ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸੈਮੀ ਦੀ ਵੱਡੇ ਪਰਦੇ ’ਤੇ ਦਸਤਕ

Posted On August - 24 - 2019

ਸਪਨ ਮਨਚੰਦਾ

ਜੇ ਤੁਸੀਂ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਤਾਂ ਯਕੀਨਨ ਤੁਸੀਂ ਕਲਾਕਾਰ ਸੈਮੀ ਗਿੱਲ ਤੋਂ ਵਾਕਿਫ਼ ਹੋਵੋਗੇ। ਲੁਧਿਆਣਾ ਨੇੜਲੇ ਇਕ ਛੋਟੇ ਜਿਹੇ ਪਿੰਡ ਤੋਂ ਰੋਜ਼ੀ ਰੋਟੀ ਲਈ ਆਸਟਰੇਲੀਆ ਗਿਆ ਸੈਮੀ ਇਸ ਵੇਲੇ ਦੁਨੀਆਂ ਦੇ ਚਰਚਿਤ ਯੂ-ਟਿਊਬਰ ਕਲਾਕਾਰਾਂ ’ਚੋਂ ਇਕ ਹੈ। ਸਫਲਤਾ ਦੇ ਅਗਲੇ ਪੜਾਅ ਵੱਲ ਵੱਧਦਿਆਂ ਸੈਮੀ ਹੁਣ ਬਤੌਰ ਹੀਰੋ ਪੰਜਾਬੀ ਸਿਨਮਾ ਵਿਚ ਆਪਣਾ ਆਗਮਨ ਕਰਨ ਜਾ ਰਿਹਾ ਹੈ। ਉਸਦੀ ਪਲੇਠੀ ਫ਼ਿਲਮ ‘ਤੇਰੀ ਮੇਰੀ ਜੋੜੀ’ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਸਦੀ ਅਗਲੀ ਪੰਜਾਬੀ ਫ਼ਿਲਮ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ।
ਸੈਮੀ ਦੀਆਂ ਇਨ੍ਹਾਂ ਫ਼ਿਲਮਾਂ, ਮੌਜੂਦਾ ਰੁਝੇਵਿਆਂ ਅਤੇ ਭਵਿੱਖ ਦੀਆਂ ਵਿਉਂਤਬੰਦੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਅਤੇ ਅਦਾਕਾਰੀ ਸਫ਼ਰ ਬਾਰੇ ਗੱਲ ਕਰਨੀ ਲਾਜ਼ਮੀ ਹੈ। ਉਹ ਥੀਏਟਰ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ। ਆਪਣੇ ਪਿੰਡ ਤੋਂ ਮੁੱਢਲੀ ਪੜ੍ਹਾਈ ਤੋਂ ਬਾਅਦ ਉਸਨੇ ਕਾਮਰਸ ਵਿਚ ਬੈਚਲਰ ਡਿਗਰੀ ਕੀਤੀ। ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਸ ਨੇ ਵੀ ਪੰਜਾਬ ਦੇ ਹੋਰਾਂ ਮੁੰਡਿਆਂ ਵਾਂਗ ਆਸਟਰੇਲੀਆ ਦੀ ਉਡਾਰੀ ਭਰੀ। 2006 ਵਿਚ ਵਿਦਿਆਰਥੀ ਵੀਜੇ ’ਤੇ ਆਸਟਰੇਲੀਆ ਗਏ ਸੈਮੀ ਨੇ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਦਿਆਂ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ। ਉਹ ਇਸ ਵੇਲੇ ਆਸਟਰੇਲੀਆ ਪੁਲੀਸ ਵਿਚ ਸੇਵਾਵਾਂ ਵੀ ਨਿਭਾ ਰਿਹਾ ਹੈ। 2011 ਵਿਚ ਵਿਆਹ ਤੋਂ ਬਾਅਦ ਉਸ ਨੇ ਆਪਣੇ ਅੰਦਰਲੇ ਅਦਾਕਾਰ ਨੂੰ ਮੁੜ ਉਭਾਰਨ ਦੀ ਕੋਸ਼ਿਸ਼ ਕੀਤੀ।
ਉਸ ਮੁਤਾਬਕ ਆਸਟਰੇਲੀਆ ’ਚ ਗਾਇਕ ਤਾਂ ਆਪਣੀ ਗਾਇਕੀ ਦਾ ਇਜ਼ਹਾਰ ਕਰ ਲੈਂਦੇ ਹਨ, ਪਰ ਕਲਾਕਾਰ ਨੂੰ ਅਜਿਹੇ ਮੌਕੇ ਨਹੀਂ ਮਿਲਦੇ। ਸੋਸ਼ਲ ਮੀਡੀਆ ਦਾ ਦੌਰ ਸ਼ੁਰੂ ਹੋਣ ’ਤੇ ਉਸ ਨੇ ਆਪਣੇ ਪੱਧਰ ’ਤੇ ਛੋਟੀਆਂ ਛੋਟੀਆਂ ਵੀਡੀਓਜ਼ ਬਣਾ ਕੇ ਯੂ-ਟਿਊਬ ਅਤੇ ਫੇਸਬੁੱਕ ’ਤੇ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਚੁਫੇਰਿਓਂ ਸ਼ਲਾਘਾ ਹੋਈ। ਸੈਮੀ ਨੇ ਆਪਣੀ ਪਤਨੀ ਜੋ ਪਹਿਲਾਂ ਤੋਂ ਹੀ ਥੀਏਟਰ ਨਾਲ ਜੁੜੀ ਹੋਈ ਸੀ, ਨਾਲ ਮਿਲਕੇ ਸਮਾਜਿਕ ਮੁੱਦਿਆਂ ’ਤੇ ਵਿਅੰਗ ਕਰਦੀਆਂ ਵੀਡੀਓਜ਼ ਦੀ ਇਕ ਸੀਰੀਜ਼ ਤਿਆਰ ਕੀਤੀ ਜੋ ਬੇਹੱਦ ਮਕਬੂਲ ਹੋਈ। ਇਸ ਤੋਂ ਬਾਅਦ ਲੋਕ ਉਸ ਦੀਆਂ ਵੀਡੀਓਜ਼ ਦੀ ਉਡੀਕ ਕਰਨ ਲੱਗੇ। ਪਿਛਲੇ ਕੁਝ ਸਮੇਂ ਤੋਂ ਉਸ ਨਾਲ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਮਾਂ ਸੁਰਿੰਦਰ ਕੌਰ ਵੀ ਕੰਮ ਕਰ ਰਹੀ ਹੈ। ਉਹ ਅਕਸਰ ਆਪਣੇ ਪਰਿਵਾਰ ਨਾਲ ਵੱਖ ਵੱਖ ਮੁੱਦਿਆਂ ’ਤੇ ਵੀਡੀਓਜ਼ ਬਣਾਉਂਦਾ ਰਹਿੰਦਾ ਹੈ।
ਉਸ ਮੁਤਾਬਕ ਸੋਸ਼ਲ ਮੀਡੀਆ ’ਤੇ ਮਿਲੀ ਮਕਬੂਲੀਅਤ ਤੋਂ ਬਾਅਦ ਉਸ ਨੂੰ ਅਕਸਰ ਫ਼ਿਲਮਾਂ ਸਬੰਧੀ ਫੋਨ ਆਉਂਦੇ ਰਹਿੰਦੇ ਸਨ, ਪਰ ਉਸ ਨੇ ਕਦੇ ਫ਼ਿਲਮਾਂ ’ਚ ਕੰਮ ਕਰਨ ਬਾਰੇ ਸੋਚਿਆ ਨਹੀਂ ਸੀ। ਜ਼ਿੰਦਗੀ ਦੇ ਹੋਰ ਰੁਝੇਵਿਆਂ ਕਾਰਨ ਉਹ ਆਪਣੀਆਂ ਇਨ੍ਹਾਂ ਗਤੀਵਿਧੀਆਂ ਵਿਚ ਹੀ ਖ਼ੁਸ਼ ਸੀ। ਲਗਾਤਾਰ ਆਉਂਦੀਆਂ ਪੇਸ਼ਕਸ਼ਾਂ ਤੋਂ ਬਾਅਦ ਉਸ ਨੇ ਆਖਰ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣਨ ਦਾ ਫ਼ੈਸਲਾ ਲਿਆ। ਕੈਨੇਡਾ ਵੱਸਦੇ ਪੰਜਾਬੀ ਫ਼ਿਲਮ ਨਿਰਦੇਸ਼ਕ ਆਦਿੱਤਿਆ ਸੂਦ ਨੇ ਉਸ ਨੂੰ ਆਪਣੀ ਫ਼ਿਲਮ ‘ਬਾਰੀ ਬਰਸੀ’ ਦੀ ਪੇਸ਼ਕਸ਼ ਕੀਤੀ। ਉਸ ਨੇ ਕਹਾਣੀ ਅਤੇ ਆਪਣਾ ਕਿਰਦਾਰ ਸੁਣਨ ਤੋਂ ਬਾਅਦ ਇਸ ਵਿਚ ਕੰਮ ਕਰਨ ਦਾ ਫ਼ੈਸਲਾ ਲਿਆ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਕੁਝ ਕਾਰਨਾਂ ਕਰਕੇ ਨਿਰਦੇਸ਼ਕ ਨੇ ਆਪਣੀ ਇਕ ਹੋਰ ਫ਼ਿਲਮ ‘ਤੇਰੀ ਮੇਰੀ ਜੋੜੀ’ ਕਰਨ ਦਾ ਫ਼ੈਸਲਾ ਲਿਆ। ਇਸ ਦੀ ਵੀ ਕਹਾਣੀ ਅਤੇ ਕਿਰਦਾਰ ਉਸਨੂੰ ਬੇਹੱਦ ਪਸੰਦ ਆਇਆ।
ਉਸ ਨੇ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ। 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫ਼ਿਲਮ ਰਿਸ਼ਤਿਆਂ ਦੀ ਕਹਾਣੀ ਹੈ। ਇਸ ਫ਼ਿਲਮ ਵਿਚ ਉਸਨੇ 1970 ਦੇ ਇਕ ਵਿਅਕਤੀ ਦਾਨੀ ਦਾ ਕਿਰਦਾਰ ਨਿਭਾਇਆ ਹੈ। ਦਾਨੀ ਦੀ ਆਪਣੇ ਬਾਪ ਨਾਲ ਬਿਲਕੁਲ ਨਹੀਂ ਬਣਦੀ। ਉਹ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ, ਪਰ ਉਸ ਨਾਲ ਅਕਸਰ ਉਲਟ ਹੁੰਦਾ ਹੈ। ਸੈਮੀ ਮੁਤਾਬਕ ਇਹ ਫ਼ਿਲਮ ਮਹਿਬੂਬ ਅਤੇ ਮਹਿਬੂਬਾ ਦੀ ਜੋੜੀ ਦੀ ਕਹਾਣੀ ਨਹੀਂ ਬਲਕਿ ਭੈਣ, ਭਰਾ, ਪਿਓ ਪੁੱਤ, ਮਾਂ ਅਤੇ ਧੀ ਦੀ ਜੋੜੀ ਦੀ ਵੀ ਕਹਾਣੀ ਹੈ। ਉਹ ਜਿੰਨਾ ਖ਼ੁਦ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਉਤਸ਼ਾਹਿਤ ਹੈ, ਉਸ ਤੋਂ ਵੱਧ ਉਹ ਇਸ ਗੱਲ ਲਈ ਚਿੰਤਤ ਵੀ ਹੈ ਕਿ ਪੰਜਾਬੀ ਦਰਸ਼ਕਾਂ ਦੀ ਕਸਵੱਟੀ ’ਤੇ ਖਰਾ ਉਤਰਨ ਵਿਚ ਕਿੰਨਾ ਕਾਮਯਾਬ ਹੁੰਦਾ ਹੈ।


Comments Off on ਸੈਮੀ ਦੀ ਵੱਡੇ ਪਰਦੇ ’ਤੇ ਦਸਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.