ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਹੁਣ ਦਬਾਇਆਂ ਵੀ ਨਹੀਂ ਦੱਬਦੇ ਅਸੀਂ

Posted On August - 5 - 2019

ਐੱਸ ਪੀ ਸਿੰਘ*

ਇਹ ਬਹਿਸ ਚੱਲਦੀ ਰਹੇਗੀ ਕਿ ਉਨਾਓ ਜਬਰ-ਜਨਾਹ ਮਾਮਲੇ ਦੀ ਪੀੜਤ ਲੜਕੀ ਉੱਤੇ ਕਹਿਰ ਢਾਹੁਣ ਵਾਲੇ ਸਿਆਸੀ ਨੇਤਾ ਨੂੰ ਪਾਰਟੀ ਵਿੱਚੋਂ ਪਹਿਲੋਂ ਹੀ ਕਿਉਂ ਨਹੀਂ ਕੱਢਿਆ ਗਿਆ, ਇਨਸਾਫ਼ ਦੀ ਚੱਕੀ ਏਨੀ ਹੌਲੀ ਕਿਉਂ ਚੱਲ ਰਹੀ ਸੀ, ਉਹਦੇ ਅਤੇ ਉਹਦੇ ਪਰਿਵਾਰ ਉੱਤੇ ਇੱਕ ਤੋਂ ਬਾਅਦ ਇੱਕ ਜ਼ੁਲਮ ਕਿਵੇਂ ਹੁੰਦੇ ਰਹੇ। ਸੂਬੇ ਦੀ ਸਰਕਾਰ ਨੂੰ ਮਿਹਣੇ ਤਾਅਨੇ ਸੁਣਨੇ ਪੈ ਰਹੇ ਹਨ। ਕਾਨੂੰਨ ਹੁਣ ਆਪਣੀ ਇੱਜ਼ਤ ਬਚਾਉਣ ਲਈ ਓਹੜ ਪੋਹੜ ਕਰ ਰਿਹਾ ਹੈ।
ਇਹ ਮਸਲਾ ਟੀਵੀ ਬਹਿਸਾਂ ਦਾ ਮੌਜ਼ੂ ਵੀ ਰਿਹਾ। ਇਹ ਸਾਫ਼ ਸੀ ਕਿ ਪੁਲੀਸ, ਪ੍ਰਸ਼ਾਸਨ, ਸਿਆਸਤ ਸਭ ਜਵਾਬਦੇਹੀ ਦੇ ਘੇਰੇ ਵਿੱਚ ਸਨ। ਬਹਿਸ ਦੇ ਦੋ ਪਹਿਲੂ ਹੋ ਹੀ ਨਹੀਂ ਸਕਦੇ ਸਨ। ਮੈਂ ਦੇਖਣਾ ਚਾਹੁੰਦਾ ਸਾਂ ਕਿ ਅਜਿਹੀ ਸਥਿਤੀ ਵਿੱਚ ਸੱਤਾਧਾਰੀ ਰਾਜਨੀਤਕ ਪਾਰਟੀ ਜਾਂ ਸਰਕਾਰ ਵੱਲੋਂ ਬਹਿਸ ਵਿੱਚ ਹਿੱਸਾ ਲੈ ਰਿਹਾ ਨੁਮਾਇੰਦਾ ਆਖ਼ਰ ਕੀ ਪੈਂਤੜਾ ਲੈ ਸਕਦਾ ਹੈ? ਰਾਜਨੀਤੀ ਨੂੰ ਸਮਝ ਲੈਣ ਦਾ ਦਾਅਵਾ ਕਰਨਾ ਤਾਂ ਮੂਰਖਤਾ ਹੁੰਦੀ ਹੈ, ਪਰ ਉਮਰ ਦੇ ਇਸ ਪੜਾਅ ਵਿੱਚ ਇਹਦੇ ਤੋਂ ਮਾਸੂਮ ਰਹਿ ਜਾਣ ਦਾ ਵੀ ਤਾਂ ਮੇਰਾ ਕੋਈ ਦਾਅਵਾ ਨਹੀਂ ਰਹਿ ਗਿਆ। ਫਿਰ ਵੀ ਮਨ ਦੀ ਕਿਸੇ ਗੁੱਠੇ ਇੱਕ ਖਿਆਲ ਸੀ ਕਿ ਸ਼ਾਇਦ ਉਹ ਆ ਕੇ ਇਹ ਕਹਿ ਦੇਵੇ ਕਿ “ਮੈਂ ਤਾਂ ਅੱਜ ਇਸ ਬਹਿਸ ਵਿੱਚ ਕੇਵਲ ਸੁਣਨ ਆਇਆ ਹਾਂ। ਮੈਂ ਘਰ ਬੈਠ ਕੇ ਵੀ ਸੁਣ ਸਕਦਾ ਸੀ ਪਰ ਇਹ ਤੁਹਾਡੇ ਉਸ ਅਧਿਕਾਰ ਉੱਤੇ ਛਾਪਾ ਹੁੰਦਾ ਕਿ ਇਸ ਘਿਨਾਉਣੇ ਘਟਨਾ-ਚੱਕਰ ਤੋਂ ਬਾਅਦ ਤੁਸੀਂ ਮੈਨੂੰ ਮੇਰੇ ਮੂੰਹ ’ਤੇ ਲਾਹਣਤ ਦੇ ਸਕੋ। ਇਸ ਲਈ ਮੈਂ ਆਪਣਾ ਮੂੰਹ ਲੈ ਕੇ ਆਇਆ ਹਾਂ, ਭਾਵੇਂ ਇਹ ਵਿਖਾਉਣ ਜੋਗਾ ਨਹੀਂ ਰਹਿ ਗਿਆ। ਅਸੀਂ ਇਸ ਮਸਲੇ ਵਿੱਚ ਇਨਸਾਫ਼ ਦੇਣ ਵਿੱਚ ਅਸਫਲ ਹੋਏ ਹਾਂ, ਪੈਰ-ਪੈਰ ’ਤੇ ਅਣਗਹਿਲੀਆਂ ਹੋਈਆਂ ਹਨ, ਅਣਹੋਣੀਆਂ ਵਾਪਰੀਆਂ ਹਨ ਅਤੇ ਅਸੀਂ ਪੀੜਤ ਲੜਕੀ ਦੇ ਅਤੇ ਸਾਰੇ ਦੇਸ਼ ਦੇ ਦੇਣਦਾਰ ਸਾਬਤ ਹੋਏ ਹਾਂ। ਸਾਨੂੰ ਥੋੜ੍ਹਾ ਜਿਹਾ ਵਕਤ ਦੇ ਦਿਓ, ਅਸੀਂ ਤੁਹਾਨੂੰ ਮੂੰਹ ਵਿਖਾਉਣ ਜੋਗੇ ਹੋ ਜਾਵਾਂਗੇ। ਅਸੀਂ ਹੁਣ ਇੰਝ ਵਿਚਰਾਂਗੇ ਕਿ ਤੁਹਾਡਾ ਸਾਨੂੰ ਮੁਆਫ਼ ਕਰਨ ਦਾ ਸ਼ਾਇਦ ਮਨ ਬਣ ਜਾਵੇ।”
ਖ਼ੈਰ, ਇਹ ਮਾਸੂਮੀਅਤ ਜਾਂ ਮੂਰਖਤਾ ਹੋ ਸਕਦੀ ਹੈ, ਕੋਈ ਜੁਰਮ ਤਾਂ ਹੈ ਨਹੀਂ। ਸੋ ਮੈਂ ਪਲ ਭਰ ਲਈ ਇਹ ਸੋਚ ਬੈਠਾ ਸੀ। ਮੈਨੂੰ ਲੱਗਿਆ ਸੀ ਕਿ ਇਸ ਬਹਿਸ ਦੇ ਦੋ ਪਹਿਲੂ ਤਾਂ ਹੋ ਹੀ ਨਹੀਂ ਸਕਦੇ। ਪਰ ਫਿਰ ਜ਼ੋਰਦਾਰ ਇੱਕ ਧੱਕਾ ਲੱਗਿਆ, ਵਿਸ਼ਵਾਸ ਹੀ ਨਹੀਂ ਆਇਆ ਕਿ ਮੈਂ ਕੀ ਵੇਖ ਸੁਣ ਰਿਹਾ ਹਾਂ। ਸੱਤਾਧਾਰੀ ਪਾਰਟੀ ਦਾ ਨੁਮਾਇੰਦਾ ਅੰਕੜਿਆਂ ਨਾਲ ਭਰੇ ਪੁਲੰਦੇ ਲੈ ਕੇ ਆਇਆ ਸੀ ਅਤੇ ਇਹ ਸਾਬਤ ਕਰਨ ’ਤੇ ਤੁਲਿਆ ਸੀ ਕਿ ਉਹਦੇ ਸੂਬੇ ਵਿੱਚ ਨਿਵੇਸ਼ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ ਅਤੇ ਕਿਵੇਂ ਨਿਵੇਸ਼ ਵਿੱਚ ਵਾਧਾ ਤਰੱਕੀ ਦਾ ਸੂਚਕ ਹੁੰਦਾ ਹੈ। ਸਮਝਾ ਰਿਹਾ ਸੀ ਕਿ ਕਿਵੇਂ ਸੂਬੇ ਬਾਰੇ ਜਾਂ ਸੂਬੇ ਦੀ ਸਰਕਾਰ ਬਾਰੇ ਕੋਈ ਕਿਆਸ ਕਿਸੇ ਐਸੀ ਘਟਨਾ ਤੋਂ ਨਹੀਂ ਬਲਕਿ ਨਿਵੇਸ਼ ਅਤੇ ਤਰੱਕੀ ਦੀ ਦਰ ਤੋਂ ਲਾਇਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਬਾਕੀ ਦੇ ਮਹਿਮਾਨਾਂ ਨੇ ਉਹਦੇ ਦਾਅਵਿਆਂ ਉੱਤੇ ਸਵਾਲ ਕੀਤਾ ਹੋਵੇ ਪਰ ਮੈਂ ਟੀਵੀ ਬੰਦ ਕਰ ਦਿੱਤਾ ਸੀ। ਇਸ ਲਈ ਕਿਉਂ ਜੋ ਉਹ ਆਪਸ ਵਿੱਚ ਇਹ ਸਾਰੀ ਬਹਿਸ ਸਾਡੇ ਲਈ ਹੀ ਤਾਂ ਕਰ ਰਹੇ ਸਨ।
ਬਿਆਨਬਾਜ਼ੀ, ਸਿਆਸੀ ਰੈਲੀ ਵਿੱਚ ਤਕਰੀਰ, ਅਖ਼ਬਾਰ ਵਿੱਚ ਲੇਖ, ਟੀਵੀ ਤੇ ਬਹਿਸ – ਇਸ ਸਭ ਵਿੱਚ ਸਾਡੀ ਬੜੀ proactive ਸ਼ਮੂਲੀਅਤ ਹੁੰਦੀ ਹੈ। ਜੇ ਤੁਸਾਂ ਸੁਣਿਆ ਨਹੀਂ ਤਾਂ ਕਾਹਦੀ ਬਿਆਨਬਾਜ਼ੀ? ਜੇ ਟੀਵੀ ’ਤੇ ਵੇਖਿਆ ਨਹੀਂ ਤਾਂ ਕਾਹਦੀ ਗਰਮਾ-ਗਰਮ ਬਹਿਸ? ਪੜ੍ਹਨਾ ਲਿਖ਼ਤ ਨੂੰ ਜ਼ਿੰਦਗੀ ਦਿੰਦਾ ਹੈ, ਵਰਨਾ ਉਹ ਦਰੱਖਤ ਦਾ ਮਰ ਕੇ ਕਾਗਜ਼ ਹੋਣਾ ਤੇ ਫਿਰ ਸਿਆਹ ਹੋ ਜਾਣਾ ਹੈ। ਟੀਵੀ ਵਾਲਾ ਉਹ ਸੱਜਣ ਇਹ ਆਸ ਲਾਈ ਬੈਠਾ ਹੁੰਦਾ ਹੈ ਕਿ ਕੋਈ ਪੀੜਤ ਲੜਕੀ ਨਾਲ ਹੋਏ ਜ਼ੁਲਮਾਂ ਅਤੇ ਧੱਕਿਆਂ ਦੀ ਤਫ਼ਸੀਲ ਜਾਣਨ ਤੋਂ ਬਾਅਦ ਇਹ ਸੁਣਨ ਨੂੰ ਤਿਆਰ ਹੋਵੇਗਾ ਕਿ ਸੂਬੇ ਵਿੱਚ ਕਿੰਨਾ ਨਿਵੇਸ਼ ਹੋ ਰਿਹਾ ਹੈ।
ਉਨਾਓ ਸਾਡੀ ਦਹਿਲੀਜ਼ ’ਤੇ ਉਦੋਂ ਨਹੀਂ ਆਉਂਦਾ ਜਦੋਂ ਅਸੀਂ ਅਜਿਹੀ ਦਲੀਲ ਸੁਣ ਲੈਂਦੇ ਹਾਂ। ਖ਼ੂਨ ਦੀ ਪਿਆਸੀ ਭੀੜ ਦੇ ਸਾਡੀ ਗਲੀ ਵਿੱਚ ਆ ਜਾਣ ਦਾ ਖਦਸ਼ਾ ਉਦੋਂ ਨਹੀਂ ਪੈਦਾ ਹੁੰਦਾ ਜਦੋਂ ਅਸੀਂ ਇਸ ਤਫ਼ਸੀਲ ਵਿੱਚ ਜਾਂਦੇ ਹਾਂ ਕਿ ਆਖਰ ਦਾਦਰੀ ਦੀ ਉਸ ਗਲੀ ਵਿੱਚ ਅਖ਼ਲਾਕ ਦੇ ਘਰ ਪਏ ਫਰਿੱਜ ਵਿੱਚ ਸਾਂਭਿਆ ਮਾਸ ਕਿਸ ਜਾਨਵਰ ਦਾ ਸੀ। ਉਸ ਦਿਨ ਤਾਂ ਅਸੀਂ ਭੀੜ ਨੂੰ ਘਰ ਬੁਲਾਉਣ ਦਾ ਬੰਦੋਬਸਤ ਕਰ ਲਿਆ ਹੁੰਦਾ ਹੈ।
ਭੀੜ ਸਾਡੇ ਘਰਾਂ ਵੱਲ ਨੂੰ ਮੋੜਾ ਕੱਟਣ ਦਾ ਫ਼ੈਸਲਾ ਉਦੋਂ ਕਰਦੀ ਹੈ ਜਦੋਂ ਕੋਈ ਬਿਆਨਬਾਜ਼ੀ ਕਰਦਾ, ਟੀਵੀ ਦੀ ਬਹਿਸ ਵਿੱਚ ਹਿੱਸਾ ਲੈਂਦਾ, ਪਾਰਲੀਮੈਂਟ ਨੂੰ ਸੰਬੋਧਨ ਕਰਦਾ, ਇਹ ਸੋਚ ਲੈਂਦਾ ਹੈ ਕਿ ਉਨਾਓ ਬਾਰੇ ਬਹਿਸ ਵਿੱਚ ਨਿਵੇਸ਼ ਬਾਰੇ ਜਾਨਣ ਲਈ ਅਸੀਂ ਤਿਆਰ ਹਾਂ। ਅਸੀਂ ਦਰਅਸਲ ਅੰਦਰੋਂ ਇਹ ਜਾਣਨ ਲਈ ਉਤਸੁਕ ਹਾਂ ਕਿ ਫਰਿੱਜ ਵਿੱਚ ਮਾਸ ਕਿਸ ਜਾਨਵਰ ਦਾ ਸੀ।
ਸਾਨੂੰ ਘੋਰ ਪਾਪ ਵਿੱਚ ਹਿੱਸੇਦਾਰ ਬਣਾਇਆ ਜਾ ਰਿਹਾ ਹੈ।
ਬਹਿਸ ਸਰੋਤਿਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੀ ਹੈ। ਜਿਨ੍ਹਾਂ ਸੱਤਾ ਧਿਰ ਨੂੰ ਵੋਟਾਂ ਪਾਈਆਂ ਹੁੰਦੀਆਂ ਹਨ, ਉਹ ਨਿਵੇਸ਼ ਵਾਲੀ ਦਲੀਲ ਦੀ ਤੰਦ ਫੜ ਤੁਰ ਪੈਂਦੇ ਹਨ, ਮੂਲੋਂ ਘਟੀਆ ਸੋਚ ਦਾ ਦਿਫ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਸਰਕਾਰ ’ਤੇ ਧਾਵਾ ਬੋਲਦੀ ਧਿਰ ਹੁਣ ਇਸ ਸਾਰੀ ਖ਼ਲਕਤ ਖ਼ਿਲਾਫ਼ ਭੁਗਤਣ ਲੱਗਦੀ ਹੈ ਜਿਹੜੀ ਨਿਵੇਸ਼ ਦੇ ਅੰਕੜੇ ਰੱਟਦੀ ਹੈ, ਫਰਿੱਜ ਵਿੱਚੋਂ ਨਿਕਲੇ ਮਾਸ ਦੇ ਡੀਐੱਨਏ ਟੈਸਟ ਦੀ ਮੰਗ ਕਰਦੀ ਹੈ। ਸਭ ਤੋਂ ਵੱਡਾ ਧੋਖਾ ਖ਼ਲਕਤ ਦੇ ਉਸ ਹਿੱਸੇ ਨਾਲ ਹੁੰਦਾ ਹੈ ਜਿਸ ਨੇ ਇਹ ਸੋਚ ਕੇ ਹਾਕਮਾਂ ਨੂੰ ਵੋਟ ਪਾਈ ਸੀ ਕਿ ਪਹਿਲੇ ਵਾਲਿਆਂ ਵਾਂਗ ਗਲਤੀਆਂ ਨਹੀਂ ਕਰਨਗੇ, ਦੇਸ਼ ਨੂੰ ਅੱਗੇ ਲੈ ਕੇ ਜਾਣਗੇ, ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਅਮੀਰ ਕਰਨਗੇ। ਇਸ ਸਭ ਦਾ ਸੌਖਾ ਉਲਥਾ ਸੁਰੱਖਿਆ, ਨੌਕਰੀ, ਸਿੱਖਿਆ, ਸਿਹਤ ਅਤੇ ਹਕੀਕੀ ਮੌਕੇ ਹੁੰਦਾ ਹੈ।
ਇਸ ਭੀੜ ਨੇ ਇਸ ਕਰਕੇ ਹਰਗਿਜ਼ ਇਹ ਹਾਕਮ ਨਹੀਂ ਚੁਣੇ ਸਨ ਕਿ ਉਹ ਕਿਸੇ ਪੀੜਤ ਲੜਕੀ ਉੱਤੇ ਹੋਏ ਜ਼ੁਲਮਾਂ ਦਾ ਦਿਫ਼ਾ ਕਰੇ, ਜ਼ਾਲਮ ਦੀ ਪਿੱਠ ਤੋਂ ਸਾਲਾਂ, ਮਹੀਨਿਆਂ, ਹਫ਼ਤਿਆਂ ਤੱਕ ਆਪਣਾ ਹੱਥ ਨਾ ਹਟਾਵੇ। ਬੰਦੇ ਨੂੰ ਲਾਸ਼ ਬਣਾ, ਉਹਦੇ ਫਰਿੱਜ ’ਚੋਂ ਨਿਕਲੇ ਮਾਸ ਦਾ ਡੀਐੱਨਏ ਟੈਸਟ ਕਰਵਾਵੇ।
ਆਪਣੇ ਆਪ ਨੂੰ ਨਰਮਖਿਆਲੀ, ਉਦਾਰਵਾਦੀ, ਲੋਕਤੰਤਰਿਕ, ਉਸਾਰੂ, ਅਗਾਂਹਵਧੂ ਕਹਿੰਦੀ ਧਿਰ ਨੇ ਖ਼ਲਕਤ ਦੇ ਉਸ ਹਿੱਸੇ ਨਾਲ ਨਫ਼ਰਤ ਕਰਨਾ ਸਿੱਖ ਲਿਆ ਹੈ ਜਿਸ ਨੇ ਦੇਸ਼ ਨੂੰ ਮਹਾਨ ਬਣਾਉਣ ਲਈ, ਦੁਸ਼ਮਣ ਦੇ ਛੱਕੇ ਛੁਡਾਉਣ ਲਈ ਇੱਕ ਮਜ਼ਬੂਤ ਨੇਤਾ ਦਾ, ਮਜ਼ਬੂਤ ਸਰਕਾਰ ਦਾ ਸੁਪਨਾ ਲਿਆ ਸੀ।
ਇੱਕ ਧਿਰ ਦੇਸ਼ ਨੂੰ ਇੰਨਾ ਪਿਆਰ ਕਰਦੀ ਹੈ ਕਿ ਸੂਬੇ ਵਿੱਚ ਵਧੇ ਨਿਵੇਸ਼ ਨਾਲ ਤਸੱਲੀ ਕਰ, ਪੀੜਤਾ ਦੀ ਦੇਣਦਾਰ ਸਿਆਸਤ ਦਾ ਦਿਫ਼ਾ ਕਰਦੀ ਹੈ। ਦੂਜੀ ਧਿਰ ਨੂੰ ਦੇਸ਼ ਦੇ ਹਨੇਰੇ ਭਵਿੱਖ ਬਾਰੇ ਇੰਨੀ ਚਿੰਤਾ ਹੈ ਕਿ ਉਸ ਨੇ ਖ਼ਲਕਤ ਦੇ ਇਸ ਹਿੱਸੇ ਨੂੰ, ਜਿਸ ਨੇ ਮਜ਼ਬੂਤ ਨੇਤਾ ਅਤੇ ਮਜ਼ਬੂਤ ਸਰਕਾਰਾਂ ਚੁਣਨ ਤੇ ਲੱਕ ਬੱਧਾ ਹੈ, ਨਫ਼ਰਤ ਕਰਨਾ ਸਿੱਖ ਲਿਆ ਹੈ।
ਹੁਣ ਅਸੀਂ ਇੱਕ ਦੂਜੇ ਨਾਲ ਖਹਿਬੜ ਰਹੇ ਹਾਂ। ਬਹਿਸ ਨਹੀਂ ਕਰ ਰਹੇ, ਇੱਕ ਦੂਜੇ ਨੂੰ ‘ਪੈ’ ਰਹੇ ਹਾਂ। ਸਾਡਾ ਆਪਸੀ ਸੰਵਾਦ ਖ਼ਤਮ ਹੋ ਚੁੱਕਿਆ ਹੈ। ਅਸਹਿਮਤੀਆਂ ਵਾਲੀ ਜ਼ਮੀਨ ਗਵਾਚ ਗਈ ਹੈ। ਹਰ ਗੱਲ ਹੁਣ ਆਰ-ਪਾਰ ਦੀ ਲੜਾਈ ਹੈ। ਆਪੋ ਵਿੱਚ ਗੱਲ ਨਹੀਂ ਹੁੰਦੀ, ਗਾਲੀ-ਗਲੋਚ ਹੁੰਦਾ ਹੈ। ਦੂਜੇ ਦੇ ਮੂੰਹੋਂ ਉਹਦਾ ਨਹੀਂ, ਆਪਣਾ ਬਿਆਨੀਆ ਸੁਣਨਾ ਚਾਹੁੰਦੇ ਹਾਂ। ਇਹ ਵੀ ਚਾਹੁੰਦੇ ਹਾਂ ਕਿ ਸਾਡਾ ਬਿਆਨੀਆ ਸਾਡੇ ਹੀ ਸ਼ਬਦਾਂ ਵਿੱਚ ਬਿਆਨ ਹੋਵੇ। ਜੇ ਉਨਾਓ ਦੀ ਘਟਨਾ ਬਾਰੇ ਕੋਈ ਕਾਲਮ ਲਿਖੇ ਤਾਂ ਦੂਜੀ ਧਿਰ ਨੂੰ ਮੈਥੋਂ ਘੱਟ ਗਾਲ੍ਹ ਨਾ ਕੱਢੇ। ਸੱਚ ਦਾ ਅਲੰਬਰਦਾਰ ਤਾਂ ਮੈਂ ਹੀ ਹਾਂ, ਲਿਖਣ ਵਾਲਾ ਇਸ ਸ਼ਰਤ ਤੋਂ ਘੱਟ ਪਾਸ ਨਹੀਂ ਹੋ ਸਕਦਾ।
ਅਸੀਂ ਭੁੱਲ ਰਹੇ ਹਾਂ ਕਿ ਨਫ਼ਰਤ ਕਰਨ ਵਾਲੇ ਨੂੰ ਨਫ਼ਰਤ ਕਰਨ ਦੀ ਫਿਰਾਕ ਵਿੱਚ ਮਸ਼ਰੂਫ਼, ਅਸੀਂ ਅਸਲ ਵਿੱਚ ਆਪ ਨਫ਼ਰਤੀ ਬਿਆਨੀਏ ਦੇ ਅਲੰਬਰਦਾਰ ਬਣ ਰਹੇ ਹਾਂ। ਸਾਡਾ ਸੰਵਾਦ ਦਾ ਸਾਰਾ ਮੁਹਾਵਰਾ ਨਫ਼ਰਤੀ ਹੁੰਦਾ ਜਾ ਰਿਹਾ ਹੈ। ਮੇਰਾ ਫੋਨ ਹੈ ਤਾਂ ਸਸਤਾ ਜਿਹਾ, ਪਰ ਮੇਰੇ ਤੋਂ ਫਿਰ ਵੀ ਸਮਾਰਟ ਹੈ। ਇਸ ਲਈ ਬਹੁਤੀ ਵਾਰੀ ਮੈਂ ਉਹਦੇ ਉੱਤੇ ਆਏ ਵੀਡੀਓ ਤੱਕਣ ਤੋਂ ਗੁਰੇਜ਼ ਕਰਦਾਂ, ਪਰ ਬੀਤੇ ਹਫ਼ਤੇ ਬਹੁਤ ਸਾਰੇ ਮਿੱਤਰਾਂ ਇਹ ਵੀਡੀਓ ਭੇਜੀ ਤਾਂ ਮੈਂ ਸਮਝ ਗਿਆ ਕਿ ਇਹਨੂੰ ਉਹੀ ਬਿਮਾਰੀ ਲੱਗ ਗਈ ਹੈ ਜਿਸ ਤੋਂ ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਡਰਨਾ ਚਾਹੀਦਾ ਹੈ – ਇਹ ਵਾਇਰਲ ਹੋ ਗਿਆ ਹੈ।
‘‘ਆਹ ਵੇਖੋ ਜੀ, ਸਾਡਾ ਸ਼ੇਰ ਕਿਵੇਂ ਟੁੱਟ ਕੇ ਪੈ ਗਿਆ!’’ ਸਾਡਾ ਚੁਣਿਆ ਪਾਰਲੀਮੈਂਟ ਵਿੱਚ ਸਾਡੇ ਚੁਣੇ ਨੂੰ ਟੁੱਟ-ਟੁੱਟ ਕੇ ਪੈ ਰਿਹਾ ਸੀ। ਗਲਾ ਬਹਿ ਰਿਹਾ ਸੀ। ਜ਼ਬਾਨ ਨਾਲ ਤਾਲੂ ਖਹਿ ਰਿਹਾ ਸੀ। ਰੌਲਾ ਬੜਾ ਪੈ ਰਿਹਾ ਸੀ। ਇੱਕ, ਦੂਜੇ ਨੂੰ ‘ਪੈ’ ਰਿਹਾ ਸੀ। ਇਸ ਗੋਲ ਇਮਾਰਤ ਵਿੱਚ ਬੈਠ ਕਦੀ ਅਸਾਂ ਸੰਵਿਧਾਨ ਘੜਿਆ ਸੀ, ਕਰੋੜਾਂ ਦੀਆਂ ਤਕਦੀਰਾਂ ਤੈਅ ਕੀਤੀਆਂ ਸਨ। ਪੇਚੀਦਗੀਆਂ ਨਾਲ ਉਲਝੇ, ਬਹਿਸਾਂ ਕੀਤੀਆਂ, ਕਦੀ ਥਿੜਕੇ, ਫਿਰ ਸੰਭਲੇ। ਕਈ ਗੁੰਝਲਦਾਰ ਮਸਲੇ ਸੁਲਝੇ। ਕਹਿੰਦੇ ਅਸੀਂ ਉਹਨੂੰ ਮੰਦਿਰ ਹਾਂ ਪਰ ਹੁਣ ਉੱਥੇ ਇੱਕ ਦੂਜੇ ਨੂੰ ਪੈਂਦੇ ਹਾਂ। ਜਿਹੜਾ ਪੈ ਜਾਂਦੈ, ਉਹਨੂੰ ਪੁੱਗਦੇ ਹਾਂ। ਇਸ ਲਈ ਗੱਲ ਨਹੀਂ ਕਰ ਰਹੇ, ਸੰਵਾਦ ਨਹੀਂ ਰਚਾ ਰਹੇ, ਅਸਹਿਮਤੀਆਂ ਦੀ ਪਛਾਣ ਕਰ ਇੱਕ ਦੂਜੇ ਦੇ ਨਜ਼ਰੀਏ ਨਹੀਂ ਸਮਝ ਰਹੇ। ਕਿਸੇ ਦੇ ਬਿਆਨੀਏ ਵਿੱਚ ਕੁਝ ਚੰਗਾ ਨਾ ਲੱਗੇ ਤਾਂ ਝੱਟ ਐਲਾਨ ਕਰਦੇ ਹਾਂ ਕਿ ਫਲਾਣਾ ਵਿਕਿਆ ਹੋਇਆ ਹੈ, ਇਕਪਾਸੜ ਹੈ, ਉਲਾਰ ਹੈ। ਜੇਕਰ ਵਰ੍ਹਿਆਂ ਤੋਂ ਸ਼ਬਦਾਂ ਨੂੰ, ਵਿੱਦਿਆ ਨੂੰ, ਗਿਆਨ ਨੂੰ ਪ੍ਰਣਾਇਆ ਕੋਈ ਵਿਦਵਾਨ ਕਿਤੇ ਸਖ਼ਤ ਸ਼ਬਦਾਂ ਵਿੱਚ ਤੁਹਾਡੇ ਬਿਆਨੀਏ ਦੀ ਤਨਕੀਦ ਕਰ ਬੈਠੇ ਤਾਂ ਉਹਦੀ ਜੀਵਨ ਭਰ ਦੀ ਕਮਾਈ ਅੱਖੋਂ ਪਰੋਖੇ ਕਰ, ਅਸੀਂ ਰਣਤੱਤੇ ਵਿੱਚ ਕੁੱਦ ਪੈਂਦੇ ਹਾਂ, ਵਿਦਵਾਨ ਦੇ ਵਿਕੇ ਹੋਣ ਦਾ ਐਲਾਨ ਕਰ ਦਿੰਦੇ ਹਾਂ। ਖੌਰੇ ਟਰੰਪ ਤੋਂ ਸਿੱਖ ਰਹੇ ਹਾਂ ਕਿ ਉਹਨੂੰ ਸਿਖਾ ਰਹੇ ਹਾਂ, ਆਪਣਾ ਕੁਰੂਪ ਚਿਹਰਾ ਇੱਕ ਦੂਜੇ ਨੂੰ ਵਿਖਾ ਰਹੇ ਹਾਂ।
ਏਨੀ ਕੋਫ਼ਤ ਨਾਲ ਭਰੇ ਅਸੀਂ ਅਖ਼ਲਾਕ਼ ਦੇ ਘਰ ਨੂੰ ਵਾਹੋਦਾਹੀ ਭੱਜੀ ਜਾਂਦੀ ਭੀੜ ਦੀ ਪੁਲਾਂਘ ਨਾਲ ਪੁਲਾਂਘ ਮਿਲਾ ਰਹੇ ਹਾਂ। ਅਸੀਂ ਅਸਲੀ ਅਗਾਂਹਵਧੂ ਜਾਂ ਸੱਚੇ ਦੇਸ਼ਭਗਤ। ਦੂਜੀ ਧਿਰ ਹੈ ਬਨਾਵਟੀ ਨਰਮ-ਖਿਆਲੀਏ ਜਾਂ ਫਿਰ ਅਨਪੜ੍ਹ ਪਿਛਲਖੁਰੀਏ। ਨਫ਼ਰਤ ਸਾਡੀ ਬਰਾਬਰ ਦੀ ਟੱਕਰ ਦਿੰਦੀ ਹੈ ਤੁਹਾਡੀ ਨਫ਼ਰਤ ਨੂੰ। ਬਹਿਸ ਦਾ ਕੋਈ ਫਾਇਦਾ ਹੀ ਨਹੀਂ, ਅਸੀਂ ਤਾਂ ਬੱਸ ਹੁਣ ‘ਪੈ’ ਜਾਨੇ ਆਂ। ਕਿਤਾਬਾਂ ਖੋਲ੍ਹ ਉਨ੍ਹਾਂ ਵਿੱਚ ਮੂੰਹ ਕੌਣ ਮਾਰੇ? ਹੁਣ ਤਾਂ ਕੰਪਿਊਟਰ ਖੋਲ੍ਹ ‘ਮੂੰਹ-ਕਿਤਾਬੀ’ ਕਰਦੇ ਹਾਂ। ਸ਼ੇਰ ਸਾਡੇ ਗੱਜ ਰਹੇ ਨੇ, ਫੇਸਬੁੱਕ ਉੱਤੇ ਯੂਪੀ ਵਿੱਚ ਨਿਵੇਸ਼ ਦੇ ਅੰਕੜੇ, ਪੀੜਤ ਲੜਕੀ ਦੇ ਮੂੰਹ ’ਤੇ ਵੱਜ ਰਹੇ ਨੇ। ਤੂੰ ਕੌਣ ਹੁੰਦਾ ਏਂ ਸਾਨੂੰ ਦੁਸ਼ਮਣ ਨੂੰ ਪਿਆਰ ਕਰਨ ਲਈ ਕਹਿਣ ਵਾਲਾ? ਇੱਥੇ ਤਾਂ ਭਾਈ, ਜੰਗ ਦੇ ਮੁਹਾਜ਼ ਸਜ ਰਹੇ ਨੇ। ਅੱਜ ਦੀ ਰਾਤ ਕਸ਼ਮੀਰ ਦੀ ਹਿੱਕ ਪਾੜਦੀ ਰੇਖਾ ਦੇ ਦੋਵੇਂ ਪਾਸੇ ਕੋਈ ਚੈਨ ਨਾਲ ਕਿਵੇਂ ਸੌਂਵੇਗਾ, ਇਹ ਵੀ ਭਲਾ ਕੋਈ ਸਵਾਲ ਹੋਇਆ? ਪੁੱਛਣਾ ਹੀ ਹੈ ਤਾਂ ਪੁੱਛ ਕਿ ਸਾਡੇ ਸੁੱਟੇ ਦੂਜੇ ਪਾਸੇ ਕਿੱਥੇ-ਕਿੱਥੇ ਵੱਜ ਰਹੇ ਨੇ?

(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਜੇ ਇਸ ਲਿਖ਼ਤ ਵਿੱਚ ਕਿਧਰੇ ਕਿਸੇ ਨੂੰ ਪੈ ਨਿਕਲਿਆ ਹੋਵੇ ਤਾਂ ਖਿਮਾ ਦਾ ਜਾਚਕ ਹੈ।)


Comments Off on ਹੁਣ ਦਬਾਇਆਂ ਵੀ ਨਹੀਂ ਦੱਬਦੇ ਅਸੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.