ਕੇ.ਐਲ. ਗਰਗ
ਪੁਸਤਕ ਪੜਚੋਲ
ਜਿੰਦਰ ਪੰਜਾਬੀ ਦੀ ਚੌਥੀ ਪੀੜ੍ਹੀ ਦਾ ਪ੍ਰਮੁੱਖ ਕਥਾਕਾਰ ਹੈ। ਕਹਾਣੀ ਲਿਖਣ ਪ੍ਰਤੀ ਸਮਰਪਿਤ ਹੈ। ਇਸੇ ਲਈ ਉਸ ਨੇ ਪੰਜਾਬੀ ਕਹਾਣੀ ਲਿਖਣ ਵਿਚ ਹੀ ਆਪਣੀ ਪੂਰੀ ਸ਼ਕਤੀ ਲਾਈ ਹੈ। ‘ਕਹਾਣੀਆਂ ਦੇ ਅੰਗ-ਸੰਗ’ (ਕੀਮਤ: 300 ਰੁਪਏ; ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ) ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਉਸ ਦੀ ਨਵੀਂ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਆਪਣੀਆਂ ਕੁਝ ਚੋਣਵੀਆਂ ਤੇ ਚਰਚਿਤ ਕਹਾਣੀਆਂ ਤਾਂ ਸ਼ਾਮਲ ਕੀਤੀਆਂ ਹੀ ਹਨ, ਇਸ ਦੇ ਨਾਲ-ਨਾਲ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਹੈ। ਉਸ ਨੇ ਉਹ ਸਥਿਤੀਆਂ ਤੇ ਸੋਮੇ ਲੱਭਣ ਦਾ ਯਤਨ ਕੀਤਾ ਹੈ ਜਿਨ੍ਹਾਂ ਰਾਹੀਂ ਲੰਘ ਕੇ ਉਹ ਪੂਰੀ ਸੂਰੀ ਕਹਾਣੀਆਂ ਦੀਆਂ ਸਰਹੱਦਾਂ ਵਿਚ ਦਾਖ਼ਲ ਹੋਇਆ ਹੈ।ਕਹਾਣੀਕਾਰ ਪ੍ਰੇਮ ਪ੍ਰਕਾਸ਼ ਕਹਾਣੀ ਦੀ ਸਿਰਜਣਾ ਨੂੰ ਵਚਿੱਤਰ ਪ੍ਰਕਿਰਿਆ ਆਖਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਹਾਣੀ ਅਛੋਪਲੇ ਜਿਹੇ ਉਸ ਦੀ ਬੁੱਕਲ ਵਿਚ ਕਿਵੇਂ ਆ ਜਾਂਦੀ ਹੈ। ਕਈ ਵਾਰੀ ਇਹ ਸਹਿਜ ਨਾਲ ਹੀ ਆ ਜਾਂਦੀ ਹੈ ਤੇ ਕਈ ਵਾਰੀ ਇਸ ਨੂੰ ਲਿਆਉਣ ਲਈ ਪੂਰੀ ਤਾਕਤ ਦੀ ਵਰਤੋਂ ਕਰਨੀ ਪੈਂਦੀ ਹੈ। ਕਦੀ ਕਈ ਪਾਤਰਾਂ ਦਾ ਇਕ ਪਾਤਰ ਬਣ ਜਾਂਦਾ ਹੈ ਤੇ ਕਈ ਵਾਰੀ ਇਕ ਪਾਤਰ ’ਚੋਂ ਕਈ ਪਾਤਰ ਉੱਘੜ ਪੈਂਦੇ ਹਨ। ਕਦੀ ਦਲੀਆ ਰਿੰਨ੍ਹਣ ਲੱਗਦਿਆਂ ਖੀਰ ਬਣ ਜਾਂਦੀ ਹੈ ਤੇ ਕਦੀ ਖੀਰ ਦਾ ਦਲੀਆ ਬਣ ਜਾਂਦਾ ਹੈ। ਤਦੇ ਤਾਂ ਕਹਾਣੀ ਲੇਖਕ ਕਹਿਣ ਲਈ ਮਜਬੂਰ ਹੋ ਜਾਂਦਾ ਹੈ: ਵਾਹ ਓਇ ਕਿਸਮਤ ਦੇ ਵਲੀਆ, ਰਿੰਨ੍ਹਣੀ ਸੀ ਖੀਰ ਬਣ ਗਿਆ ਦਲੀਆ। ਜਿੰਦਰ ਵੀ ਆਪਣੀ ਕਹਾਣੀ ਸਿਰਜਣਾ ਬਾਰੇ ਦੱਸਦਿਆਂ ਆਖਦਾ ਹੈ:
‘‘ਲਿਖਣਾ ਮੇਰੇ ਲਈ ਰਹੱਸ ਹੈ। ਮੈਥੋਂ ਮੇਰਾ ਅੱਲ੍ਹਾ ਹੀ ਕਹਾਣੀਆਂ ਲਿਖਵਾਉਂਦਾ ਹੈ, ਯਾਨਿ ਅਨਕਾਂਸ਼ੀਅਸ ਮਾਈਂਡ। ਮੈਂ ਮੱਝ ਦੀ ਖੁਰਲੀ, ਪੱਠਿਆਂ ਵਾਲੀ ਮਸ਼ੀਨ ਜਾਂ ਗੋਹੇ ਦੇ ਢੇਰ ਕੋਲ ਵੀ ਬਹਿ ਕੇ ਲਿਖਿਆ ਹੈ। ਮੈਂ ਵਿਚਕਾਰ ਅਖ਼ਬਾਰ ਵੀ ਪੜ੍ਹ ਲੈਂਦਾ ਹਾਂ। ਚਾਹ ਜਾਂ ਪਾਣੀ ਵੀ ਪੀਂਦਾ ਹਾਂ। ਕਈ ਵਾਰ ਇਕ ਜਾਂ ਦੋ ਬੈਠਕਾਂ ’ਚ ਆਪਣੀ ਗੱਲ ਕਹਿ ਦਿੰਦਾ ਹਾਂ। ਕਈ ਵਾਰ ਸਾਲ ਦੋ ਸਾਲ ਵੀ ਲੱਗ ਜਾਂਦੇ ਹਨ। ਮੈਨੂੰ ਆਪ ਵੀ ਸਮਝ ਨਹੀਂ ਪੈਂਦੀ ਕਿ ਮੈਥੋਂ ਲਿਖਿਆ ਕਿਵੇਂ ਜਾਂਦਾ ਹੈ। ਕਿਉਂ ਲਿਖਿਆ ਜਾਂਦਾ ਹੈ। ਕੁਝ ਤਾਂ ਆ। ਇਹ ਕੀ ਆ? ਇਸ ਦੀ ਮੈਨੂੰ ਅਜੇ ਤਕ ਸਮਝ ਨਹੀਂ ਆਈ। ਕਿਸੇ ਹੋਰ ਨੂੰ ਆਈ ਹੋਵੇ ਤਾਂ ਉਹ ਹੀ ਜਾਣੇ।’’
ਇਕ ਵਾਰ ਅੰਮ੍ਰਿਤਾ ਪ੍ਰੀਤਮ ਨੇ ਵੀ ਆਪਣੀ ਸਿਰਜਣਾ ਬਾਰੇ ਲਿਖਿਆ ਸੀ, ‘‘ਕਈ ਵਾਰੀ ਮੈਂ ਸੋਚਿਆ ਕੁਝ ਹੋਰ ਹੁੰਦਾ ਹੈ, ਲਿਖਿਆ ਕੁਝ ਹੋਰ ਜਾਂਦਾ ਹੈ। ਕਹਾਣੀ ਬਣਾਉਣੀ ਕੋਈ ਹੋਰ ਹੁੰਦੀ ਹੈ ਤੇ ਬਣ ਕੋਈ ਹੋਰ ਜਾਂਦੀ ਹੈ। ਅਜੀਬ ਮਾਮਲਾ ਹੈ।’’
ਜਿੰਦਰ ਦੀਆਂ ਬਹੁਤੀਆਂ ਕਹਾਣੀਆਂ ਆਪਣੇ ਤੇ ਆਪਣੇ ਟੱਬਰ ਦੁਆਲੇ ਘੁੰਮਦੀਆਂ ਹਨ। ਕਈ ਵਾਰੀ ਤਾਂ ਨਾਂ, ਜਾਤ, ਗੋਤ ਵੀ ਉਹੀ ਵਰਤ ਲਏ ਜਾਂਦੇ ਹਨ।
ਕੇ.ਐਲ. ਗਰਗ
ਆਪਣੀਆਂ ਰਚਨਾਵਾਂ ਦੀ ਘੋਖ-ਪੜਤਾਲ ਕਰਨਾ ਬਹੁਤ ਔਖਾ ਕਾਰਜ ਤੇ ਤਜਰਬਾ ਹੈ। ਕਿਹੜੀ ਕਹਾਣੀ ਕਿਵੇਂ ਬਣੀ, ਪਾਤਰ ਕਿਵੇਂ ਆਏ, ਉਨ੍ਹਾਂ ਦਾ ਮੂੰਹ ਮੱਥਾ ਕਿਵੇਂ ਬਣਿਆ ਆਦਿ ਬੜੇ ਦਿਲਚਸਪ ਸਵਾਲ ਹਨ ਜੋ ਪਾਠਕਾਂ ਦੀ ਉਤਸੁਕਤਾ ਵਿਚ ਵਾਧਾ ਕਰਦੇ ਹਨ ਤੇ ਉਨ੍ਹਾਂ ਦੀ ਕਹਾਣੀ ਪ੍ਰਤੀ ਸਮਝ ਹੋਰ ਪਰਪੱਕ ਹੁੰਦੀ ਹੈ।
ਜਿੰਦਰ ਵੱਲੋਂ ਆਪਣੀਆਂ ਕਹਾਣੀਆਂ ਬਾਰੇ ਰਚਾਇਆ ਇਹ ਸੰਵਾਦ ਰੌਚਿਕ ਹੈ। ਚੰਗੀ ਕਹਾਣੀ ਕਿਵੇਂ ਲਿਖੀ ਤੇ ਬਣਾਈ ਜਾਂਦੀ ਹੈ, ਇਸ ਦੀ ਵੀ ਸਮਝ ਆਉਂਦੀ ਹੈ। ਲੇਖਕ ਦੇ ਰਚਨਾ ਸੰਸਾਰ ਵਿਚ ਵੜਣਾ ਆਪਣੇ ਆਪ ਵਿਚ ਬਹੁਤ ਰੋਮਾਂਚਕਾਰੀ ਹੁੰਦਾ ਹੈ।
ਸੰਪਰਕ: 94635-37050