ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 12 ਅਗਸਤ
ਸਾਹਿਤ ਸਭਾ ਗੁਰਦਾਸਪੁਰ ਵੱਲੋਂ ਸਥਾਨਕ ਅੰਬੇਡਕਰ ਭਵਨ ਵਿੱਚ ਜੇ.ਪੀ. ਸਿੰਘ ਖਰਲਾਂ ਵਾਲਾ, ਮੱਖਣ ਕੁਹਾੜ, ਮੰਗਤ ਚੰਚਲ, ਮਲਕੀਤ ਸਿੰਘ ਸੁਹਲ ਤੇ ਜੀ.ਐੱਸ. ਪਾਹੜਾ ਦੀ ਪ੍ਰਧਾਨਗੀ ਹੇਠ ਸਾਵਣ ਕਵੀ ਦਰਬਾਰ ਕਰਵਾਇਆ ਗਿਆ।
ਕਵੀ ਦਰਬਾਰ ਦਾ ਆਗਾਜ਼ ਲੈਕਚਰਾਰ ਵਰਿੰਦਰ ਕੋਹਲੀ ਨੇ ਫਿਲਮੀ ਗੀਤ ‘ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ’ ਗੀਤ ਦੀ ਧੁਨ ਨੂੰ ਮਾਊਥ ਆਰਗਨ ਨਾਲ ਸੁਣਾ ਕੇ ਕੀਤਾ। ਜਨਕ ਰਾਜ ਰਾਠੌਰ ਨੇ ‘ਸਾਵਣ ਦੀ ਰੁੱਤ ਲੱਗੇ ਸੁਹਾਣੀ, ਖਿੜ ਗਈਆਂ ਗੁਲਜ਼ਾਰਾਂ’ ਕਵਿਤਾ, ਸੋਮਰਾਜ ਸ਼ਰਮਾ ਨੇ ਭਗਤ ਸਿੰਘ ਤੇ ਕੁਲਰਾਜ ਖੋਖਰ ਨੇ ਸਾਉਣ ਮਹੀਨੇ ’ਤੇ ਗੀਤ, ਅਵਤਾਰ ਸਿੰਘ ਨੇ ਰੁੱਖਾਂ ’ਤੇ ਕਵਿਤਾ, ਬੋਧ ਰਾਜ ਕੌਂਟਾ ਨੇ ‘ਨਫ਼ਰਤ ਵੱਢ ਕੇ ਪਿਆਰ ਬਿਜੀਏ’, ਵਿਜੈ ਬੱਧਣ ਨੇ ‘ਕਹਾਂ ਗਏ ਵੋ ਦਿਨ’, ਅਵਤਾਰ ਸਿੰਘ ਅਨਜਾਣ ਨੇ ‘ਸੱਜਣ ਪੁਰਾਣੇ’, ਬਲਵੰਤ ਸਿੰਘ ਘੁੱਲਾ ਨੇ ‘ਪਿੰਡ ਵਿੱਚ ਸਾਧ’, ਕਸ਼ਮੀਰ ਬੱਬਰੀ ਨੇ ‘ਕਿਧਰੇ ਵੱਸਦੇ ਗ਼ਰੀਬ ਝੁੱਗੀਆਂ-ਝੋਪੜੀਆਂ ਵਿੱਚ’, ਮਾਸਟਰ ਪ੍ਰੇਮ ਲਾਲ ਨੇ ਗੀਤ, ਗੁਰਸ਼ਰਨਜੀਤ ਸਿੰਘ ਮਠਾੜੂ ਨੇ ਹਾਸਰਸ ਕਵਿਤਾ ‘ਚਾਚਾ ਚੁਫੇਰ ਗੜੀਆ’ ਪੇਸ਼ ਕੀਤੀ। ਪੰਜਾਬੀ ਲੋਕ ਗਾਇਕ ਮੰਗਲ ਦੀਪ, ਮਹੇਸ਼ ਚੰਦਰ ਭਾਨੀ ਤੇ ਸੀਤਲ ਸਿੰਘ ਗੁੰਨੋਪੁਰੀ ਨੇ ਵੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ ਵਿੱਚੋਂ ਮਲਕੀਤ ਸਿੰਘ ਸੁਹਲ ਨੇ ਆਪਣੀ ਰਚਨਾ ਸੁਣਾਈ। ਮੱਖਣ ਕੋਹਾੜ ਨੇ ਕਿਹਾ ਕਿ ਕਵੀਆਂ ਦੇ ਕਵਿਤਾ ਲਿਖਣ ’ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕਰ ਕੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਣਾ ਚਾਹੀਦਾ ਹੈ। ਇਸ ਮੌਕੇ ਰੰਜਨ ਵਫ਼ਾ, ਤਰਲੋਚਨ ਸਿੰਘ ਲੱਖੋਵਾਲ, ਅਮਰੀਕ ਸਿੰਘ ਮਾਨ ਤੇ ਕਪੂਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।