵਿਚ ਤਿੰਨ ਖੂਬੀਆਂ ਕਿਰਿਆਸ਼ੀਲ ਹੁੰਦੀਆਂ ਹਨ: ਪਹਿਲੀ ਉਸਦੇ ਅਧਿਆਪਨ ਕਾਰਜ ਵਿਚ ਨੈਤਿਕਤਾ ਦਾ ਪੱਧਰ ਕਿਸ ਹੱਦ ਤੱਕ ਉਚੇਰਾ ਹੈ; ਦੂਜੀ, ਧਿਆਪਨ ਕਿਸ ਹੱਦ ਤੱਕ ਵਿਦਿਆਰਥੀਆਂ ਵਿਚ ਇਕ ਖੋਜਾਰਥੀ ਵਾਲਾ ਗੁਣ ਅਚੇਤ/ਸੁਚੇਤ ਰੂਪ ਵਿਚ ਵਿਕਸਤ ਕਰਦਾ ਹੈ, ਤੀਜੀ ਚੰਗੇ ਅਧਿਆਪਨ ਦੀ ਸੀਮਾ ਸਿਰਫ ਤਕਨੀਕ ਜਾਂ ਵਿਗਿਆਨ ਤੱਕ ਨਹੀਂ ਹੁੰਦੀ ਬਲਕਿ ਇਹ ਅਜਿਹੀ ਪ੍ਰਤੀਬੱਧਤਾ ਵਾਲੀ ਕਲਾ ਹੁੰਦੀ ਹੈ ਜੋ ਕੁਝ ਨਾ ਕੁਝ ਨਵਾਂ ਕਰਨ ਦੀ ਚਾਹਤ ਵਿਦਿਆਰਥੀਆਂ ਅੰਦਰ ਵਿਕਸਤ ਕਰ ਦਿੰਦੀ ਹੈ। ਸਿੱਖਿਆ ਸਿਰਫ਼ ਡਿਗਰੀ, ਨੌਕਰੀ ਅਤੇ ਪੈਸੇ ਤੱਕ ਸੀਮਤ ਨਹੀਂ ਹੁੰਦੀ ਇਸ ਦਾ ਕੇਂਦਰ ਬਿੰਦੂ ਬੇਹੱਦ ਡੂੰਘਾ ਅਤੇ ਜੀਵਨ ਭਰ ਦੇ ਅਮਲ ਨਾਲ ਜਾ ਜੁੜਦਾ ਹੈ ਕਿ ਭਵਿੱਖ ਵਿਚ ਉਸ ਕੋਲ ਪੜ੍ਹ ਰਿਹਾ ਵਿਦਿਆਰਥੀ ਕਿਵੇਂ ਸੋਚੇਗਾ, ਮਹਿਸੂਸੇਗਾ, ਸੁਪਨੇ ਲਵੇਗਾ, ਕਾਰਜ ਕਰੇਗਾ ਅਤੇ ਉਸਦੇ ਨੈਤਿਕ ਮੁਲਾਂ ਦੇ ਵਿਕਸਤ ਹੋਣ ਨਾਲ ਉਸ ਦੇ ਅੰਦਰ ਹਰ ਇਕ ਚੀਜ਼ ਨੂੰ ਨੁਕਤਾਚੀਨੀ ਦੇ ਨਜ਼ਰੀਏ ਤੋਂ ਦੇਖਣ ਦੀ ਚੇਤਨਤਾ ਵਿਕਸਤ ਹੋਵੇਗੀ, ਉਸ ਅੰਦਰ ਸੋਹਜ, ਅੰਦਰੂਨੀ ਜਾਗਰਿਤੀ, ਸੰਵੇਦਨਸ਼ੀਲਤਾ ਉਸ ਦੇ ਅਟੁੱਟ ਅੰਗ ਬਣ ਜਾਣਗੇ। ਤੱਤ ਰੂਪ ਵਿਚ ਜਿਸਨੂੰ ਕਾਰਲ ਮਾਰਕਸ ਨੇ ਕਿਹਾ ਸੀ ਕਿ ਅਮੀਰ ਉਹ ਨਹੀਂ ਹੁੰਦਾ ਜਿਸ ਕੋਲ ਬੇਹੱਦ ਧਨ ਦੌਲਤ ਹੈ, ਸਰਮਾਇਆ ਹੈ।
ਪੂੰਜੀ ਦੀ ਮਾਰ ਹੇਠ ਦੱਬੇ ਇਨਸਾਨ ਦੀ ਸਥਿਤੀ ਤੇ ਪ੍ਰੇਸ਼ਾਨ ਹੁੰਦਿਆਂ ਪ੍ਰਸਿੱਧ ਸਮਾਜਿਕ ਮਨੋਵਿਗਿਆਨੀ ਇਰਕ ਫੌਮ ਦਾ ਕਹਿਣਾ ਹੈ ਆਧੁਨਿਕ ਮਨੁੱਖ ਕਈ ਕਿਸਮ ਦੀਆਂ ਵਿਰੋਧਤਾਈਆਂ ਨਾਲ ਗ੍ਰਸਿਆ ਪਿਆ ਹੈ, ਜਿਹੜਾ ਕਿ ਆਪਣੇ ਅੰਦਰੋਂ ਸਾਰੇ ਮਾਨਵੀ ਅਤੇ ਸੰਵੇਦਨਸ਼ੀਲਤਾ ਵਾਲੇ ਗੁਣ ਗੁਆ ਚੁੱਕਾ ਹੈ, ਪਰ ਲਿਉ ਟਾਲਸਟਾਏ ਤੋਂ ਲੈ ਕੇ ਗਾਂਧੀ ਅਤੇ ਇਵਾਨ ਈਲੀਚ ਤੋਂ ਪਾਲ ਫਰੇਰੇ ਤੱਕ ਦੇ ਸਮਾਜਿਕ ਸੁਧਾਰਕ ਸਿੱਖਿਆ ਨੂੰ ਅਜਿਹੀ ਤਾਕਤ ਸਮਝਦੇ ਹਨ ਜਿਹੜੀ ਮਨੁੱਖੀ ਤਬਦੀਲੀ ਦਾ ਵਾਹਕ ਬਣਦੀ ਹੈ। ਜਦੋਂ ਅਸੀਂ ਸੁਕਰਾਤ ਅਤੇ ਗਲੇਲੀਓ ਨੂੰ ਯਾਦ ਕਰਦੇ ਹਾਂ ਤਾਂ ਅਚੇਤ ਹੀ ਸਾਡੇ ਮਨ ਵਿਚ ਸਵਾਲ ਪੈਦਾ ਹੋ ਜਾਂਦਾ ਹੈ ਕਿ ਅਸੀਂ ਹਰੇਕ ਭੈੜੀ ਸਥਿਤੀ ਨਾਲ ਨਜਿਠਣ ਲਈ ਸੁਆਲ ਖੜ੍ਹੇ ਕਰਕੇ ਉਸ ਨਾਲ ਟਾਕਰਾ ਕਰੀਏ, ਇਕ ਸੋਚਣ ਦੀ ਸਮਰਥਾ ਆਪਣੇ ਅੰਦਰ ਵਿਕਸਤ ਕਰੀਏ ਅਤੇ ਅਗਾਂਹ ਸਥਿਤੀ ਅਤੇ ਜੀਵਨ ਨੂੰ ਬਦਲਣ ਲਈ ਅਜਿਹੇ ਸ਼ਾਨਦਾਰ ਆਦਰਸ਼ਾਂ ਨੂੰ ਵਿਕਸਤ ਕਰੀਏ ਜਿਸ ਰਾਹੀਂ ਜੀਵਨ ਜਾਚ ਸਹੀ ਰਸਤੇ ਅਗਾਂਹ ਤੁਰ ਸਕੇ। ਇਤਿਹਾਸ ਦੇ ਅਜਿਹੇ ਤਜਰਬਿਆਂ ਅਤੇ ਦਿਸ਼ਾਵਾਂ ਦੇ ਰਸਤਿਆਂ ਤੋਂ ਜਦੋਂ ਅਸੀ ਅਗਾਂਹ ਤੁਰਦੇ ਹਾਂ ਤਾਂ ਅਜੋਕੀ ਸਥਿਤੀ ਸਾਡੇ ਸਨਮੁੱਖ ਗੰਭੀਰ ਰੂਪ ਵਿਚ ਖੜ੍ਹੀ ਹੋ ਜਾਂਦੀ ਹੈ ਜਿਸ ਵਿਚ ਅਧਿਆਪਕ ਆਪਣੇ ਆਪ ਨੂੰ ਲਾਚਾਰ ਅਤੇ ਨਿਮਾਣਾ ਜਿਹਾ ਸਮਝਦਾ ਹੈ। ਉਸਦਾ ਬੁਨਿਆਦੀ ਕਾਰਨ ਹੈ ਕਿ ਜਿਸ ਕਿਸਮ ਦਾ ਸੱਭਿਆਚਾਰ ਅਤੇ ਮਨੁੱਖੀ ਤੌਰ ਦਾ ਸਿਲਸਿਲਾ ਜੀਵਨ ਦੀ ਹਰੇਕ ਪਰਤ ਵਿਚ ਸ਼ਾਮਿਲ ਹੋ ਗਿਆ ਹੈ, ਉਸ ਨੇ ਸਮਾਜ ਦੇ ਹੋਰ ਵਰਗਾਂ ਵਾਂਗ ਅਧਿਆਪਕ ਨੂੰ ਵੀ ਆਪਣੇ ਰਸਤੇ ‘ਤੇ ਤੌਰ ਲਿਆ ਹੈ, ਉਸ ਨੂੰ ਆਧੁਨਿਕ ਸਮਿਆਂ ਦੀ ਮੰਡੀ ਬੇਹੱਦ ਪ੍ਰਭਾਵਿਤ ਕਰਦੀ ਹੈ। ਮੰਡੀ ਦੀ ਤਾਕਤ ਨੇ ਅਧਿਆਪਕ ਨੂੰ ਬੇਹੱਦ ਗਰੀਬ ਕਰ ਦਿੱਤਾ ਹੈ ਉਹ ਇਸ ਤਾਕਤ ਦੇ ਰਸਤੇ ਤੇ ਇੰਨਾ ਅਗਾਂਹ ਵਧ ਗਿਆ ਹੈ ਤੇ ਉਹ ਲਗਾਤਾਰ ਆਪਣੇ ਬੌਧਿਕਤਾ ਦੇ ਪਲਾਂ ਨੂੰ ਅਧਿਆਪਨ ਕਾਰਜ ਲਈ ਸਮਰਪਿਤ ਕਰਨ ਦੀ ਥਾਂ ਆਪਣੇ ਵਿਅਕਤੀਤਵ ਖਿਆਲਾਂ ਦੀ ਸੀਮਾ ਤੱਕ ਸਿਮਟ ਗਿਆ ਹੈ। ਨਤੀਜਾ ਇਹ ਨਿਕਲਿਆ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਕਦੇ ਰੌਸ਼ਨੀ ਅਤੇ ਗਿਆਨ ਦੇ ਕੇਂਦਰ ਹੁੰਦੀਆਂ ਸਨ, ਹੁਣ ਆਪਸੀ ਨਫ਼ਰਤਾਂ, ਟਕਰਾਵਾਂ ਅਤੇ ਤਣਾਵਾਂ ਦਾ ਕੇਂਦਰ ਬਣ ਚੁੱਕੀਆਂ ਹਨ।
ਇਸ ਸਥਿਤੀ ਨੂੰ ਤੋੜਨ ਲਈ ਜਦੋਂ ਅਸੀ ਇਤਿਹਾਸ ਦੇ ਪੜਾਵਾਂ ’ਤੇ ਨਜ਼ਰ ਮਾਰਦੇ ਹਾਂ ਤਾਂ ਕੋਈ ਨਾ ਕੋਈ ਅਜਿਹੀ ਬੌਧਿਕ ਲਹਿਰ, ਜੱਥੇਬੰਦਕ ਤਾਕਤ ਵਿਕਸਤ ਹੁੰਦੀ ਰਹੀ ਹੈ, ਜਿਸਨੇ ਸ਼ਾਨਦਾਰ ਕਾਰਜਾਂ ਲਈ ਯੋਗ ਅਗਵਾਈ ਦਿੱਤੀ ਪਰ ਹੁਣ ਦੀਆਂ ਅਧਿਆਪਕ ਤੇ ਹੋਰ ਸਬੰਧਿਤ ਲਹਿਰਾਂ ਛੋਟੀਆਂ ਮੋਟੀਆਂ ਸੁੱਖ ਸਹੂਲਤਾਂ ਅਤੇ ਤਰੱਕੀਆਂ ਦੇ ਮਸਲਿਆਂ ਤੱਕ ਆਪਣੇ ਵਰਗ ਨੂੰ ਸੁੰਗੇੜ ਰਹੀਆਂ ਹਨ। ਵਿਸ਼ੇਸ਼ ਕਰਕੇ ਅਧਿਆਪਕ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਣ ਦੀ ਥਾਂ ਆਪਸ ਵਿਚ ਹੀ ਟਕਰਾਵਾਂ ਵਾਲਾ ਅਤੇ ਇਕ ਦੂਸਰੇ ਨਾਲ ਮਿਲਵਰਤਣ ਦੀ ਥਾਂ ਝਗੜਿਆਂ ਵਾਲਾ ਬਣਦਾ ਜਾ ਰਿਹਾ ਹੈ। ਅਜਿਹੀ ਸਥਿਤੀ ਨੂੰ ਮੋੜਾ ਦੇਣ ਲਈ ਸੰਜੀਦਾ ਧਿਰਾਂ ਦੀ ਇਤਿਹਾਸਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਧਿਆਪਨ ਖੇਤਰ ਅੰਦਰ ਕਾਰਜ ਕਰਦੇ ਹੋਏ ਆਪਣੀਆ ਸੰਸਥਾਵਾਂ ਜਿਥੇ ਵੀ ਉਹ ਕਾਰਜਸ਼ੀਲ ਹਨ, ਨੂੰ ਸਮਾਜ ਦੇ ਬਦਲਦੇ ਕੇਂਦਰਾਂ ਦੇ ਤੌਰ ’ਤੇ ਵਿਕਸਤ ਕਰਨ ਜਿਹੜੇ ਕਦੀ 1960 ਵਿਚ ਪੈਰਿਸ ਤੋਂ ਲੰਡਨ ਤੱਕ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵੱਡੀ ਲਹਿਰ ਨੇ ਖੜ੍ਹੇ ਕੀਤੇ ਸਨ। ਜਿਸ ਵਿਚੋਂ ਹਜ਼ਾਰਾ ਵਿਦਵਾਨ ਪੈਦਾ ਹੋਏ ਜਿਨ੍ਹਾਂ ਦਾ ਨਾਅਰਾ ਸੀ ਉਹ ਕਾਰਜ ਕਰੋ ਜੋ ਅਸੰਭਵ ਹੈ। ਇਹ ਤਦ ਹੀ ਕੀਤਾ ਜਾ ਸਕਦਾ ਹੈ ਜੇ ਤੁਹਾਡੇ ਅੰਦਰ ਅਜੇ ਸੁਪਨੇ ਨਹੀਂ ਮਰੇ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਸਿੱਖਿਅਤ ਹੋਣਾ ਪਵੇਗਾ ਤੇ ਗਿਆਨ ਦੇ ਦਰਵਾਜ਼ਿਆਂ ਵੱਲ ਨੂੰ ਅਗਾਂਹ ਵਧਣਾ ਹੋਵੇਗਾ, ਆਪਣੀ ਬੌਧਿਕ ਸ਼ਕਤੀ ਨੂੰ ਵਿਕਸਤ ਕਰਨਾ ਹੋਵੇਗਾ।ਅਧਿਆਪਕ ਵਰਗ ਨੂੰ ਸਮਾਜ ਵਿਚ ਆਪਣਾ ਮੋਹਰੀ ਰੋਲ ਸਥਾਪਤ ਕਰਦਿਆਂ ਆਪਣੇ ਵਿਦਿਅਕ ਅਦਾਰਿਆਂ ਵਿਚ ਅਜਿਹਾ ਮਾਹੌਲ ਵਿਕਸਤ ਕਰਨਾ ਹੋਵੇਗਾ, ਜਿਸ ਨਾਲ ਸ਼ਾਨਦਾਰ ਭਵਿੱਖ ਦੇ ਰੰਗਰੂਟ ਵਿਕਸਤ ਹੋ ਸਕਣ। ਇਸ ਕਾਰਜ ਲਈ ਉਨ੍ਹਾਂ ਨੂੰ ਆਪਣੇ ਅੰਦਰ ਸੰਵੇਦਨਾ ਦਾ ਪੱਧਰ ਉੱਚਾ ਕਰਨਾ ਪਵੇਗਾ। ਆਪਣੇ ਆਪ ਨੂੰ ਆਧੁਨਿਕ ਸਮਾਜ ਦੀਆਂ ਕਠਿਨਾਈਆਂ ਨੂੰ ਮਹਿਸੂਸ ਕਰਦੇ ਹੋਏ ਉਨ੍ਹਾਂ ਬਾਰੇ ਸਿੱਖਿਅਤ ਹੋਣਾ ਪਵੇਗਾ ਅਤੇ ਆਪਣੀ ਰਵਾਇਤੀ ਵਿਰਾਸਤ ਵਿਚੋਂ ਰੌਸ਼ਨੀ ਲੈਂਦੇ ਹੋਏ ਅਗਾਂਹ ਵਧਣਾ ਹੋਵੇਗਾ।

-ਸਿੱਖਿਆ ਤੇ ਸਮੁਦਾਏ ਸੇਵਾਵਾਂ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: 98151-15429


Comments Off on ਅਧਿਆਪਕ ਤੇ ਅਧਿਆਪਨ ਕਾਰਜ ਦੀ ਅਹਿਮੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.