ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸੁਰਾਂ ਦੀ ਮਿਠਾਸ ਦਾ ਨੱਕਾਸ਼

Posted On August - 24 - 2019

ਸੁਰਿੰਦਰ ਸਿੰਘ ਤੇਜ

ਖ਼ੱਯਾਮ ਆਪਣੀ ਪਤਨੀ ਜਗਜੀਤ ਕੌਰ ਨਾਲ।

ਸੰਗੀਤਕਾਰ ਖ਼ੱਯਾਮ ਦੇ ਚਲਾਣੇ ਦੀ ਖ਼ਬਰ ਪੜ੍ਹਦਿਆਂ ਹੀ ਸਭ ਤੋਂ ਪਹਿਲਾਂ ਸੰਗਤੀਕਾਰ ਪਿਆਰੇ ਲਾਲ (ਲਕਸ਼ਮੀਕਾਂਤ ਦੇ ਜੋੜੀਕਾਰ) ਦੀ ਟਿੱਪਣੀ ਯਾਦ ਆਈ: -ਖ਼ੱਯਾਮ ਸਾਹਬ!… ਉਨ ਕੀ ਤੋ ਕਲਾਸ ਹੀ ਅਲੱਗ ਹੈ। ਉਨ ਜੈਸਾ ਮਿਊਜ਼ਿਕ ਹਮ ਕਭੀ ਭੀ ਨਹੀਂ ਬਨਾ ਪਾਏ।’ ਪਿਆਰੇ ਲਾਲ ਨੇ ਇਹ ਟਿੱਪਣੀ ਚਾਰ ਸਾਲ ਪਹਿਲਾਂ ਵਿਵਿਧ ਭਾਰਤੀ ਦੇ ਐਤਵਾਰੀ ਪ੍ਰੋਗਰਾਮ ‘ਉਜਾਲੇ ਉਨ ਕੀ ਯਾਦੋਂ ਕੇ’ ਵਿਚ ਕੀਤੀ ਸੀ। ਬੜੀ ਇਮਾਨਦਾਰਾਨਾ ਅਕੀਦਤ ਸੀ ਇਹ ਇਕ ਸਮਕਾਲੀ ਸੰਗੀਤਕਾਰ ਦੀ ਕਾਬਲੀਅਤ ਨੂੰ।
ਅਜਿਹੀਆਂ ਢੇਰਾਂ ਅਕੀਦਤਾਂ ਦਾ ਹੱਕਦਾਰ ਸੀ ਖ਼ੱਯਾਮ। ਸੰਗੀਤਕਾਰ ਵਜੋਂ ਵੀ ਅਤੇ ਇਨਸਾਨ ਵਜੋਂ ਵੀ। ਸੰਗੀਤਕਾਰ ਵਜੋਂ ਉਸਨੇ ਸੰਗੀਤਕ ਮਿਆਰਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਇਨਸਾਨ ਵਜੋਂ ਇਨਸਾਨੀ ਅਸੂਲਾਂ ਤੇ ਨਫ਼ਾਸਤ ਨਾਲ। ਉਹ 1947 ਤੋਂ ਲੈ ਕੇ 2016 ਤਕ 69 ਵਰ੍ਹੇ ਹਿੰਦੀ ਫ਼ਿਲਮ ਸੰਗੀਤ ਦੇ ਖੇਤਰ ਵਿਚ ਸਰਗਰਮ ਰਿਹਾ, ਪਰ ਉਸਦੇ ਸੰਗੀਤ ਵਾਲੀਆਂ ਫ਼ਿਲਮਾਂ ਦੀ ਗਿਣਤੀ 69ਵੀਂ ਨਹੀਂ ਬਣਦੀ। ਨੌਸ਼ਾਦ ਅਲੀ ਤੇ ਸਚਿਨ ਦੇਵ ਬਰਮਨ ਦੀਆਂ ਫ਼ਿਲਮਾਂ ਦੀ ਗਿਣਤੀ ਦੀ ਔਸਤ ਵੀ ਇਕ ਫ਼ਿਲਮ ਪ੍ਰਤੀ ਸਾਲ ਬਣਦੀ ਹੈ, ਪਰ ਉਨ੍ਹਾਂ ਨੂੰ ਹਮੇਸ਼ਾਂ ਵੱਡੇ ਫ਼ਿਲਮਸਾਜ਼ਾਂ ਦੀ ਸਰਪ੍ਰਸਤੀ ਮਿਲਦੀ ਰਹੀ। ਖ਼ੱਯਾਮ (ਤੇ ਉਸ ਵਾਂਗ ਜੈਦੇਵ ਨੂੰ ਵੀ) ਸ਼ਾਬਾਸ਼ ਬਹੁਤ ਮਿਲੀ, ਪਰ ਇਹ ਸ਼ਾਬਾਸ਼ੀ ਬਾਜ਼ਾਰੀ ਕਾਮਯਾਬੀ ਦਾ ਭੇਸ ਨਹੀਂ ਬਣਾ ਸਕੀ। ਇਹ ਖ਼ੱਯਾਮ ਦੀ ਕਿਰਦਾਰੀ ਮਜ਼ਬੂਤੀ ਸੀ ਕਿ ਉਸਨੇ ਕਦੇ ਢਿੱਲੀ ਨਹੀਂ ਢਾਹੀ। ਆਤਮ ਰੁਦਨ ਜਾਂ ਸ਼ਰਾਬਖੋਰੀ ਨੂੰ ਆਪਣੀ ਜੀਵਨ ਜਾਚ ਨਹੀਂ ਬਣਾਇਆ। ਤਹਿਜ਼ੀਬ ਤੇ ਤਹੱਮਲ ਦਾ ਪੱਲਾ ਕਦੇ ਨਹੀਂ ਛੱਡਿਆ। ਜ਼ਿੰਦਗੀ ਪੂਰੀ ਆਸਵੰਦੀ ਨਾਲ ਜਿਊਂਦਾ ਰਿਹਾ-ਇਕੋ ਇਕ ਸੰਤਾਨ (ਪੁੱਤਰ) ਪ੍ਰਦੀਪ ਖ਼ੱਯਾਮ ਦੀ ਬੇਵਕਤੀ ਮੌਤ ਅਤੇ ਹਮਸਫ਼ਰ (ਗਾਇਕਾ ਜਗਜਤੀ ਕੌਰ) ਦੀ ਲੰਬੀ ਬਿਮਾਰੀ ਦੇ ਬਾਵਜੂਦ। ਕੁਝ ਮਹੀਨੇ ਪਹਿਲਾਂ ਪੁਲਵਾਮਾ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਲਈ ਪੰਜ ਲੱਖ ਰੁਪਏ ਦੀ ਦਾਨ ਰਾਸ਼ੀ ਦੇਣ ਮਗਰੋਂ ਉਸਨੇ ਇਕ ਅਖ਼ਬਾਰੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਜਗਜੀਤ ਤੋਂ ਪਹਿਲਾਂ ਨਹੀਂ ਮਰਨਾ ਚਾਹੁੰਦਾ ਕਿਉਂਕਿ ਜਗਜੀਤ ਨੂੰ ‘ਇਸ ਵੇਲੇ ਸਭ ਤੋਂ ਵੱਧ ਮੇਰੀ ਲੋੜ ਹੈ। ਜੋ ਮੈਂ ਉਸ ਲਈ ਕਰ ਸਕਦਾ ਹਾਂ, ਉਹ ਕੋਈ ਮਿੱਤਰ-ਬੰਧੂ ਜਾਂ ਨੌਕਰ ਚਾਕਰ ਨਹੀਂ ਕਰ ਸਕਦਾ।’ ਉਸਦੀ ਇਹ ਖਵਾਹਿਸ਼ ਤੇ ਚਾਹਤ ਪੂਰੀ ਨਹੀਂ ਹੋਈ।
**
ਮੁਹੰਮਦ ਜ਼ਹੂਰ ਖ਼ਾਨ ਹਾਸ਼ਮੀ ਉਰਫ਼ ਮੁਹੰਮਦ ਜ਼ਹੂਰ ਜਲੰਧਰੀ ਉਰਫ਼ ਖ਼ੱਯਾਮ ਦਾ ਜਨਮ ਰਾਹੋਂ ਕਸਬੇ ਵਿਚ 18 ਫਰਵਰੀ, 1927 ਨੂੰ ਹੋਇਆ। ਰਾਹੋਂ ਉਦੋਂ ਜਲੰਧਰ ਜ਼ਿਲ੍ਹੇ ਵਿਚ ਪੈਂਦਾ ਸੀ। ਪਰਿਵਾਰ ਪੜ੍ਹਿਆ ਲਿਖਿਆ ਸੀ। ਖਾਂਦਾ ਪੀਂਦਾ ਸੀ। ਚੋਪੜਿਆਂ (ਫ਼ਿਲਮਸਾਜ਼ ਬੀ.ਆਰ. ਚੋਪੜਾ) ਦੇ ਟੱਬਰ ਨਾਲ ਉਨ੍ਹਾਂ ਦੀ ਚੰਗੀ ਸਾਂਝ ਸੀ। ਮਾਪੇ ਚਾਹੁੰਦੇ ਸਨ ਜ਼ਹੂਰ ਪੜ੍ਹੇ, ਪਰ ਜ਼ਹੂਰ ਨੂੰ ਗਾਉਣ ਤੇ ਅਦਾਕਾਰੀ ਦਾ ਸ਼ੌਕ ਸੀ। ਮਾਪਿਆਂ ਨੇ ਪੜ੍ਹਾਈ ਲਈ ਉਸਨੂੰ ਦਿੱਲੀ ਭੇਜਿਆ, ਪਰ ਉੱਥੇ ਜਾ ਕੇ ਉਸਨੇ ਸਕੂਲੀ ਪੜ੍ਹਾਈ ਵੱਲ ਘੱਟ ਤੇ ਸੰਗੀਤ ਦੀ ਤਾਲੀਮ ’ਤੇ ਵੱਧ ਜ਼ੋਰ ਦਿੱਤਾ। ਫਿਰ ਉਸਨੂੰ ਘਰ ਲਿਆ ਕੇ ਲੁਧਿਆਣੇ ਪੜ੍ਹਨ ਪਾਇਆ ਗਿਆ, ਪਰ ਉਹ ਗਾਉਣ ਵਜਾਉਣ ਦੀ ਲਲਕ ਕਾਰਨ ਲਾਹੌਰ ਭੱਜ ਗਿਆ। ਉੱਥੇ ਜਾ ਕੇ ਉਸਨੇ ਸੰਗੀਤਕਾਰ ਬਾਬਾ ਚਿਸ਼ਤੀ ਦੀ ਸ਼ਾਗਿਰਦੀ ਕਰ ਲਈ। ਇਸਤੋਂ ਬਾਅਦ ਪੰਡਿਤ ਅਮਰਨਾਥ (ਸੰਗੀਤਕਾਰ ਜੋੜੀ ਹੁਸਨ ਲਾਲ ਭਗਤ ਰਾਮ ਦੇ ਵੱਡੇ ਭਰਾ) ਦੀ ਸ਼ਾਗਿਰਦੀ ਤੇ ਸਹਾਇਕੀ ਦਾ ਮੌਕਾ ਮਿਲਿਆ। ਪੰਡਿਤ ਅਮਰਨਾਥ, ਪਾਇਲ (ਲੁਧਿਆਣਾ) ਦੇ ਸਨ। ਉਨ੍ਹਾਂ ਦੇ ਨਾਲ ਹੀ ਜ਼ਹੂਰ ਬੰਬਈ ਪਹੁੰਚਿਆ। ਜਗਜੀਤ ਕੌਰ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਗ ਮਾਈਆ ਦੇ ਜ਼ਿਮੀਂਦਾਰ ਦੀ ਧੀ ਸੀ, ਨਾਲ ਜ਼ਹੂਰ ਦੀ ਮੁਲਾਕਾਤ ਲਾਹੌਰ ਵਿਚ ਹੋਈ। ਉਹ ਉੱਥੇ ਰੇਡੀਓ ’ਤੇ ਗਾਉਣ ਆਈ ਸੀ। ਇਹ ਮੁਲਾਕਾਤ ਦੋਵਾਂ ਨੂੰ ਜੀਵਨ ਸਾਥੀ ਬਣਨ ਦੇ ਰਾਹ ਪਾ ਗਈ।
ਬੰਬਈ ਵਿਚ ਜ਼ਹੂਰ ਨੂੰ ਸਪੱਸ਼ਟ ਹੋ ਗਿਆ ਕਿ ਸ਼ਾਸਤਰੀ ਸੰਗੀਤ ਤੇ ਫ਼ਿਲਮ ਸੰਗੀਤ ਦੀ ਕਾਰਜਮੁਖੀ ਵਿਆਕਰਨ ਵੱਖੋ ਵੱਖਰੀ ਹੈ। ਇੱਥੇ ਪੰਡਿਤ ਅਮਰਨਾਥ ਵਾਲੀ ਸ਼ੈਲੀ ਨਹੀਂ ਚੱਲਣੀ। ਇਸ ਲਈ ਉਸਨੇ ਨਵਾਂ ਰਾਹ ਖੋਜਣਾ ਸ਼ੁਰੂ ਕੀਤਾ। 1947 ਦੀ ਫ਼ਿਲਮ ‘ਰੋਮੀਓ ਜੂਲੀਅਟ’ ਵਿਚ ਇਕ ਗੀਤ ਗਾਇਆ। ਦੇਸ਼ ਵੰਡ ਤੋਂ ਉਪਜੇ ਫਿਰਕੇਦਾਰਾਨਾ ਮਾਹੌਲ ਨੇ ਨਾਂ ਬਦਲਣ ਲਈ ਮਜਬੂਰ ਕੀਤਾ। 1948 ਦੀ ਫ਼ਿਲਮ ‘ਹੀਰ ਰਾਂਝਾ’ ਵਿਚ ਰਹਿਮਾਨ ਵਰਮਾ ਨਾਲ ਮਿਲ ਕੇ ਉਸਨੇ ਸ਼ਰਮਾ ਜੀ-ਵਰਮਾ ਜੀ ਦੇ ਨਾਮ ਹੇਠ ਸੰਗੀਤ ਦਿੱਤਾ। ਅਗਲੇ ਸਾਲ ਰਹਿਮਾਨ ਵਰਮਾ ਪਾਕਿਸਤਾਨ ਖਿਸਕ ਗਿਆ ਤਾਂ ‘ਬੀਵੀ’ (1950) ਲਈ ਮੁਹੰਮਦ ਜ਼ਹੂਰ ਹਾਸ਼ਮੀ ਦਾ ਖ਼ੱਯਾਮ ਵਾਲਾ ਅਵਤਾਰ ਸਾਹਮਣੇ ਆ ਗਿਆ। 1953 ਵਿਚ ਖ਼ੱਯਾਮ ਨੂੰ ਪਹਿਲਾ ਵੱਡਾ ਬ੍ਰੇਕ ਜ਼ਿਆ ਸਰਹੱਦੀ ਦੀ ਫ਼ਿਲਮ ‘ਫੁੱਟਪਾਥ’ ਰਾਹੀਂ ਮਿਲਿਆ। ਦਿਲੀਪ ਕੁਮਾਰ ਤੇ ਮੀਨਾ ਕੁਮਾਰੀ ਇਸਦੇ ਮੁੱਖ ਕਲਾਕਾਰ ਸਨ। ਇਸਦੇ ਗੀਤ, ਖ਼ਾਸ ਕਰਕੇ ‘ਸ਼ਾਮ-ਏ-ਗ਼ਮ ਕੀ ਕਸਮ, ਆਜ ਗ਼ਮਗੀਨ ਹੈ ਹਮ’ (ਤਲਤ ਮਹਿਮੂਦ) ਹਿੰਦੀ ਫ਼ਿਲਮ ਜਗਤ ਦੇ ਸਦਾਬਹਾਰ ਗੀਤਾਂ ਵਿਚ ਸ਼ੁਮਾਰ ਹਨ। ‘ਫੁੱਟਪਾਥ’ ਦੀ ਟਿਕਟ ਖਿੜਕੀ ਉੱਤੇ ਨਾਕਾਮੀ ਖ਼ੱਯਾਮ ਲਈ ਵੱਡਾ ਧੱਕਾ ਸੀ। ਉਸਦੀ ਅਗਲੀ ਵੱਡੀ ਫ਼ਿਲਮ ‘ਫ਼ਿਰ ਸੁਬ੍ਹਾ ਹੋਗੀ’ (1958) ਰਹੀ। ਰਾਜ ਕਪੂਰ ਤੇ ਮਾਲਾ ਸਿਨਹਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫ਼ਿਲਮ ਭਾਵੇਂ ਟਿਕਟ ਖਿੜਕੀ ਉੱਤੇ ਬਹੁਤੀ ਕਮਾਈ ਨਾ ਕਰ ਸਕੀ, ਪਰ ਸਾਹਿਰ ਲੁਧਿਆਣਵੀ ਦੇ ਗੀਤ ਅਤੇ ਖ਼ੱਯਾਮ ਦਾ ਸੰਗੀਤ ਆਪੋ ਆਪਣੀ ਖ਼ੂਬਸੂਰਤੀ ਕਾਰਨ ਹੁਣ ਵੀ ਖ਼ੂਬ ਮਕਬੂਲ ਹਨ। ਇਸੇ ਫ਼ਿਲਮ ਦਾ ਟਾਈਟਲ ਗੀਤ ‘ਵੋਹ ਸੁਬ੍ਹਾ ਕਭੀ ਤੋਂ ਆਏਗੀ….’ ਰਿਕਾਰਡ ਕਰਾਉਣ ਮਗਰੋਂ ਗਾਇਕਾ ਆਸ਼ਾ ਭੋਸਲੇ ਨੇ ਖ਼ੱਯਾਮ ਨੂੰ ਮੁਬਾਰਕਬਾਦ ‘ਆਪ ਕੀ ਸੁਬ੍ਹ ਅਬ ਆ ਗਈ ਹੈ’ ਸ਼ਬਦਾਂ ਨਾਲ ਦਿੱਤੀ। ਖ਼ੱਯਾਮ ਨੇ ਆਸ਼ਾ ਵੱਲੋਂ ਕੀਤੀ ਇਸ ਤਾਰੀਫ਼ ਦਾ ਸ਼ੁਕਰੀਆ ‘ਉਮਰਾਓ ਜਾਨ’ (1981) ਦੇ ਜਾਦੂਈ ਗੀਤਾਂ ਰਾਹੀਂ ਅਦਾ ਕੀਤਾ। ਇਨ੍ਹਾਂ ਗੀਤਾਂ ਦੀ ਬਦੌਲਤ ਆਸ਼ਾ ਨੂੰ ਸਰਵੋਤਮ ਗਾਇਕਾ ਦਾ ਰਾਸ਼ਟਰੀ ਪੁਰਸਕਾਰ ਹਾਸਲ ਹੋਇਆ।
***

ਸੁਰਿੰਦਰ ਸਿੰਘ ਤੇਜ

ਸੰਗੀਤਕਾਰ ਵਜੋਂ ਖ਼ੱਯਾਮ ਨੂੰ ਲਗਾਤਾਰ ਹਿੱਟ ਫ਼ਿਲਮਾਂ ਵਾਲਾ ਦੌਰ ਸਿਰਫ਼ ਇਕ ਵਾਰ ਨਸੀਬ ਹੋਇਆ। ਉਹ ਵੀ ਬਹੁਤ ਥੋੜ੍ਹੇ ਅਰਸੇ ਲਈ। ‘ਕਭੀ ਕਭੀ’ (1976) ਤੋਂ ‘ਨੂਰੀ’ (1979) ਤਕ। ‘ਕਭੀ ਕਭੀ’ ਉਸਦੇ ਕਰੀਅਰ ਵਿਚ ਉਹ ਮੁਕਾਮ ਰੱਖਦੀ ਹੈ ਜੋ ਦਾਦਾ (ਸਚਿਨ ਦੇਵ) ਬਰਮਨ ਦੇ ਕਰੀਅਰ ਲਈ ‘ਗਾਈਡ’ ਅਤੇ ਨੌਸ਼ਾਦ ਲਈ ‘ਮੁਗਲੇ ਆਜ਼ਮ’। ‘ਫਿਰ ਸੁਬ੍ਹਾ ਹੋਗੀ’, ‘ਸ਼ੋਲਾ ਔਰ ਸ਼ਬਨਮ’ (1961), ‘ਸ਼ਗੁਨ’ (1963), ‘ਮੁਹੱਬਤ ਇਸਕੋ ਕਹਿਤੇ ਹੈਂ’ (1965), ‘ਉਮਰਾਓ ਜਾਨ’, ‘ਰਜ਼ੀਆ ਸੁਲਤਾਨ’ (1983) ਤੇ ‘ਬਾਜ਼ਾਰ’ (1982) ਦਾ ਸੰਗੀਤ ਵੀ ਬੇਹੱਦ ਕਾਮਯਾਬ ਤੇ ਨਾਯਾਬ ਰਿਹਾ। ਬਕਮਾਲ ਪੱਖ ਇਹ ਸੀ ਕਿ ਬਹੁਤੀਆਂ ਫ਼ਿਲਮਾਂ ਵਿਚ ਖ਼ੱਯਾਮ ਨੇ ਇਹ ਕਾਮਯਾਬੀ ਲਤਾ ਮੰਗੇਸ਼ਕਰ ਦੀ ਆਵਾਜ਼ ਦਾ ਸਹਾਰਾ ਲਏ ਬਿਨਾਂ ਹਾਸਲ ਕੀਤੀ। ਇਸ ਪੱਖੋਂ ‘ਸ਼ਗੁਨ’ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ। ਇਸ ਵਿਚ ਸਾਹਿਰ ਦੇ ਅਲਫਾਜ਼ ਦੀ ਖ਼ੂਬਸੂਰਤੀ ਨੂੰ ਖ਼ੱਯਾਮ ਨੇ ਸੁਮਨ ਕਲਿਆਣਪੁਰ, ਮੁਬਾਰਕ ਬੇਗ਼ਮ ਤੇ ਜਗਜੀਤ ਕੌਰ ਦੀ ਗਾਇਕੀ ਰਾਹੀਂ ਨਾਯਾਮੀ ਪ੍ਰਦਾਨ ਕੀਤੀ। ‘ਬੁਝਾ ਦੀਏ ਹੈਂ ਖ਼ੁਦ ਅਪਨੇ ਹਾਥੋਂ ਮੁਹੱਬਤੋਂ ਕੇ ਦੀਏ ਜਲਾ ਕੇ….’ ਸੁਮਨ ਕਲਿਆਣਪੁਰ ਦੇ ਪੰਜ ਬਿਹਤਰੀਨ ਸੋਲੋ ਗੀਤਾਂ ਵਿਚੋਂ ਇਕ ਹੈ। ਦਰਅਸਲ, ਅਣਗੌਲੇ ਗਇਕਾਂ ਦੀ ਸਮਰੱਥਾ ਨੂੰ ਸਹੀ ਮੰਚ ਪ੍ਰਦਾਨ ਕਰਨ ਦੇ ਮਾਮਲੇ ਵਿਚ ਖ਼ੱਯਾਮ ਨੇ ਕਦੇ ਝਿਜਕ ਨਹੀਂ ਦਿਖਾਈ। ਭੁਪਿੰਦਰ ਸਿੰਘ ਦਾ ਪਹਿਲਾ ਸੋਲੋ ‘ਰੁੱਤ ਜਵਾਂ ਜਵਾਂ ਜਵਾਂ…’ (ਆਖਰੀ ਖ਼ਤ, 1966), ਸੁਲਕਸ਼ਣਾ ਪੰਡਿਤ ਦਾ ਫ਼ਿਲਮਫੇਅਰ ਐਵਾਰਡ ਜੇਤੂ ਗੀਤ ‘ਤੂ ਹੀ ਸਾਗਰ ਤੂ ਹੀ ਕਿਨਾਰਾ’ (ਸੰਕਲਪ, 1975), ਲਖਨਊ ਦੇ ਰੇਡੀਓ ਅਨਾਊਂਸਰ ਕੱਬਨ ਮਿਰਜ਼ਾ ਦਾ ਗਾਇਕ ਵਜੋਂ ਬ੍ਰੇਕ ‘ਆਈ ਜ਼ੰਜੀਰ ਕੀ ਝਨਕਾਰ, ਖ਼ੁਦਾ ਖੈਰ ਕਰੇ…’ (ਰਜ਼ੀਆ ਸੁਲਤਾਨ, 1983) ਅਤੇ ਗ਼ਜ਼ਲ ਗਾਇਕ ਤਲਤ ਅਜ਼ੀਜ਼ ਦਾ ਪਹਿਲਾ ਫ਼ਿਲਮੀ ਗੀਤ ‘ਫਿਰ ਛਿੜੀ ਰਾਤ, ਬਾਤ ਫੁੱਲੋਂ ਕੀ’ (ਬਾਜ਼ਾਰ, 1982) ਖ਼ੱਯਾਮ ਦੀ ਹੀ ਦੇਣ ਸਨ।
ਖ਼ੱਯਾਮ ਹੁਣ ਇਸ ਜਹਾਨ ਵਿਚ ਨਹੀਂ ਹੈ, ਪਰ ‘ਬਾਜ਼ਾਰ’ ਦੇ ਗੀਤ ‘ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ’ ਵਾਲੇ ਮਿਸਰੇ ਵਾਂਗ ਉਸਦੇ ਮਿੱਠੇ ਮਿੱਠੇ ਗੀਤ ਉਸਦੀ ਯਾਦ ਨੂੰ ਸੰਗੀਤ ਪ੍ਰੇਮੀਆਂ ਦੇ ਮਨਾਂ ਵਿਚ ਹਮੇਸ਼ਾਂ ਤਰੋਤਾਜ਼ਾ ਰੱਖਣਗੇ।

ਸੰਪਰਕ: 98555-01488


Comments Off on ਸੁਰਾਂ ਦੀ ਮਿਠਾਸ ਦਾ ਨੱਕਾਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.