ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਮਾਜਿਕ ਸਰੋਕਾਰਾਂ ਵੱਲ ਮੁੜਦਾ ਪੰਜਾਬੀ ਸਿਨਮਾ

Posted On August - 3 - 2019

ਜਤਿੰਦਰ ਸਿੰਘ

ਪੰਜਾਬੀ ਦੀਆਂ ਕੁਝ ਹੀ ਫ਼ਿਲਮਾਂ ਵਿਚ ਸਹੀ, ਪਰ ਫ਼ਿਲਮਸਾਜ਼ਾਂ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਛੂਹਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਰਾਜੀਵ ਕੁਮਾਰ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਫ਼ਿਲਮ ‘ਚੰਮ’ ਇਸਦੀ ਬਿਹਤਰੀਨ ਉਦਾਹਰਨ ਹੈ। ਇਸਨੇ ਪੰਜਾਬੀ ਸਿਨਮਾ ਦੇ ਖੇਤਰ ਵਿਚ ਵੱਖਰੀ ਪਛਾਣ ਬਣਾਈ ਹੈ। ਇਸ ਤੋਂ ਪਹਿਲਾਂ ਵੀ ਉਹ ਹੋਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਸ ਫ਼ਿਲਮ ਨੂੰ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਇਹ ਫ਼ਿਲਮ ਭਗਵੰਤ ਰਸੂਲਪੁਰੀ ਦੀ ਕਹਾਣੀ ‘ਚੰਮ’ ’ਤੇ ਆਧਾਰਿਤ ਹੈ ਜੋ ਪੰਜਾਬੀ ਸਮਾਜ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਪਹਿਲੂਆਂ ਦੀ ਬਾਰੀਕੀ ਨਾਲ ਪੁਣਛਾਣ ਕਰਦੀ ਹੈ ਤੇ ਕਈ ਤਰ੍ਹਾਂ ਦੀਆਂ ਸਮਾਜਿਕ ਊਣਤਾਈਆਂ ਬਾਰੇ ਪ੍ਰਸ਼ਨ ਵੀ ਉਠਾਉਂਦੀ ਹੈ।
ਪੰਜਾਬੀ ਸਮਾਜ ਇਸ ਸਮੇਂ ਜਾਤ ਦੇ ਵਖਰੇਵੇਂ, ਰਾਜਨੀਤਕ ਮਾਹੌਲ ਤੇ ਆਰਥਿਕ ਤੌਰ ’ਤੇ ਲਤਾੜੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਇਹ ਫ਼ਿਲਮ ਇਨ੍ਹਾਂ ਪਹਿਲੂਆਂ ਨੂੰ ਕੈਮਰੇ ਦੀ ਅੱਖ ਨਾਲ ਦਰਸ਼ਕਾਂ ਤਕ ਪਹੁੰਚਾਉਣ ਦਾ ਉਪਰਾਲਾ ਕਰਦੀ ਹੈ। ‘ਚੰਮ’ ਫ਼ਿਲਮ ਆਰਥਿਕ ਤੇ ਸਮਾਜਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਦਾਸਤਾਂ ਹੈ, ਜੋ ਹੱਡਾ ਰੋੜੀ ਭਾਵ ਮਰੇ ਪਸ਼ੂਆਂ ਦੀ ਖੱਲ ਲਾਹੁਣ ਵਾਲੇ ਕਿਰਤੀਆਂ ਦੀ ਗਾਥਾ ਹੈ। ਇਹ ਲੋਕ ਭਾਵੇਂ ਜਾਤੀਵਾਦ ਤੇ ਆਰਥਿਕ ਮੰਦਹਾਲੀ ਨਾਲ ਜ਼ਰੂਰ ਗ੍ਰਸਤ ਨਜ਼ਰ ਆਉਂਦੇ ਹਨ, ਪਰ ਮਾਨਸਿਕ ਤੌਰ ’ਤੇ ਇਹ ਦ੍ਰਿੜ ਇਰਾਦੇ ਵਾਲੇ ਹਨ ਤੇ ਮੁਸ਼ਕਿਲ ਸਮੇਂ ਡੋਲਣ ਦੀ ਬਜਾਏ ਉਸਦਾ ਡਟ ਕੇ ਮੁਕਾਬਲਾ ਕਰਦੇ ਹਨ। ਫ਼ਿਲਮ ਦਾ ਮੁੱਖ ਕਿਰਦਾਰ ਕੁਲਦੀਪ ਸਿੰਘ ਉਰਫ਼ ਕੀਪਾ ਜੋ ਖੱਲ ਲਾਹ ਕੇ ਵੇਚਣ ਦਾ ਪਿਤਾ ਪੁਰਖੀ ਕਿੱਤਾ ਕਰਦਾ ਹੈ, ਉਹ ਆਪਣੇ ਨਾਲ ਹੁੰਦੇ ਜਾਤੀਵਾਦ ਵਿਤਕਰੇ ਜਾਂ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਰਾਸ਼ ਨਹੀਂ ਹੁੰਦਾ। ਉਹ ਰਾਜਨੀਤਕ ਪੈਂਤੜਿਆਂ ਤੋਂ ਵੀ ਭਲੀ ਭਾਂਤ ਵਾਕਿਫ਼ ਹੈ ਅਤੇ ਰਾਜਨੀਤੀ ਦੀਆਂ ਚਾਲਾਂ ਨੂੰ ਵੀ ਸਮਝਦਾ ਹੈ, ਜਿਸ ਨਾਲ ਉਹ ਹੋਰ ਲੋਕਾਂ ਨੂੰ ਇਸ ਤੋਂ ਅਗਾਹ ਕਰਵਾਉਂਦਾ ਹੈ।
ਇਸ ਫ਼ਿਲਮ ਦੇ ਕਿਰਦਾਰਾਂ ਦੀ ਖ਼ੂਬੀ ਇਸ ਗੱਲ ਵਿਚ ਹੈ ਕਿ ਉਹ ਮੁਸ਼ਕਿਲ ਸਮੇਂ ’ਤੇ ਜੀਵਨ ਤੋਂ ਨਿਰਾਸ਼ ਨਹੀਂ ਹੁੰਦੇ ਸਗੋਂ ਜ਼ਿੰਦਗੀ ਪ੍ਰਤੀ ਹਾਂ ਮੁਖੀ ਵਤੀਰਾ ਰੱਖਦੇ ਹਨ, ਜੋ ਅੱਜ ਦੇ ਪੰਜਾਬ ਦੇ ਕਿਸਾਨ ਜਾਂ ਉੱਚ ਜਾਤੀ ਦੇ ਲੋਕਾਂ ਵਿਚ ਨਜ਼ਰ ਨਹੀਂ ਆਉਂਦਾ। ਫ਼ਿਲਮਸਾਜ਼ ਇਸ ਵਿਚ ਸੁਚੇਤ ਪੱਧਰ ’ਤੇ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਰੁਚਿਤ ਹੁੰਦਾ ਹੈ, ਪਰ ਇਸ ਵੇਲੇ ਉਹ ਯਥਾਰਥਵਾਦੀ ਸਥਿਤੀ ਪੈਦਾ ਕਰ ਦਿੰਦਾ ਹੈ ਜਿਸ ਨਾਲ ਦਰਸ਼ਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ।

ਜਤਿੰਦਰ ਸਿੰਘ

ਦੂਜੇ ਪਾਸੇ ‘ਅਰਦਾਸ ਕਰਾਂ’ ਫ਼ਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਤਿਆਰ ਹੋ ਕੇ ਦਰਸ਼ਕਾਂ ਸਾਹਮਣੇ ਆਈ ਹੈ। ਇਸ ਫ਼ਿਲਮ ਵਿਚ ਹਾਸ ਕਲਾਕਾਰਾਂ ਵੱਲੋਂ ਸੰਜੀਦਗੀ ਨਾਲ ਸਮਾਜਿਕ ਪਹਿਲੂਆਂ ਨੂੰ ਦਰਸ਼ਕਾਂ ਅੱਗੇ ਰੱਖਿਆ ਗਿਆ ਹੈ। ਜਿੱਥੇ ‘ਚੰਮ’ ਹਿੰਦੋਸਤਾਨੀ ਪੰਜਾਬ ਅੰਦਰ ਜਾਤੀਵਾਦ ਦੀਆਂ ਹੱਦਾਂ ਨੂੰ ਟੱਪ ਕੇ ਸਾਂਝੀਵਾਲਤਾ ਦੀ ਗੱਲ ਕਰਦੀ ਹੈ, ਉੱਥੇ ‘ਅਰਦਾਸ ਕਰਾਂ’ ਰਾਹੀਂ ਸੁਚੇਤ ਤੌਰ ’ਤੇ ਹਿੰਦੂ, ਸਿੱਖ, ਮੁਸਲਮਾਨ ਧਰਮ ਤੇ ਜਾਤੀਵਾਦ ਦੀਆਂ ਹੱਦਾਂ ਨੂੰ ਤੋੜਣ ਦਾ ਉਪਰਾਲਾ ਕੀਤਾ ਗਿਆ ਹੈ, ਪਰ ਅਚੇਤ ਤੌਰ ’ਤੇ ਫ਼ਿਲਮਸਾਜ਼ ਤੇ ਕਿਰਦਾਰ ਆਪ ਹੀ ਇਨ੍ਹਾਂ ਮੁੱਦਿਆਂ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਹਨ। ‘ਅਰਦਾਸ ਕਰਾਂ’ ਫ਼ਿਲਮ ਦੇ ਸਾਰੇ ਕਿਰਦਾਰਾਂ ਦਾ ਸਬੰਧ ਪਰਵਾਸ ਨਾਲ ਹੈ। ਫ਼ਿਲਮ ਦੇ ਸਾਰੇ ਕਿਰਦਾਰ ਪਰਵਾਸੀ ਜੀਵਨ ਕਾਰਨ ਉਪਜੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਤੇ ਪੇਚੀਦਗੀਆਂ ਤੋਂ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਅੱਗੇ ਆਰਥਿਕ ਤੇ ਸਮਾਜਿਕ ਰੁਤਬੇ ਵਰਗੇ ਗੰਭੀਰ ਮੁੱਦੇ ਨਹੀਂ ਹਨ। ਉਹ ਆਪਣੀਆਂ ਮਾਨਸਿਕ ਗੁੰਝਲਾਂ ਤੋਂ ਹੀ ਪ੍ਰੇਸ਼ਾਨ ਹਨ। ਫ਼ਿਲਮਸਾਜ਼ ਸੁਚੇਤ ਪੱਧਰ ’ਤੇ ਨਵੇਂ ਤਜਰਬੇ ਕਰਦਾ ਹੈ, ਪਰ ਮੁਹਾਰਤ ਤੇ ਤਜਰਬੇ ਦੀ ਘਾਟ ਹੋਣ ਕਰਕੇ ਫ਼ਿਲਮ ਵਿਚ ਕਈ ਸਥਿਤੀਆਂ ਹਾਸੋਹੀਣੀਆਂ ਬਣਾ ਦਿੰਦਾ ਹੈ। ਉਦਾਹਰਨ ਵਜੋਂ ਜਦੋਂ ਲਹੌਰੀਏ ਤੇ ਉਸਦੇ ਪਰਿਵਾਰਕ ਮੈਂਬਰਾਂ ਕੋਲੋਂ ਧੱਕੇ ਨਾਲ ਮਾਝੀ ਬੋਲੀ ਵਾਲੇ ਸੰਵਾਦ ਬੁਲਾਏ ਜਾਂਦੇ ਹਨ। ‘ਅਰਦਾਸ ਕਰਾਂ’ ਫ਼ਿਲਮ ਦੇ ਕਿਰਦਾਰ ‘ਚੰਮ’ ਫ਼ਿਲਮ ਦੇ ਕਿਰਦਾਰਾਂ ਵਾਂਙ ਸਥਿਤੀਆਂ ਤੇ ਸਮੱਸਿਆਵਾਂ ਨਾਲ ਜੂਝਦੇ ਨਜ਼ਰ ਨਹੀਂ ਆਉਂਦੇ ਸਗੋਂ ਸਮੱਸਿਆਵਾਂ ਤੋਂ ਭੱਜਦੇ ਤੇ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਹਨ। ਇਸ ਫ਼ਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਹਾਸਰਸੀ ਫ਼ਿਲਮਾਂ ਤੋਂ ਮੋੜਾ ਪਾ ਕੇ ਫ਼ਿਲਮਸਾਜ਼ਾਂ ਦਾ ਸਮਾਜਿਕ ਮੁੱਦਿਆਂ ਵੱਲ ਧਿਆਨ ਜਾਣਾ। ਜਿਸ ਨਾਲ ਦਰਸ਼ਕ ਨੂੰ ਪਰਵਾਸੀ ਜੀਵਨ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ ਹੈ ਜੋ ਪੰਜਾਬੀ ਸਿਨਮਾ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।

ਸੰਪਰਕ: 94174-78446


Comments Off on ਸਮਾਜਿਕ ਸਰੋਕਾਰਾਂ ਵੱਲ ਮੁੜਦਾ ਪੰਜਾਬੀ ਸਿਨਮਾ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.