ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ

Posted On August - 25 - 2019

ਸਿਰੀ ਰਾਮ ਅਰਸ਼

ਦੇਸ਼ ਦੀ ਫਿਲਮ ਨਗਰੀ ਮੁੰਬਈ ਵਿਚ ਬਹੁਤ ਸਾਰੇ ਪ੍ਰਸਿੱਧ ਨਾਇਕਾਂ, ਸੰਗੀਤਕਾਰਾਂ, ਗੀਤਕਾਰਾਂ ਆਦਿ ਨੂੰ ਆਪਣੇ ਪੈਰ ਜਮਾਉਣ ਵਾਸਤੇ ਬਹੁਤ ਸੰਘਰਸ਼ ਕਰਨਾ ਪਿਆ। ਉਨ੍ਹਾਂ ਸੰਘਰਸ਼ਸ਼ੀਲ ਨੌਜਵਾਨਾਂ ਦੀ ਲੰਮੀ ਸੂਚੀ ਵਿਚ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਲਾਹੌਰ ਅਤੇ ਦਿੱਲੀ ਦੇ ਰਸਤੇ ਬੰਬਈ (ਹੁਣ ਮੁੰਬਈ) ਪਹੁੰਚੇ ਸਾਹਿਰ ਦਾ ਨਾਂ ਵੀ ਸ਼ਾਮਲ ਹੈ। ਉਹ ਮੁੰਬਈ ਤਾਂ ਪੁੱਜ ਗਿਆ, ਪਰ ਉਸ ਕੋਲ ਨਾ ਕੋਈ ਠੌਰ-ਠਿਕਾਣਾ ਸੀ ਅਤੇ ਨਾ ਹੀ ਜੀਵਨ ਦੀ ਗੱਡੀ ਦੇ ਇੰਜਣ ਵਿਚ ਤੇਲ ਪਾ ਕੇ ਆਪਣੀ ਭੁੱਖ ਮਿਟਾਉਣ ਵਾਸਤੇ ਕੋਈ ਪੱਕਾ ਰੁਜ਼ਗਾਰ। ਰੁਜ਼ਗਾਰ ਦੀ ਭਾਲ ਕਰਦਾ ਕਰਦਾ ਇਕ ਦਿਨ ਉਹ ਖ਼ਵਾਜਾ ਅਹਿਮਦ ਅੱਬਾਸ ਦੇ ਘਰ ਜਾ ਪੁੱਜਾ। ਉਸ ਦਿਨ ਉਸ ਨੇ ਕੁੜਤਾ-ਪਜਾਮਾ ਅਤੇ ਪੈਰਾਂ ਵਿਚ ਟੈਗੋਰ ਵਰਗੀਆਂ ਚੱਪਲਾਂ ਪਹਿਨੀਆਂ ਹੋਈਆਂ ਸਨ। ਸਾਹਿਰ ਨੇ ਆਪਣੀ ਬੇਰੁਜ਼ਗਾਰੀ ਦਾ ਰੋਣਾ ਰੋਂਦਿਆਂ ਖ਼ਵਾਜਾ ਹੋਰਾਂ ਨੂੰ ਦੱਸਿਆ ਕਿ ਫਾਕੇ ਕੱਟਣ ਦੀ ਨੌਬਤ ਆ ਗਈ ਹੈ। ਸਾਹਿਰ ਆਪਣੇ ਦੁਖ-ਸੁਖ ਦੀ ਪੋਟਲੀ ਅਜੇ ਖੋਲ੍ਹ ਹੀ ਰਿਹਾ ਸੀ ਕਿ ਏਨੇ ਨੂੰ ਇਕ ਫਿਲਮ ਨਿਰਮਾਤਾ ਖ਼ਵਾਜਾ ਅੱਬਾਸ ਦੀ ਰਿਹਾਇਸ਼ ’ਤੇ ਅੱਪੜਿਆ। ਖ਼ਵਾਜਾ ਨੇ ਆਏ ਮਹਿਮਾਨ ਨਾਲ ਸਾਹਿਰ ਦੀ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਇਹ ਉਰਦੂ ਦਾ ਬਹੁਤ ਵੱਡਾ ਸ਼ਾਇਰ ਹੈ। ਹੁਣੇ ਹੁਣੇ ਪੰਜਾਬ ਤੋਂ ਆਇਆ ਹੈ ਜਿਸ ਨੇ ‘ਤਾਜ ਮਹਿਲ’ ਵਰਗਾ ਲਾਸਾਨੀ ਸ਼ਾਹਕਾਰ ਰਚਿਆ ਹੈ। ਤੁਸੀਂ ਆਪਣੀ ਬਣ ਰਹੀ ਫਿਲਮ ਦੇ ਗੀਤ ਇਸ ਪਾਸੋਂ ਲਿਖਵਾ ਲਵੋ। ਫਿਲਮਕਾਰ ਖ਼ਵਾਜਾ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਝੱਟ ਸਾਹਿਰ ਨੂੰ ਫਿਲਮ ਦਾ ਕਥਾਨਕ ਅਤੇ ਪ੍ਰਸਥਿਤੀਆਂ ਦਾ ਵੇਰਵਾ ਬਿਆਨ ਕਰਦਿਆਂ ਗੀਤ ਲਿਖਣ ਦੀ ਬੇਨਤੀ ਕਰ ਦਿੱਤੀ। ਸਾਹਿਰ ਨੇ ਤੁਰੰਤ ਨਿਵੇਕਲੀ ਥਾਂ ’ਤੇ ਬੈਠ ਕੇ ਪ੍ਰਗਟਾਈ ਸਥਿਤੀ ਮੁਤਾਬਿਕ ਗੀਤ ਮੁਕੰਮਲ ਕਰਕੇ ਫਿਲਮ ਨਿਰਮਾਤਾ ਦੀ ਝੋਲੀ ਪਾ ਦਿੱਤਾ। ਫਿਲਮ ਨਿਰਮਾਤਾ 500 ਰੁਪਏ ਸਾਹਿਰ ਦੇ ਹੱਥ ਫੜਾ ਕੇ ਅਗਲੀ ਮਿਲਣੀ ਦਾ ਵਾਅਦਾ ਕਰਕੇ ਚਲਾ ਗਿਆ। ਉਸ ਦੇ ਲਿਖੇ ਗੀਤ ਦੀ ਰਿਕਾਰਡਿੰਗ ਕਦੋਂ ਹੋਈ ਇਹ ਤਾਂ ਪਤਾ ਨਹੀਂ, ਪਰ ਸਾਹਿਰ ਦੀ ਇਕ ਮਹੀਨੇ ਦੀ ਚਿੰਤਾ ਖ਼ਤਮ ਹੋ ਗਈ ਸੀ। ਖ਼ੁਦਾ ਇੰਜ ਵੀ ਬਹੁੜਦਾ ਹੈ।
ਇਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜਿਸ ਦੇ ਮੁਕਾਲਮੇਂ ਕ੍ਰਿਸ਼ਨ ਚੰਦਰ ਨੇ ਲਿਖੇ ਸਨ। ਨਿਰਦੇਸ਼ਕ ਨੂੰ ਕ੍ਰਿਸ਼ਨ ਚੰਦਰ ਹੋਰਾਂ ਦੀ ਹੱਥਲਿਖਤ ਪੜ੍ਹਨ ਵਿਚ ਕਾਫ਼ੀ ਦਿੱਕਤ ਆਉਂਦੀ ਸੀ ਕਿਉਂ ਜੋ ਉਨ੍ਹਾਂ ਦੀ ਲਿਖਤ ਖ਼ੂਬਸੂਰਤ ਨਹੀਂ ਸੀ ਹੁੰਦੀ। ਨਿਰਦੇਸ਼ਕ ਨੇ ਕਿਤੇ ਸਾਹਿਰ ਦੀ ਹੱਥਲਿਖਤ ਵੀ ਪੜ੍ਹੀ ਹੋਈ ਸੀ। ਸਾਹਿਰ ਦੀ ਲਿਖਾਈ ਮੋਤੀਆਂ ਵਰਗੀ ਖੁਸ਼ਖ਼ਤ ਅਤੇ ਕਾਤਬ ਵਰਗੀ ਸੁੰਦਰ ਹੁੰਦੀ ਸੀ। ਉਸ ਨੇ ਸਾਹਿਰ ਨੂੰ ਬੁਲਾ ਕੇ ਕ੍ਰਿਸ਼ਨ ਚੰਦਰ ਦੇ ਖਰੜੇ ਨੂੰ ਖ਼ੂਬਸੂਰਤ ਕਰਕੇ ਲਿਖਣ ਲਈ ਰਾਜ਼ੀ ਕਰ ਲਿਆ। ਸਾਹਿਰ ਨੂੰ ਵੀ ਪੈਸਿਆਂ ਦੀ ਲੋੜ ਸੀ ਅਤੇ ਕੰਮ ਅੱਗੇ ਰਿੜ੍ਹ ਪਿਆ।
ਉਹ ਸੁਭਾਗਾ ਦਿਨ ਸੀ, ਜਦੋਂ ਸਾਹਿਰ ਨੂੰ ਫਿਲਮ ‘ਬਾਜ਼ੀ’ ਦੇ ਗੀਤ ਲਿਖਣ ਦਾ ਕੰਮ ਮਿਲਿਆ। ਕਿਉਂ ਜੋ ਇਸ ਫਿਲਮ ਦੇ ਗੀਤਾਂ ਨੇ ਸਾਹਿਰ ਦੀ ਮਕਬੂਲੀਅਤ ਨੂੰ ਚਾਰ ਚੰਨ ਲਾ ਦਿੱਤੇ ਸਨ। ਉਹ ਆਪਣੀ ਅੰਮੀ ਜਾਨ ਨਾਲ ਉਰਦੂ ਦੇ ਮੰਨੇ-ਪ੍ਰਮੰਨੇ ਨਾਵਲਕਾਰ ਕ੍ਰਿਸ਼ਨ ਚੰਦਰ ਦੇ ਘਰ ਦੀ ਪਹਿਲੀ ਮੰਜ਼ਿਲ ਉਪਰ ਰਹਿਣ ਲੱਗ ਗਿਆ ਸੀ। ਉਸ ਨੇ ਆਉਣ-ਜਾਣ ਲਈ ਕਾਰ ਵੀ ਲੈ ਲਈ ਸੀ।
ਸਾਹਿਰ ਦੀ ਸ਼ੋਹਰਤ ਦੇ ਨਾਲ ਨਾਲ ਫਿਲਮ ਸਨਅਤ ਵਿਚ ਉਸ ਦਾ ਪ੍ਰਭਾਵ ਵੀ ਵਧਦਾ ਗਿਆ ਸੀ। ਉਸ ਨੇ ਗੀਤਾਂ ਦੇ ਸੰਗੀਤਕਾਰ ਅਤੇ ਗਾਇਕ ਕਲਾਕਾਰ ਦੇ ਨਾਲ ਨਾਲ ਗੀਤਕਾਰ ਦਾ ਨਾਮ ਨਸ਼ਰ ਕਰਨ ਲਈ ਅਕਾਸ਼ਵਾਣੀ ਦੇ ਵੱਡੇ ਅਫ਼ਸਰਾਂ ਨੂੰ ਮਨਾ ਲਿਆ ਸੀ ਅਤੇ ਗੀਤਾਂ ਦੀ ਰਿਕਾਰਡਿੰਗ ਵੇਲੇ ਗੀਤਕਾਰ ਦੀ ਕੁਰਸੀ ਲੱਗਣ ਲੱਗ ਗਈ ਸੀ। ਰਿਕਾਰਡਿੰਗ ਸਟੂਡੀਓਜ਼ ਵਿਚ ਸਾਹਿਰ ਦੀਆਂ ਮੁਲਾਕਾਤਾਂ ਫਿਲਮ ਜਗਤ ਦੇ ਨਾਮਵਰ ਗਾਇਕਾਂ ਨਾਲ ਹੁੰਦੀਆਂ ਰਹਿੰਦੀਆਂ ਸਨ।

ਸਿਰੀ ਰਾਮ ਅਰਸ਼

ਬੀਤੀ ਸਦੀ ਦੇ ਛੇਵੇਂ ਦਹਾਕੇ ਦੀ ਮੁੱਢਲੀ ਤਿਹਾਈ ਦੌਰਾਨ ਫਿਲਮ ‘ਤਾਜ ਮਹਿਲ’ ਬਣਨੀ ਸ਼ੁਰੂ ਹੋਈ ਜਿਸ ਦੇ ਨਾਇਕਾ ਅਤੇ ਨਾਇਕ ਵਜੋਂ ਬੀਨਾ ਰਾਏ ਅਤੇ ਪ੍ਰਦੀਪ ਕੁਮਾਰ ਦੀ ਮਸ਼ਹੂਰ ਜੋੜੀ ਨੂੰ ਲਿਆ ਗਿਆ। ਸੰਗੀਤ ਰੌਸ਼ਨ ਦਾ ਅਤੇ ਗੀਤ ਸਾਹਿਰ ਲੁਧਿਆਣਵੀ ਪਾਸੋਂ ਲਿਖਵਾਏ ਗਏ ਸਨ। ਸਾਹਿਰ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹ ਫਿਲਮਾਂ ਦੇ ਗੀਤਾਂ ਦੀ ਰਚਨਾ ਕਰਨ ਲੱਗਿਆਂ ਵੀ ਆਪਣੇ ਸਾਹਿਤਕ ਮਿਆਰ, ਅੰਦਾਜ਼ ਅਤੇ ਲੋਕ-ਪੱਖੀ ਵਿਚਾਰਧਾਰਾ ਨੂੰ ਅੱਖੋਂ-ਪਰੋਖੇ ਨਹੀਂ ਸੀ ਹੋਣ ਦਿੰਦਾ ਅਤੇ ਨਾ ਹੀ ਸੰਗੀਤਕਾਰ ਜਾਂ ਫਿਲਮਸਾਜ਼ ਦੇ ਕਹਿਣ ’ਤੇ ਗ਼ੈਰ-ਵਾਜਬ ਜਾਂ ਅਢੁੱਕਵਾਂ ਸ਼ਬਦ ਸ਼ਾਮਲ ਕਰਕੇ ਗੀਤ ਦੇ ਪੱਧਰ ਨੂੰ ਡੇਗਣਾ ਪਸੰਦ ਕਰਦਾ ਸੀ। ਇਸ ਸੰਦਰਭ ਵਿਚ ਮਿਰਜ਼ਾ ਗਾਲਿਬ ਦੀ ਅਨਾ, ਖ਼ੁਦੀ, ਹਉਮੈਂ ਅਤੇ ਅਹੰਕਾਰ ਸਾਹਿਰ ਨੂੰ ਵਧੇਰੇ ਸਮਾਂ ਆਪਣੇ ਕਲਾਵੇ ਵਿਚ ਜਕੜੀ ਰੱਖਦੇ ਸਨ।
ਉਹ ਮਿਹਨਤਕਸ਼ ਤਾਂ ਸ਼ੁਰੂ ਤੋਂ ਹੀ ਸੀ, ਫਿਰ ਵੀ ਉਸ ਨੇ ਫਿਲਮ ‘ਤਾਜ ਮਹਿਲ’ ਦੇ ਗੀਤ ਫਿਲਮ ਦੀਆਂ ਨਾਜ਼ੁਕ ਪ੍ਰਸਥਿਤੀਆਂ, ਇਸਲਾਮੀ ਮਾਹੌਲ ਅਤੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਬਹੁਤ ਕਲਾਮਈ ਢੰਗ ਨਾਲ ਲਿਖੇ ਸਨ। ਇਹ ਵੀ ਕਮਾਲ ਦੀ ਗੱਲ ਹੈ ਕਿ ਇਸ ਫਿਲਮ ਦੇ ਲਗਪਗ ਸਾਰੇ ਹੀ ਗਾਣੇ ਬਹੁਤ ਮਕਬੂਲ ਹੋਏ।
ਫਿਲਮ ਦੇ ਨਿਰਮਾਤਾ ਨੇ ਸਾਹਿਰ ਦੀ ਇਜਾਜ਼ਤ ਲਏ ਬਗੈਰ ਉਸ ਦੀ ਪਲੇਠੀ ਕਾਵਿ ਪੁਸਤਕ ਤਲਖ਼ੀਆਂ ਵਿਚ ਛਪੀ ਉਸ ਦੀ ਮਸ਼ਹੂਰ ਨਜ਼ਮ ਤਾਜ ਮਹਿਲ ਫਿਲਮ ਵਿਚ ਸ਼ਾਮਲ ਕਰ ਲਈ ਸੀ। ਜਦੋਂ ਸਾਹਿਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਸ ਨੇ ਅਜਿਹਾ ਕਰਨ ਬਾਰੇ ਸਖ਼ਤ ਵਿਰੋਧ ਪ੍ਰਗਟਾਇਆ ਸੀ। ਫਿਲਮ ਮੁਕੰਮਲ ਹੋ ਚੁੱਕੀ ਸੀ ਅਤੇ ਇਸ ਨੂੰ ਰਿਲੀਜ਼ ਕਰਨ ਲਈ ਸਿਰਫ਼ ਫਿਲਮ ਸੈਂਸਰ ਸਰਟੀਫਿਕੇਟ ਦੀ ਉਡੀਕ ਕੀਤੀ ਜਾ ਰਹੀ ਸੀ। ਫਿਲਮਸਾਜ਼ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਸਾਹਿਰ ਉਪਰ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਤਾਂ ਜੋ ਉਹ ਉਸ ਨੂੰ ਉਪਰੋਕਤ ਫਿਲਮ ਰਿਲੀਜ਼ ਕਰਨ ਤੋਂ ਰੋਕ ਨਾ ਸਕੇ। ਇਹ ਤਾਂ ਉਲਟਾ ਚੋਰ ਕੋਤਵਾਲ ਨੂੰ ਡਾਂਟਣ ਵਾਲੀ ਗੱਲ ਹੋ ਗਈ ਸੀ। ਮਜ਼ੇਦਾਰ ਗੱਲ ਇਹ ਹੋਈ ਕਿ ਮੁਕੱਦਮਾ ਵੀ ਫਿਲਮਸਾਜ਼ ਨੇ ਬੰਬਈ ਵਿਚ ਨਹੀਂ ਸਗੋਂ ਦਿੱਲੀ ਦੀ ਹੇਠਲੀ ਅਦਾਲਤ ਵਿਚ ਦਾਇਰ ਕੀਤਾ। ਇਸ ਸਿਲਸਿਲੇ ਵਿਚ ਤਾਰੀਖ਼ਾਂ ਭੁਗਤਣ ਵਾਸਤੇ ਸਾਹਿਰ ਨੂੰ ਦਿੱਲੀ ਆਉਣਾ ਪਿਆ ਸੀ। ਉਹ ਅਸ਼ੋਕਾ ਹੋਟਲ ਵਿਚ ਠਹਿਰਿਆ ਜਿੱਥੇ ਮੈਂ ਉਸ ਨੂੰ ਹਰ ਰੋਜ਼ ਮਿਲਦਾ। ਉਨ੍ਹਾਂ ਦਿਨਾਂ ਵਿਚ ਦਿੱਲੀ ਆਕਾਸ਼ਵਾਣੀ ਵਿਚ ਪੰਜਾਬੀ ਪ੍ਰੋਗਰਾਮਾਂ ਦਾ ਇੰਚਾਰਜ ਦਵਿੰਦਰ ਸਿੰਘ ਸੀ। ਉਸ ਦੇ ਕਹਿਣ ’ਤੇ ਮੈਂ ਸਾਹਿਰ ਹੋਰਾਂ ਨਾਲ ਗੱਲ ਕਰਕੇ ਦਿੱਲੀ ਰੇਡੀਓ ਸਟੇਸ਼ਨ ਵਿਖੇ ਸਾਹਿਰ ਦੀ ਮੁਲਾਕਾਤ ਰਖਵਾ ਦਿੱਤੀ ਸੀ। ਸਾਹਿਰ ਨੇ ਇਹ ਜ਼ਰੂਰ ਪੁੱਛਿਆ ਸੀ ਕਿ ਮੁਲਾਕਾਤ ਕੌਣ ਕਰੇਗਾ? ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਮੁਲਾਕਾਤ ਦਵਿੰਦਰ ਕਰੇਗਾ ਜਿਹੜਾ ਅੱਜਕੱਲ੍ਹ ਅੰਮ੍ਰਿਤਾ ਬਾਰੇ ਮਹੱਤਵਪੂਰਨ ਸਾਹਿਤਕ ਕੰਮ ਕਰਨ ਵਿਚ ਰੁੱਝਿਆ ਹੈ। ਦਵਿੰਦਰ ਦੇ ਜ਼ੋਰ ਦੇਣ ’ਤੇ ਮੈਂ ਨਿਰਧਾਰਤ ਦਿਨ ਸਵੇਰੇ ਹੀ ਹੋਟਲ ਵਿਚ ਪਹੁੰਚ ਗਿਆ ਤਾਂ ਜੋ ਸਾਹਿਰ ਨੂੰ ਸਮੇਂ ਸਿਰ ਰੇਡੀਓ ਸਟੇਸ਼ਨ ਲਿਜਾ ਸਕਾਂ। ਦਿੱਲੀ ਰੇਡੀਓ ਸਟੇਸ਼ਨ ਦੇ ਅਫ਼ਸਰ ਸ੍ਰੀ ਸ਼ਰਮਾ ਅਤੇ ਦਵਿੰਦਰ ਨੇ ਸਾਹਿਰ ਦਾ ਸਵਾਗਤ ਕੀਤਾ। ਉਸ ਵਕਤ ਵੀ ਉਨ੍ਹਾਂ ਦੀ ਜਾਣ-ਪਛਾਣ ਕਰਾਉਂਦਿਆਂ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਹੋਇਆ ਸੀ। ਸਾਹਿਰ ਨਾਲ ਰੇਡੀਓ ਲਈ ਮੁਲਾਕਾਤ ਦਵਿੰਦਰ ਨੇ ਕੀਤੀ ਸੀ ਜਿਸ ਵਿਚ ਯਾਦਗਾਰੀ ਗੱਲਾਂ ਹੋਈਆਂ ਸਨ। ਇਹ ਮੁਲਾਕਾਤ ਬਾਅਦ ਵਿਚ ਛਪ ਵੀ ਗਈ ਸੀ।
ਜ਼ਿਕਰਯੋਗ ਹੈ ਕਿ ਮੇਰੇ, ਸ੍ਰੀ ਸ਼ਰਮਾ ਅਤੇ ਦਵਿੰਦਰ ਵੱਲੋਂ ਕਈ ਵਾਰ ਅੰਮ੍ਰਿਤਾ ਦਾ ਨਾਂ ਦੁਹਰਾਏ ਜਾਣ ਦੇ ਬਾਵਜੂਦ ਸਾਹਿਰ ਨੇ ਇਕ ਵਾਰੀ ਵੀ ਅੰਮ੍ਰਿਤਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਸੀ। ਮੈਂ ਸਾਹਿਰ ਦੀ ਦਿੱਲੀ ਦੀ ਇਸ ਫੇਰੀ ਦੌਰਾਨ ਸਵੇਰ ਤੋਂ ਸ਼ਾਮ ਤੱਕ ਉਸ ਦੇ ਨਾਲ ਰਹਿੰਦਾ, ਪਰ ਕਿਸੇ ਵੀ ਦਿਨ ਨਾ ਅੰਮ੍ਰਿਤਾ ਪ੍ਰੀਤਮ ਬਾਰੇ ਕੋਈ ਗੱਲ ਹੋਈ ਸੀ, ਨਾ ਕਦੇ ਉਨ੍ਹਾਂ ਦਾ ਟੈਲੀਫੋਨ ਆਇਆ ਅਤੇ ਨਾ ਹੀ ਸਾਹਿਰ ਦੀ ਕਾਰ ਨੇ ਕਦੀ ਹੌਜ਼ ਖਾਸ ਵੱਲ ਨੂੰ ਮੋੜ ਕੱਟਿਆ ਸੀ।
ਸਾਹਿਰ ਦੇ ਅਸ਼ੋਕਾ ਹੋਟਲ ਵਿਚ ਠਹਿਰਣ ਬਾਰੇ ਕਈ ਸ਼ਖ਼ਸੀਅਤਾਂ ਨੂੰ ਪਤਾ ਲੱਗ ਗਿਆ ਸੀ। ਤਦੋਂ ਇਕ ਦਿਨ ਚੁੱਪ-ਚੁਪੀਤੇ ਸਾਹਿਰ ਨੇ ਹੋਟਲ ਛੱਡ ਦਿੱਤਾ ਅਤੇ ਕਹਿ ਦਿੱਤਾ ਕਿ ਉਹ ਬੰਬਈ ਵਾਪਸ ਜਾ ਰਿਹਾ ਹੈ ਜਦੋਂਕਿ ਉਹ ਆਪਣਾ ਸਾਮਾਨ ਲੈ ਕੇ ਕਸ਼ਮੀਰੀ ਗੇਟ ਦੇ ਬਾਹਰਵਾਰ ਹੋਟਲ ਮੈਡਨਜ਼ ਵਿਚ ਆ ਗਿਆ ਸੀ। ਉਸ ਨੇ ਟੈਕਸੀ ਵੀ ਬਦਲ ਲਈ ਸੀ। ਸਾਹਿਰ ਦੇ ਨਵੇਂ ਹੋਟਲ ਵਿਚ ਆਉਣ ਕਾਰਨ ਮੇਰਾ ਪੈਂਡਾ ਵੀ ਘਟ ਗਿਆ ਸੀ ਕਿਉਂਕਿ ਮੈਂ ਹੋਟਲ ਦੇ ਨੇੜੇ ਲਾਰੈਂਸ ਰੋਡ ਉਪਰ ਸਥਿਤ ਸਰਕਾਰੀ ਕੁਆਰਟਰ ਵਿਚ ਰਹਿੰਦਾ ਸੀ।
ਇਕ ਦਿਨ ਦਿੱਲੀ ਦੀਆਂ ਸੜਕਾਂ ਉਪਰ ਸਫ਼ਰ ਕਰਦਿਆਂ ਸਾਹਿਰ ਨੇ ਫਿਲਮ ‘ਤਾਜ ਮਹਿਲ’ ਬਾਰੇ ਗੱਲ ਕਰਦਿਆਂ ਮੈਨੂੰ ਦੱਸਿਆ ਕਿ ਉਸ ਨੇ ਇਸ ਫਿਲਮ ਇਹ ਗੀਤ ਵੀ ਲਿਖਿਆ ਹੈ ਅਤੇ ਗੀਤ ਸੁਣਾ ਦਿੱਤਾ ਸੀ:
ਖ਼ੁਦਾ ਏ ਬਰਤਰ ਤੇਰੀ ਜ਼ਮੀਂ ਪਰ ਜ਼ਮੀਂ ਕੀ ਖ਼ਾਤਿਰ ਯੇਹ ਜੰਗ ਕਿਊਂ ਹੈ?
ਜ਼ਮੀਂ ਭੀ ਤੇਰੀ ਹੈ, ਹਮ ਭੀ ਤੇਰੇ ਹੈਂ ਯੇਹ ਮਿਲਕੀਯਤ ਕਾ ਸਵਾਲ ਕਯਾ ਹੈ?
ਯੇਹ ਕਤਲ ਓ ਖ਼ੂੰ ਕਾ, ਰਿਵਾਜ ਕਿਊਂ ਹੈਂ? ਯੇਹ ਰਸਮ-ਏ-ਜੰਗ-ਓ-ਜਦਾਲ ਕਯਾ ਹੈ?
ਜਿਨਹੇਂ ਤਲਬ ਹੈ ਜਹਾਨ ਭਰ ਕੀ ਉਨਹੀਂ ਕਾ ਦਿਲ ਇਤਨਾ ਸੰਗ ਕਿਊਂ ਹੈ?
ਗ਼ਰੀਬ ਮਾਓਂ ਸ਼ਰੀਫ਼ ਬਹਿਨੋਂ ਕੋ ਅਮਨ-ਓ-ਇੱਜ਼ਤ ਕੀ ਜ਼ਿੰਦਗੀ ਦੇ।
ਜਿਨਹੇਂ ਅਤਾ ਕੀ ਹੈ ਤੂਨੇ ਤਾਕਤ ਉਨਹੇਂ ਹਿਦਾਯਤ ਕੀ ਰੌਸ਼ਨੀ ਦੇ।
ਸਾਹਿਰ ਨੇ ਆਖਿਆ, ‘‘ਦੇਖ ਅਰਸ਼, ਮੈਂ ਏਥੇ ਖ਼ੁਦਾ ਨੂੰ ਬਰਤਰ ਦੱਸਿਆ ਹੈ ਜਦੋਂਕਿ ਖ਼ੁਦਾ ਤਾਂ ਇਕ ਹੀ ਹੈ, ਨਾ ਉਹ ਬਰਤਰ ਹੈ ਨਾ ਹੀ ਖ਼ੁਦਾ ਬਰਤਰ ਤੋਂ ਕਿਸੇ ਹੋਰ ਦਰਜੇ ਦਾ ਹੈ। ਮੈਨੂੰ ਇਹ ਖ਼ਦਸ਼ਾ ਸਤਾ ਰਿਹਾ ਹੈ ਕਿ ਕੋਈ ਇਸ ਬਾਰੇ ਇਤਰਾਜ਼ ਨਾ ਕਰ ਦੇਵੇ।’’ ਮੈਂ ਕਿਹਾ ਕਿ ਤੁਸੀਂ ਤਾਂ ਖ਼ੁਦਾ ਦੀ ਅਜ਼ਮਤ ਲਈ ਉੱਤਮਤਾ ਦਾ ਵਿਸ਼ੇਸ਼ਣ ਹੀ ਲਾਇਆ ਹੈ। ਸਾਰੀ ਜ਼ਮੀਨ ਖ਼ੁਦਾ ਦੀ ਆਖ ਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ ਪੱਖ ਪੂਰਿਆ ਹੈ ਅਤੇ ਗ਼ਰੀਬ ਔਰਤ ਵਾਸਤੇ ਇੱਜ਼ਤ ਭਰੀ ਜ਼ਿੰਦਗੀ ਦੀ ਕਾਮਨਾ ਕਰਕੇ ਆਪਣੀ ਸਿਧਾਂਤਕ ਸੋਚ ਦਾ ਪ੍ਰਗਟਾਵਾ ਵੀ ਕੀਤਾ ਹੈ।
ਸਾਹਿਰ ਉਪਰ ਕੀਤੇ ਇਸ ਮੁਕੱਦਮੇ ਦੀ ਸਭ ਤੋਂ ਵਿਸ਼ੇਸ਼ ਅਤੇ ਰੌਚਕ ਗੱਲ ਇਹ ਹੈ ਕਿ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਕ੍ਰਿਸ਼ਨਾ ਮੈਨਨ ਬਤੌਰ ਵਕੀਲ, ਸਾਹਿਰ ਦੇ ਹੱਕ ਵਿਚ ਹੇਠਲੀ ਅਦਾਲਤ ਵਿਚ ਪੇਸ਼ ਹੋਣ ਲਈ ਉਚੇਚੇ ਤੌਰ ’ਤੇ ਬੰਬਈ ਤੋਂ ਦਿੱਲੀ ਆਏ ਸਨ। ਸ੍ਰੀ ਕ੍ਰਿਸ਼ਨਾ ਮੈਨਨ ਦਾ ਸਟਾਫ ਇਹ ਦੇਖ ਕੇ ਹੈਰਾਨ ਰਹਿ ਗਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸ੍ਰੀ ਮੈਨਨ ਪੈਸਿਆਂ ਲਈ ਨਹੀਂ ਸਗੋਂ ਦੋਸਤੀ ਨਿਭਾਉਣ ਦੀ ਖ਼ਾਤਰ ਲੋਅਰ ਕੋਰਟ ਵਿਚ ਪੇਸ਼ ਹੋਏ ਸਨ। ਸੰਸਦੀ ਚੋਣਾਂ ਦੌਰਾਨ ਸਾਹਿਰ ਵੀ ਅੱਧੀ ਅੱਧੀ ਰਾਤ ਤੱਕ ਮੈਨਨ ਹੋਰਾਂ ਦੇ ਚੋਣ ਦਫ਼ਤਰ ਵਿਚ ਬੈਠ ਕੇ ਇਸ਼ਤਿਹਾਰ ਅਤੇ ਹੋਰ ਚੋਣ ਸਮੱਗਰੀ ਲਿਖਣ ਵਿਚ ਰੁੱਝਿਆ ਰਹਿੰਦਾ ਸੀ। ਖ਼ੈਰ! ਕੇਸ ਦਾ ਫ਼ੈਸਲਾ ਸਾਹਿਰ ਦੇ ਹੱਕ ਵਿਚ ਹੋ ਗਿਆ। ਉਸ ਦਿਨ ਹੋਟਲ ਵਿਚ ਸ਼ਾਨਦਾਰ ਪਾਰਟੀ ਕਰਨ ਤੋਂ ਬਾਅਦ ਸਾਹਿਰ ਲੁਧਿਆਣਵੀ ਬੰਬਈ ਪਰਤ ਗਿਆ ਸੀ।

ਸੰਪਰਕ: 98884-52204


Comments Off on ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.