ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਸਧਾਰ ਹਮਲਾ: ਚਸ਼ਮਦੀਦ ਦੀ ਜ਼ੁਬਾਨੀ

Posted On August - 3 - 2019

ਸਾਂਵਲ ਧਾਮੀ

“ਸਾਡਾ ਪੜਦਾਦਾ ਨਨਕਾਣਾ ਸਾਹਿਬ ਵਾਲੇ ਸਾਕੇ ਵਿਚ ਸ਼ਹੀਦ ਹੋਇਆ ਸੀ। ਉਸਦਾ ਬੂੜ ਸਿੰਘ ਨਾਂ ਸੀ। ਅਸੀਂ ਉਸਦੀ ਜਾਇਦਾਦ ਵੰਡ ਲਈ, ਪਰ ਯਾਦਗਾਰ ਕੋਈ ਨਹੀਂ ਬਣਾਈ। ਉਸਦਾ ਕਦੇ ਦਿਨ ਨਹੀਂ ਮਨਾਇਆ। ਸਾਡੇ ਲਈ ਇਹ ਮਾੜੀ ਗੱਲ ਨਹੀਂ?”
ਜ਼ਿਲ੍ਹਾ ਅੰਮ੍ਰਿਤਸਰ ਦੇ ਬੁਟਾਰੀ ਸਟੇਸ਼ਨ ਲਾਗੇ ਇਕ ਪਿੰਡ ਹੈ ਕਾਲੇਕੇ। ਨੇੜੇ-ਤੇੜੇ ਦੇ ਪਿੰਡ ਨੇ ਰਮਾਣੇ ਚੱਕ, ਝਾੜੂ ਨੰਗਲ, ਸਧਾਰ, ਭਲਾਈਪੁਰ ਪੂਰਬ ਤੇ ਜਸਪਾਲ। ਨੱਬੇ ਵਰ੍ਹਿਆਂ ਦੇ ਝਲਮਣ ਸਿੰਘ ਚਾਹਲ ਨੇ ਮੈਨੂੰ ਜਦੋਂ ਆਪਣਾ ਪਰਿਵਾਰਕ ਪਿਛੋਕੜ ਦੱਸਿਆ ਤਾਂ ਮੈਂ ਉਸਨੂੰ ਸੰਤਾਲੀ ’ਚ ਸਧਾਰ ਪਿੰਡ ’ਤੇ ਹੋਏ ਹਮਲੇ ਬਾਰੇ ਪੁੱਛਿਆ।
“ਅਸੀਂ ਸਧਾਰ ਆਂਹਦੇ ਆਂ, ਕਾਗਤਾਂ ’ਚ ਇਹ ਕੰਧਾਰ ਆ। ਉੱਥੇ ਬੜੇ ਤਕੜੇ ਰਾਜਪੂਤ ਵੱਸਦੇ ਸੀ। ਸਾਡਾ ਉਨ੍ਹਾਂ ਨਾਲ ਬੜਾ ਪਿਆਰ ਸੀ। ਸੰਤਾਲੀ ’ਚ ਸਾਰਾ ਕੁਝ ਹੀ ਬਦਲ ਗਿਆ। ਓਥੋਂ ਦਾ ਇਕ ਮੁਸਲਮਾਨ ਸੀ, ਦੀਨਾ। ਉਹ ਸਾਡੇ ਪਿੰਡ ਵਾਲੇ ਮੰਗਲ ਸਿੰਘ ਦਾ ਯਾਰ ਸੀ। ਦੀਨੇ ਨੇ ਉਸਨੂੰ ਦੱਸ ਦਿੱਤਾ ਕਿ ਤੂੰ ਮਨ੍ਹੇਰੇ ਨਿਕਲ ਜਾਈਂ, ਕੱਲ੍ਹ ਤੁਹਾਡਾ ਪਿੰਡ ਮਾਰਿਆ ਜਾਣਾ ਏਂ। ਕਾਲੇਕੇ ਵਾਲਿਆਂ ਓਸੇ ਵੇਲੇ ਘੋੜੀਆਂ ਫੇਰ ਕੇ ਬੰਦੇ ’ਕੱਠੇ ਕਰ ਲਏ। ਸਾਰੇ ਆਸ-ਪਾਸ ਦੇ ਪਿੰਡ ’ਕੱਠੇ ਹੋ ਗਏ ਸੀ। ਸਧਾਰ ’ਤੇ ਚਾਰ ਕੁ ਵਜੇ ਹਮਲਾ ਹੋਇਆ ਸੀ। ਅਸੀਂ ਪੰਜ-ਛੇ ਮੁੰਡੇ ਥੋੜ੍ਹਾ ਬਾਅਦ ’ਚ ਗਏ ਸਾਂ। ਓਥੇ ਬੜਾ ਮੁਲਖ ’ਕੱਠਾ ਹੋਇਆ ਪਿਆ ਸੀ। ਸਧਾਰ ਆਲਿਆਂ ਕੋਈ ਬਹੁਤਾ ਮੁਕਾਬਲਾ ਨਈਂ ਕੀਤਾ। ਉਦੋਂ ਗੋਲੀ ਚੱਲ ਰਹੀ ਸੀ, ਜਦੋਂ ਅਸੀਂ ਗਏ। ਸਾਨੂੰ ਰੋਕਿਆ ਵੀ ਸਿਆਣਿਆਂ ਕਿ ਤੁਸੀਂ ਮਾਰੇ ਜਾਣਾ ਜੇ। ਉਦੋਂ ਮਾਸਾ ਡਰ ਆਉਂਦਾ ਈ ਨਹੀਂ ਸੀ। ਮੁੰਡੇ-ਖੁੰਡੇ ਸਾਂ, ਸੋਚਿਆ ਸੀ ਕਿ ਚਲੋ ਸਧਾਰ ਫਤਿਹ ਹੁੰਦਾ ਵੇਖਾਂਗੇ ਤੇ ਨਾਲੇ ਡੰਗਰ…! ਵੱਢ-ਟੁੱਕ ਹੁੰਦੀ ਵੇਖੀ, ਤੋਬਾ! ਤੋਬਾ!! ਪਤਾ ਨਹੀਂ ਓਥੇ ਕਿੰਨਾ ਕੁ ਬੰਦਾ ਮਰਿਆ ਪਿਆ ਸੀ।

ਸਾਂਵਲ ਧਾਮੀ

ਤਿੰਨ-ਚਾਰ ਮੁੰਡੇ ਸੀ ਧੂਲਕੇ ਦੇ। ਬੜੇ ਸੋਹਣੇ ਜਵਾਨ। ਉਹ ਵੀ ਸਧਾਰ ਆਏ ਹੋਏ ਸੀ। ਉਨ੍ਹਾਂ ਨੇ ਡਟ ਕੇ ਉਹ ਮੁਕਾਬਲਾ ਕੀਤਾ ਜਿਸਦਾ ਕੋਈ ਹਿਸਾਬ ਨਹੀਂ। ਉਹ ਕੋਠੇ ’ਤੇ ਸੀ ਤੇ ਅਸੀਂ ਨੀਵੀਂ ਥਾਂ। ਜਦੋਂ ਸੋਟੇ ਨਾਲ ਸੋਟਾ ਲੱਗਦਾ ਸੀ ਤਾਂ ਸਾਡਾ ਸੋਟਾ ਟੁੱਟ ਜਾਂਦਾ ਸੀ। ਫਿਰ ਲਛਮਣ ਸਿੰਘ ਨੇ ਇਕ ਜਵਾਨ ਨੂੰ ਆਖਿਆ ਕਿ ਤੇਰੇ ਕੋਲ ਬੰਦੂਕ ਆ, ਤੇਰੇ ਬਿਨਾਂ ਨਹੀਂ ਆਹ ਮਰਨੇ। ਫਿਰ ਗੋਲੀਆਂ ਮਾਰੀਆਂ ਤਾਂ ਉਹ ਮਰੇ। ਕਾਲੇਕਿਆਂ ਦਾ ਤੇਲੀਆਂ ਦਾ ਘਰ ਵੀ ਚਲਾ ਗਿਆ ਸੀ ਸਧਾਰ। ਪਿਓ ਦਾ ਨਾਂ ਸੀ ਸਿਪਾਈ ਤੇ ਮੁੰਡੇ ਸੀ ਫੀਰੋ, ਭੰਮੀ ਤੇ ਦਾਰਾ। ਕਿੱਥੇ ਬਚੇ ਹੋਣੇ ਨੇ ਉਹ ਵੀ?
ਬਾਬੂ ਫ਼ੌਜੀ ਨੇ ਵੀ ਸੋਹਣਾ ਮੁਕਾਬਲਾ ਕੀਤਾ। ਉਹ ਮਸੀਤ ਵਾਲੀ ਬੋਹੜ ’ਤੇ ਚੜ੍ਹ ਕੇ ਗੋਲੀ ਚਲਾਉਂਦਾ ਸੀ। ਆਖ਼ਰ ਉਹਨੂੰ ਵੀ ਗੋਲੀ ਲੱਗ ਗਈ। ਉਹਨੂੰ ਗੰਗੇ ਬਦਮਾਸ਼ ਨੇ ਗੋਲੀ ਮਾਰੀ ਸੀ। ਮਸੀਤ ਕੋਲ ਖੂਹੀ ਸੀ। ਉਹ ਖੂਹੀ ’ਚ ਉੱਤਰ ਗਿਆ ਤੇ ਫ਼ੌਜ ਆਉਣ ਤਕ ਲੁਕਿਆ ਰਿਹਾ। ਸੁਣਿਆ ਕਿ ਉਹ ਬਚ ਕੇ ਪਾਕਿਸਤਾਨ ਨਿਕਲ ਗਿਆ ਸੀ।
ਥੋੜ੍ਹਾ ਟਿਕ-ਟਿਕਾਅ ਹੋਇਆ ਤਾਂ ਇਕ ਜਨਾਨੀ ਨਿਕਲੀ, ਕੁੜੀਆਂ ਲੈ ਕੇ। ਉਸ ਕੋਲ ਬਰਛੀ ਸੀ। ਸਿਆਣਾ-ਬਿਆਣਾ ਰਮਾਣੇ ਚੱਕ ਦਾ ਜੱਟ ਸੀ, ਬੂਟਾ ਸਿੰਘ। ਪੰਜਾਹ ਸਾਲ ਤੋਂ ਟੱਪਿਆ। ਉਹ ਗਤਕੇ ਦਾ ਖਿਲਾੜੀ ਸੀ। ਉਹ ਅਗਾਂਹ ਵਧਿਆ। ਉਸ ਔਰਤ ਨੇ ਬਰਛਾ ਮਾਰਿਆ। ਉਸਨੇ ਚੁੱਕ ਕੇ ਲਾਂਭੇ ਕੀਤਾ। ਜਦੋਂ ਬੰਦੇ ਨੇ ਵਾਰ ਕੀਤਾ ਤਾਂ ਉਹ ਟੱਕ ਕਰਦਾ ਢਿੱਡ ’ਚ ਵੱਜਿਆ। ਹੁਣ ਲੋਹੇ ਵਿਚ ਦੀ ਬਰਛੀ ਕਿਵੇਂ ਲੰਘੇ! ਔਰਤ ਨੇ ਫਿਰ ਵਾਰ ਕੀਤਾ। ਬੰਦੇ ਨੇ ਬਚਾ ਕੇ ਨਲਾਂ ਕੋਲ ਵਾਰ ਕੀਤਾ ਤਾਂ ਉਹ ਡਿੱਗ ਪਈ। ਬੜੀ ਖ਼ੂਬਸੂਰਤ ਜਨਾਨੀ ਸੀ ਉਹ! ਉੱਚੀ-ਲੰਮੀ ਤੇ ਜਵਾਨ! ਉਹਨੂੰ ਮਾਰ ਦਿੱਤਾ ਤੇ ਉਸਦੇ ਨਾਲ ਦੀਆਂ ਕੁੜੀਆਂ ਸਾਡੇ ਪਿੰਡ ਵਾਲੇ ਲੈ ਆਏ। ਬਜ਼ੁਰਗਾਂ ਸਾਨੂੰ ਬੜੀਆਂ ਲਾਹਣਤਾਂ ਪਾਈਆਂ ਤੇ ਉਹ ਉਸੀ ਰਾਤੇ ਬਹੁਤੀਆਂ ਕੁੜੀਆਂ ਨੂੰ ਜਸਪਾਲ ਪਿੰਡ ਛੱਡ ਆਏ। ਜਸਪਾਲ ਵੀ ਮੁਸਲਮਾਨ ਰਾਜਪੂਤਾਂ ਦਾ ਪਿੰਡ ਸੀ। ਉਹ ਉੱਠਿਆ ਨਹੀਂ ਸੀ ਹਾਲੇ। ਜਿਹੜੀਆਂ ਬਚੀਆਂ ਸਨ, ਉਨ੍ਹਾਂ ਨੂੰ ਫਿਰ ਮਿਲਟਰੀ ਲੱਭਣ ਆਉਂਦੀ ਰਹੀ। ਉਨ੍ਹਾਂ ’ਚੋਂ ਇਕ ਕੁੜੀ ਤਾਂ ਇੱਥੇ ਕੋਈ ਪੰਜ ਸਾਲ ਵੱਸਦੀ ਰਹੀ। ਸਾਡੇ ਪਿੰਡ ਦੇ ਦੋ ਭਰਾ ਉਸਨੂੰ ਚੁੱਕ ਕੇ ਲਿਆਏ ਸੀ। ਦੋਵੇਂ ਛੜੇ ਸਨ। ਉਨ੍ਹਾਂ ਦੇ ਘਰੋਂ ਕੰਧ ਟੱਪ ਕੇ ਉਹ ਆਪਣੇ ਬਾਪ ਦੇ ਦੋਸਤ ਦੇ ਘਰ ਚਲੀ ਗਈ। ਕੀ ਦੱਸਾਂ ਪੁੱਤਰਾ, ਉਸ ਪਾਪੀ ਨੇ ਉਹ ਆਪਣੇ ਘਰ ਵਸਾ ਲਈ ਸੀ। ਉਸਦੇ ਦੋ ਲੜਕੀਆਂ ਵੀ ਹੋਈਆਂ। ਉਹ ਵੀ ਮਾਂ ਨਾਲ ਪਾਕਿਸਤਾਨ ਚਲੀਆਂ ਗਈਆਂ। ਉਹ ਬੰਦਾ ਫਿਰ ਅੰਨ੍ਹਾ ਹੋ ਕੇ ਮਰਿਆ ਸੀ।
ਲੋਭ ਬੜੀ ਮਾੜੀ ਸ਼ੈਅ ਈ ਪੁੱਤਰਾ! ਮੈਂ ਵੀ ਮੁਸਲਮਾਨਾਂ ਦੇ ਵਾੜੇ ’ਚੋਂ ਬੱਕਰੀਆਂ ਕੱਢਣ ਲੱਗ ਪਿਆ। ਓਥੇ ਮੁਸਲਮਾਨ ਮੈਨੂੰ ਬਰਛਾ ਮਾਰਨ ਲੱਗਾ ਸੀ। ਪਹਿਲਾਂ ਤਾਂ ਮੇਰੀ ਚਾਂਗਰ ਨਿਕਲ ਗਈ। ਫਿਰ ਮੈਂ ਥੋੜ੍ਹਾ ਸੰਭਲਿਆ। ਮੈਂ ਤਲਵਾਰ ਮਾਰ ਕੇ ਉਸਦੀ ਬਾਂਹ ਲਾਹ ਦਿੱਤੀ।
ਅਸੀਂ ਮਸਾਂ ਦੋ ਕੁ ਘੰਟੇ ਸਧਾਰ ’ਚ ਰਹੇ ਹੋਵਾਂਗੇ। ਫ਼ੌਜੀਆਂ ਨੇ ਫਾਇਰ ਕੀਤੇ ਤਾਂ ਆਪਾਂ ਓਥੋਂ ਭੱਜੇ। ਦੋ ਫ਼ੌਜੀ ਮੁਸਲਮਾਨ ਸਨ ਤੇ ਦੋ ਸਨ ਸਿੱਖ। ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਸੀ। ਜਿਹੜੇ ਬਾਹਰ ਫ਼ਸਲਾਂ ’ਚ ਲੁਕ ਗਏ, ਬਸ ਉਹੀ ਬਚੇ। ਓਥੇ ਸਾਡੇ ਪਿੰਡ ਦੇ ਤਿੰਨ ਬੁੱਢੇ ਵੀ ਫੜੇ ਗਏ ਸਨ, ‘ਤਮਾਸ਼ਾ’ ਵੇਖਣ ਗਏ। ਉਨ੍ਹਾਂ ਨੂੰ ਮਾਰਨ ਲੱਗੇ ਤਾਂ ਬੱਤੀ ਨਾਂ ਦਾ ਮੁਸਲਮਾਨ ਕਹਿਣ ਲੱਗਾ, ‘ਇਨ੍ਹਾਂ ਬੁੱਢਿਆਂ ਨੂੰ ਮਾਰ ਕੇ ਕੀ ਫਾਇਦਾ ਹੋਊ? ਕੋਈ ਸਧਾਰ ਜਿਉਂਦਾ ਹੋ ਜਾਊ?’
ਅਗਲੇ ਦੋ ਦਿਨ ਲੋਕ ਸਧਾਰ ਤੇ ਜਸਪਾਲ ਨੂੰ ਲੁੱਟਦੇ ਰਹੇ। ਉਹ ਤਾਂ ਹਾਲਾਤ ਰੱਬ ਕਿਸੇ ਨੂੰ ਵਿਖਾਵੇ ਨਾ! ਸਧਾਰ ’ਚੋਂ ਹੱਡਾਰੋੜੀ ਵਾਂਗ ਮੁਸ਼ਕ ਆਉਂਦਾ ਸੀ! ਕਈ ਮੂਰਖਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਵੱਢ ਘੱਤਿਆ ਸੀ।”
“ਕੋਈ ਪਛਤਾਵਾ?” ਜਦੋਂ ਮੈਂ ਇਹ ਸਵਾਲ ਕੀਤਾ ਤਾਂ ਉਹ ਵਿਲਕ ਉੱਠਿਆ।
“ਮੇਰਾ ਚਾਚਾ ਮਰਨ ਲੱਗਾ ਤਾਂ ਮੈਂ ਪੁੱਛਿਆ ਸੀ, ‘ਮੇਰਾ ਕੀ ਬਣੂੰ?’ ਉਹ ਆਂਹਦਾ, ‘ਰੱਬ ਦੇ ਰੰਗ ਆ, ਵੇਖਾਂਗਾ।’ ਚਾਚੇ ਦੀ ਗੱਲ ਸਹੀ ਸੀ। ਰੱਬ ਦੇ ਰੰਗ ਵੇਖਣ ਡਹੇ ਆਂ। ਜੇ ਗੁਨਾਹ ਕੀਤੇ ਤਾਂ ਵੱਡਾ ਮੁੰਡਾ ਤੇਰ੍ਹਾਂ ਮਹੀਨੇ ਮੰਜੇ ’ਤੇ ਰਿੜਕ ਕੇ ਮਰਿਆ। ਉਹ ਕੋਠੇ ’ਤੋਂ ਡਿੱਗ ਪਿਆ ਸੀ। ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਮੇਰੀਆਂ ਕੀਤੀਆਂ ਉਸਨੂੰ ਲੱਗ ਗਈਆਂ! ਖੌਰੇ ਕਿਸੇ ਕਿੱਦਾਂ ਦੀ ਬਦ-ਦੁਆ ਦਿੱਤੀ ਸੀ !” ਉਸਦਾ ਗੱਚ ਭਰ ਆਇਆ।
“ਕੋਈ ਸੁਨੇਹਾ?” ਮੇਰਾ ਆਖ਼ਰੀ ਸਵਾਲ ਸੀ।
“ਪੁੱਤਰਾ ਪਿਆਰ-ਮੁਹੱਬਤ ਨਾਲ ਦੀ ਰੀਸ ਥੋੜ੍ਹੋ ਆ ਕੋਈ! ਕੀ ਚੰਗੇ, ਕੀ ਮੰਦੇ, ਇਕੋ ਪਰਮੇਸ਼ਰ ਦੇ ਬੰਦੇ ਨੇ ਸਾਰੇ। ਪੈਲ਼ੀ ਇਕੋ ਆ, ਵੱਟਾਂ ਜਿੰਨੀਆਂ ਮਰਜ਼ੀ ਪਾਈ ਜਾਈਏ। ਜੋ ਮਰਜ਼ੀ ਬੀਜੀ ਜਾਈਏ।” ਗੱਲ ਮੁਕਾਉਂਦਿਆਂ ਉਸਦਾ ਗੱਚ ਭਰ ਆਇਆ।

ਸੰਪਰਕ: 97818-43444


Comments Off on ਸਧਾਰ ਹਮਲਾ: ਚਸ਼ਮਦੀਦ ਦੀ ਜ਼ੁਬਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.