ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਾਰਥਿਕ ਸਿਨਮਾ ਦਾ ਹਾਸਲ ਅਰਦਾਸ ਕਰਾਂ

Posted On August - 8 - 2019

ਨਵਦੀਪ ਸਿੰਘ ਗਿੱਲ

ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ਪੰਜਾਬੀ ਸਿਨਮਾ ਨੂੰ ਪਿਆਰ ਕਰਨ ਤੇ ਚਾਹੁਣ ਵਾਲਿਆਂ ਦਾ ਰੁਖ਼ ਮਲਟੀਪਲਕੈਸਾਂ, ਸਿਨਮਾ ਹਾਲ ਵੱਲ ਕਰਨ ’ਚ ਸਫਲ ਹੋਈ ਹੈ। ਤਿੰਨ ਪੀੜ੍ਹੀਆਂ ਦੀ ਸਾਂਝ, ਪਰਿਵਾਰਕ ਰਿਸ਼ਤਿਆਂ ਅਤੇ ਇਨਸਾਨ ਨੂੰ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਤੇ ਦੁਸ਼ਵਾਰੀਆਂ ਤੋਂ ਉੱਪਰ ਉਠ ਕੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੀ ਇਹ ਫ਼ਿਲਮ ਸਾਰਥਿਕ ਸਿਨਮਾ ਦੀ ਗੱਲ ਕਰਨ ਵਾਲਿਆਂ ਲਈ ਠੰਢੀ ਹਵਾ ਦਾ ਬੁੱਲਾ ਬਣ ਕੇ ਆਈ ਹੈ। ਇਸ ਫ਼ਿਲਮ ਦਾ ਸਭ ਤੋਂ ਵੱਡਾ ਹਾਸਲ ਨਿੱਕੀ ਉਮਰ ਦੇ ਨਿਆਣਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਜ਼ੁਰਗਾਂ ਦਾ ਸਿਨਮਾ ਨਾਲ ਜੁੜਨਾ ਹੈ। ਚੰਡੀਗੜ੍ਹ ਵਿਖੇ ਇਕ ਮਲਟੀਪਲੈਕਸ ਵਿਚ ਇਸ ਦਾ ਸ਼ੋਅ ਦੇਖਦਿਆਂ ਇਸ ਗੱਲ ਦਾ ਅਸਲ ਪ੍ਰਮਾਣ ਉਦੋਂ ਮਿਲਿਆ ਜਦੋਂ ਇਕ ਛੋਟੀ ਉਮਰ ਦਾ ਬਾਲ ਵੀ ਓਨੀ ਹੀ ਨੀਝ ਨਾਲ ਇਹ ਫ਼ਿਲਮ ਦੇਖ ਰਿਹਾ ਸੀ ਜਿੰਨੀ ਇਕ 85 ਸਾਲ ਦੀ ਬਜ਼ੁਰਗ ਮਾਤਾ ਇਸ ਫ਼ਿਲਮ ਦਾ ਪ੍ਰਭਾਵ ਕਬੂਲ ਰਹੀ ਸੀ।
ਬਹੁਭਾਂਤੀ ਵਿਸ਼ਿਆਂ ਵਾਲੀ ਇਸ ਫ਼ਿਲਮ ਨੂੰ ਦੇਖਣ ਵਾਲਾ ਹਰ ਦਰਸ਼ਕ ਚੜ੍ਹਦੀ ਕਲਾ ਵਿਚ ਰਹਿਣ ਅਤੇ ਵਰਤਮਾਨ ਵਿਚ ਜਿਉਣ ਦਾ ਸਬਕ ਸਿੱਖਦਾ ਹੈ। ਬੇਤੁਕੀਆਂ ਤੇ ਬੇਲੋੜੀਆਂ ਕਾਮੇਡੀ ਫ਼ਿਲਮਾਂ ਤੋਂ ਅੱਕੇ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਲਈ ਮਿਲਿਆ ਹੈ। ਗੰਭੀਰ ਵਿਸ਼ਿਆਂ ਵਾਲੀ ਇਸ ਫ਼ਿਲਮ ਦੀ ਕਹਾਣੀ ਵਿਚ ਹਾਸਾ ਤੇ ਰੋਣਾ ਨਾਲੋ-ਨਾਲ ਚੱਲਦਾ ਹੈ। ਰਾਣਾ ਰਣਬੀਰ ਦੇ ਲਿਖੇ ਸੰਵਾਦ ਸੁਣਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਕਿਤਾਬ ਪੜ੍ਹੀ ਜਾ ਰਹੀ ਹੋਵੇ। ਇਹ ਫ਼ਿਲਮ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਨੇੜੇ ਢੁਕਦੀ ਜਾਪਦੀ ਹੈ। ਜਿੱਥੇ ਪਰਵਾਸ ਦੇ ਦੁੱਖਾਂ ਦੇ ਨਾਲ ਪੀੜ੍ਹੀਆਂ ਦਾ ਪਾੜਾ ਦਿਖਾਇਆ ਹੈ ਉੱਥੇ ਫ਼ਿਲਮ ਦੇ ਕਈ ਛੋਟੇ-ਛੋਟੇ ਦ੍ਰਿਸ਼ਾਂ ਤੇ ਸੰਵਾਦਾਂ ਨੇ ਵੱਡੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟਿਆ ਹੈ। ਜਿਵੇਂ ਕਿ ਅੰਤਰ-ਜਾਤ ਵਿਆਹ, ਕਿਸਾਨੀ ਦਾ ਸੰਕਟ ਤੇ ਖ਼ੁਦਕੁਸ਼ੀਆਂ ਆਦਿ। ਇਸ ਦੀ ਕਹਾਣੀ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਦਾ ਸੁਨੇਹਾ ਵੀ ਦਿੰਦੀ ਹੈ। ਇਸ ਫ਼ਿਲਮ ਦਾ ਘੇਰਾ ਲੁਧਿਆਣਾ ਤੋਂ ਲਾਹੌਰ ਅਤੇ ਸੰਗਰੂਰ ਤੋਂ ਸਰੀ ਤਕ ਫੈਲਿਆ ਹੈ। ਹਿੰਦੂ, ਮੁਸਲਿਮ ਤੇ ਸਿੱਖਾਂ ਵਿਚਾਲੇ ਆਪਸੀ ਭਾਈਚਾਰਾ ਇਸ ਫ਼ਿਲਮ ਦੀ ਜਾਨ ਹੈ। ਗੁਰਪ੍ਰੀਤ ਘੁੱਗੀ ਵੱਲੋਂ ਨਿਭਾਇਆ ਗਿਆ ਮੈਜਿਕ ਸਿੰਘ ਦਾ ਕਿਰਦਾਰ ਸਾਰਿਆਂ ਨੂੰ ਬੰਨ੍ਹ ਕੇ ਰੱਖਣ ਅਤੇ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲਾ ਹੈ ਜਿਹੜਾ ਆਪਣੇ ਦੁੱਖਾਂ ਨੂੰ ਭੁਲਾਉਣ ਦੇ ਨਾਲ ਲੋਕਾਈ ਦੇ ਦੁੱਖਾਂ ਨੂੰ ਵੀ ਸੁੱਖਾਂ ਵਿਚ ਬਦਲਣ ਦਾ ਮਾਦਾ ਰੱਖਦਾ ਹੈ।
ਅਜੋਕੀ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਅਜਿਹੀ ਫ਼ਿਲਮ ਉਤਸ਼ਾਹ ਦਾ ਸੋਮਾ ਬਣ ਕੇ ਆਈ ਹੈ ਜਿਹੜੀ ਇਨਸਾਨ ਨੂੰ ਵਰਤਮਾਨ ਜਿਉਣਾ ਸਿਖਾਉਂਦੀ ਹੈ। ਦੋਅਰਥੀ ਤੇ ਅਸ਼ਲੀਲ ਡਾਇਲਾਗ ਕਾਰਨ ਬੱਚਿਆਂ ਨੂੰ ਫ਼ਿਲਮਾਂ ਤੋਂ ਦੂਰ ਰੱਖਣ ਵਾਲੇ ਮਾਪੇ ਇਸ ਫ਼ਿਲਮ ਨੂੰ ਦੇਖ ਕੇ ਮੁੜ ਬੱਚਿਆਂ ਨੂੰ ਸਿਨਮਾ ਘਰ ਵੱਲ ਲਿਜਾਣ ਲਈ ਉਤਸ਼ਾਹਤ ਹੋਏ ਹਨ। ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਬਾਲ ਉਮਰ ਦਾ ਬੇਟਾ ਛਿੰਦਾ ਅਤੇ ਫ਼ਿਲਮ ਦੇ ਸੰਵਾਦ ਲਿਖਣ ਵਾਲੇ ਰਾਣਾ ਰਣਬੀਰ ਦੀ ਬੇਟੀ ਸੀਰਤ ਨੇ ਵੀ ਇਸ ਵਿਚ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਦੀ ਸਾਂਝ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਫ਼ਿਲਮ ਦਾ ਬਹੁਤਾ ਹਿੱਸਾ ਕੈਨੇਡਾ ਵਿਚ ਫ਼ਿਲਮਾਇਆ ਗਿਆ ਹੈ।
ਫ਼ਿਲਮ ਦੀ ਕਹਾਣੀ ਰਾਣਾ ਜੰਗ ਬਹਾਦਰ, ਮਲਕੀਤ ਰੌਣੀ ਤੇ ਸਰਦਾਰ ਸੋਹੀ ਦੀ ਤਿੱਕੜੀ ਦੁਆਲੇ ਘੁੰਮਦੀ ਹੈ ਜਦੋਂ ਕਿ ਯੋਗਰਾਜ ਸਿੰਘ ਤੇ ਹੌਬੀ ਧਾਲੀਵਾਲ ਨੇ ਛੋਟੇ ਜਿਹੇ ਰੋਲ ਵਿਚ ਵੱਡਾ ਪ੍ਰਭਾਵ ਛੱਡਿਆ ਹੈ। ਫ਼ਿਲਮ ਦੇਖਣ ਵਾਲੇ ਨੂੰ ਜਜ਼ਬਾਤੀ ਵੀ ਕਰਦੀ ਹੈ। ਇਸਦਾ ਸੰਗੀਤ ਵੀ ਦਰਸ਼ਕਾਂ ਨੂੰ ਤਰੋਤਾਜ਼ਾ ਰੱਖਦਾ ਹੋਇਆ ਹਸਾਉਂਦਾ, ਨਚਾਉਂਦਾ ਤੇ ਭਾਵੁਕ ਕਰਦਾ ਹੈ। ਨਛੱਤਰ ਗਿੱਲ, ਰਣਜੀਤ ਬਾਵਾ, ਸੁਨਿਧੀ ਚੌਹਾਨ, ਸ਼ੈਰੀ ਮਾਨ ਤੇ ਹੈਪੀ ਰਾਏਕੋਟ ਦੀ ਆਵਾਜ਼ ਅਤੇ ਜਤਿੰਦਰ ਸ਼ਾਹ ਦਾ ਸੰਗੀਤ ਫ਼ਿਲਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ। ਅਕਸਰ ਚੰਗੀਆਂ ਪੰਜਾਬੀ ਫ਼ਿਲਮਾਂ ਦੀ ਤਾਰੀਫ ਵੱਧ ਹੁੰਦੀ ਹੈ, ਪਰ ਉਸ ਨੂੰ ਦੇਖਣ ਘੱਟ ਜਾਂਦੇ ਹਨ, ਪਰ ਇਸ ਫ਼ਿਲਮ ਨੇ ਇਹ ਉਲਾਂਭੇ ਵੀ ਲਾਹ ਦਿੱਤੇ ਹਨ ਜਿਸ ਨੇ ਕਮਾਈ ਪੱਖੋਂ ਵੀ ਨਵੇਂ ਰਿਕਾਰਡ ਸਿਰਜੇ ਹਨ।

ਸੰਪਰਕ : 97800-36216


Comments Off on ਸਾਰਥਿਕ ਸਿਨਮਾ ਦਾ ਹਾਸਲ ਅਰਦਾਸ ਕਰਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.