ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ !    ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ !    ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦਾ ਪੈਮਾਨਾ ਕਿਹੜਾ ਹੋਵੇ !    ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ !    ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਅੱਜ ਹੋਵੇਗੀ ਸ਼ੁਰੂ !    ਮਿਖਾਈਲ ਮਿਸ਼ੁਸਤਿਨ ਹੋਣਗੇ ਰੂਸ ਦੇ ਨਵੇਂ ਪ੍ਰਧਾਨ ਮੰਤਰੀ !    ਮਿਡ-ਡੇਅ ਮੀਲ ਵਰਕਰਾਂ ਵੱਲੋਂ ਵਿੱਤ ਮੰਤਰੀ ਦੇ ਹਲਕੇ ਰੈਲੀ 19 ਨੂੰ !    32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ !    ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ !    ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ !    

ਸਦਭਾਵੀ ਅਤੀਤ ਦੇ ਕਦਮ ਤੇ ਨਿਸ਼ਾਨ…

Posted On August - 5 - 2019

ਮਨੂ ਐੱਸ. ਪਿੱਲੈ ਅਤੇ ਉਸ ਦੀ ਪੁਸਤਕ ਦਾ ਟਾਈਟਲ।

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਛਤਰਪਤੀ ਸ਼ਿਵਾਜੀ ਨੂੰ ਮੱਧ ਯੁੱਗ ਵਿਚ ਹਿੰਦੂਆਂ ਦੀ ਰਾਜਸੀ-ਸਮਾਜਿਕ ਪੁਨਰ-ਸੁਰਜੀਤੀ ਦਾ ਮੋਢੀ ਮੰਨਿਆ ਜਾਂਦਾ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤਾਂ ਇਸ ਮਰਾਠਾ ਮਹਾਰਥੀ ਨੂੰ ਹਿੰਦੂ ਮੱਤ ਦਾ ਆਖ਼ਰੀ ਅਵਤਾਰ ਵੀ ਮੰਨਦੀ ਹੈ। ਸ਼ਿਵਾਜੀ ਨੇ ਗੁਰੀਲਾ ਜੰਗੀ ਵਿਧੀਆਂ ਰਾਹੀਂ ਜਿੱਥੇ ਦਿੱਲੀ ਦੀ ਮੁਗ਼ਲ ਹਕੂਮਤ ਦੇ ਨੱਕ ਵਿਚ ਦਮ ਕੀਤਾ, ਉੱਥੇ ਦੱਖਣ ਦੇ ਮੁਸਲਿਮ ਸੁਲਤਾਨਾਂ ਦੀਆਂ ਰਿਆਸਤਾਂ ਦਾ ਭੋਗ ਵੀ ਪਾਇਆ। ਉਂਜ, ਦੋ ਸਦੀਆਂ ਪਹਿਲਾਂ ਇਨ੍ਹਾਂ ਰਿਆਸਤਾਂ ਨੇ ਹੀ ਮਰਾਠਿਆਂ ਦੇ ਜੰਗੀ ਗੁਣਾਂ ਨੂੰ ਪਛਾਣਿਆ ਸੀ ਅਤੇ ਮਰਾਠਾ ਸਰਦਾਰਾਂ ਨੂੰ ਜਗੀਰਾਂ ਲਾਈਆਂ ਸਨ। ਸ਼ਿਵਾਜੀ ਦੇ ਦਾਦਾ ਮਾਲੋਜੀ ਭੋਸਲੇ ਬਿਦਰ ਤੇ ਅਹਿਮਦਨਗਰ ਦੇ ਸੁਲਤਾਨਾਂ ਦੇ ਅਹਿਲਕਾਰ ਰਹੇ। ਉਹ ਐਬੇਸੀਨੀਆਈ (ਇਥੋਪੀਅਨ) ਜਰਨੈਲ ਮਲਿਕ ਅੰਬਰ (1548-1626) ਦੇ ਕਰੀਬੀ ਸਾਥੀ ਸਨ। ਖ਼ੁਦ ਨੂੰ ਕੱਟੜ ਹਿੰਦੂ ਦੱਸਣ ਦੇ ਬਾਵਜੂਦ ਉਹ ਸੂਫ਼ੀ ਸੰਤ ਹਜ਼ਰਤ ਸ਼ਾਹ ਸ਼ਰੀਫ਼ ਦੇ ਮੁਰੀਦ ਸਨ। ਇਸ ਸੰਤ ਦੀ ਦਰਗਾਹ ਅਹਿਮਦਨਗਰ (ਮਹਾਰਾਸ਼ਟਰ) ਵਿਚ ਮੌਜੂਦ ਹੈ। ਅਜਿਹੀ ਮੁਰੀਦਗ਼ੀ ਕਾਰਨ ਹੀ ਮਾਲੋਜੀ ਨੇ ਆਪਣੇ ਪੁੱਤਰਾਂ ਦੇ ਨਾਂ ਸ਼ਾਹਾਜੀ ਤੇ ਸ਼ਰੀਫ਼ਜੀ ਰੱਖੇ। ਸ਼ਾਹਾਜੀ, ਸ਼ਿਵਾਜੀ ਦੇ ਪਿਤਾ ਸਨ। ਖ਼ੁਦ ਨੂੰ ਹਿੰਦੂ ਸਮਰਾਟ ਐਲਾਨਣ ਅਤੇ ਛਤਰਪਤੀ ਦਾ ਰੁਤਬਾ ਗ੍ਰਹਿਣ ਕਰਨ ਦੇ ਬਾਵਜੂਦ ਸ਼ਿਵਾਜੀ ਨੇ ਆਪਣੀ ਮੁਸਲਿਮ ਪ੍ਰਜਾ ਨਾਲ ਕਦੇ ਕੋਈ ਜ਼ਿਆਦਤੀ ਨਹੀਂ ਕੀਤੀ। ਉਨ੍ਹਾਂ ਨੇ ਇਸਲਾਮੀ ਸ਼ਰ੍ਹਾ ਨੂੰ ਮਾਨਤਾ ਦਿੱਤੀ ਅਤੇ ਇਸ ਸ਼ਰ੍ਹਾ ਨਾਲ ਜੁੜੇ ਮੁਕੱਦਮਿਆਂ ਦੇ ਫ਼ੈਸਲਿਆਂ ਲਈ ਕਾਜ਼ੀ ਨਿਯੁਕਤ ਕੀਤੇ। ਉਨ੍ਹਾਂ ਦੇ ਰਾਜ-ਕਾਲ ਦੌਰਾਨ ਦਰਗਾਹਾਂ ਤੇ ਮਸੀਤਾਂ ਨੂੰ ਸਰਕਾਰੀ ਇਮਦਾਦ ਵੀ ਸੁਲਤਾਨਾਂ ਵਾਲੀ ਤਰਜ਼ ’ਤੇ ਜਾਰੀ ਰਹੀ।
ਪੱਛਮੀ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਮੁਸਲਿਮ ਬਿਰਤਾਂਤਕਾਰਾਂ ਤੇ ਕਸੀਦਾਕਾਰਾਂ ਦੇ ਦਾਅਵਿਆਂ ਦੇ ਆਧਾਰ ’ਤੇ ਮੁਹੰਮਦ ਬਿਨ ਤੁਗ਼ਲਕ (1298-1351) ਨੂੰ ਬੁਤਸ਼ਿਕਨ ਸੁਲਤਾਨ ਕਰਾਰ ਦੇ ਦਿੱਤਾ। ਇਸੇ ਗ਼ਲਤ ਅਵਧਾਰਨਾ ਨੂੰ ਹੁਣ ਵੀ ਇਤਿਹਾਸ ਦੀਆਂ ਪਾਠ-ਪੁਸਤਕਾਂ ਵਿਚ ਲਗਾਤਾਰ ਦੁਹਰਾਇਆ ਜਾ ਰਿਹਾ ਹੈ। ਦਰਹਕੀਕਤ, ਤੁਗ਼ਲਕ ਤੁਅੱਸਬੀ ਨਹੀਂ ਸੀ। ਜਦੋਂ ਉਸ ਦੀ ਫ਼ੌਜ ਨੇ ਸ੍ਰੀਰੰਗਮ (ਤਾਮਿਲਨਾਡੂ) ਦੇ ਵੈਸ਼ਨਵ ਤੀਰਥ ਨੂੰ ਲੁੱਟਿਆ ਤਾਂ ਮੰਦਿਰ ਦੇ ਖ਼ਜ਼ਾਨੇ ਤੋਂ ਇਲਾਵਾ ਉੱਥੇ ਸਥਾਪਿਤ ਭਗਵਾਨ ਸ੍ਰੀਰੰਗਨਾਥਸਵਾਮੀ (ਵਿਸ਼ਨੂੰ ਦੇ ਇਕ ਅਵਤਾਰ) ਦੀ ਪ੍ਰਾਚੀਨ ਮੂਰਤੀ ਵੀ ਨਾਲ ਲੈ ਗਏ। ਸ੍ਰੀਰੰਗਮ ਦੇ 52 ਬ੍ਰਾਹਮਣ ਪੁਜਾਰੀਆਂ ਦੀ ਟੋਲੀ ਦਿੱਲੀ ਆ ਕੇ ਸੁਲਤਾਨ ਤੁਗ਼ਲਕ ਨੂੰ ਮਿਲੀ। ਸੁਲਤਾਨ, ਉਨ੍ਹਾਂ ਦੀ ਬੇਨਤੀ ਮੰਨ ਕੇ ਮੂੁਰਤੀ ਮੋੜਨ ਲਈ ਰਾਜ਼ੀ ਹੋ ਗਿਆ। ਮੂਰਤੀ ਮੋੜ ਦਿੱਤੀ ਗਈ ਅਤੇ ਪੁਜਾਰੀਆਂ ਦੀ ਟੋਲੀ ਨੇ ਦੱਖਣ ਵੱਲ ਚਾਲੇ ਪਾ ਦਿੱਤੇ। ਇਸੇ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਸੁਲਤਾਨ ਦੀ 13 ਵਰ੍ਹਿਆਂ ਦੀ ਬੇਟੀ, ਉਸ ਮੂਰਤੀ ਨੂੰ ਆਪਣਾ ਇਸ਼ਟ ਮੰਨ ਚੁੱਕੀ ਹੈ। ਬੇਟੀ ਦੀ ਜ਼ਿੱਦ ਨੂੰ ਦੇਖਦਿਆਂ ਸੁਲਤਾਨ ਨੇ ਉਸ ਨੂੰ ਬ੍ਰਾਹਮਣਾਂ ਦੇ ਪਿੱਛੇ ਪਿੱਛੇ ਦੱਖਣ ਜਾਣ ਦੀ ਇਜਾਜ਼ਤ ਦੇ ਦਿੱਤੀ। ਸ੍ਰੀਰੰਗਮ ਦੇ ਤੀਰਥ ਵਿਚ ਇਸ ਸ਼ਹਿਜ਼ਾਦੀ ਦੀ ‘ਤੁਕਲੂੱਕਾ ਨਾਚਿਆਰ’ (ਤੁਗ਼ਲਕੀ ਸ਼ਹਿਜ਼ਾਦੀ) ਨਾਮੀ ਦੇਵੀ ਦੇ ਰੂਪ ਵਿਚ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮੰਦਿਰ ਦੀ ਇਕ ਦੀਵਾਰ ’ਤੇ ਇਸ ਦੇਵੀ ਦਾ ਵੱਡਾ ਸਾਰਾ ਚਿੱਤਰ ਉਕਰਿਆ ਹੋਇਆ ਹੈ। ਇਸ ਨੂੰ ਜੋ ਪ੍ਰਸ਼ਾਦ, ਭੋਜਨ ਦੇ ਰੂਪ ਵਿਚ ਚੜ੍ਹਾਇਆ ਜਾਂਦਾ ਹੈ, ਉਸ ਵਿਚ ਸਿਰਫ਼ ਉੱਤਰ ਭਾਰਤੀ ਪਕਵਾਨ ਸ਼ਾਮਲ ਹੁੰਦੇ ਹਨ। ਇਸੇ ਸ਼ਹਿਜ਼ਾਦੀ ਦਾ ਇਕ ਮੰਦਿਰ ਮੇਲਕੋਟ (ਕਰਨਾਟਕ) ਦੇ ਤਿਰੂਨਰਾਇਣਪੁਰਮ ਮੰਦਿਰ ਸਮੂਹ ਵਿਚ ਵੀ ਮੌਜੂਦ ਹੈ। ਉੱਥੇ ਸ਼ਹਿਜ਼ਾਦੀ ਦੀ ਬੁਰਕਾਧਾਰੀ ਮੂਰਤੀ ਸੁਸ਼ੋਭਿਤ ਹੈ।
ਹਿੰਦੋਸਤਾਨ ਵਿਚ ਇਸਲਾਮੀ ਹਕੂਮਤ ਦਾ ਮੁੱਢ ਸ਼ਿਹਾਬੂਦੀਨ ਮੁਹੰਮਦ ਗ਼ੌਰੀ (1149-1206) ਨੇ ਬੰਨ੍ਹਿਆ। ਉਸ ਨੂੰ ਸਾਡਾ ‘ਸੈਕੂਲਰ’ ਇਤਿਹਾਸ ਵੀ ਜ਼ਾਲਮ ਤੇ ਤੁਅੱਸਬੀ ਧਾੜਵੀ ਵਜੋਂ ਚਿਤਰਦਾ ਹੈ। ਜੇਕਰ ਉਹ ਅਜਿਹਾ ਸੀ ਤਾਂ ਉਸ ਨੇ ਆਪਣੇ ਸਿੱਕਿਆਂ ਉੱਤੇ ‘ਕਾਫ਼ਿਰਾਂ’ ਦੀ ਦੇਵੀ ਲਕਸ਼ਮੀ ਦੇ ਅਕਸ ਕਿਉਂ ਖੁਣਵਾਏ? ਉਸ ਦੀ ਹਕੂਮਤ ਦੌਰਾਨ ਹਿੰਦੋਸਤਾਨ ’ਚ ਖ਼ਜ਼ਾਨੇ ਨਾਲ ਸਬੰਧਤ ਸਾਰੇ ਕਾਗਜ਼ਾਤ ਉੱਤੇ ਲਕਸ਼ਮੀ ਦੇ ਅਕਸ ਵਾਲੀ ਮੋਹਰ ਕਿਉਂ ਲਾਈ ਜਾਂਦੀ ਸੀ? ਗ਼ੌਰੀ ਦੇ ਕਰੀਬੀ ਸਹਿਯੋਗੀ ਤੇ ਦਿੱਲੀ ਵਿਚ ਗ਼ੁਲਾਮਸ਼ਾਹੀ ਬੰਸ ਦੀ ਹਕੂਮਤ ਦੇ ਸੰਸਥਾਪਕ, ਸੁਲਤਾਨ ਕੁਤਬ-ਉਦ-ਦੀਨ ਐਬਕ ਅਤੇ ਉਸ ਦੇ ਜ਼ਾਨਸ਼ੀਨ, ਅਲਤਮਸ਼ ਨੇ ਵੀ ਮੁਹੰਮਦ ਗ਼ੌਰੀ ਵਾਲੀ ਰਵਾਇਤ ਜਾਰੀ ਰੱਖੀ ਅਤੇ ਇਸ ਦੇ ਖ਼ਿਲਾਫ਼ ਮੁਲਾਣਿਆਂ ਵੱਲੋਂ ਉਭਾਰੇ ਗਏ ਸਾਰੇ ਉਜ਼ਰ ਖਾਰਿਜ ਕਰ ਦਿੱਤੇ।

ਸੁਰਿੰਦਰ ਸਿੰਘ ਤੇਜ

1857 ਦੇ ਆਜ਼ਾਦੀ ਸੰਗਰਾਮ ਨੂੰ ਭਾਰਤ ਵਿਚ ਬ੍ਰਿਟਿਸ਼ ਹੁਕਮਰਾਨਾਂ ਖ਼ਿਲਾਫ਼ ਪਹਿਲੀ ਖੁੱਲ੍ਹੀ ਬਗ਼ਾਵਤ ਮੰਨਿਆ ਜਾਂਦਾ ਹੈ, ਪਰ ਦੱਖਣੀ ਭਾਰਤ ਦਾ ਇਤਿਹਾਸ ਵੱਖਰਾ ਤਸੱਵਰ ਪੇਸ਼ ਕਰਦਾ ਹੈ। ਉਸ ਅਨੁਸਾਰ ਪਹਿਲੀ ਖੁੱਲ੍ਹੀ ਬਗ਼ਾਵਤ 9 ਜੁਲਾਈ 1806 ਨੂੰ ਵੈਲੋਰ (ਤਾਮਿਲਨਾਡੂ) ਵਿਚ ਹੋਈ ਜਦੋਂ ਭਾਰਤੀ ਫ਼ੌਜੀਆਂ ਨੇ 100 ਤੋਂ ਵੱਧ ਬ੍ਰਿਟਿ਼ਸ਼ ਅਫ਼ਸਰਾਂ ਨੂੰ ਮਾਰ ਦਿੱਤਾ। ਇਕ ਅਫ਼ਸਰ ਬਚ ਨਿਕਲਣ ਅਤੇ ਆਰਕੋਟ ਸਥਿਤ ਫ਼ੌਜੀ ਕੈਂਪ ਵਿਚ ਪੁੱਜਣ ’ਚ ਕਾਮਯਾਬ ਹੋ ਗਿਆ। ਦੂਜੇ ਪਾਸੇ ਭਾਰਤੀ ਫ਼ੌਜੀਆਂ ਨੇ ਬ੍ਰਿਟਿਸ਼ ਅਫ਼ਸਰਾਂ ਨੂੰ ਮਾਰਨ ਤੋਂ ਬਾਅਦ ਵੈਲੋਰ ਸ਼ਹਿਰ ’ਚ ਲੁੱਟਮਾਰ ਸ਼ੁਰੂ ਕਰ ਦੇਣ ਦੀ ਗ਼ਲਤੀ ਕੀਤੀ। ਇਸ ਕਾਰਨ ਜਿੱਥੇ ਲੋਕਾਂ ਵਿਚ ਰੋਹ ਫੈਲ ਗਿਆ, ਉੱਥੇ ਬ੍ਰਿਟਿਸ਼ ਅਧਿਕਾਰੀਆਂ ਨੂੰ ਵੀ ਫ਼ੌਜੀ ਕੁਮਕ ਭੇਜਣ ਦਾ ਸਮਾਂ ਮਿਲ ਗਿਆ। ਇਸ ਕੁਮਕ ਨੂੰ ਵੈਲੋਰ ਕਿਲ੍ਹੇ ਦੇ ਦੁਆਰ ਖੁੱਲ੍ਹੇ ਮਿਲੇ। ਕਿਲ੍ਹੇ ਉੱਤੇ ਕਬਜ਼ੇ ਮਗਰੋਂ ਭਾਰਤੀ ਫ਼ੌਜੀਆਂ ਦੀ ਫੜੋਫੜੀ ਦਾ ਸਿਲਸਿਲਾ ਸ਼ੁਰੂ ਹੋਇਆ। ਚਾਰ ਸੌ ਤੋਂ ਵੱਧ ਹਿੰਦੂ, ਮੁਸਲਿਮ ਤੇ ਭਾਰਤੀ ਇਸਾਈ ਫ਼ੌਜੀ ਮੌਤ ਦੇ ਘਾਟ ਉਤਾਰ ਦਿੱਤੇ ਗਏ। ਤਾਮਿਲਨਾਡੂ ਵਿਚ ਇਸ ਸਾਕੇ ਨੂੰ ‘ਵੈਲੋਰ ਦੀ ਖ਼ੂੁਨੀ ਮੌਨਸੂਨ’ ਵਜੋਂ ਯਾਦ ਕੀਤਾ ਜਾਂਦਾ ਹੈ।
ਭਾਰਤੀ ਅਤੀਤ ਨਾਲ ਜੁੜੀਆਂ ਉਪਰੋਕਤ ਸਾਰੀਆਂ ਗਾਥਾਵਾਂ ਯੁਵਾ ਇਤਿਹਾਸਕਾਰ ਮਨੂ ਐੱਸ. ਪਿੱਲੈ ਦੀ ਨਵੀਂ ਕਿਤਾਬ ‘ਦਿ ਕੌਰਟਿਜ਼ੈਨ, ਦਿ ਮਹਾਤਮਾ ਐਂਡ ਦਿ ਇਟੈਲੀਅਨ ਬ੍ਰਾਹਮਿਨ’ (‘ਤਵਾਇਫ਼, ਮਹਾਤਮਾ ਤੇ ਇਤਾਲਵੀ ਬ੍ਰਾਹਮਣ’; ਵੈਸਟਲੈਂਡ ਪਬਲਿਸ਼ਿੰਗ; 384 ਪੰਨੇ; 599 ਰੁਪਏ) ਦਾ ਹਿੱਸਾ ਹਨ। ਮਨੂ ਸੰਯੁਕਤ ਰਾਸ਼ਟਰ ਦੇ ਸਾਬਕਾ ਨਾਇਬ ਸਕੱਤਰ ਜਨਰਲ, ਲੇਖਕ ਤੇ ਹੁਣ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਸਾਬਕਾ ਸਹਾਇਕ ਹੈ। ਥਰੂਰ ਵਾਂਗ ਇਤਿਹਾਸ ਤੇ ਲੇਖਣ ਵਰਗੀਆਂ ਵਿਧਾਵਾਂ ਉੱਤੇ ਉਸ ਦੀ ਡੂੰਘੀ ਪਕੜ ਹੈ। ਉਸ ਦੀ ਪਹਿਲੀ ਕਿਤਾਬ ‘ਦਿ ਆਇਵਰੀ ਥਰੋਨ’ (ਹਾਥੀਦੰਦ ਦਾ ਰਾਜਤਖ਼ਤ) ਸਾਲ 2015 ਦੇ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਨਾਲ ਸਨਮਾਨੀ ਗਈ ਸੀ। ਪਿਛਲੇ ਸਾਲ ਆਈ ਉਸ ਦੀ ਦੂਜੀ ਕਿਤਾਬ ‘ਦਿ ਰੈਬਲ ਸੁਲਤਾਨਜ਼’ (ਬਾਗ਼ੀ ਸੁਲਤਾਨ) ਦੱਖਣ ਭਾਰਤੀ ਸੁਲਤਾਨਾਂ ਬਾਰੇ ਸ਼ਾਹਕਾਰ ਦੇ ਰੂਪ ਵਿਚ ਪ੍ਰਵਾਨੀ ਜਾ ਚੁੱਕੀ ਹੈ। ਹੁਣ ਵਾਲੀ ਕਿਤਾਬ ਉਸ ਵੱਲੋਂ ਅਖ਼ਬਾਰਾਂ ਤੇ ਰਸਾਲਿਆਂ ਲਈ ਲਿਖੇ ਲੇਖਾਂ ਦੇ ਸੰਗ੍ਰਹਿ ਦੇ ਰੂਪ ਵਿਚ ਹੈ। ਅਖ਼ਬਾਰੀ ਕਾਲਮ ਜਾਂ ਲੇਖ ਸ਼ਬਦਾਂ ਦੀ ਗਿਣਤੀ ਦੀਆਂ ਹੱਦਬੰਦੀਆਂ ਦੇ ਮੁਥਾਜ ਹੁੰਦੇ ਹਨ। ਅਜਿਹੀ ਮੁਥਾਜੀ ਦੇ ਬਾਵਜੂਦ ਮਨੂ ਪਿੱਲੈ ਨੇ ਅਤੀਤ ਦੀਆਂ ਘਟਨਾਵਾਂ ਨੂੰ ਵਰਤਮਾਨ ਨਾਲ ਗੁੰਦਣ ਅਤੇ ਇਸ ਅਮਲ ਰਾਹੀਂ ਬਹੁਤ ਕੁਝ ਅਨੂਠਾ ਪਰੋਸਣ ਦੀ ਵਿਧਾ ਦਾ ਬਾਕਮਾਲ ਮੁਜ਼ਾਹਰਾ ਕੀਤਾ ਹੈ। ਇਹ ਕਿਤਾਬ ਸਾਡੇ ਅਤੀਤ ਦੇ ਸਮਨਵੈਅਵਾਦੀ ਤੇ ਸਰਬ ਧਰਮ ਸਮਭਾਵੀ ਸਰੂਪ ਨੂੰ ਹਿੰਦੂਤਵੀ ਮੁਹਾਂਦਰਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਉੱਭਰੀ ਸੁਧਾਰਵਾਦੀ ਲਹਿਰ ਦਾ ਹਿੱਸਾ ਹੈ। ਨਵੇਂ-ਨਿਵੇਕਲੇ ਤੱਥਾਂ ਤੇ ਪ੍ਰਮਾਣਾਂ ਨਾਲ ਲੈਸ ਇਹ ਕਿਤਾਬ ਭਾਰਤੀ ਅਤੀਤ ਦੀ ਧਰਮ ਨਿਰਪੇਖ ਛੱਬ ਨੂੰ ਬੜੇ ਸੁਹਜਮਈ ਢੰਗ ਨਾਲ ਸਾਡੇ ਸਾਹਮਣੇ ਲਿਆਉਂਦੀ ਹੈ। ਇਤਿਹਾਸ ਦੇ ਭਗਵੇਂਕਰਨ ਦੇ ਅਮਲ ਨੂੰ ਮੋੜਾ ਦੇਣ ਦੀ ਇਹੋ ਹੀ ਸਭ ਤੋਂ ਕਾਰਗਰ ਵਿਧੀ ਹੈ।

ਪੁਸਤਕ ਦਾ ਟਾਈਟਲ ਅਤੇ ਕਰਨਲ ਬਲਬੀਰ ਸਿੰਘ ਸਰਾਂ।

* * *

ਚੰਡੀਗੜ੍ਹ ਵਿਚ ਲੱਗਦੇ ਆ ਰਹੇ ਸਾਲਾਨਾ ਫ਼ੌਜੀ ਸਾਹਿਤ ਮੇਲੇ ਵਿਚ ਇਕ ਸੈਸ਼ਨ ਪੰਜਾਬੀ ਵਿਚ ਰਚਿਤ ਫ਼ੌਜੀ ਸਾਹਿਤ ਬਾਰੇ ਹੁੰਦਾ ਹੈ। ਇਹ ਸਵਾਗਤਯੋਗ ਪਹਿਲ ਹੈ। ਉਂਜ, ਹਰ ਵਾਰ ਇਸ ਸੈਸ਼ਨ ਵਿਚ ਅਜਿਹੇ ਸਾਹਿਤ ਦੀ ਕਮੀ ਦੀ ਗੱਲ ਹੁੰਦੀ ਹੈ ਜੋ ਚੁਭਨ ਜਹੀ ਛੱਡ ਜਾਂਦੀ ਹੈ। ਫ਼ੌਜ ਤੇ ਪੰਜਾਬ ਦਾ ਰਿਸ਼ਤਾ ਭਾਵੇਂ ਬਹੁਤ ਪੁਰਾਣਾ-ਪੀਡਾ ਹੈ, ਫਿਰ ਵੀ ਆਪਣੇ ਪਿੰਡੇ ’ਤੇ ਹੰਢਾਈ ਲਾਮ ਬਾਰੇ ਪੰਜਾਬੀ ਵਿਚ ਲਿਖਣ ਵਾਲੇ ਆਟੇ ’ਚ ਲੂਣ ਦੇ ਬਰਾਬਰ ਹਨ। ਅਜਿਹੇ ਆਲਮ ਵਿਚ ਜੋ ਵੀ ਉੱਦਮ ਸਾਹਮਣੇ ਆਉਂਦਾ ਹੈ, ਉਸ ਦਾ ਖ਼ੈਰ-ਮਕਦਮ ਹੋਣਾ ਚਾਹੀਦਾ ਹੈ।
ਅਜਿਹੇ ਹੀ ਖ਼ੈਰ-ਮਕਦਮ ਦੀ ਹੱਕਦਾਰ ਹੈ ਕਰਨਲ ਬਲਬੀਰ ਸਿੰਘ ਸਰਾਂ ਦੀ ਕਿਤਾਬ ‘ਭਾਰਤੀ ਫ਼ੌਜ ਦੀਆਂ ਚੋਣਵੀਆਂ ਲੜਾਈਆਂ’ (ਲੇਖਕ ਵੱਲੋਂ ਖ਼ੁਦ ਪ੍ਰਕਾਸ਼ਿਤ; 150 ਪੰਨੇ; 200 ਰੁਪਏ)। ਕਰਨਲ ਸਰਾਂ ‘ਪੰਜਾਬੀ ਟ੍ਰਿਬਿਊਨ’ ਲਈ ਨਿਯਮਿਤ ਤੌਰ ’ਤੇ ਲਿਖਦੇ ਆ ਰਹੇ ਹਨ। ਦਰਅਸਲ, ਉਨ੍ਹਾਂ ਦੇ ਪੰਜਾਬੀ ਲੇਖਣ ਦੀ ਸ਼ੁਰੂਆਤ ਹੀ ਇਸ ਅਖ਼ਬਾਰ ਤੋਂ ਹੋਈ। ਕਿਤਾਬ ਦੇ ਪਹਿਲੇ ਭਾਗ ਵਿਚ ਉਨ੍ਹਾਂ ਨੇ ਭਾਰਤੀ ਥਲ ਸੈਨਾ ਦੇ ਇਤਿਹਾਸ, ਜੰਗੀ ਪ੍ਰਾਪਤੀਆਂ, ਮੈਡਲਾਂ ਦੇ ਮਹੱਤਵ, ਮੈਡਲ ਜਿੱਤਣ ਵਾਲਿਆਂ ਦੀ ਜਾਂਬਾਜ਼ੀ ਅਤੇ ਜੰਗੀ ਯਾਦਗਾਰਾਂ, ਖ਼ਾਸ ਕਰਕੇ ਅਮਰ ਜਵਾਨ ਜਿਓਤੀ ਬਾਰੇ ਅਹਿਮ ਜਾਣਕਾਰੀ ਦਰਜ ਕੀਤੀ ਹੈ। ਦੂਜਾ ਭਾਗ 1947-48 ’ਚ ਕਸ਼ਮੀਰ ਵਿਚ ਹੋਈ ਹਿੰਦ-ਪਾਕਿ ਜੰਗ ਤੋਂ ਕਾਰਗਿਲ ਯੁੱਧ ਤਕ ਦੀਆਂ ਲੜਾਈਆਂ ਬਾਰੇ ਹੈ। ਇਸ ਭਾਗ ਦੇ 13 ਅਧਿਆਇ ਹਨ। 1965 ਦੀ ਹਿੰਦ-ਪਾਕਿ ਜੰਗ ਦੌਰਾਨ ਹੋਈਆਂ ਆਸਲ-ਉਤਾੜ, ਬਰਕੀ ਜਾਂ ਛੰਭ ਦੀਆਂ ਲੜਾਈਆਂ ਬਾਰੇ ਬਹੁਤ ਕੁਝ ਪੜ੍ਹਨ ਤੇ ਸਿਨੇ-ਪਰਦੇ ਉੱਤੇ ਦੇਖਣ ਦਾ ਮੌਕਾ ਮਿਲਦਾ ਰਿਹਾ ਹੈ, ਪਰ 1962 ਦੀ ਹਿੰਦ-ਚੀਨ ਜੰਗ ਦੌਰਾਨ ਹੋਈ ਰੇਜ਼ਾਂਗਲਾ ਦੀ ਲੜਾਈ ਦਾ ਬਿਰਤਾਂਤ ਸਚਮੁੱਚ ਨਿਵੇਕਲਾ ਹੈ। ਇਸ ਲੜਾਈ ’ਚ ਮੇਜਰ ਸ਼ੈਤਾਨ ਸਿੰਘ ਤੇ ਉਸ ਦੇ ਸਾਥੀਆਂ ਦੀ ਸੂਰਮਗਤੀ ਨੂੰ ਲੇਖਕ ਨੇ ‘ਆਜ਼ਾਦ ਭਾਰਤ ਦੀ ਸਾਰਾਗੜ੍ਹੀ’ ਦਾ ਦਰਜਾ ਦਿੱਤਾ ਹੈ।
ਕਿਤਾਬਾਂ ਲਿਖਣ ਤੇ ਛਪਣ ਦੌਰਾਨ ਦੀ ਪ੍ਰਕਿਰਿਆ ਦਾ ਇਕ ਅਹਿਮ ਮਰਹਲਾ ਪੰਜਾਬੀ ਲੇਖਕਾਂ ਵੱਲੋਂ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹ ਮਰਹਲਾ ਹੈ ਕਿਤਾਬ ਦੇ ਖਰੜੇ ਉੱਤੇ ਸੰਪਾਦਨ ਕਲਾ ਦੀ ਵਾਕਫ਼ੀ ਵਾਲੇ ਤੋਂ ਨਜ਼ਰ ਮਰਵਾਉਣ ਦਾ। ਇਹ ਕਾਰਜ ਕੁਝ ਦਿਨ ਜ਼ਰੂਰ ਲੈ ਸਕਦਾ ਹੈ, ਪਰ ਸ਼ਬਦ ਜੋੜਾਂ ਤੇ ਵਾਕਾਂ ਦੀ ਬਣਤਰ ਦਰੁਸਤ ਕਰਨ, ਤੱਥਾਂ ਦਾ ਬੇਲੋੜਾ ਦੁਹਰਾਅ ਰੋਕਣ ਅਤੇ ਲਿਖਤ ਨੂੰ ਸਹੀ ਤਰਤੀਬ ਤੇ ਰਵਾਨੀ ਬਖ਼ਸ਼ਣ ਪੱਖੋਂ ਇਹ ਚੋਖਾ ਕਾਰਗਰ ਸਾਬਤ ਹੁੰਦਾ ਹੈ। ਬਹੁਤੀਆਂ ਕਿਤਾਬਾਂ ਵਾਂਗ ਕਰਨਲ ਸਰਾਂ ਦੀ ਕਿਤਾਬ ਵੀ ਇਸ ਪੜਾਅ ਵਿਚੋਂ ਨਹੀਂ ਗੁਜ਼ਰੀ ਜਾਪਦੀ। ਉਮੀਦ ਕੀਤੀ ਜਾਂਦੀ ਹੈ ਕਿ ਅਗਲੀ ਵਾਰ ਉਹ ਇਸ ਮੋਰਚੇ ’ਤੇ ਖ਼ਤਾ ਨਹੀਂ ਖਾਣਗੇ।

* * *

ਜਰਮਨ ਟੈਲੀਵਿਜ਼ਨ ਚੈਨਲ ‘ਡੀਡਬਲਿਊ’ (ਡੌਇਸ਼ ਵੈੱਲ) ਉੱਤੇ ਪਾਕਿਸਤਾਨੀ ਵਿਦੇਸ਼ ਮੰਤਰੀ ਮਖ਼ਦੂਮ ਸ਼ਾਹ ਮਹਿਮੂਦ ਕੁਰੈਸ਼ੀ ਦੀ ਇੰਟਰਵਿਊ ਕੁਝ ਪੱਖੋਂ ਚੋਖੀ ਦਿਲਚਸਪ ਰਹੀ। ਭਾਰਤੀ ਮੂੁਲ ਦੀ ਨਿਊਜ਼ ਐਂਕਰ ਅੰਮ੍ਰਿਤਾ ਚੀਮਾ ਵੱਲੋਂ ਲਈ ਇਸ ਇੰਟਰਵਿਊ ਦੌਰਾਨ ਕੁਰੈਸ਼ੀ ਨੇ ਇਕਬਾਲ ਕੀਤਾ ਕਿ ਉਸ ਨੂੰ ਪਾਕਿਸਤਾਨੀ ਗੀਤਾਂ ਨਾਲੋਂ ਭਾਰਤੀ ਫਿਲਮੀ ਗੀਤ (ਖ਼ਾਸ ਤੌਰ ’ਤੇ 1970ਵਿਆਂ ਤੋਂ ਪਹਿਲਾਂ ਦੇ) ਵੱਧ ਪਸੰਦ ਹਨ। ਉਹ ਗੀਤਕਾਰ ਗੁਲਜ਼ਾਰ ਦਾ ਵੱਡਾ ਪ੍ਰਸ਼ੰਸਕ ਹੈ। ਸਭ ਤੋਂ ਵੱਧ ਪਸੰਦੀਦਾ ‘ਗੁਲਜ਼ਾਰ ਗੀਤ’ ਬਾਰੇ ਪੁੱਛੇ ਜਾਣ ’ਤੇ ਉਸ ਨੇ ‘ਇਸ਼ਕੀਆ’ (2010) ਦੇ ਗੀਤ ‘ਦਿਲ ਤੋ ਬੱਚਾ ਹੈ ਜੀ…’ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਸ ਨੇ ਇਸ ਗੀਤ ਦੀ ਇਕ ਸਤਰ ‘ਉਮਰ ਕਬ ਕੀ ਬਰਸ ਕੇ ਸਫ਼ੇਦ ਹੋ ਗਈ, ਕਾਰੀ ਬਦਰੀ ਜਵਾਨੀ ਕੀ ਛਟਤੀ ਨਹੀਂ’ ਦਾ ਹਵਾਲਾ ਦੇ ਕੇ ਕਿਹਾ ਕਿ ਪੰਜਾਹਾਂ ਤੋਂ ਵੱਧ ਦੇ ਮਰਦਾਂ ਦੀ ਮਨੋਦਸ਼ਾ ਨੂੰ ਏਨੇ ਸਹਿਜ, ਸੁਹਜ ਤੇ ਸੰਜਮ ਨਾਲ ਗੁਲਜ਼ਾਰ ਤੋਂ ਬਿਨਾਂ ਹੋਰ ਕੋਈ ਗੀਤਕਾਰ ਬਿਆਨ ਨਹੀਂ ਕਰ ਸਕਿਆ।
ਉਮਰ ਦੇ ਇਸ ਪੜਾਅ ਦਾ ਜ਼ਿਕਰ ਸੁਣ ਕੇ ਕੁਰੈਸ਼ੀ ਦੇ ‘ਬੌਸ’ (ਪਾਕਿਸਤਾਨੀ ਵਜ਼ੀਰੇ ਆਜ਼ਮ) ਇਮਰਾਨ ਖ਼ਾਨ ਬਾਰੇ ਲਾਹੌਰੀ ਸਿਆਸਤਦਾਨ ਤੇ ਕਾਲਮਨਵੀਸ (ਮੋਹਤਰਮਾ) ਜੁਗਨੂੰ ਮੋਹਸਿਨ ਵੱਲੋਂ ਲਿਖਿਆ ਇਕ ਤਨਜ਼ੀਆ ਟੁਕੜਾ ਯਾਦ ਆ ਗਿਆ। ਹਫ਼ਤਾਵਾਰੀ ‘ਫਰਾਈਡੇਅ ਟਾਈਮਜ਼’ ਵਿਚ ਛਪੇ ਇਸ ਟੁਕੜੇ ’ਚ ਜੁਗਨੂੰ ਨੇ ਲਿਖਿਆ, ‘‘ਇਮਰਾਨ ‘ਕਾਰੀ ਬਦਰੀ’ ਨੂੰ ਬਰਕਰਾਰ ਰੱਖਣ ਲਈ ਇਸ ਹੱਦ ਤਕ ਦ੍ਰਿੜ੍ਹ ਹੈ ਕਿ ਰੋਜ਼ ਸਵੇਰੇ ਨਹਾਉਣ ਤੋਂ ਪਹਿਲਾਂ ਅੱਧਾ ਘੰਟਾ ਆਪਣੇ ਵਾਲਾਂ ਦੀਆਂ ਜੜ੍ਹਾਂ ਆਦਿ ’ਤੇ ਕਲਫ਼ਦਾਰੀ ਦੇ ਲੇਖੇ ਲਾਉਂਦਾ ਹੈ। ਜੇਕਰ ਉਹ ਏਨਾ ਹੀ ਸਮਾਂ ਰੋਜ਼ ਅਖ਼ਬਾਰਾਂ ਪੜ੍ਹਨ ’ਤੇ ਲਾ ਦੇਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ ਦੀਆਂ ਅਸਲ ਸਮੱਸਿਆਵਾਂ ਕੀ ਹਨ। ਲੋਕ ਮਸਲਿਆਂ ਨੂੰ ਵਜ਼ੀਰੇ ਆਜ਼ਮ ਦੀ ਕਲਫ਼ ਨਾਲੋਂ ਵੱਧ ਅਹਿਮੀਅਤ ਮਿਲਣੀ ਚਾਹੀਦੀ ਹੈ।’’


Comments Off on ਸਦਭਾਵੀ ਅਤੀਤ ਦੇ ਕਦਮ ਤੇ ਨਿਸ਼ਾਨ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.