ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਸਾਉਣ ਦਾ ਸੰਧਾਰਾ

Posted On August - 3 - 2019

ਰਤਿੰਦਰ ਕੌਰ ਗੋਂਦਾਰਾ

ਸਮੇਂ ਨਾਲ ਸਭ ਕੁਝ ਬਦਲਦਾ ਜਾ ਰਿਹਾ ਹੈ। ਅੱਜ ਦੇ ਬੱਚਿਆਂ ਨੂੰ ਤਾਂ ਦੇਸੀ ਮਹੀਨੀਆਂ ਦੇ ਨਾਂ ਵੀ ਪਤਾ ਨਹੀਂ ਹਨ। ਫਿਰ ਉਨ੍ਹਾਂ ਨਾਲ ਸਬੰਧਤ ਦਿਨ ਤਿਓਹਾਰਾਂ ਦਾ ਤਾਂ ਪਤਾ ਹੀ ਕਿੱਥੋ ਹੋਣਾ। ਸਾਉਣ ਦਾ ਮਹੀਨਾ ਚੜ੍ਹਦੇ ਹੀ ਸਾਡੇ ਘਰ ਬੇਬੇ ਨੇ ਗੁਲਗਲੇ ਅਤੇ ਮੱਠੀਆਂ ਬਣਾਉਣ ਲਈ 10-12 ਸੇਰ ਆਟਾ ਘੋਲ ਲੈਣਾ। ਅਸੀਂ ਸਾਰੇ ਬੱਚਿਆਂ ਨੇ ਬੇਬੇ ਕੋਲ ਵੱਡੇ ਵੱਡੇ ਥਾਲ ਤੇ ਚਾਕੂ ਲੈ ਕੇ ਬੈਠ ਜਾਣਾ। ਬੇਬੇ ਨੇ ਰੋਟੀਆਂ ਵੇਲ ਵੇਲ ਵਾਰੀ ਸਿਰ ਸਾਡੇ ਥਾਲਾਂ ਵਿਚ ਪਾਈ ਜਾਣੀਆਂ ਤੇ ਅਸੀਂ ਮੱਠੀਆਂ ਕੱਟੀ ਜਾਂਦੇ। ਅਸੀਂ ਮੱਠੀਆਂ ਕੱਟ ਕੱਟ ਟੋਕਰਾ ਭਰ ਲੈਂਦੇ। ਫਿਰ ਸਾਡੇ ਘਰ ਤੜਕੇ ਤੋਂ ਆਥਣ ਤਕ ਗੁਲਗਲੇ ਮੱਠੀਆਂ ਹੀ ਚੱਲਦੇ। ਅਸੀਂ ਰੱਜ ਰੱਜ ਖਾਂਦੇ, ਨਾਲੇ ਆਪਣੀਆਂ ਭੂਆਂ ਨੂੰ ਸੰਧਾਰਾ ਦਿੰਦੇ। ਸਾਉਣ ਦਾ ਮਹੀਨਾ ਚੜ੍ਹਦੇ ਹੀ ਸਾਨੂੰ ਕਾਹਲੀ ਪੈ ਜਾਂਦੀ ਕਿ ਬੇਬੇ ਕਦੋਂ ਤੇਲ ਕੜਾਹੀ ਵਿਚ ਪਾਉ ਤੇ ਕਦੋਂ ਸਾਨੂੰ ਮੱਠੀਆਂ ਕੱਢ ਕੇ ਦੇਵੇਗੀ।
ਖੈਰ, ਹੁਣ ਬੇਬੇ ਵੀ ਜ਼ਿਆਦਾ ਬਜ਼ੁਰਗ ਹੋ ਗਈ ਤੇ ਸਾਡੀਆਂ ਭੂਆਂ ਵੀ। ਨਾ ਹੁਣ ਬੇਬੇ ਤੋਂ ਐਨੀਆਂ ਮੱਠੀਆਂ ਬਣਦੀਆਂ ਤੇ ਨਾ ਹੀ ਹੁਣ ਦੇ ਜੁਆਕਾਂ ਤੋਂ ਪਹਿਲਾਂ ਵਾਂਗ ਖਾਧੀਆਂ ਹੀ ਜਾਂਦੀਆਂ ਹਨ। ਬੇਬੇ ਬਾਪੂ ਤੋਂ ਹੁਣ ਸਾਡੀਆਂ ਭੂਆਂ ਨੇ ਸਾਉਣ ਦਾ ਸੰਧਾਰਾ ਲੈਣੋ ਬੰਦ ਕਰ ਦਿੱਤਾ, ਪਰ ਮੇਰੀ ਨਾਨੀ ਨੇ ਅਜੇ ਵੀ ਬੇਬੇ ਨੂੰ ਸੰਧਾਰਾ ਦੇਣਾ ਬੰਦ ਨਹੀਂ ਕੀਤਾ। ਹੁਣ ਵੀ ਚੜ੍ਹਦੇ ਸਾਉਣ ਹੀ ਸਾਨੂੰ ਮਾਮੇ ਦੀ ਉਡੀਕ ਹੋਣ ਲੱਗ ਜਾਂਦੀ ਹੈ ਕਿ ਕਦੋਂ ਮਾਮਾ ਮੱਠੀਆਂ ਤੇ ਬਿਸਕੁਟ ਲੈ ਕੇ ਆਉ। ਆਪਣੇ ਘਰ ਭਾਵੇਂ ਅਸੀਂ ਕਿੰਨਾ ਹੀ ਕੁਝ ਖਾ ਲਈਏ, ਪਰ ਮਾਮੇ ਦੀਆਂ ਮੱਠੀਆਂ ਦਾ ਸਵਾਦ ਹੀ ਹੋਰ ਹੈ। ਜੇ ਕਿਧਰੇ ਭਾਬੀ ਦੇ ਪੇਕਿਆਂ ਤੋਂ ਸੰਧਾਰਾ ਪਹਿਲਾਂ ਆ ਜਾਂਦਾ ਹੈ ਤਾਂ ਮੈ ਮਾਂ ਨੂੰ ਵਾਰ ਵਾਰ ਪੁੱਛਦੀ ਹਾਂ ਕਿ ਮਾਂ ਮਾਮਾ ਆਇਆ ਹੀ ਨ੍ਹੀਂ ਐਤਕੀਂ… ਕੀ ਗੱਲ ਹੋ ਗਈ, ਐਤਕੀਂ ਲੇਟ ਕਿਵੇਂ ਹੋ ਗਿਆ? ਫਿਰ ਆਖਿਰ ਸਾਉਣ ਦੇ ਮਹੀਨੇ ਇਕ ਦਿਨ ਮਾਮਾ ਮੱਠੀਆਂ, ਗੁਲਗੁਲਿਆਂ ਤੇ ਘਰ ਦੇ ਕਢਾਏ ਹੋਏ ਬਿਸਕੁਟਾਂ ਦਾ ਸੰਧਾਰਾ ਲੈ ਕੇ ਆ ਗਿਆ। ਜਿਸ ਦੀ ਖੁਸ਼ੀ ਮੇਰੇ ਤੋਂ ਸੰਭਾਲੀ ਨਾ ਜਾਵੇ। ਗੁਲਗਲਿਆਂ ਤੇ ਬਿਸਕੁਟਾਂ ਦੀ ਮਹਿਕ ਨਾਲ ਪੂਰਾ ਘਰ ਮਹਿਕ ਉੱਠਿਆ।
ਸਮੇਂ ਦੇ ਬਦਲਣ ਨਾਲ ਹੁਣ ਦੇ ਬੱਚਿਆਂ ਨੂੰ ਨਾ ਗੁਲਗਲੇ ਪਸੰਦ ਹਨ ਤੇ ਨਾ ਹੀ ਮੱਠੀਆਂ। ਚਾਕਲੇਟ ਖਾਣ ਵਾਲੀ ਇਸ ਪੀੜ੍ਹੀ ਨੂੰ ਤਾਂ ਚਾਕਲੇਟ, ਪੀਜ਼ੇ, ਬਰਗਰ ਹੀ ਪਸੰਦ ਹਨ। ਜੇ ਕਿਧਰੇ ਘਰ ਵਿਚ ਕੋਈ ਦਾਦੀ-ਨਾਨੀ ਇਹ ਬਣਾ ਕੇ ਵੀ ਦੇ ਦੇਵੇ ਤਾਂ ਉਹ ਇਨ੍ਹਾਂ ਨੂੰ ‘ਟੇਸਟਲੈੱਸ’ ਕਹਿ ਕੇ ਪਾਸੇ ਕਰ ਦਿੰਦੇ ਹਨ, ਪਰ ਪੁਰਾਣੀ ਪੀੜ੍ਹੀ ਹੁਣ ਵੀ ਇਨ੍ਹਾਂ ਦੀ ਕਾਇਲ ਹੈ। ਸਮੇਂ ਦੀ ਤਬਦੀਲੀ ਨਾਲ ਬੇਸ਼ੱਕ ਅੱਜ ਸੰਧਾਰਿਆਂ ਵਿਚ ਨਵੀਆਂ ਨਵੀਆਂ ਮਠਿਆਈਆਂ ਸ਼ਾਮਲ ਕਰ ਲਈਆਂ ਗਈਆਂ ਹਨ, ਪਰ ਜੋ ਚਾਅ, ਸੁਆਦ ਤੇ ਮਹਿਕ ਗੁਲਗਲੇ, ਮੱਠੀਆਂ ਤੇ ਬਿਸਕੁਟਾਂ ਦੇ ਸੰਧਾਰੇ ਦੀ ਹੈ, ਉਸਦਾ ਮੁਕਾਬਲਾ ਆਧੁਨਿਕ ਮਹਿੰਗੀਆਂ ਮਠਿਆਈਆਂ ਨਹੀਂ ਕਰ ਸਕਦੀਆਂ।


Comments Off on ਸਾਉਣ ਦਾ ਸੰਧਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.