ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

Posted On August - 18 - 2019

ਰਾਜੇਸ਼ ਸ਼ਰਮਾ*

ਹੋਮਰ, ਮਹਾਂਕਾਵਿ ਇਲੀਅਡ

ਕਲਾਸਕੀ ਯੂਨਾਨੀ ਮਹਾਂਕਾਵਿ ਇਲੀਅਡ ਨੂੰ ਆਮ ਰਾਇ ਵਿਚ ਅੱਜ ਹੋਮਰ ਦੀ ਰਚਨਾ ਮੰਨਿਆ ਜਾਂਦਾ ਹੈ। ਮਿਲਮਨ ਪੈਰੀ ਨੇ ਆਪਣੀਆਂ ਖੋਜਾਂ ਰਾਹੀਂ ਇਸ ਦੇ ਵਿਕਾਸ ਵਿਚ ਮੌਖਿਕ ਕਾਵਿ ਪਰੰਪਰਾ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਂਦਾ, ਫੇਰ ਵੀ ਇਸ ਦੇ ਸਾਹਿਤਕ ਕਿਰਤ ਹੋਣ ਤੋਂ ਮੁਨਕਰ ਹੋਣਾ ਸੰਭਵ ਨਹੀਂ। ਤਾਂਬਾ ਯੁੱਗ ਦੀ ਕਹਾਣੀ ਬਿਆਨ ਕਰਦਾ ਇਹ ਮਹਾਂਕਾਵਿ ਲੋਹੇ ਦੇ ਯੁੱਗ ਦੀ ਰਚਨਾ ਹੈ। ਦੂਜੇ ਸ਼ਬਦਾਂ ਵਿਚ ਬਾਰ੍ਹਵੀਂ ਸਦੀ ਈਸਾ ਪੂਰਵ ਦੀ ਟਰਾਏ ਦੀ ਘੇਰਾਬੰਦੀ ਅਤੇ ਜੰਗ ਦੀ ਕਥਾ ਸਾਡੇ ਕੋਲ ਜਿਸ ਰੂਪ ਵਿਚ ਪਹੁੰਚਦੀ ਹੈ ਉਹ ਅੱਠਵੀਂ ਅਤੇ ਛੇਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੇ ਸਮੇਂ ਦੀ ਲਿਖਤ ਹੈ। ਇਹ ਲਿਖਤ ਉਸ ਸਮੇਂ ਪ੍ਰਗਟ ਆਈ ਜਦੋਂ ਯੂਨਾਨੀ ਭਾਸ਼ਾ ਨੂੰ ਲਿਖਣ ਦੀ ਨਵੀਂ ਪ੍ਰਣਾਲੀ ਈਜਾਦ ਹੋਈ ਜਿਸ ਵਿਚ ਵਰਣਮਾਲਾ ਨੂੰ ਉਵੇਂ ਹੀ ਲਿਖਿਆ ਜਾ ਸਕਦਾ ਸੀ ਜਿਵੇਂ ਉਹ ਬੋਲੀ ਜਾਂਦੀ ਸੀ। ਇਸ ਤਰ੍ਹਾਂ 15,693 ਪੰਕਤੀਆਂ ਦੇ ਇਸ ਮਹਾਂਕਾਵਿ ਦੀ ਜ਼ਮੀਨ ਤਿਆਰ ਹੋਈ। ਮੰਨਿਆ ਜਾਂਦਾ ਹੈ ਕਿ ਹੋਮਰ ਆਇਓਨੀਆ ਵਿਚ ਜੰਮਿਆ-ਪਲਿਆ ਸੀ। ਲੋਕ ਕਥਾ ਵਿਚ ਉਸ ਦਾ ਪਿਤਾ ਇਕ ਦਰਿਆ ਹੈ ਅਤੇ ਮਾਤਾ ਇਕ ਪਰੀ। ਟਰਾਏ ਨਗਰ (ਅਜੋਕੇ ਤੁਰਕੀ ਵਿਚਲਾ ਇਕ ਭੂਗੋਲਿਕ ਖਿੱਤਾ) ਇਕ ਯੂਨਾਨੀ ਸ਼ਹਿਰ ਸੀ। ਪੁਰਾਤਤਵ ਵਿਗਿਆਨੀਆਂ ਨੇ ਉਸ ਨਗਰ ਦੀਆਂ ਘੱਟੋ-ਘੱਟ ਨੌਂ ਪਰਤਾਂ ਰੌਸ਼ਨ ਕੀਤੀਆਂ ਹਨ।
ਇਲੀਅਡ ਨੂੰ ਪੱਛਮੀ ਸਭਿਆਚਾਰ ਦਾ ਮਹਾਂਕਾਵਿ ਕਹਿਣਾ ਠੀਕ ਨਹੀਂ ਲੱਗਦਾ। ਭੂ-ਮੱਧ ਸਾਗਰ ਦੁਆਲੇ ਦੇ ਸੱਭਿਆਚਾਰ ਉਦੋਂ ਪੂਰਬ ਅਤੇ ਪੱਛਮ ਵਿਚ ਵੰਡੇ ਹੋਏ ਨਹੀਂ ਸਨ। ਨਾ ਹੀ ਉਸ ਜੰਗ ਨੂੰ ਅੱਜ ਦੀ ਵਿਆਖਿਆਵਾਂ ਦੀ ਰਾਜਨੀਤੀ ਦੇ ਰੰਗਾਂ ਵਿਚ ਰੰਗ ਕੇ ਦੇਖਣਾ ਹੀ ਠੀਕ ਹੈ। ਇਹ ਜਾਤਾਂ, ਨਸਲਾਂ, ਧਰਮਾਂ, ਰਾਸ਼ਟਰਾਂ ਆਦਿ ਦੀ ਜੱਦੋਜਹਿਦ ਦਾ ਨਹੀਂ ਸਗੋਂ ਮਨੁੱਖਤਾ ਦੇ ਅਰਥਾਂ, ਸੰਭਾਵਨਾਵਾਂ ਅਤੇ ਸੀਮਾਵਾਂ ਦਾ ਮਹਾਂਕਾਵਿ ਹੈ।

ਹਰਦਿਲਬਾਗ ਸਿੰਘ ਗਿੱਲ

ਹੋਮਰ ਇਸ ਦੀ ਕਹਾਣੀ ਦਸ ਸਾਲ ਲੰਮੀ ਜੰਗ ਦੇ ਆਖ਼ਰੀ ਸਾਲ ਵਿਚ ਸਥਾਪਤ ਕਰਦਾ ਹੈ। ਉਸ ਵਿਚੋਂ ਵੀ ਉਹ ਕੁਝ ਦਿਨ ਅਤੇ ਕੁਝ ਘਟਨਾਵਾਂ ਹੀ ਚੁਣਦਾ ਹੈ। ਹੋਮਰ, ਅਰਸਤੂ ਦਾ ਪਸੰਦੀਦਾ ਕਵੀ ਇਸ ਲਈ ਹੈ ਕਿ ਅਰਸਤੂ ਉਸ ਵਿਚ ਪਲਾਟ ਸਿਰਜਣ ਦੀ ਮਹਾਨ ਪ੍ਰਤਿਭਾ ਦੇਖਦਾ ਹੈ। ਪਲਾਟ, ਜਿਵੇਂ ਅਰਸਤੂ ਕਹਿੰਦਾ ਹੈ, ਕਾਵਿ ਦੀ ਆਤਮਾ ਹੁੰਦਾ ਹੈ।
ਇਲੀਅਡ, ਅਖ਼ੀਲੀਜ਼ (Achilles) ਦੇ ਰੋਹ ਦੀ ਕਹਾਣੀ ਹੈ। ਹੋਮਰ ਨੇ ਆਪਣੇ ਮਹਾਂਕਾਵਿ ਦੇ ਨਾਇਕ ਦੇ ਰੋਹ ਲਈ ਯੂਨਾਨੀ ਭਾਸ਼ਾ ਦਾ ਜੋ ਸ਼ਬਦ ਚੁਣਿਆ (ਮੈਨੀਸ) ਉਹ ਦੇਵਤਿਆਂ ਦੇ ਰੋਹ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤਰ੍ਹਾਂ ਉਸ ਨੇ ਬਹੁਤ ਸੰਖੇਪ ਅਤੇ ਪਰੋਖ ਢੰਗ ਨਾਲ ਅਖ਼ੀਲੀਜ਼ ਦੇ ਆਮ ਮਨੁੱਖ ਤੋਂ ਕੁਝ ਵੱਖਰਾ ਤੇ ਵੱਡਾ ਹੋਣ ਵੱਲ ਇਸ਼ਾਰਾ ਕੀਤਾ। ਮੰਨਿਆ ਜਾਂਦਾ ਹੈ ਕਿ ਅਖ਼ੀਲੀਜ਼ ਲੋਕ ਕਥਾਵਾਂ ਦਾ ਨਾਇਕ ਸੀ ਅਤੇ ਮਹਾਂਕਾਵਿ ਦੀ ਪਰੰਪਰਾ ਵਿਚ ਉਸ ਨੇ ਮਹਾਂਨਾਇਕ ਵਜੋਂ ਕਾਫ਼ੀ ਦੇਰ ਨਾਲ ਪ੍ਰਵੇਸ਼ ਕੀਤਾ।
ਸੰਘਰਸ਼, ਜੰਗ, ਗੌਰਵ, ਘੁਮੰਡ, ਦੋਸਤੀ, ਮੁਹੱਬਤ, ਕਰੁਣਾ, ਹਮਦਰਦੀ, ਘਰੇਲੂ ਸੁਖ, ਆਪਣਿਆਂ ਤੋਂ ਵਿਛੋੜਾ, ਮੌਤ – ਇਲੀਅਡ ਇਨ੍ਹਾਂ ਦੇ ਅਰਥਾਂ ਨੂੰ ਫਰੋਲਦਾ ਹੈ। ਪਰ ਮੌਤ ਇਸ ਮਹਾਂਕਾਵਿ ਦਾ ਧੁਰਾ ਹੈ ਕਿਉਂਕਿ ਇਹ ਮਨੁੱਖ ਨੂੰ ਪਰਿਭਾਸ਼ਤ ਕਰਦੀ ਹੈ। ਦੇਵਤਿਆਂ ਤੋਂ ਉਸ ਨੂੰ ਵਖਰਾਉਂਦੀ ਵੀ ਹੈ ਅਤੇ ਚੇਤੰਨ ਹੋ ਕੇ ਜਿਊਣ ਦੀ ਪ੍ਰੇਰਣਾ ਵੀ ਦਿੰਦੀ ਹੈ। ਹੋਮਰ ਇਕੱਲੇ ਇਲੀਅਡ ਅੰਦਰ ਹੀ ਮੌਤ ਦੇ ਕੋਈ ਸੱਠ ਢੰਗ ਬਿਆਨ ਕਰਦਾ ਹੈ। ਅਖ਼ੀਲੀਜ਼ ਸਾਹਮਣੇ ਲੰਬੀ, ਸਾਧਾਰਨ ਜ਼ਿੰਦਗੀ ਅਤੇ ਛੋਟੀ ਪਰ ਤੀਬਰ ਅਤੇ ਮਹਾਨ ਜ਼ਿੰਦਗੀ ਵਿਚਕਾਰ ਚੋਣ ਦਾ ਸਵਾਲ ਹੈ। ਜ਼ਾਹਿਰ ਹੈ ਉਹ ਕੀ ਚੁਣਦਾ ਹੈ।
ਇਹ ਜੰਗ ਦੀ ਪ੍ਰਸ਼ੰਸਾ ਦਾ ਮਹਾਂਕਾਵਿ ਬਿਲਕੁਲ ਨਹੀਂ। ਮਹਾਨ ਯੋਧਾ, ਮਨੁੱਖਤਾ ਦੇ ਕਈ ਬਿਹਤਰੀਨ ਨਮੂਨੇ, ਪਿਆਰੇ ਮਿੱਤਰ, ਸੋਹਣੇ ਮਹਿਬੂਬ – ਕਿੰਨੇ ਹੀ ਸਾਰੇ ਆਦਮੀ ਇਕ ਬੇਮਾਅਨਾ ਜੰਗ ਵਿਚ ਮਾਰੇ ਜਾਂਦੇ ਹਨ। ਹੋਮਰ ਵਾਰ-ਵਾਰ ਉਨ੍ਹਾਂ ਦੇ ਘਰਾਂ, ਪਰਿਵਾਰਾਂ, ਦੋਸਤਾਂ, ਸ਼ਹਿਰਾਂ ਦੀ ਉਦਾਸੀ ਤੇ ਤ੍ਰਾਸਦੀ ਵੱਲ ਸਾਡਾ ਧਿਆਨ ਖਿੱਚਦਾ ਹੈ ਜੋ ਉਨ੍ਹਾਂ ਦੀ ਮੌਤ ਨਾਲ ਪੈਦਾ ਹੁੰਦੀ ਹੈ। ਉਹ ਵਾਰ-ਵਾਰ ਜੰਗ ਦੇ ਅਣਮਨੁੱਖੀ ਵਰਤਾਰਾ ਹੋਣ ਦੀ ਯਾਦ ਕਰਵਾਉਂਦਾ ਹੈ। ਰੂਪਕ-ਝਾਕੀਆਂ ਰਾਹੀਂ ਰੋਜ਼ਾਨਾ ਦੀ ਆਮ ਜ਼ਿੰਦਗੀ ਨੂੰ ਨੇੜਿਉਂ ਵਿਸਥਾਰ ਨਾਲ ਦਿਖਾਉਂਦਾ ਹੈ। ਇਸ ਤਰ੍ਹਾਂ ਉਹ ਮਨੁੱਖਤਾ ਅਤੇ ਮਨੁੱਖੀ ਜ਼ਿੰਦਗੀ ਨੂੰ ਲਗਾਤਾਰ ਸਾਹਮਣੇ ਰੱਖਦਾ ਹੈ। ਰਾਜਾ ਪ੍ਰਾਇਅਮ ਦਾ ਅਖ਼ੀਲੀਜ਼ ਕੋਲ ਆਪਣੇ ਪੁੱਤਰ ਦੀ ਲਾਸ਼ ਲੈਣ ਜਾਣਾ ਅਤੇ ਮੌਤ ਤੋਂ ਪਹਿਲਾਂ ਹੈਕਟਰ ਦਾ ਪਤਨੀ ਤੇ ਪੁੱਤਰ ਤੋਂ ਰੁਖ਼ਸਤ ਹੋਣਾ ਹੋਮਰ ਦੁਆਰਾ ਇਸ ਮਹਾਂਕਾਵਿ ਵਿਚ ਮਨੁੱਖੀ ਸੰਵੇਦਨਾ ਨੂੰ ਜ਼ਿੰਦਗੀ ਦੀ ਅਸਲ ਤੇ ਕੇਂਦਰੀ ਸੱਚਾਈ ਵਜੋਂ ਦੇਖਣ ਦੀਆਂ ਖ਼ੂਬਸੂਰਤ ਮਿਸਾਲਾਂ ਹਨ। ਇਕ ਹੋਰ ਵਿਲੱਖਣ ਉਦਾਹਰਣ ਹੈ ਅਖ਼ੀਲੀਜ਼ ਦੀ ਸ਼ੀਲਡ ਜਿਸ ਵਿਚ ਜੰਗ ਅਤੇ ਅਮਨ ਦੋਵੇਂ ਬਰਾਬਰ ਦਰਜ ਹਨ। ਅੰਗਰੇਜ਼ੀ ਕਵੀ ਔਡਨ ਨੇ ਆਪਣੀ ਇਕ ਕਵਿਤਾ ਵਿਚ ਇਸੇ ਸ਼ੀਲਡ ਦਾ ਆਧੁਨਿਕ ਪ੍ਰਸੰਗ ਮੁਤਾਬਿਕ ਜੰਗ ਦੇ ਪ੍ਰਤੀਰੋਧ ਵਿਚ ਪੁਨਰ-ਸਿਰਜਣ ਕੀਤਾ ਹੈ। ਪੇਂਟਿੰਗ ਵਿਚ ਪ੍ਰਤੀਰੋਧ ਦੀ ਇਹ ਪਰੰਪਰਾ ਰੂਬਨਜ਼, ਗੋਇਆ ਅਤੇ ਪਿਕਾਸੋ ਨੇ ਆਪਣੀਆਂ ਮਹਾਨ ਕਲਾਕ੍ਰਿਤਾਂ ਰਾਹੀਂ ਅੱਗੇ ਤੋਰੀ।
ਹਰਦਿਲਬਾਗ ਸਿੰਘ ਗਿੱਲ ਨੂੰ ਮੈਂ ਪਹਿਲੀ ਵਾਰ ਕਈ ਸਾਲ ਪਹਿਲਾਂ ਮਿਲਿਆ। ਉਦੋਂ ਉਹ ਇਕ ਐਤਵਾਰ ਦੀ ਦੁਪਹਿਰ ਮੈਨੂੰ ਮਿਲਣ ਲਈ ਮੇਰੇ ਘਰ ਆਏ। ਉਨ੍ਹਾਂ ਨੇ ਸ਼ੇਕਸਪੀਅਰ ਦੇ ਮਹਾਨ ਚੋਣਵੇਂ ਨਾਟਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਸੀ ਜਿਸ ਨੂੰ ਸਵਰਨਜੀਤ ਸਵੀ ਨੇ ਛਾਪਿਆ ਸੀ। ਸ਼ੇਕਸਪੀਅਰ ਦੀ ਨਾਟਕ/ਕਾਵਿ ਰਚਨਾ ਨੂੰ ਪੰਜਾਬੀ ਮੁਹਾਵਰੇ ਵਿਚ ਉਨ੍ਹਾਂ ਨੇ ਸਹਿਜ ਅਤੇ ਗੰਭੀਰ ਉਪਰਾਲੇ ਨਾਲ ਉਤਾਰਿਆ ਸੀ ਜੋ ਹੈਰਾਨ ਕਰਨ ਅਤੇ ਆਨੰਦ ਦੇਣ ਵਾਲਾ ਸੀ। ਇਹ ਮਨੁੱਖੀ ਸੰਵੇਦਨਾ ਅਤੇ ਅਨੁਭਵ ਨੂੰ ਬਿਆਨ ਕਰਨ ਦੀ ਪੰਜਾਬੀ ਭਾਸ਼ਾ ਦੀ ਸਮਰੱਥਾ ਦਾ ਅਸਾਧਾਰਨ ਨਮੂਨਾ ਸੀ। ਉਨ੍ਹਾਂ ਦੱਸਿਆ ਕਿ ਕਈ ਦਹਾਕੇ ਪਹਿਲਾਂ ਐੱਮ.ਏ. ਅੰਗਰੇਜ਼ੀ ਕਰਕੇ ਲੈਕਚਰਰ ਲੱਗਣ ਦੇ ਦਿਨਾਂ ਵਿਚ ਹੀ ਉਨ੍ਹਾਂ ਨੇ ਟੀ.ਐੱਸ. ਐਲੀਅਟ (“.S. 5liot) ਦੀਆਂ ਕੁਝ ਪ੍ਰਮੁੱਖ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕੀਤਾ ਸੀ।
ਹਰਦਿਲਬਾਗ ਸਿੰਘ ਗਿੱਲ ਅਕਾਦਮਿਕ ਜਗਤ ਦੀਆਂ ਸਰਹੱਦਾਂ ਉੱਪਰ ਕਿਸੇ ਫ਼ਕੀਰ ਵਾਂਗ ਵਿਚਰਦੇ ਰਹੇ, ਪੜ੍ਹਦੇ-ਪੜ੍ਹਾਉਂਦੇ, ਵਕਾਲਤ ਕਰਦੇ, ਲਿਖਦੇ, ਅਨੁਵਾਦ ਕਰਦੇ। ਬਿਨਾਂ ਕਿਸੇ ਲਾਲਚ ਜਾਂ ਉਮੀਦ ਦੇ। ਪੂਰੀ ਲਗਨ, ਸ਼ਿੱਦਤ ਅਤੇ ਪਿਆਰ ਨਾਲ।
ਇਕ ਦਿਨ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ। ਉਨ੍ਹਾਂ ਦੀ ਸਿਹਤ ਉਦੋਂ ਚੰਗੀ ਨਹੀਂ ਸੀ, ਫਿਰ ਵੀ ਉਹ ਇਕਦਮ ਰਾਜ਼ੀ ਹੋ ਗਏ। ਮੇਰੇ ਸੱਦੇ ਨੂੰ ਸੰਜੀਦਗੀ ਨਾਲ ਲੈਂਦਿਆਂ ਉਨ੍ਹਾਂ ਨੇ ਸਾਹਿਤਕ ਅਨੁਵਾਦ ਉੱਪਰ ਆਪਣਾ ਲੈਕਚਰ ਤਿਆਰ ਕੀਤਾ। ਲੈਪਟੌਪ ਸਾਹਮਣੇ ਰੱਖ ਕੇ, ਸਮੇਂ ਅਤੇ ਵਿਸ਼ੇ ਨੂੰ ਢੁੱਕਵੇਂ ਹਿੱਸਿਆਂ ਵਿਚ ਵੰਡਦਿਆਂ ਲਗਭਗ 80 ਵਰ੍ਹਿਆਂ ਦਾ ਇਹ ਜੋਸ਼ੀਲਾ, ਸ਼ਾਂਤ-ਸੁਭਾਅ ਬਜ਼ੁਰਗ, ਵਿਦਿਆਰਥੀਆਂ ਨਾਲ ਪੂਰੇ ਪਿਆਰ, ਗੰਭੀਰਤਾ ਅਤੇ ਜ਼ਿੰਦਾਦਿਲੀ ਨਾਲ ਰੂਬਰੂ ਹੋਇਆ ਜੋ ਸਾਰਿਆਂ ਲਈ ਅੱਜ ਵੀ ਪ੍ਰੇਰਣਾ ਸਰੋਤ ਹੈ।
ਉਨ੍ਹਾਂ ਨੂੰ ਭਾਸ਼ਾਵਾਂ ਨਾਲ ਅਥਾਹ ਮੁਹੱਬਤ ਸੀ। ਉਹ ਕਲਪਨਾਸ਼ੀਲ, ਸੂਖ਼ਮ ਅਤੇ ਸਪਸ਼ਟ ਜ਼ਿਹਨ ਦੇ ਮਾਲਕ ਸਨ। ਉਨ੍ਹਾਂ ਨੂੰ ਭਾਸ਼ਾ ਦੇ ਸੰਗੀਤ ਨੂੰ ਆਪਣੀ ਰੂਹ ਅੰਦਰ ਉਤਾਰਨ ਦਾ ਲੰਮਾ ਅਭਿਆਸ ਸੀ। ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਪ੍ਰਤੀ ਪ੍ਰੇਮ ਉਨ੍ਹਾਂ ਨੂੰ ਅਨੁਵਾਦਕ ਵਜੋਂ ਲੋੜੀਂਦੀ ਸੂਝ ਅਤੇ ਸੰਵੇਦਨਾ ਦਿੰਦਾ ਸੀ। ਇਸੇ ਲਈ ਉਹ ਹੋਮਰ ਦੇ ਇਸ ਮਹਾਂਕਾਵਿ ਨੂੰ ਇੰਨੀ ਖ਼ੂਬਸੂਰਤੀ ਨਾਲ ਅਨੁਵਾਦ ਕਰ ਸਕੇ।
ਜਦੋਂ ਉਹ ਇਸ ਕੰਮ ਵਿਚ ਰੁੱਝੇ ਹੋਏ ਸਨ, ਉਨ੍ਹੀਂ ਦਿਨੀਂ ਕਈ ਵਾਰ ਗੰਭੀਰ ਬਿਮਾਰ ਰਹੇ। ਹਸਪਤਾਲ ਵਿਚ ਦਾਖ਼ਲ ਵੀ ਰਹੇ, ਪਰ ਇਹ ਕੰਮ ਛੱਡਿਆ ਨਹੀਂ। ਉਨ੍ਹਾਂ ਦੀ ਦਿਲੀ ਇੱਛਾ ਹੁੰਦੀ ਸੀ ਕਿ ਦੁਨੀਆਂ ਦੀ ਹਰ ਮਹਾਨ ਪੁਸਤਕ ਪੰਜਾਬੀ ਦੇ ਪਾਠਕ ਲਈ ਉਸ ਦੀ ਮਾਂ-ਬੋਲੀ ਵਿਚ ਮੁਹੱਈਆ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਕ ਵਾਰ ਫੇਰ ਨਿੱਜੀ ਕੋਸ਼ਿਸ਼ ਨਾਲ, ਆਪਣੇ ਖ਼ਰਚੇ ਉੱਪਰ ਆਪਣਾ ਫ਼ਰਜ਼ ਨਿਭਾਉਣ ਦਾ ਬੀੜਾ ਚੁੱਕਿਆ। ਉਨ੍ਹਾਂ ਦਾ ਕੰਮ ਲਗਨ ਤੇ ਸਿਰੜ ਨਾਲ ਕੰਮ ਕਰਨ ਵਾਲਿਆਂ ਲਈ ਬਿਹਤਰੀਨ ਮਿਸਾਲ ਵੀ ਹੈ ਅਤੇ ਵਸੀਲੇ, ਮੌਕੇ ਤੇ ਜ਼ਿੰਮੇਵਾਰੀ ਹੁੰਦਿਆਂ ਵੀ ਅਜਿਹਾ ਫ਼ਰਜ਼ ਨਾ ਨਿਭਾਉਣ ਵਾਲਿਆਂ ਲਈ ਫਿਟਕਾਰ ਵੀ ਹੈ।

* ਪ੍ਰੋਫ਼ੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 78379-60942


Comments Off on ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.