ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ

Posted On August - 19 - 2019

ਬੀਰਬਲ ਧਾਲੀਵਾਲ

ਪੰਜਾਬ ਦਾ ਹਰ ਵਰਗ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਕਰਜ਼ੇ ਦੇ ਮੱਕੜਜਾਲ ਵਿਚ ਫਸਣ ਕਾਰਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਘਟਣ ਦੀ ਬਜਾਏ ਹਰ ਸਾਲ ਵਧਦਾ ਜਾ ਰਿਹਾ ਹੈ। ਪੰਜਾਬ ਦਾ ਦਲਿਤ ਵਰਗ ਕਿਸਾਨਾਂ ਨਾਲੋਂ ਵੀ ਬਦਤਰ ਹਾਲਾਤ ਵਿਚ ਗੁਜ਼ਾਰਾ ਕਰ ਰਿਹਾ ਹੈ। ਪਿੰਡਾਂ ਵਿਚ ਦਲਿਤ ਵੱਡੀ ਗਿਣਤੀ ਵਿਚ ਰਹਿੰਦੇ ਹਨ। ਦਲਿਤ ਸਮਾਜ ਨਾਲ ਸਬੰਧਿਤ ਲੋਕ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਉਨ੍ਹਾਂ ਵਿਚੋਂ ਬਹੁਤੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਜਾਂਦੇ ਹਨ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਸ਼ਹਿਰਾਂ ਵਿਚ ਹਰ ਤਰ੍ਹਾਂ ਦੀ ਸਹੂਲਤ ਹੈ ਅਤੇ ਬੱਚਿਆਂ ਦੀ ਪੜ੍ਹਾਈ ਜ਼ਰੂਰੀ ਹੈ। ਪਿੰਡਾਂ ਅੰਦਰ ਰਹਿੰਦੇ ਦਲਿਤ ਵਰਗ ਦੇ ਲੋਕ ਅੱਜ ਵੀ ਕਿਸਾਨਾਂ ਉੱਪਰ ਨਿਰਭਰ ਹਨ। ਉਹ ਕਿਸਾਨਾਂ ਦੇ ਘਰੀਂ ਕੰਮ ਕਰਨ ਬਦਲੇ ਪੂਰੇ ਸਾਲ ਦੇ ਪੈਸੇ ਇੱਕੋ ਵਾਰ ਲੈ ਲੈਂਦੇ ਹਨ। ਫਿਰ ਉਨ੍ਹਾਂ ਦੀਆਂ ਪਤਨੀਆਂ ਸਿਰਫ਼ ਪੰਜ ਸੌ ਰੁਪਏ ਵਿਚ ਪੂਰਾ ਮਹੀਨਾ ਕਿਸਾਨ ਦੇ ਘਰ ਗੋਹਾ-ਕੂੜਾ ਕਰਦੀਆਂ ਹਨ। ਇਸ ਕਾਰਨ ਇਸ ਵਰਗ ਦੇ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ ਅਤੇ ਉਹ ਵੀ ਆਪਣੇ ਬਾਪ ਦਾਦਿਆਂ ਵਾਂਗ ਕਿਸਾਨ ਪਰਿਵਾਰਾਂ ਕੋਲ ਜਾਂ ਸ਼ਹਿਰਾਂ ਵਿਚ ਮਿਹਨਤ ਮਜ਼ਦੂਰੀ ਕਰਨ ਲੱਗਦੇ ਹਨ। ਇਉਂ ਉਨ੍ਹਾਂ ਦੀ ਸਾਰੀ ਜ਼ਿੰਦਗੀ ਆਟੇ ਦਾਲ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਇਹੀ ਕਾਰਨ ਹੈ ਕਿ ਦਲਿਤ ਵਰਗ ਦੇ ਬਹੁਤੇ ਬੱਚੇ ਅਨਪੜ੍ਹ ਰਹਿ ਜਾਂਦੇ ਹਨ।
ਪੜ੍ਹੇ ਲਿਖੇ ਲੋਕਾਂ ਦੇ ਸ਼ਹਿਰਾਂ ਵਿਚ ਚਲੇ ਜਾਣ ਕਾਰਨ ਪਿੰਡਾਂ ’ਚ ਰਹਿੰਦੇ ਇਨ੍ਹਾਂ ਲੋਕਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ ਦੇਣ ਤਾਂ ਜੋ ਇਹ ਆਪਣੇ ਪੈਰਾਂ ਉਪਰ ਖੜ੍ਹੇ ਹੋ ਕੇ ਚੰਗੀ ਜ਼ਿੰਦਗੀ ਜਿਊਂ ਸਕਣ।
ਦਲਿਤ ਵਰਗ ਨੇ ਕੋਈ ਵਾਹਨ ਜਾਂ ਘਰੇਲੂ ਵਰਤੋਂ ਦਾ ਕੋਈ ਵੀ ਸਾਮਾਨ ਲੈਣਾ ਹੋਵੇ ਤਾਂ ਉਹ ਕਿਸ਼ਤਾਂ ਉੱਪਰ ਲੈਂਦੇ ਹਨ ਜਿਸ ਦੀ ਕੰਪਨੀਆਂ ਬਹੁਤ ਜ਼ਿਆਦਾ ਕੀਮਤ ਵਸੂਲ ਕਰਦੀਆਂ ਹਨ। ਪੈਸੇ ਦੀ ਕਮੀ ਹੋਣ ਕਾਰਨ ਕਿਸ਼ਤਾਂ ਟੁੱਟਦੀਆਂ ਰਹਿੰਦੀਆਂ ਹਨ ਤਾਂ ਕਿਸ਼ਤਾਂ ਉਪਰ ਖਰੀਦੀ ਹੋਈ ਚੀਜ਼ ਦੁੱਗਣੀ ਕੀਮਤ ਵਿਚ ਪੈਂਦੀ ਹੈ। ਕਈ ਵਾਰ ਕਿਸ਼ਤਾਂ ਭਰੀਆਂ ਨਾ ਜਾਣ ਕਾਰਨ ਕੰਪਨੀਆਂ ਵਾਲੇ ਵਾਹਨ ਅਤੇ ਕਿਸ਼ਤਾਂ ਉਪਰ ਖਰੀਦਿਆ ਹੋਰ ਸਾਮਾਨ ਚੁੱਕ ਕੇ ਲੈ ਜਾਂਦੇ ਹਨ। ਫਿਰ ਇਨ੍ਹਾਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਇਨ੍ਹਾਂ ਵੱਲੋਂ ਦਿੱਤੇ ਹੋਏ ਪੈਸੇ ਵੀ ਖੂਹ-ਖਾਤੇ ਜਾ ਪੈਂਦੇ ਹਨ। ਅਨਪੜ੍ਹਤਾ ਕਾਰਨ ਇਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਸ ਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ। ਦਲਿਤ ਵਰਗ ਵਿਚ ਦਿਨੋ ਦਿਨ ਵਧ ਰਹੀ ਗ਼ਰੀਬੀ ਦਾ ਮੁੱਖ ਕਾਰਨ ਇਹ ਵੀ ਹੈ ਕਿ ਆਮਦਨ ਨਾਲੋਂ ਖਰਚਾ ਬਹੁਤ ਜ਼ਿਆਦਾ ਵਧਾ ਲਿਆ ਹੈ।
ਇਸ ਦੇ ਨਾਲ ਹੀ ਤਿੰਨ ਸੌ ਰੁਪਏ ਦੀ ਮਜ਼ਦੂਰੀ ਕਰਨ ਵਾਲਾ ਮਜ਼ਦੂਰ ਸ਼ਾਮ ਸਮੇਂ ਠੇਕੇ ਉੱਤੇ ਰੁਕ ਕੇ ਡੇਢ ਸੌ ਰੁਪਏ ਦੀ ਸ਼ਰਾਬ ਪੀ ਜਾਂਦਾ ਹੈ। ਸ਼ਰਾਬ ਦੀ ਮਾੜੀ ਲਤ ਕਾਰਨ ਘਰਾਂ ਵਿਚ ਕਲੇਸ਼ ਪਿਆ ਰਹਿੰਦਾ ਹੈ। ਕਈ ਵਾਰ ਗੱਲ ਕਤਲਾਂ ਤਕ ਵੀ ਪਹੁੰਚ ਜਾਂਦੀ ਹੈ। ਸ਼ਰਾਬ, ਗੋਲੀਆਂ ਅਤੇ ਤੰਬਾਕੂ ਆਦਿ ਨਸ਼ਿਆਂ ਦਾ ਖਾਤਮਾ ਹੋ ਜਾਵੇ ਅਤੇ ਦਲਿਤ ਵਰਗ ਇਨ੍ਹਾਂ ਕੁਰੀਤੀਆਂ ਦਾ ਤਿਆਗ ਕਰ ਦੇਵੇ ਤਾਂ ਇਸ ਨਾਲ ਆਉਣ ਵਾਲੀਆਂ ਨਸਲਾਂ ਵੀ ਬਚਾਈਆਂ ਜਾ ਸਕਣਗੀਆਂ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜ਼ਿਆਦਾਤਰ ਦਲਿਤ ਲੋਕਾਂ ਨੇ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਆਪਣੇ ਚੰਗੇ ਭਵਿੱਖ ਲਈ ਕੁਝ ਸੋਚਿਆ। ਨਸ਼ੇ ਵੀ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਕਰ ਰਹੇ ਹਨ। ਜ਼ਹਿਰੀਲੀ ਸ਼ਰਾਬ ਅਤੇ ਤੰਬਾਕੂ ਕਾਰਨ ਹਰ ਸਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਜਾਂ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦਾ ਇਲਾਜ ਕਰਾਉਣਾ ਆਮ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੈ।
ਸੂਬਾਈ ਸਰਕਾਰਾਂ ਦਲਿਤ ਵਰਗ ਨੂੰ ਆਟਾ ਦਾਲ ਜਾਂ ਸ਼ਗਨ ਸਕੀਮਾਂ ਵਿਚ ਹੀ ਉਲਝਾਈ ਰੱਖਦੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੋਜਨਾਵਾਂ ਦੀ ਬਜਾਏ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ। ਹੁਣ ਸਮਾਂ ਆ ਗਿਆ ਹੈ ਕਿ ਮੁਫ਼ਤ ਵਿਚ ਮਿਲਦੀਆਂ ਸਹੂਲਤਾਂ ਮੰਗਣ ਦੀ ਬਜਾਏ ਰੁਜ਼ਗਾਰ ਅਤੇ ਹੋਰ ਬਣਦੀਆਂ ਸਹੂਲਤਾਂ ਸਰਕਾਰ ਤੋਂ ਮੰਗੀਆਂ ਜਾਣ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦਲਿਤ ਵਰਗ ਨੂੰ ਮੁਫ਼ਤ ਸਹੂਲਤਾਂ ਦੇ ਚੱਕਰਾਂ ਵਿਚ ਹੀ ਪਾ ਰੱਖਿਆ ਹੈ, ਸੋ ਇਨ੍ਹਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣਾ ਪਵੇਗਾ।
ਪੰਜਾਬ ਦੀ ਰਾਜਨੀਤੀ ਵਿਚ ਦਲਿਤ ਸਮਾਜ ਦੀ ਅਗਵਾਈ ਕਰਦੇ ਬਹੁਤ ਘੱਟ ਆਗੂ ਹਨ। ਜਿਹੜੇ ਆਗੂ ਹਨ, ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਸਿਰਫ਼ ਆਪਣੇ ਪਰਿਵਾਰਾਂ ਦੇ ਵਿਕਾਸ ਬਾਰੇ ਸੋਚਦੇ ਹਨ। ਜਿਸ ਸਮਾਜ ਦੀਆਂ ਵੋਟਾਂ ਲੈ ਕੇ ਲੀਡਰ ਬਣਦੇ ਹਨ ਉਨ੍ਹਾਂ ਨੂੰ ਜਿੱਤਦੇ ਸਾਰ ਭੁੱਲ ਜਾਂਦੇ ਹਨ। ਕੁਝ ਦਲਿਤ ਆਗੂ ਪਿਛਲੇ ਲੰਬੇ ਸਮੇਂ ਤੋਂ ਦਲਿਤਾਂ ਦੇ ਨਾਂ ’ਤੇ ਲੀਡਰੀ ਕਰ ਰਹੇ ਹਨ, ਪਰ ਉਨ੍ਹਾਂ ਨੇ ਇਸ ਸਮਾਜ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ ਲੋਕਾਂ ਦਾ ਅਜਿਹੇ ਆਗੂਆਂ ਤੋਂ ਮੋਹ ਭੰਗ ਹੋ ਰਿਹਾ ਹੈ।
ਬਹੁਤ ਸਾਰੇ ਲੋਕ ਆਖਦੇ ਹਨ ਕਿ ਦਲਿਤ ਸਮਾਜ ਨੂੰ ਰਾਖਵਾਂਕਰਨ ਦਾ ਬਹੁਤ ਲਾਭ ਹੋਇਆ ਹੈ ਜਦੋਂਕਿ ਸੱਚਾਈ ਇਹ ਹੈ ਕਿ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦਾ ਲਾਭ ਜ਼ਿਆਦਾਤਰ ਅਮੀਰ ਦਲਿਤ ਹੀ ਉਠਾ ਰਹੇ ਹਨ। ਜੋ ਇਕ ਵਾਰ ਕਿਸੇ ਉੱਚੇ ਅਹੁਦੇ ’ਤੇ ਬਿਰਾਜਮਾਨ ਹੋ ਗਿਆ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਕਾਰੀ ਨੌਕਰੀ ਮਿਲਦੀ ਰਹਿੰਦੀ ਹੈ। ਕੋਈ ਖੁਸ਼ਕਿਸਮਤ ਹੀ ਹੁੰਦਾ ਹੈ ਜੋ ਗ਼ਰੀਬੀ ਵਿਚੋਂ ਨਿਕਲ ਕੇ ਕੋਈ ਸਰਕਾਰੀ ਅਹੁਦਾ ਹਾਸਲ ਕਰਦਾ ਹੈ।
ਸ਼ਹਿਰਾਂ ਵਿਚ ਰਹਿੰਦੇ ਤੇ ਉੱਚੇ ਅਹੁਦਿਆਂ ਉੱਪਰ ਕੰਮ ਕਰ ਰਹੇ ਦਲਿਤ ਮੁਲਾਜ਼ਮ ਕਦੇ ਵੀ ਪਿੰਡਾਂ ਵਿਚ ਜਾ ਕੇ ਆਪਣੇ ਸਮਾਜ ਦੀ ਸਾਰ ਨਹੀਂ ਲੈਂਦੇ। ਉਨ੍ਹਾਂ ਨੂੰ ਪਿੰਡਾਂ ਵਿਚ ਜਾ ਕੇ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਵੇਂ ਪੜ੍ਹਾਈਆਂ ਕਰਕੇ ਉੱਚੇ ਅਹੁਦਿਆਂ ਉਪਰ ਬਿਰਾਜਮਾਨ ਹੋਏ ਹਨ। ਹੁਣ ਸਮਾਂ ਆ ਗਿਆ ਹੈ ਕਿ ਮੁਫ਼ਤ ਦੀਆਂ ਸਕੀਮਾਂ ਪਿੱਛੇ ਭੱਜਣ ਦੀ ਬਜਾਏ ਦਲਿਤ ਸਮਾਜ ਦੇ ਲੋਕ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ। ਨੌਜਵਾਨ ਪੀੜ੍ਹੀ ਨੂੰ ਵੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।

ਸੰਪਰਕ: 98155-34979


Comments Off on ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.