ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

Posted On September - 19 - 2019

ਅਮਨਦੀਪ ਕੌਰ ਮਾਨ
ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਕਿਤਾਬਾਂ ਨਾਲ ਮਨੁੱਖੀ ਸਾਂਝ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਵੇਂ-ਜਿਵੇਂ ਇਨਸਾਨ ਜ਼ਿੰਦਗੀ ਦੇ ਅਗਲੇ ਪੜਾਵਾਂ ਵਿਚ ਪੈਰ ਧਰਦਾ ਜਾਂਦਾ ਹੈ, ਕਿਤਾਬਾਂ ਦੀ ਇਹ ਸਾਂਝ ਹੋਰ ਪਕੇਰੀ ਹੁੰਦੀ ਜਾਂਦੀ ਹੈ। ਆਖਰੀ ਪੜਾਅ ਤੱਕ ਇਹ ਕਿਤਾਬੀ ਸਾਂਝ ਨਿਭਦੀ ਹੈ। ਕਿਤਾਬਾਂ ਜ਼ਿੰਦਗੀ ਦੇ ਅਸਲ ਸਬਕਾਂ ਨਾਲ ਭਰੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਇਨਸਾਨ ਬਹੁਤ ਕੁਝ ਨਵਾਂ ਹਾਸਲ ਕਰਦਾ ਹੈ। ਕਿਤਾਬਾਂ ਨਾਲ ਸਾਡੀ ਸਾਂਝ ਨਹੁੰ-ਮਾਸ ਵਾਲੀ ਹੋਣੀ ਚਾਹੀਦੀ ਹੈ। ਇੱਕ ਸੱਚੇ ਦੋਸਤ ਵਾਂਗ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਅੰਗਰੇਜ਼ੀ ਦੇ ਪ੍ਰਸਿੱਧ ਨਿਬੰਧਕਾਰ ਫਰਾਂਸਿਸ ਬੇਕਨ ਨੇ ਕਿਹਾ ਹੈ ਕਿ ਕਿਤਾਬਾਂ ਪੜ੍ਹਨ ਵਾਲੇ ਤੇ ਸਮਝਣ ਵਾਲੇ ਵਿਅਕਤੀ ਤਿੰਨ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਕਿਸਮ ਦੇ ਚਤਰ ਲੋਕ ਹੁੰਦੇ ਹਨ। ਕਿਤਾਬਾਂ ਪੜ੍ਹਨ ਵਾਲੇ ਨੂੰ ਇਹ ਕਹਿ ਕੇ ਭੰਡਦੇ ਹਨ ਕਿ ਕਿਤਾਬਾਂ ਦਾ ਆਮ ਜੀਵਨ ਨਾਲ ਕੋਈ ਖਾਸ ਸਬੰਧ ਨਹੀਂ ਹੁੰਦਾ ਤੇ ਸਮਾਂ ਬਰਬਾਦ ਹੁੰਦਾ ਹੈ। ਦੂਜੀ ਕਿਸਮ ਦੇ ਆਮ ਲੋਕ ਹੁੰਦੇ ਹਨ। ਇਨ੍ਹਾਂ ਦੀ ਬਹੁਤਾਤ ਹੁੰਦੀ ਹੈ, ਜੋ ਇੱਕਾ-ਦੁੱਕਾ ਕਿਤਾਬ ਪੜ੍ਹ ਲੈਂਦੇ ਹਨ ਜਾਂ ਸਿਰਫ਼ ਕਿਤਾਬਾਂ ਬਾਰੇ ਕੁਝ ਨਾ ਕੁਝ ਸੁਣ ਲੈਂਦੇ ਹਨ ਤੇ ਲੋਕਾਂ ਵਿੱਚ ਇਨ੍ਹਾਂ ਕਿਤਾਬਾਂ ਬਾਰੇ ਚਰਚਾ ਕਰ ਕੇ ਭਰਮ ਸਿਰਜਦੇ ਹਨ ਕਿ ਉਨ੍ਹਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਹਨ। ਤੀਜੀ ਕਿਸਮ ਦੇ ਲੋਕ ਸੂਝਵਾਨ, ਸਿਆਣੇ, ਸਮਝਦਾਰ ਹੁੰਦੇ ਹਨ। ਇਨ੍ਹਾਂ ਬਾਰੇ ਬੇਕਨ ਲਿਖਦੇ ਹਨ ਕਿ ਇਹ ਲੋਕ ਕਿਤਾਬਾਂ ਨੂੰ ਪੜ੍ਹਦੇ, ਸਮਝਦੇ ਅਤੇ ਆਪਣੇ ਜੀਵਨ ਨੂੰ ਕਿਤਾਬਾਂ ਵਿਚਲੇ ਤਜਰਬੇ ਮੁਤਾਬਕ ਢਾਲਦੇ ਹਨ। ਇਹ ਲੋਕ ਦੂਜਿਆਂ ਸਾਹਮਣੇ ਬਹੁਤੀਆਂ ਕਿਤਾਬਾਂ ਪੜ੍ਹਨ ਦੀ ਸ਼ੇਖੀ ਨਹੀਂ ਮਾਰਦੇ ਬਲਕਿ ਲੋੜ ਪੈਣ ’ਤੇ ਸੰਖੇਪ ਵਿਚ ਹੀ ਗੱਲ ਵਿਚਾਰਦੇ ਹਨ।
ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ ਹੋ ਰਹੀ ਹੈ? ਇਸ ਦਾ ਮੁੱਖ ਕਾਰਨ ਸਮਾਜ ਵਿੱਚ ਨਵੀਂ ਤਕਨੀਕ ਦਾ ਪਸਾਰ ਹੋਣਾ ਹੈ। ਸਕੂਲ ਤੋਂ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀ ਲਾਇਬਰੇਰੀ ਵਿੱਚ ਨਹੀਂ ਜਾਂਦੇ। ਜੇ ਜਾਂਦੇ ਵੀ ਹਨ ਤਾਂ ਬਹੁਤ ਘੱਟ ਵਿਦਿਆਰਥੀ ਜਾਂ ਸਿਰਫ਼ ਜਿਨ੍ਹਾਂ ਨੂੰ ਕਿਤਾਬਾਂ ਨਾਲ ਗੂੜ੍ਹਾ ਲਗਾਓ ਹੁੰਦਾ ਹੈ। ਬਹੁਤੇ ਤਾਂ ਇਹ ਲੋੜ ਫੋਨ ’ਤੇ ਹੀ ਪੂਰੀ ਕਰ ਲੈਂਦੇ ਹਨ। ਨਵੀਂ ਤਕਨੀਕ ਨੇ ਸਮਾਜ ਵਿੱਚ ਕ੍ਰਾਂਤੀ ਜ਼ਰੂਰ ਲਿਆਂਦੀ ਹੈ ਪਰ ਕਿਸੇ ਵੀ ਹਾਲਤ ਵਿਚ ਇਹ ਤਕਨੀਕ ਕਿਤਾਬਾਂ ਦੀ ਥਾਂ ਨਹੀਂ ਲੈ ਸਕਦੀ। ਅੱਜ ਦੇ ਨੌਜਵਾਨ ਵਿਹਲੇ ਸਮੇਂ ਕਿਤਾਬਾਂ ਪੜ੍ਹਨ ਦੀ ਬਜਾਏ ਫੋਨ ’ਤੇ ਰੁੱਝੇ ਰਹਿਣਾ ਵਧੇਰੇ ਪਸੰਦ ਕਰਦੇ ਹਨ। ਤਕਨੀਕ ਕਾਰਨ ਲੋਕਾਂ ਦੇ ਰੁਝਾਨ ਬਦਲੇ ਹਨ ਜਿਸ ਕਾਰਨ ਕਿਤਾਬਾਂ ਲਈ ਸਮਾਂ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ। ਗਿਆਨ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਂਦ ਵਿੱਚ ਆਉਣ ਕਾਰਨ ਲੋਕ ਉਸ ਪਾਸੇ ਰੁਚਿਤ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਲੋਕ ਲਾਇਬਰੇਰੀਆਂ ਵਿੱਚ ਬੈਠ ਕੇ ਘੰਟਿਆਂਬੱਧੀ ਆਪਣੀ ਰੁਚੀ ਅਨੁਸਾਰ ਕਿਤਾਬਾਂ ਦਾ ਅਧਿਐਨ ਕਰਦੇ ਸਨ, ਪਰ ਅਜੋਕੀ ਪੀੜ੍ਹੀ ਦਾ ਮਿਜ਼ਾਜ ਬਿਲਕੁਲ ਬਦਲ ਚੁੱਕਾ ਹੈ।
ਅੱਜ ਤਕਨੀਕ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਦੇ ਭਾਵੇਂ ਅਨੇਕਾਂ ਫਾਇਦੇ ਹਨ। ਇੰਟਰਨੈੱਟ, ਯੂ-ਟਿਊਬ, ਈਮੇਲ ਆਦਿ ਰਾਹੀਂ ਮਿੰਟਾਂ-ਸਕਿੰਟਾਂ ਵਿਚ ਜਾਣਕਾਰੀ ਦਾ ਵਟਾਂਦਰਾ ਸੰਭਵ ਹੈ। ਸਮਾਂ ਵੀ ਬਚਦਾ ਹੈ। ਜਾਣਕਾਰੀ ਭਾਵੇਂ ਅਸੀਂ ਇੰਟਰਨੈੱਟ ਤੋਂ ਪਲਾਂ ਵਿੱਚ ਲੈ ਸਕਦੇ ਹਾਂ ਪਰ ਗਹਿਰਾ ਅਨੁਭਵ ਨਹੀਂ। ਅਨੁਭਵ ਸਾਨੂੰ ਕਿਤਾਬਾਂ ਪੜ੍ਹ ਕੇ ਹੀ ਮਿਲੇਗਾ। ਸਫਲ ਮਨੁੱਖ ਉਹੀ ਹੈ ਜਿਹੜਾ ਅਜੋਕੀ ਤਕਨੀਕ ਨਾਲ ਜੁੜਿਆ ਰਹਿ ਕੇ ਵੀ ਕਿਤਾਬੀ ਦੁਨੀਆਂ ਨਾਲੋਂ ਨਾਤਾ ਨਹੀਂ ਤੋੜਦਾ। ਕਿਤਾਬਾਂ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣੀਆਂ ਰਹਿਣੀਆਂ ਚਾਹੀਦੀਆਂ ਹਨ। ਸਾਨੂੰ ਫਰਾਂਸਿਸ ਬੇਕਨ ਦੇ ਕਥਨ ਅਨੁਸਾਰ ਤੀਜੀ ਕਿਸਮ ਦੇ ਪਾਠਕ ਹੀ ਬਣਨਾ ਚਾਹੀਦਾ ਹੈ। ਕਿਤਾਬਾਂ ਵਿਚਲੇ ਸਬਕਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ।
ਅਜੋਕੇ ਨੌਜਵਾਨ ਨੂੰ ਨਾ ਤਾਂ ਕਿਤਾਬਾਂ ਦੀ ਤਾਕਤ ਦਾ ਅੰਦਾਜ਼ਾ ਹੈ ਤੇ ਨਾ ਹੀ ਲਾਇਬਰੇਰੀ ਦੀ ਕੀਮਤ ਦਾ। ਇਸ ਲਈ ਉਹ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਕਿਤਾਬੀ ਦੁਨੀਆਂ ਨਾਲ ਜੋੜਨ। ਵਿਰਲੇ ਹੀ ਜਾਣਦੇ ਹਨ ਕਿ ਜਦੋਂ ਕਦੇ ਅਸੀਂ ਮੋਬਾਈਲ ਦੇ ਸੰਸਾਰ ਤੋਂ ਰਤਾ ਪਾਸੇ ਹੋ ਕਿਸੇ ਇਕਾਂਤ ਜਗ੍ਹਾ ਬੈਠ ਕੇ ਕਿਤਾਬਾਂ ਸੰਗ ਸੰਵਿਦ ਸਿਰਜਦੇ ਹਾਂ ਤਾਂ ਸੱਚ ਮੁੱਚ ਹੀ ਬੜਾ ਆਨੰਦ ਮਹਿਸੂਸ ਹੁੰਦਾ ਹੈ। ਬੋਰੀਉ ਦੇ ਅਨੁਸਾਰ ਕਿਤਾਬਾਂ ਕਿਸੇ ਦੇਸ਼ ਦਾ ਵੱਡਮੁੱਲਾ ਖ਼ਜ਼ਾਨਾ ਅਤੇ ਆਉਣ ਵਾਲੀਆਂ ਨਸਲਾਂ ਲਈ ਨਿਵੇਕਲੀ ਸੰਪਤੀ ਹੁੰਦੀਆਂ ਹਨ। ਇੰਟਰਨੈੱਟ ਦੇ ਅਜੋਕੇ ਦੌਰ ਨੇ ਜਿੱਥੇ ਸਾਡੇ ਦੇਸ਼ ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਉਥੇ ਨਾਲ ਹੀ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਨੂੰ ਕਿਤਾਬੀ ਸੰਸਾਰ ਨਾਲੋਂ ਨਿਖੇੜ ਦਿੱਤਾ ਹੈ ਪਰ ਕਿਤਾਬਾਂ ਵਿਚ ਸਾਡੇ ਅਤੀਤ ਦਾ ਇਤਿਹਾਸ ਸ਼ਾਮਿਲ ਹੁੰਦਾ ਹੈ, ਜਿਸ ਨੂੰ ਅਸੀਂ ਕਦੇ ਨਹੀਂ ਦੇਖਿਆ ਹੁੰਦਾ ਪਰ ਕਿਤਾਬਾਂ ਰਾਹੀਂ ਅਸੀਂ ਇਸ ਇਤਿਹਾਸ ਤੋਂ ਸਹਿਜੇ ਹੀ ਜਾਣੂ ਹੋ ਜਾਂਦੇ ਹਾਂ।
ਕਿਤਾਬਾਂ ਦੇ ਮਹੱਤਵ ਬਾਰੇ ਮਾਸਟਰ ਕ੍ਰਾਂਤੀ ਦਾ ਕਹਿਣਾ ਹੈ ਕਿ ਕਿਤਾਬਾਂ ਸਹੀ ਅਰਥਾਂ ਵਿਚ ਮਨੁੱਖ ਦੀਆਂ ਦੋਸਤ ਹੁੰਦੀਆਂ ਹਨ। ਉਨ੍ਹਾਂ ਅਨੁਸਾਰ ਕਿਤਾਬਾਂ ਮਨੁੱਖ ਨੂੰ ਖ਼ੁਸ਼ੀ ਹੀ ਨਹੀਂ ਪ੍ਰਦਾਨ ਕਰਦੀਆਂ ਸਗੋਂ ਔਖੇ ਵੇਲਿਆਂ ਵਿੱਚੋਂ ਵੀ ਮਨੁੱਖ ਨੂੰ ਬਾਹਰ ਕੱਢਣ ਵਿਚ ਸਹਾਇਕ ਹੁੰਦੀਆਂ ਹਨ। ਆਓ ਆਪਾਂ ਰਲ ਕੇ ਆਪਣੇ ਬੱਚਿਆਂ, ਨੌਜਵਾਨਾਂ ਅਤੇ ਆਪਣੇ ਆਲੇ ਦੁਆਲੇ ਵਿਚਰਦੇ ਹਰ ਇਨਸਾਨ ਨੂੰ ਕਿਤਾਬਾਂ ਨਾਲ ਜੁੜਨ ਪ੍ਰੇਰਿਤ ਕਰੀਏ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਨਾਲ ਜੋੜਿਆ ਜਾ ਸਕੇ।
ਸੰਪਰਕ: 96537-71798


Comments Off on ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.