ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

Posted On August - 18 - 2019

ਡਾ. ਸੁਦਰਸ਼ਨ ਗਾਸੋ

ਡਾ. ਸੁਦਰਸ਼ਨ ਗਾਸੋ

ਭਾਸ਼ਾ ਕਿਸੇ ਵੀ ਸਮਾਜ ਦਾ ਦਿਲ ਹੁੰਦੀ ਹੈ। ਇਸ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਸਮਾਜ ਇਸ ਦੀ ਹਿਫ਼ਾਜ਼ਤ ਨਹੀਂ ਕਰਦਾ, ਉਸ ਦੇ ਹਸ਼ਰ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਂ-ਬੋਲੀ ਸਭ ਖ਼ੁਸ਼ੀਆਂ ਦੀ ਖਾਣ ਹੁੰਦੀ ਹੈ। ਮਾਂ-ਬੋਲੀ ਦੀ ਚਾਬੀ ਨਾਲ ਅਣਗਿਣਤ ਸਮੱਸਿਆਵਾਂ ਦੇ ਤਾਲੇ ਖੋਲ੍ਹੇ ਜਾ ਸਕਦੇ ਹਨ। ਮਾਂ-ਬੋਲੀ ਨੂੰ ਪਿਆਰ ਨਾ ਕਰਨ ਕਰਕੇ ਹੀ ਸਮੱਸਿਆਵਾਂ ਦੇ ਅੰਬਾਰ ਲੱਗਦੇ ਰਹਿੰਦੇ ਹਨ। ਇਸ ਨੂੰ ਪਿਆਰ ਨਾ ਕਰਨ ਕਰਕੇ ਅਸੀਂ ਆਪਣੇ ਪਿਆਰ ਦੇ ਭਾਵਾਂ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਤੋਂ ਅਸਮਰੱਥ ਰਹਿ ਜਾਂਦੇ ਹਾਂ।
ਜੇ ਦੁਨੀਆਂ ਦੇ ਲੋਕ ਆਪੋ ਆਪਣੀਆਂ ਮਾਂ-ਬੋਲੀਆਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੁੰਦੇ ਤਾਂ ਸ਼ਾਇਦ ਦੁਨੀਆਂ ਵਿਚ ਏਨੇ ਯੁੱਧ ਨਾ ਹੁੰਦੇ। ਮਾਂ-ਬੋਲੀ ਸਾਨੂੰ ਆਪਣੇ ਆਪੇ, ਦੁਨੀਆਂ ਅਤੇ ਪੂਰੀ ਕਾਇਨਾਤ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਲੋਕਾਂ ਨੂੰ ਮਾਂ-ਬੋਲੀ ਨਾਲ ਪਿਆਰ ਕਰਨ ਦਾ ਪਾਠ ਪੜ੍ਹਾ ਦੇਵੋ; ਨਫ਼ਰਤਾਂ, ਲੜਾਈਆਂ ਆਪਣੇ ਆਪ ਖ਼ਤਮ ਹੋ ਜਾਣਗੀਆਂ। ਜਿਸ ਵਿਅਕਤੀ ਨੂੰ ਆਪਣੀ ਮਾਂ-ਬੋਲੀ ਹੀ ਸੋਹਣੀ ਨਹੀਂ ਲੱਗਦੀ, ਉਸ ਦੀ ਸੁੰਦਰਤਾ ਦੀ ਪਰਿਭਾਸ਼ਾ ’ਤੇ ਸ਼ੱਕ ਕੀਤਾ ਜਾ ਸਕਦਾ ਹੈ। ਮਾਂ-ਬੋਲੀ ਦੇ ਦਰਦ ਨੂੰ ਜੇ ਉਸ ਦੇ ਪੁੱਤਰ ਨਹੀਂ ਸਮਝਣਗੇ ਤਾਂ ਹੋਰ ਕੌਣ ਸਮਝੇਗਾ?
ਦੁਨੀਆਂ ਵਿਚ ਇਸ ਸਮੇਂ ਲਗਪਗ ਛੇ ਹਜ਼ਾਰ ਭਾਸ਼ਾਵਾਂ ਹਨ। ਇਕੱਲੇ ਭਾਰਤ ਵਿਚ 780 ਬੋਲੀਆਂ ਹਨ, ਪਰ ਪਿਛਲੇ 50 ਸਾਲਾਂ ਵਿਚ 221 ਭਾਸ਼ਾਵਾਂ ਲੋਪ ਹੋ ਚੁੱਕੀਆਂ ਹਨ ਤੇ 197 ਭਾਸ਼ਾਵਾਂ ਖ਼ਤਮ ਹੋਣ ਕਿਨਾਰੇ ਹਨ। ਵਿਸ਼ਵੀਕਰਨ ਦਾ ਵਰਤਾਰਾ ਹੀ ਅਜਿਹਾ ਹੈ ਕਿ ਇਹ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਸਾਡੇ ਭਾਸ਼ਾਈ ਸਰੋਕਾਰਾਂ ਨੂੰ ਵਿਗਾੜ ਰਿਹਾ ਹੈ ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ।
ਹਰਿਆਣਾ ਵਿਚ ਪੰਜਾਬੀ ਭਾਸ਼ਾ 1 ਨਵੰਬਰ 1966 ਤੋਂ ਹੀ ਆਪਣੀ ਹੋਂਦ, ਹੋਂਦ ਦੀ ਬਰਕਰਾਰੀ, ਬਿਹਤਰੀ ਅਤੇ ਤਰੱਕੀ ਲਈ ਸੰਘਰਸ਼ ਕਰਦੀ ਆ ਰਹੀ ਹੈ। ਹਰਿਆਣਾ ਵਿਚ ਵਸਦੇ ਪੰਜਾਬੀ ਪ੍ਰੇਮੀਆਂ ਅਤੇ ਸਾਹਿਤਕਾਰਾਂ ਨੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਪਹਿਰਾ ਦਿੱਤਾ ਹੈ। ਅੱਜ ਵੀ ਹਰਿਆਣਾ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਾਂ-ਮੁਖੀ, ਸਾਕਾਰਾਤਮਕ ਫ਼ੈਸਲੇ ਲੈਣ ਦੀ ਜ਼ਰੂਰਤ ਹੈ।
ਹਰਿਆਣਾ ਵਿਚ ਪੰਜਾਬੀ ਭਾਸ਼ਾ ਨਾਲ ਸਬੰਧਿਤ ਸਭ ਤੋਂ ਵੱਡਾ ਮੁੱਦਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਅਧਿਆਪਕਾਂ ਅਤੇ ਪ੍ਰੋਫ਼ੈਸਰਾਂ ਨੂੰ ਭਰਤੀ ਕਰਨ ਦਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸੈਂਕੜੇ ਅਸਾਮੀਆਂ ਭਰਨ ਵਾਲੀਆਂ ਹਨ। ਅੱਜ ਤੋਂ ਕੋਈ ਇਕ ਸਾਲ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿਚ ਇਕ ਰੈਲੀ ਦੌਰਾਨ ਤਕਰੀਬਨ ਸੱਤ ਸੌ ਪੰਜਾਬੀ ਅਧਿਆਪਕ ਭਰਤੀ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ। ਅਨੇਕਾਂ ਕਾਲਜਾਂ ਵਿਚ ਪੰਜਾਬੀ ਦੀਆਂ ਅਸਾਮੀਆਂ ਭਰਨ ਦੀ ਜ਼ਰੂਰਤ ਹੈ। ਹਰਿਆਣਾ ਵਿਚ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗਿਣਤੀ 23 ਤੋਂ ਵੱਧ ਹੈ। ਇਕੱਲੀ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ ਪੰਜਾਬੀ ਵਿਭਾਗ ਕੰਮ ਕਰ ਰਿਹਾ ਹੈ। ਇਸ ਵਿਭਾਗ ਵਿਚ ਵੀ ਹੁਣ ਸਿਰਫ਼ ਦੋ ਅਧਿਆਪਕ (ਪ੍ਰੋਫ਼ੈਸਰ) ਹੀ ਰਹਿ ਗਏ ਹਨ। ਬਾਕੀ ਅਧਿਆਪਕ ਸੇਵਾਮੁਕਤ ਹੋ ਗਏ ਹਨ ਅਤੇ ਨਵੀਆਂ ਅਸਾਮੀਆਂ ਅਜੇ ਭਰੀਆਂ ਨਹੀਂ ਗਈਆਂ। ਸੂਬੇ ਦੀਆਂ ਦੂਜੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਵਿਭਾਗ ਖੋਲ੍ਹਣ ਦੀ ਮੰਗ 1999 ਤੋਂ ਚੱਲੀ ਆ ਰਹੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਵਿਚ ਪੰਜਾਬੀ ਵਿਭਾਗ ਖੋਲ੍ਹ ਕੇ ਪੱਕੇ ਤੌਰ ’ਤੇ ਪ੍ਰੋਫ਼ੈਸਰ ਭਰਤੀ ਕੀਤੇ ਜਾਣੇ ਚਾਹੀਦੇ ਹਨ। ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਤਾਂ ਭਾਸ਼ਾਵਾਂ ਨਾਲ ਸਬੰਧਿਤ ਵਿਭਾਗ ਖੋਲ੍ਹੇ ਹੀ ਨਹੀਂ ਗਏ। ਕਹਿਣ ਦਾ ਭਾਵ ਇਨ੍ਹਾਂ ਯੂਨੀਵਰਸਿਟੀਆਂ ਨੇ ਤਾਂ ਭਾਸ਼ਾਵਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਨ੍ਹਾਂ ਯੂਨੀਵਰਸਿਟੀਆਂ ਨੂੰ ਚਲਾਉਣ ਲਈ ਸਰਕਾਰ ਵੱਲੋਂ ਕੋਈ ਰੈਗੂਲੇਟਰੀ ਕਮੇਟੀ ਨਹੀਂ ਬਣਾਈ ਗਈ। ਇਹ ਯੂਨੀਵਰਸਿਟੀਆਂ ਕਾਰਪੋਰੇਟ ਜਗਤ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪੈਸਾ ਕਮਾਉਣ ਲਈ ਖੋਲ੍ਹੀਆਂ ਗਈਆਂ ਹਨ। ਸੂਬੇ ਵਿਚ ਬੀ.ਐੱਡ. ਕਾਲਜਾਂ ਦੀ ਗਿਣਤੀ 448 ਹੈ ਜਿਨ੍ਹਾਂ ਵਿਚੋਂ ਦੋ ਚਾਰ ਵਿਚ ਹੀ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਹੈ। ਸਕੂਲਾਂ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਵਾਸਤੇ ਸੌਖੇ ਤੇ ਅਨੁਕੂਲ ਵਿਸ਼ਾ-ਜੋੜ ਬਣਾਉਣ ਦੀ ਜ਼ਰੂਰਤ ਹੈ। ਨਹੀਂ ਤਾਂ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਹੋਣੀ ਸੁਭਾਵਿਕ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਪਰ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਹੋਇਆ ਸੀ, ਪਰ ਇਸ ਪਾਸੇ ਵੱਲ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਹਾਂ, ਕੈਥਲ ਜ਼ਿਲ੍ਹੇ ਵਿਚ ਸੰਸਕ੍ਰਿਤ ਯੂਨੀਵਰਸਿਟੀ ਖੋਲ੍ਹੀ ਗਈ ਹੈ ਅਤੇ ਉੱਥੇ ਵਾਈਸ ਚਾਂਸਲਰ ਵੀ ਨਿਯੁਕਤ ਕਰ ਦਿੱਤੇ ਗਏ ਹਨ। ਹਰਿਆਣਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 40 ਫ਼ੀਸਦੀ ਤੋਂ ਵੀ ਵਧੇਰੇ ਹੈ। ਸੰਸਕ੍ਰਿਤ ਵਿਚ ਰਿਸ਼ੀਆਂ ਮੁਨੀਆਂ ਨੇ ਵੇਦ ਉਪਨਿਸ਼ਦ ਅਤੇ ‘ਰਾਮਾਇਣ’ ਤੇ ‘ਮਹਾਂਭਾਰਤ’ ਵਰਗੇ ਗ੍ਰੰਥ ਲਿਖੇ ਅਤੇ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਕਰਕੇ ਭਟਕੀ ਹੋਈ ਮਾਨਵਤਾ ਨੂੰ ਸਹੀ ਰਸਤਾ ਦਿਖਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਗੁਰੂ ਗਰੰਥ ਸਾਹਿਬ ਵਿਚ ਮੱਧਕਾਲੀ ਭਾਰਤੀ ਸਮਾਜ, ਸਭਿਆਚਾਰ ਅਤੇ ਚਿੰਤਨ ਦਾ ਅਨਮੋਲ ਖ਼ਜ਼ਾਨਾ ਸਾਂਭਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਅਤੇ ਕੁਰਬਾਨੀ ਨਾਲ ਰਾਸ਼ਟਰੀ ਗੌਰਵ ਤੇ ਸਵੈਮਾਣ ਬਿੰਬ ਜੁੜਿਆ ਹੈ। ਇਸ ਬਿੰਬ ਦੇ ਅਧਿਐਨ ਨਾਲ ਹੀ ਭਾਰਤੀ ਸੰਸਕ੍ਰਿਤੀ ਦਾ ਸੰਪੂਰਨ ਬਿੰਬ ਉੱਭਰ ਸਕਦਾ ਹੈ। ਹਿੰਦੀ ਵਿਚ ਭਗਤ ਕਬੀਰ, ਸੂਰਦਾਸ, ਮੀਰਾ, ਰਸਖਾਨ ਆਦਿ ਨੇ ਭਗਤੀ ਸਾਹਿਤ ਦੀ ਰਚਨਾ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਅਧਿਐਨ ਨਾਲ ਹੀ ਸੰਸਕ੍ਰਿਤ ਯੂਨੀਵਰਸਿਟੀ ਦੀ ਪਰਿਕਲਪਨਾ ਸੰਪੂਰਨ ਹੋ ਸਕਦੀ ਹੈ। ਉਂਜ ਵੀ ਵਿਸ਼ਵ-ਵਿਦਿਆਲਿਆਂ ਦੀ ਹੋਂਦ ਇਕਹਿਰੀ ਗਿਆਨ ਦ੍ਰਿਸ਼ਟੀ ਅਤੇ ਗਿਆਨ ਮਾਰਗੀ ਨਹੀਂ ਹੁੰਦੀ ਸਗੋਂ ਸਮੂਹਿਕ ਗਿਆਨ-ਦ੍ਰਿਸ਼ਟੀਆਂ ਅਤੇ ਗਿਆਨ ਮਾਰਗਾਂ ਦੇ ਅਧਿਐਨ, ਅਧਿਆਪਨ ਤੇ ਸੋਚ ਬਿੰਦੂਆਂ ਦੁਆਲੇ ਉਸਰੀ ਹੁੰਦੀ ਹੈ। ਲਿਹਾਜ਼ਾ, ਇਸ ਯੂਨੀਵਰਸਿਟੀ ਵਿਚ ਪੰਜਾਬੀ ਅਤੇ ਹਿੰਦੀ ਦੇ ਅਧਿਐਨ ਕੇਂਦਰ ਵੀ ਸਥਾਪਤ ਹੋਣੇ ਚਾਹੀਦੇ ਹਨ।
ਹਰਿਆਣਾ ਵਿਚ ਰੋਹਤਕ, ਕੁਰੂਕਸ਼ੇਤਰ, ਹਿਸਾਰ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਸੈਂਟਰ ਹਿਸਾਰ ਵਿਚ ਕਿਤੇ ਵੀ ਪੰਜਾਬੀ ਭਾਸ਼ਾ ਦੇ ਪ੍ਰੋੋਗਰਾਮਾਂ ਲਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਜਦੋਂਕਿ ਸੂਬੇ ਦੀ ਚਾਲੀ ਫ਼ੀਸਦੀ ਤੋਂ ਜ਼ਿਆਦਾ ਵਸੋਂ ਪੰਜਾਬੀ ਬੋਲਦੀ ਤੇ ਸਮਝਦੀ ਹੈ। ਹਰਿਆਣਵੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਦੀ ਸਾਂਝ ਦੀ ਗੰਢ ਡੂੰਘੀ ਤੇ ਪੀਢੀ ਹੈ। ਹਰਿਆਣਵੀ ਅਤੇ ਪੰਜਾਬੀ ਭਾਸ਼ਾ ਦੀ ਤਕਰੀਬਨ 95 ਫ਼ੀਸਦੀ ਸ਼ਬਦਾਵਲੀ ਸਾਂਝੀ ਹੈ। ਕਈ ਥਾਵਾਂ ਉਪਰ ਕੇਵਲ ਲਹਿਜੇ ਤੇ ਉਚਾਰਣ ਦਾ ਫ਼ਰਕ ਹੀ ਨਜ਼ਰ ਆਉਂਦਾ ਹੈ।
ਸੂਬੇ ਦੀ ਸਥਾਪਨਾ ਨੂੰ ਪੰਜਾਹ ਵਰ੍ਹਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਲਈ ਹਰਿਆਣਾ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਸੂਬੇ ਵਿਚ ਪੁਸਤਕਾਂ ਦੇ ਪ੍ਰਕਾਸ਼ਨ ਤੇ ਵਿਕਰੀ ਲਈ ਨੈਸ਼ਨਲ ਬੁੱਕ ਟਰੱਸਟ ਦੀ ਤਰਜ਼ ਉੱਤੇ ਹਰਿਆਣਾ ਬੁੱਕ ਟਰੱਸਟ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਸਥਾਰ ਵਾਸਤੇ ‘ਹਰਿਆਣਾ ਪੰਜਾਬੀ ਵਿਕਾਸ ਬੋਰਡ’ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਸਮੇਂ ਸਮੇਂ ਪੰਜਾਬੀ ਭਾਸ਼ਾ ਦੇ ਵਿਕਾਸ ਵਿਸਥਾਰ ਦਾ ਜਾਇਜ਼ਾ ਲਵੇ ਅਤੇ ਸਰਕਾਰ ਨੂੰ ਉਸਾਰੂ ਸੁਝਾਅ ਦੇਵੇ।

ਸੰਪਰਕ: 098962-01036


Comments Off on ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.