ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਅਧਿਆਪਕਾਂ ਦੀ ਮਿਹਨਤ ਨੇ ਬਦਲੀ ਸਕੂਲਾਂ ਦੀ ਨੁਹਾਰ

Posted On September - 13 - 2019

ਗੁਰਬਿੰਦਰ ਸਿੰਘ ਮਾਣਕ

ਕਿਸੇ ਵੀ ਦੇਸ਼ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿਚ ਚਲਾਉਣ ਤੇ ਨਿਰੰਤਰ ਮਘਦਾ ਰੱਖਣ ਲਈ ਸਿੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਜੇ ਸਿੱਖਿਆ ਦੇ ਅਮਲ ਨੂੰ ਤਰਜ਼ੀਹੀ ਪੱਧਰ ’ਤੇ ਚਲਾਇਆ ਜਾਵੇ ਤੇ ਸਮੇਂ ਦੀਆ ਬਦਲ ਰਹੀਆਂ ਪ੍ਰਸਥਿਤੀਆਂ ਦੀ ਰੌਸ਼ਨੀ ਵਿਚ, ਆਪਣੇ ਦੇਸ਼ ਦੀਆ ਲੋੜਾਂ ਅਨੁਸਾਰ ਸਿੱਖਿਆ ਨੀਤੀ ਵਿਚ ਸਾਰਥਿਕ ਤਬਦੀਲੀਆਂ ਹੁੰਦੀਆਂ ਰਹਿਣ ਤਾਂ ਕੋਈ ਵੀ ਸਮਾਜ ਪ੍ਰਗਤੀ ਦੇ ਰਾਹ ਤੋਂ ਭਟਕ ਨਹੀਂ ਸਕਦਾ। ਇਸ ਰੌਸ਼ਨੀ ਵਿਚ ਜੇ ਭਾਰਤ ਵਿਚ ਸਿੱਖਿਆ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਦੁਖਦਾਈ ਗੱਲ ਇਹ ਹੈ ਕਿ ਹੁਣ ਤਾਂ ਆਜ਼ਾਦੀ ਦੀ ਉਮਰ ਵੀ ਬਹੱਤਰ ਸਾਲਾਂ ਨੂੰ ਟੱਪ ਚੁੱਕੀ ਹੈ ਪਰ ਅਜੇ ਵੀ ਮਹਾਨ ਭਾਰਤ ਦੇ ਵੱਡੀ ਗਿਣਤੀ ਵਿਚ ਲੋਕ ਅਨਪੜ੍ਹਤਾ ਦੇ ਹਨ੍ਹੇਰੇ ਵਿਚ ਹੀ ਜੀਵਨ-ਰੂਪੀ ਗੱਡੀ ਨੂੰ ਧੱਕਾ ਦੇ ਰਹੇ ਹਨ। ਬਾਹਰੀ ਤੌਰ ’ਤੇ ਦੇਖਿਆਂ ਹਰ ਕਿਸੇ ਨੂੰ ਇਹ ਅਚੰਭਾ ਹੋ ਸਕਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਰੰਗ-ਬਰੰਗੇ ਸਕੂਲਾਂ, ਕਾਲਜਾਂ, ਤਕਨੀਕੀ ਸੰਸਥਾਵਾਂ ਯੂਨੀਵਰਸਿਟੀਆਂ ਤੇ ਅਨੇਕਾਂ ਹੋਰ ਵਿਦਿਅਕ ਅਦਾਰਿਆਂ ਦੀ ਏਨੀ ਭਰਵੀਂ ਫਸਲ ਪੈਦਾ ਹੋ ਚੁੱਕੀ ਹੈ ਕਿ ਇੰਜ ਜਾਪਦਾ ਹੈ ਕੇ ਭਾਰਤ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ।
ਜੇ ਗੌਰ ਨਾਲ ਦੇਖੀਏ ਤਾਂ ਜ਼ਮੀਨੀ ਹਕੀਕਤਾਂ ਬਿਲਕੁਲ ਹੀ ਹੋਰ ਹਨ। ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ। ਵੱਡੇ ਵੱਡੇ ਅਦਾਰੇ ਸਿੱਖਿਆ ਪ੍ਰਦਾਨ ਕਰਨ ਦੀ ਕੋਈ ਸੇਵਾ ਨਹੀਂ ਕਰ ਰਹੇ ਸਗੋਂ ਕਿਸੇ ਉਦਯੋਗ ਦੇ ਉਤਪਾਦਨ ਦੀ ਤਰ੍ਹਾਂ ਸਿੱਖਿਆ ਨੂੰ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਇਹ ਨਿਰੋਲ ਪੈਸੇ ਦੀ ਖੇਡ ਬਣ ਗਈ ਹੈ। ਜਦੋਂ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੋਵੇ ਤਾਂ ਉੱਚ ਪੱਧਰ ਤੇ ਮਿਆਰ ਦਾ ਪੱਖ ਤਾਂ ਕਿਤੇ ਗੁੰਮ-ਗੁਆਚ ਹੀ ਜਾਂਦਾ ਹੈ। ਸਰਕਾਰੀ ਨੀਤੀਆਂ ਕਾਰਨ ਸਰਕਾਰੀ ਸਿੱਖਿਆ ਸੰਸਥਾਵਾਂ ਦੀ ਸਥਿਤੀ ਲਗਾਤਾਰ ਨਿਘਰਦੀ ਜਾ ਰਹੀ ਹੈ। ਆਮ ਆਦਮੀ ਮਹਿੰਗੀ ਸਿੱਖਿਆ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਤੇ ਸਰਕਾਰੀ ਅਦਾਰੇ ਆਪ ਹਨ੍ਹੇਰੇ ਵਿਚ ਵਿਚਰ ਰਹੇ ਹਨ, ਉਹ ਕਿਸੇ ਨੂੰ ਕੀ ਸਿੱਖਿਆ ਦੇਣਗੇ। ਇਹ ਸਭ ਕੁਝ ਇਕ ਸੋਚੀ-ਸਮਝੀ ਨੀਤੀ ਅਧੀਨ ਹੀ ਵਾਪਰ ਰਿਹਾ ਹੈ। ਅੱਜ ਕੱਲ ਨਵੀਂ ਸਿੱਖਿਆ ਨੀਤੀ ਦੀ ਬਹੁਤ ਚਰਚਾ ਹੈ, ਜਿਸ ਨੂੰ ਵਿਸ਼ੇਸ਼ ਵਿਚਾਰਧਾਰਾ,ਸੋਚ ਤੇ ਨੀਤੀਆਂ ਦੇ ਅੰਤਰਗਤ ਫਰੇਮ ਕੀਤਾ ਗਿਆ ਹੈ।
ਪੰਜਾਬ ਦੀ ਸਰਕਾਰੀ ਸਕੂਲੀ ਸਿੱਖਿਆ ਬਾਰੇ ਵੀ ਅਕਸਰ ਹੀ ਨਿਰਾਸ਼ ਕਰਨ ਵਾਲੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਬੱਚਿਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਹਜ਼ਾਰਾਂ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ। ਅਜੇ ਵੀ ਅਨੇਕਾਂ ਸਕੂਲ ਹਨ, ਜਿਥੇ ਇਮਾਰਤਾਂ ਤੇ ਹੋਰ ਬੁਨਿਆਦੀ ਢਾਂਚੇ ਦੀ ਅਣਹੋਂਦ ਵਿਚ ਸਿੱਖਿਆ ਵਰਗੇ ਮਹੱਤਵਪੂਰਨ ਕਾਰਜ ਨੁੰ ਚਲਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਧਿਆਪਕਾਂ ਦੀਆਂ ਵੀ ਅਨੇਕਾਂ ਕੈਟੇਗੀਰੀਆਂ ਹਨ। ਇਕੋ ਸਕੂਲ ਵਿਚ ਹੀ ਇਕ ਅਧਿਆਪਕ ਸੱਤਰ ਹਜ਼ਾਰ ਲੈ ਰਿਹਾ ਹੈ ਤੇ ਕੋਈ ਹੋਰ ਪੰਦਰਾਂ ਹਜ਼ਾਰ ਤੇ ਕੋਈ ਹੋਰ ਸੱਤ ਹਜ਼ਾਰ। ਇਕੋ ਵਿਦਿਅਕ ਯੋਗਤਾ ਤੇ ਇਕੋ ਜਿਹੇ ਕੰਮ ਬਦਲੇ ਅਜਿਹਾ ਵਖਰੇਵਾਂ ਅਧਿਆਪਕ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਦਿੰਦਾ ਹੈ। ਕੀ ਅਜਿਹਾ ਅਧਿਆਪਕ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਵਿਚ ਰੁਚੀ ਲੈ ਸਕਦਾ ਹੈ। ਜੇ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਹੁੰਦੀ ਤਾਂ ਕਦੇ ਵੀ ਅਧਿਆਪਕਾਂ ਦੀ ਤਨਖਾਹ ਘਟਾਉਣ ਦਾ ਬੱਜਰ ਗੁਨਾਹ ਨਾ ਕਰਦੀ, ਜੇ ਅਧਿਆਪਕ ਦਿਵਸ ਵਾਲੇ ਦਿਨ ਵੀ ਅਧਿਆਪਕਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਟੈਂਕੀਆਂ ’ਤੇ ਚੜ੍ਹ ਕੇ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਾ ਪਏ ਤਾਂ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਇਹ ਬਹੁਤ ਖੁਸ਼ੀ ਭਰੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਕੂਲਾਂ ਦੀ ਨੁਹਾਰ ਬਦਲਦੀ ਦਿਸ ਰਹੀ ਹੈ। ਇਸ ਪਿੱਛੇ ਸਰਕਾਰ ਦਾ ਬਹੁਤਾ ਯੋਗਦਾਨ ਨਹੀਂ ਹੈ। ਸਮਾਜ ਦੇ ਜਾਗਰੂਕ ਲੋਕਾਂ ਵਲੋਂ ਆਰਥਿਕ ਸਹਾਇਤਾ ਅਤੇ ਅਧਿਆਪਕਾਂ ਵਲੋਂ ਕੀਤੀ ਮਿਹਨਤ ਤੇ ਲਗਨ ਦੀ ਬਦੌਲਤ ਹੀ ਸਕੂਲਾਂ ਦੀ ਇਹ ਸੁੰਦਰ ਤਸਵੀਰ ਦੇਖਣ ਨੂੰ ਮਿਲ ਰਹੀ ਹੈ।
ਸਿੱਖਿਆ ਵਿਭਾਗ ਨੇ ਤਾਂ ਅਧਿਆਪਕਾਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਸਰਕਾਰ ਤੋਂ ਕਿਸੇ ਪੈਸੇ ਦੀ ਝਾਕ ਬਿਲਕੁਲ ਨਾ ਰੱਖੋ ਤੇ ਆਪਣੇ ਪੱਧਰ ’ਤੇ ਸਾਧਨ ਜੁਟਾਅ ਕੇ ਸਕੂਲਾਂ ਦੀ ਦਿੱਖ ਨੂੰ ਸੁਧਾਰੋ। ਮਿਹਨਤੀ ਤੇ ਸਮਰਪਿਤ ਅਧਿਆਪਕਾਂ ਨੇ ਤਾਂ ਆਪਣੀਆਂ ਜੇਬਾਂ ’ਚੋਂ ਹਜ਼ਾਰਾਂ ਰੁਪਏ ਖਰਚ ਕੇ ਸਿੱਖਿਆ ਸੰਸਥਾਵਾਂ ਦੀ ਦਿੱਖ ਨੂੰ ਸੁੰਦਰ ਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕਈ ਸਕੂਲਾਂ ਦੀ ਦਿੱਖ ਤਾਂ ਏਨੀ ਮਨਮੋਹਕ ਹੈ ਕਿ ਜਾਪਦਾ ਹੀ ਨਹੀਂ ਕਿ ਇਹ ਸਰਕਾਰੀ ਸਕੂਲ ਹਨ।
ਰੁੱਖ, ਫੁੱਲ-ਬੂਟੇ, ਰੰਗ-ਰੋਗਨ ਨਾਲ ਸ਼ਿੰਗਾਰੀਆਂ ਇਮਾਰਤਾਂ, ਸੁੰਦਰ ਪਾਰਕ, ਦੀਵਾਰਾਂ ਤੇ ਲਿਖੇ ਬਹੁਤ ਪ੍ਰਭਾਵਸ਼ਾਲੀ ਤੇ ਸਾਰਥਿਕ ਵਿਚਾਰ, ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਨੂੰ ਦਰਸਾਉਂਦੇ ਬੋਰਡ ਤੇ ਹਰ ਚੀਜ਼ ਨੂੰ ਸਲੀਕੇ ਤੇ ਸੁਹਜ ਨਾਲ ਵਿਊਂਤ ਕੇ ਅਜਿਹੀ ਦਿੱਖ ਦਿੱਤੀ ਗਈ ਹੈ ਕਿ ਹਰ ਦੇਖਣ ਵਾਲਾ ਸਬੰਧਿਤ ਅਧਿਆਪਕਾਂ ਦੀ ਮਿਹਨਤ ਨੁੰ ਸਲਾਮ ਕਰਨ ਤੋਂ ਨਹੀਂ ਰਹਿ ਸਕਦਾ। ਹਰ ਵਿਸ਼ੇ ਵਿਚ ਦਿਲਚਸਪੀ ਪੈਦਾ ਕਰਨ ਲਈ ਸਕੂਲਾਂ ਵਿਚ ਸਾਇੰਸ ਕਾਰਨਰ, ਗਣਿਤ ਕਾਰਨਰ, ਇਤਿਹਾਸ ਕਾਰਨਰ, ਅੰਗਰੇਜ਼ੀ ਕਾਰਨਰ ਆਦਿ ਬਣਾਏ ਗਏ ਹਨ ਤਾਂ ਕਿ ਵਿਦਿਆਰਥੀ ਹਰ ਵਿਸ਼ੇ ਨੂੰ ਆਸਾਨੀ ਨਾਲ ਸਮਝ ਸਕਣ। ਹੁਣ ਤਾ ਸਕੂਲਾਂ ਵਿਚ ਹਰ ਵਿਸ਼ੇ ਨਾਲ ਸਬੰਧਿਤ ਮੇਲੇ ਲਗਦੇ ਹਨ ਤੇ ਬੱਚਿਆਂ ਦੇ ਗਿਆਨ ਨੁੰ ਪਰਖਣ ਲਈ ਮੁਕਾਬਲੇ ਕਰਾਏ ਜਾਂਦੇ ਹਨ।
ਸਿੱਖਿਆ ਨਾਲ ਜੁੜੀ ਜਦੋਂ ਕੋਈ ਖੁਸ਼ਗਵਾਰ ਖਬਰ ਆਉਂਦੀ ਹੈ ਤਾਂ ਮਨ ਖੁਸ਼ ਹੋ ਜਾਂਦਾ ਹੈ। ਅੱਜ ਕੱਲ੍ਹ ਸਕੂਲਾਂ ਦੀਆਂ ਲਾਇਬ੍ਰੇਰੀਆਂ ਵੀ ਬੱਚਿਆਂ ਦੀ ਪੜ੍ਹਾਈ ਦਾ ਹਿੱਸਾ ਬਣਨ ਲੱਗੀਆਂ ਹਨ। ਬੱਚਿਆ ਦੇ ਹੱਥਾਂ ’ਚ ਦਿੱਤੀਆਂ ਇਹ ਪੁਸਤਕਾਂ ਉਨ੍ਹਾਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਵੀ ਪੈਦਾ ਕਰਨਗੀਆਂ ਤੇ ਬਿਨਾਂ ਸ਼ੱਕ ਉਨ੍ਹਾਂ ਦੇ ਗਿਆਨ ਦੇ ਦਾਇਰੇ ਨੂੰ ਵੀ ਵਿਸ਼ਾਲ ਕਰਨ ਵਿਚ ਸਹਾਈ ਹੋਣਗੀਆਂ। ਬਹੁਤ ਦਿਲਚਸਪ ਤੇ ਸਾਰਥਿਕ ਕਦਮ ਹੈ ਕਿ ਹੁਣ ਸਕੂਲਾਂ ਵਿਚ ਕਿਤਾਬਾਂ ਦੇ ਲੰਗਰ ਲੱਗਣ ਲੱਗੇ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਇਹ ਕਹਿਣਾ ਕੇ ਇਹ ਪ੍ਰਵਾਹ ਨਾ ਕਰੋ ਕਿ ਬੱਚੇ ਕਿਤਾਬਾਂ ਚੋਰੀ ਕਰ ਲੈਣਗੇ, ਕਰਨ ਦਿਉ ਉਨ੍ਹਾਂ ਨੂੰ ਕਿਤਾਬਾਂ ਚੋਰੀ। ਇਹ ਸੱਚਮੁੱਚ ਹੀ ਸ਼ੁੱਭ ਸ਼ਗਨ ਹੈ। ਉਂਜ ਜੇ ਅਧਿਆਪਕ ਨੂੰ ਆਪ ਰੁਚੀ ਹੋਵੇ ਤਾਂ ਬੱਚਿਆਂ ਨੂੰ ਵੀ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਮਿਲ ਜਾਂਦੀ ਹੈ। ਆਪਣੇ ਗਿਆਨ ਨੂੰ ਵਿਸ਼ਾਲ ਕਰਦੇ ਰਹਿਣਾ ਹੀ ਚੰਗੇ ਅਧਿਆਪਕ ਦੀ ਨਿਸ਼ਾਨੀ ਹੈ।
ਸਮਾਰਟ ਸਕੂਲ ਕਿਸੇ ਸਕੂਲ ਦੇ ਨਾਂ ਵਿਚ ਲਿਖਣ ਨਾਲ ਹੀ ਸਮਾਰਟ ਨਹੀਂ ਬਣ ਜਾਣਾ। ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਸਹੀ ਅਰਥਾਂ ਵਿਚ ‘ਸਮਾਰਟ’ ਬਣਨਾ ਪਏਗਾ। ਸਾਰੇ ਸਕੂਲਾਂ ਪ੍ਰਤੀ ਇਕੋ ਨੀਤੀ ਹੋਣੀ ਚਾਹੀਦੀ ਹੈ। ਜੇ ਮਿਹਨਤੀ ਅਧਿਆਪਕ ਦੇ ਮੋਢੇ ’ਤੇ ਕੋਈ ਸ਼ਾਬਾਸ਼ ਦਾ ਹੱਥ ਰੱਖ ਦੇਵੇ ਤਾਂ ਉਸ ਦਾ ਹੌਸਲਾ ਤੇ ਕੰਮ ਕਰਨ ਪ੍ਰਤੀ ਲਗਨ ਦੂਣ-ਸਵਾਈ ਹੋ ਜਾਂਦੀ ਹੈ। ਮਿਹਨਤੀ ਅਧਿਆਪਕਾਂ ਨੂੰ ਪ੍ਰਸ਼ੰਸਾਂ-ਪੱਤਰ ਦੇ ਕੇ ਨਿਵਾਜਣਾ ਬਹੁਤ ਚੰਗੀ ਪ੍ਰਿਤ ਹੈ। ਅਧਿਆਪਕ ਦਾ ਸਤਿਕਾਰ ਹਰ ਹੀਲੇ ਕਾਇਮ ਰਹਿਣਾ ਚਾਹੀਦਾ ਹੈ। ਅਧਿਆਪਕ ਨੂੰ ਵੀ ਆਪਣੇ ਗਿਰਵਾਨ ’ਚ ਝਾਤੀ ਮਾਰਨ ਦੀ ਲੋੜ ਹੈ ਕਿ ਉਹ ਅਧਿਆਪਨ ਕਿੱਤੇ ਦੀ ਮਾਣ-ਮਰਿਆਦਾ ਨੂੰ ਕਿੰਨਾ ਕੁ ਕਾਇਮ ਰੱਖਣ ਲਈ ਯਤਨਸ਼ੀਲ ਹੈ।

ਸੰਪਰਕ: 9815356086


Comments Off on ਅਧਿਆਪਕਾਂ ਦੀ ਮਿਹਨਤ ਨੇ ਬਦਲੀ ਸਕੂਲਾਂ ਦੀ ਨੁਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.