ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ !    ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ !    ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦਾ ਪੈਮਾਨਾ ਕਿਹੜਾ ਹੋਵੇ !    ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ !    ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਅੱਜ ਹੋਵੇਗੀ ਸ਼ੁਰੂ !    ਮਿਖਾਈਲ ਮਿਸ਼ੁਸਤਿਨ ਹੋਣਗੇ ਰੂਸ ਦੇ ਨਵੇਂ ਪ੍ਰਧਾਨ ਮੰਤਰੀ !    ਮਿਡ-ਡੇਅ ਮੀਲ ਵਰਕਰਾਂ ਵੱਲੋਂ ਵਿੱਤ ਮੰਤਰੀ ਦੇ ਹਲਕੇ ਰੈਲੀ 19 ਨੂੰ !    32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ !    ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ !    ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ !    

ਸੰਘਰਸ਼ ਦੀ ਸ਼ਾਨ

Posted On August - 13 - 2019

ਮਲਵਿੰਦਰ

ਉੱਤਰੀ ਅਮਰੀਕਾ ਦੀ ਸਮੁੰਦਰੀ ਸੀਮਾ ਤੋਂ ਕੇਵਲ ਸੌ ਮੀਲ ਦੂਰ ਦੱਖਣ ਵਿਚ ਵੱਡੀ ਮੱਛੀ ਦੀ ਸ਼ਕਲ ਵਰਗਾ ਮੁਲਕ ਹੈ ਕਿਊਬਾ। ਗੰਨੇ ਦੀ ਖੇਤੀ ਵਾਲੇ ਇਸ ਮੁਲਕ ਦੇ ਆਦਮਕੱਦ ਨੇਤਾ ਫੀਦਲ ਕਾਸਤਰੋ ਦੁਨੀਆ ਦੀਆਂ ਮਸ਼ਹੂਰ ਪਰ ਵਿਵਾਦ ਵਾਲੀਆਂ ਹਸਤੀਆਂ ਵਿਚੋਂ ਸਨ। ਉਸ ਨੇ ਕਿਊਬਾ ਉਪਰ ਪੰਜਾਹ ਸਾਲ ਰਾਜ ਕੀਤਾ। ਇਸੇ ਲਈ ਦੁਨੀਆ ਕਿਊਬਾ ਨੂੰ ਫੀਦਲ ਕਾਸਤਰੋ ਦੇ ਮੁਲਕ ਵਜੋਂ ਜਾਣਦੀ ਹੈ। 26 ਨਵੰਬਰ 2016 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣ ਵੇਲੇ ਕਾਸਤਰੋ ਦੀ ਉਮਰ ਨੱਬੇ ਸਾਲ ਸੀ। ਉਸ ਦਾ ਜਨਮ 13 ਅਗਸਤ 1926 ਨੂੰ ਹੋਇਆ ਸੀ।
ਅੱਜ ਦੁਨੀਆ ਭਰ ਵਿਚ ਤਕਰੀਬਨ 20 ਕਰੋੜ ਬੱਚੇ ਗਲੀਆਂ ਅਤੇ ਸੜਕਾਂ ਉਪਰ ਰਾਤਾਂ ਕੱਟਦੇ ਹਨ। ਇਨ੍ਹਾਂ ਵਿਚ ਕਿਊਬਾ ਦਾ ਕੋਈ ਬੱਚਾ ਨਹੀਂ ਹੈ। ਦੁਨੀਆ ਦੇ ਕਰੋੜਾਂ ਲੋਕ ਸਿਹਤ ਅਤੇ ਸਿਖਿਆ ਤੋਂ ਵਾਂਝੇ ਹਨ, ਉਨ੍ਹਾਂ ਨੂੰ ਕੋਈ ਸਮਾਜਿਕ ਸੁਰੱਖਿਆ ਜਾਂ ਪੈਨਸ਼ਨ ਨਹੀਂ ਮਿਲਦੀ। ਇਨ੍ਹਾਂ ਵਿਚ ਕੋਈ ਵੀ ਕਿਊਬਾ ਦਾ ਨਹੀਂ ਹੈ। ਫੀਦਲ ਨੇ ਛੋਟੇ ਗਰੀਬ ਮੁਲਕ ਦੀ ਨੀਂਹ ਇੰਨੀ ਮਜ਼ਬੂਤ ਬਣਾ ਦਿੱਤੀ ਕਿ 60 ਸਾਲਾਂ ਦੀਆਂ ਅਮਰੀਕੀ ਕੋਸ਼ਿਸ਼ਾਂ ਦੇ ਬਾਵਜੂਦ ਉਥੇ ਸਮਾਜਵਾਦ ਨੂੰ ਹਰਾਇਆ ਨਹੀਂ ਜਾ ਸਕਿਆ। ਉਥੋਂ ਦੀ ਜਨਤਾ ਦੇ ਦ੍ਰਿੜ ਸੰਕਲਪ ਪਿੱਛੇ ਫੀਦਲ ਦੀ ਨਿਪੁਨ ਅਗਵਾਈ ਸੀ। ਫੀਦਲ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਸ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਸੀ: ‘ਅਸੀਂ ਗੋਡੇ ਟੇਕਣ ਨਾਲੋਂ ਮਰਨਾ ਪਸੰਦ ਕਰਾਂਗੇ’।
25 ਨਵੰਬਰ 2016 ਨੂੰ ਫੀਦਲ ਕਾਸਤਰੋ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਇਹ ਸਬੱਬ ਹੀ ਕਿਹਾ ਜਾਵੇਗਾ ਕਿ 60 ਸਾਲ ਪਹਿਲਾਂ ਇਸੇ ਦਿਨ, 25 ਨਵੰਬਰ ਨੂੰ ਫੀਦਲ ਕਾਸਤਰੋ ਆਪਣੇ 81 ਕਾਮਰੇਡਾਂ ਨਾਲ ਮੈਕਸਿਕੋ ਤੋਂ ਕਿਊਬਾ ਦੀ ਮੁਕਤੀ ਲਈ ਨਿਕਲਿਆ ਸੀ। 2016 ਦੇ ਦੋ ਦਸੰਬਰ ਨੂੰ ਫੀਦਲ ਦੀਆਂ ਅਸਥੀਆਂ ਹਵਾਨਾ ਤੋਂ ਸੈਨ ਦਿਆਗੋ (ਕਿਊਬਾ) ਪਹੁੰਚੀਆਂ; ਇਕ ਹੋਰ ਸਬੱਬ ਕਿ 60 ਸਾਲ ਪਹਿਲਾਂ ਦੋ ਦਸੰਬਰ ਨੂੰ ਹੀ ਫੀਦਲ ਕਾਸਤਰੋ, ਰਾਊਲ ਕਾਸਤਰੋ ਅਤੇ ਚੀ ਗਵੇਰਾ ਸੈਨ ਦਿਆਗੋ ਪਹੁੰਚੇ ਸਨ।
ਸੰਸਾਰ ਵਿਚ ਸਮਾਜਵਾਦ ਕਈ ਮੁਲਕਾਂ ਵਿਚ ਆਇਆ। ਉਥੋਂ ਦੇ ਅਗਵਾਈ ਕਰਦੇ ਨੇਤਾਵਾਂ ਨੇ ਆਪਣੀ ਪਾਰਟੀ ਦੀਆਂ ਇਕੱਤਰਤਾਵਾਂ ਵਿਚ ਕਸਮਾਂ ਖਾਧੀਆਂ ਕਿ ਉਹ ਸੱਚੇ ਕਮਿਊਨਿਸਟ ਦਾ ਜੀਵਨ ਜਿਊਣਗੇ, ਨੇਤਾਵਾਂ ਤੇ ਜਨਤਾ ਵਿਚਕਾਰ ਦੂਰੀ ਘੱਟ ਕੀਤੀ ਜਾਵੇਗੀ ਆਦਿ, ਪਰ ਕਿਊਬਾ ਇਕਮਾਤਰ ਅਜਿਹਾ ਮੁਲਕ ਸੀ ਜਿੱਥੇ ਇਹ ਸੰਭਵ ਹੋ ਸਕਿਆ। ਇਸ ਦਾ ਵੱਡਾ ਸਿਹਰਾ ਫੀਦਲ ਕਾਸਤਰੋ ਨੂੰ ਜਾਂਦਾ ਹੈ।
ਫੀਦਲ ਆਸ਼ਾਵਾਦੀ ਸ਼ਖ਼ਸ ਸੀ। ਖੱਬੇ ਪੱਖੀਆਂ ਲਈ ਸਮਾਜਵਾਦ ਵਿਚ ਯਕੀਨ ਹੋਣਾ ਪਹਿਲੀ ਸ਼ਰਤ ਹੈ ਪਰ ਅੱਜਕੱਲ੍ਹ ਕਮਿਊਨਿਸਟ ਪਾਰਟੀਆਂ ਦੇ ਨੇਤਾਵਾਂ ਵਿਚ ਹੀ ਆਪਣੀ ਵਿਚਾਰਧਾਰਾ ਲਈ ਲਗਾਓ ਘਟ ਰਿਹਾ ਹੈ। ਚੀਨ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਸੰਯੁਕਤ ਰਾਸ਼ਟਰ ਸੰਗ ਦੁਆਰਾ 2001 ਵਿਚ ਕਰਵਾਈ ‘ਨਸਲ ਭੇਦ ਖ਼ਿਲਾਫ਼ ਸੰਸਾਰ ਕਾਂਗਰਸ’ ਵਿਚ ਫੀਦਲ ਨੇ ਕਿਹਾ ਸੀ: “ਮੈਂ ਆਮ ਲੋਕਾਂ ਦੀ ਲਾਮਬੰਦੀ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿਚ ਵਿਸ਼ਵਾਸ ਕਰਦਾ ਹਾਂ, ਮੈਂ ਨਿਆਂ ਦੇ ਵਿਚਾਰ ਵਿਚ ਵਿਸ਼ਵਾਸ ਕਰਦਾ ਹਾਂ, ਮੈਂ ਸੱਚ ਵਿਚ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਇਨਸਾਨ ਵਿਚ ਵਿਸ਼ਵਾਸ ਕਰਦਾ ਹਾਂ।”
ਫੀਦਲ ਨੇ ਸੰਸਾਰ ਵਿਚ ਵਧ ਰਹੀ ਨਾ-ਬਰਾਬਰੀ ਦਾ ਜ਼ਿਕਰ ਇਕ ਵਾਰ ਕਿਹਾ ਸੀ: “ਦੁਨੀਆ ਦੇ ਸਭ ਤੋਂ ਅਮੀਰ 10 ਫ਼ੀਸਦ ਲੋਕ ਦੁਨੀਆ ਦੀ 89 ਫ਼ੀਸਦ ਧਨ-ਦੌਲਤ ਉੱਤੇ ਕਬਜ਼ਾ ਕਰੀ ਬੈਠੇ ਹਨ। ਇਸ ਨੇ ਮਾਨਵਤਾ ਨੂੰ ਅਪੰਗ ਬਣਾ ਦਿੱਤਾ ਹੈ।” ਇਸ ਨਾ-ਬਰਾਬਰੀ ਲਈ ਉਹ ਸਾਮਰਾਜਵਾਦ ਨੂੰ ਦੋਸ਼ੀ ਮੰਨਦਾ ਸੀ। ਸਮਾਜਵਾਦੀ ਕਿਊਬਾ ਦੀ ਰੱਖਿਆ ਲਈ ਉਹਨੇ ਸਾਮਰਾਜਵਾਦੀਆਂ ਦੀ ਹਰ ਸਾਜ਼ਿਸ਼ ਦਾ ਡਟ ਕੇ ਮੁਕਾਬਲਾ ਕੀਤਾ। ਅੱਜ ਕਿਊਬਾ ਅਮਰੀਕਾ ਦੁਆਰਾ ਥੋਪੀ ਨਾਕਾਬੰਦੀ ਦਾ ਬਹਾਦਰੀ ਨਾਲ ਵਿਰੋਧ ਕਰ ਰਿਹਾ ਹੈ। ਤਮਾਮ ਅੜਿੱਕਿਆਂ ਦੇ ਬਾਵਜੂਦ ਫੀਦਲ ਦੀ ਅਗਵਾਈ ਵਿਚ ਕਿਊਬਾ ਨੇ ਮਾਨਵ ਵਿਕਾਸ ਦੇ ਟੀਚੇ ਹਾਸਲ ਕੀਤੇ। ਇਨ੍ਹਾਂ ਟੀਚਿਆਂ ਵਿਚ ਨਸਲਵਾਦ ਦਾ ਅੰਤ, ਨਵਜਾਤ ਮੌਤ ਦਰ ਵਿਚ ਭਾਰੀ ਕਮੀ, ਸਿੱਖਿਆ, ਸਿਹਤ, ਖੇਡਾਂ ਆਦਿ ਵਿਚ ਨਵੇਂ ਮੁਕਾਮ ਹਾਸਲ ਕਰਨਾ ਸ਼ਾਮਲ ਹੈ।
ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਕਿਊਬਾ ਦੇ ਅਰਥਚਾਰੇ ਨੂੰ ਨਵਾਂ ਰੂਪ ਅਤੇ ਨਵੀਂ ਦਿਸ਼ਾ ਦੇਣ ਵਿਚ ਫੀਦਲ ਨੇ ਕਿਊਬਾ ਦੇ ਖਣਿਜ ਭੰਡਾਰਾਂ ਅਤੇ ਹੋਰ ਆਰਥਿਕ ਸਾਧਨਾਂ ਬਾਰੇ ਸੰਪੂਰਨ ਅਧਿਐਨ ਕੀਤਾ। ਦਰਅਸਲ ਸੋਵੀਅਤ ਸੰਘ ਦੀ ਆਰਥਿਕ ਮਦਦ ਬੰਦ ਹੋਣ ਨਾਲ, ਵਿਸ਼ੇਸ਼ ਕਰ ਤੇਲ ਦੀ ਦਰਾਮਦ ਬੰਦ ਹੋਣ ਨਾਲ ਹਾਲਾਤ ਵਿਗੜ ਸਕਦੇ ਸਨ। ਕਿਊਬਾ ਦੀਆਂ ਕਠਿਨਾਈਆਂ ਨੂੰ ਦੇਖਦਿਆਂ ਅਮਰੀਕਾ ਨੇ ਇੱਦਾਂ ਦੇ ਕਾਨੂੰਨ ਬਣਾਏ ਜੋ ਕਿਊਬਾ ਨਾਲ ਵਪਾਰਕ ਸਬੰਧ ਰੱਖਣ ਵਾਲੇ ਤੀਜੀ ਦੁਨੀਆ ਦੇ ਮੁਲਕਾਂ ਨੂੰ ਦੰਡਿਤ ਕਰਦੇ ਸਨ ਪਰ ਇਹ ਫੀਦਲ ਦੀ ਰਹਿਨੁਮਾਈ ਸੀ ਜੋ ਕਿਊਬਾ ਨੂੰ ਆਰਥਿਕ, ਆਤਮਨਿਰਭਰਤਾ ਦੇ ਰਸਤੇ ਉੱਤੇ ਲੈ ਆਈ। ਉਸ ਨੇ ਸਾਮਰਾਜਵਾਦੀ ਬਲੈਕਮੇਲ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਪਣੀ ਜਨਤਕ ਵੰਡ ਪ੍ਰਣਾਲੀ, ਮੁਫ਼ਤ ਸਿਖਿਆ, ਸਿਹਤ ਸਬੰਧੀ ਤਮਾਮ ਸਕੀਮਾਂ ਚਾਲੂ ਰੱਖੀਆਂ। ਕੋਈ ਹੋਰ ਮੁਲਕ ਹੁੰਦਾ ਤਾਂ ਇਨ੍ਹਾਂ ਵਿਵਸਥਾਵਾਂ ਦਾ ਨਿੱਜੀਕਰਨ ਕਰ ਦਿੰਦਾ, ਖੁੱਲ੍ਹੇ ਬਾਜ਼ਾਰ ਦੀਆਂ ਸ਼ਰਤਾਂ ਨਾਲ ਸਮਝੌਤਾ ਕਰ ਲੈਂਦਾ ਪਰ ਫੀਦਲ ਨੇ ਅਜਿਹਾ ਨਹੀਂ ਕੀਤਾ। ਉਸ ਨੇ 1999 ਵਿਚ ਸਲਾਹ ਦਿੱਤੀ ਸੀ: ਬਾਜ਼ਾਰ ਅੱਜ ਪੂਜਾ ਦੀ ਵਸਤੂ ਬਣ ਗਈ ਹੈ। ਇਹ ਅਜਿਹਾ ਪਵਿੱਤਰ ਸ਼ਬਦ ਬਣ ਗਿਆ ਹੈ ਜਿਸ ਨੂੰ ਹਰ ਵੇਲੇ ਦੁਹਰਾਇਆ ਜਾਂਦਾ ਹੈ।
ਕਿਊਬਾ, ਖਾਸ ਕਰਕੇ ਫੀਦਲ ਕਾਸਤਰੋ ਦੁਆਰਾ ਗੁੱਟ-ਨਿਰਲੇਪ ਅੰਦੋਲਨ ਨੂੰ ਦਿੱਤੀ ਅਗਵਾਈ ਨੇ ਸਾਮਰਾਜਵਾਦ ਦੇ ਵਧਦੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਕੀਤੀ। ਲਾਤੀਨੀ ਅਮਰੀਕੀ ਮੁਲਕਾਂ ਵਿਚ ਇਸ ਦਾ ਵਾਹਵਾ ਅਸਰ ਹੋਇਆ। ਇਨ੍ਹਾਂ ਮੁਲਕਾਂ ਵਿਚ ਸੈਨਿਕ ਪ੍ਰਸ਼ਾਸਨ ਹੁੰਦਾ ਸੀ। ਗਿੰਨੀ ਬਸਾਊ, ਮੋਜ਼ੰਬੀਕ ਤੇ ਅੰਗੋਲਾ ਵਿਚ ਕਿਊਬਾ ਨੇ ਉਥੋਂ ਦੇ ਸੰਘਰਸ਼ ਕਰ ਰਹੇ ਗੁੱਟਾਂ ਨੂੰ ਮਿਲਟਰੀ ਅਤੇ ਮੈਡੀਕਲ ਟਰੇਨਿੰਗ ਦਿੱਤੀ ਤਾਂ ਕਿ ਉਹ ਫਾਸਿਸਟਾਂ ਤੋਂ ਮੁਕਤੀ ਪਾ ਸਕਣ। ਕਿਊਬਾ ਦੀ ਸੈਨਾ ਇਨ੍ਹਾਂ ਮੁਲਕਾਂ ਵਿਚ ਭੇਜੀ ਗਈ ਜਿਹੜੀ ਜ਼ਰੂਰੀ ਮਦਦ ਪਹੁੰਚਾ ਕੇ ਵਾਪਸ ਆਪਣੇ ਮੁਲਕ ਪਰਤ ਗਈ। ਲਾਤੀਨੀ ਅਮਰੀਕੀ ਜਨਤਾ ਅਮਦਰ ਅਮਰੀਕਾ ਦੀਆਂ ਨੀਤੀਆਂ ਖ਼ਿਲਾਫ਼ ਲਹਿਰ ਪੈਦਾ ਕਰਨ ਵਿਚ ਫੀਦਲ ਨੇ ਅਹਿਮ ਭੂਮਿਕਾ ਨਿਭਾਈ।
ਅੱਧੀ ਦੁਨੀਆ ਲਈ ਫੀਦਲ ਕਾਸਤਰੋ ਤਾਨਾਸ਼ਾਹ ਸੀ ਪਰ ਕਿਊਬਾ ਵਾਸੀਆਂ ਲਈ ਉਹ ਹਰਮਨ ਪਿਆਰਾ ਨੇਤਾ ਸੀ। ਇਹ ਤਾਂ ਭਵਿੱਖ ਹੀ ਦੱਸੇਗਾ ਕਿ ਉਹ ਤਾਨਾਸ਼ਾਹ ਸੀ ਜਾਂ ਲੋਕ ਆਗੂ ਪਰ ਦੁਨੀਆ ਦੇ ਇਤਿਹਾਸ ਦੇ ਪੰਨਿਆਂ ਉਪਰ ਉਸ ਦਾ ਨਾਂ ਅਮਿੱਟ ਅੱਖਰਾਂ ਵਿਚ ਦਰਜ ਹੈ।

ਸੰਪਰਕ: 97795-91344


Comments Off on ਸੰਘਰਸ਼ ਦੀ ਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.