ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਸਤਿਆਰਥੀ, ਸਾਹਿਰ ਤੇ ਅੰਮ੍ਰਿਤਾ

Posted On August - 31 - 2019

ਗੁਰਬਚਨ ਸਿੰਘ ਭੁੱਲਰ

ਅੰਮ੍ਰਿਤਾ ਪ੍ਰੀਤਮ ਦੇ 75ਵੇਂ ਜਨਮ ਦਿਨ ਮੌਕੇ ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਤੇ ਰਮੇਸ਼ ਸ਼ਰਮਾ। (ਫੋਟੋ: ਪੰਜਾਬੀ ਅਕਾਦਮੀ, ਦਿੱਲੀ)

ਸਾਹਿਰ ਯੂਨੀਵਰਸਿਟੀ ਦੇ ਇਮਤਿਹਾਨ ਤੋਂ ਮਗਰੋਂ ਵਿਹਲਾ ਸਮਾਂ ਬਿਤਾ ਰਿਹਾ ਸੀ। ਦਾਰ ਜੀ ਗੁਰਬਖ਼ਸ਼ ਸਿੰਘ ਨੇ ਤਾਰੀਖ਼ਾਂ ਦਾ ਐਲਾਨ ਕੀਤਾ ਤਾਂ ਉਹ ਪ੍ਰੀਤ-ਮਿਲਣੀ ਵਿਚ ਸ਼ਾਮਲ ਹੋਣ ਲਈ ਲੁਧਿਆਣਿਉਂ ਪ੍ਰੀਤਨਗਰ ਜਾ ਪਹੁੰਚਿਆ। ਉਸ ਅਨੁਸਾਰ ਉਥੇ ‘ਸਤਿਆਰਥੀ ਨਾਲ਼ ਅਚਾਨਕ ਫੇਰ ਮੇਰੀ ਮੁਲਾਕਾਤ ਹੋ ਗਈ। ਉਹ ਜਦੋਂ ਪੰਡਾਲ ਵਿਚ ਦਾਖ਼ਲ ਹੋਇਆ ਤਾਂ ਭੀੜ ਵਿਚੋਂ ਬਹੁਤ ਸਾਰੇ ਆਦਮੀਆਂ ਨੇ ਉੱਠ ਕੇ ਉਹਦੇ ਹੱਥ ਚੁੰਮੇ ਤੇ ਤੀਵੀਆਂ ਨੇ ਉਹਦੇ ਪੈਰ ਛੋਹੇ। ਸਤਿਆਰਥੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਲੋਕਾਂ ਦੀਆਂ ਸ਼ਰਧਾ ਤੇ ਉਤਾਵਲ ਭਰੀਆਂ ਨਜ਼ਰਾਂ ਵਿਚੋਂ ਲੰਘਦਾ ਹੋਇਆ ਉਹ ਸਟੇਜ ਕੋਲ ਜਾ ਕੇ ਬੈਠ ਗਿਆ।’
ਸਾਹਿਰ ਇਸ ਸਤਿਕਾਰ ਦਾ ਹੱਕਦਾਰ ਬਣਾਉਂਦੀ ਸਤਿਆਰਥੀ ਦੀ ਕੁਰਬਾਨੀ ਦੀ ਵਡਿਆਈ ਕਰਦਾ ਹੈ,‘ਉਹਨੇ ਸੱਚਮੁੱਚ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ। ਲੋਕਗੀਤ ਜਮ੍ਹਾਂ ਕਰਨ ਲਈ ਉਹ ਹਿੰਦੁਸਤਾਨ ਦੀ ਹਰ ਨੁੱਕਰ ਵਿਚ ਗਿਆ ਸੀ। ਉਸ ਨੇ ਅਣਗਿਣਤ ਲੋਕਾਂ ਸਾਹਮਣੇ ਹੱਥ ਫ਼ੈਲਾਇਆ ਸੀ, ਦਰਜਨਾਂ ਬੋਲੀਆਂ ਸਿੱਖੀਆਂ ਸਨ ਤੇ ਕਿਸਾਨਾਂ ਨਾਲ਼ ਕਿਸਾਨ, ਖ਼ਾਨਾਬਦੋਸ਼ਾਂ ਨਾਲ਼ ਖ਼ਾਨਾਬਦੋਸ਼ ਬਣ ਕੇ ਆਪਣੀ ਜਵਾਨੀ ਦੀਆਂ ਉਮੰਗਾਂ-ਭਰੀਆਂ ਰਾਤਾਂ ਦਾ ਗਲ਼ ਘੁੱਟ ਸੁੱਟਿਆ ਸੀ। ਪਰ ਉਸ ਦੀ ਸਾਰੀ ਕੋਸ਼ਿਸ਼, ਸਾਰੀ ਮਿਹਨਤ ਤੇ ਸਾਰੀ ਕੁਰਬਾਨੀ ਦੇ ਬਦਲੇ ਉਹਨੂੰ ਕੀ ਮਿਲਿਆ? ਭੁੱਖਾਂ ਨਾਲ਼ ਭਰੀ ਜ਼ਿੰਦਗੀ ਤੇ ਇਕ ਅਤ੍ਰਿਪਤ ਮਨ!’

ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ।

ਉਰਦੂ ਮੁਸ਼ਾਇਰੇ ਤੋਂ ਪਹਿਲਾਂ ਪੰਜਾਬੀ ਕਵੀ-ਦਰਬਾਰ ਹੋਇਆ ਜਿਸ ਵਿਚ ਸਤਿਆਰਥੀ ਨੇ ਕਵਿਤਾ ਸੁਣਾਈ: ‘ਹਿੰਦੁਸਤਾਨ, ਓ ਹਿੰਦੁਸਤਾਨ! ਤੇਰੇ ਹਲ਼ ਨੇ ਲਹੂ-ਲੁਹਾਨ, ਓ ਹਿੰਦੁਸਤਾਨ! ਤੇਰੇ ਲੀੜੇ ਲੀਰਾਂ-ਲੀਰਾਂ, ਤੇਰੇ ਪੈਰੀਂ ਟੁੱਟੇ ਛਿੱਤਰ, ਤੇਰਾ ਢਿੱਡ ਕਬਰ ਸਦੀਆਂ ਦੀ, ਓ ਹਿੰਦੁਸਤਾਨ…!’ ਸਾਹਿਰ ਦਸਦਾ ਹੈ,‘ਸਟੇਜ ’ਤੇ ਖੜੋਤਾ ਉਹ ਕੋਈ ਅਲੋਕਾਰ ਬੰਦਾ ਦਿੱਸ ਰਿਹਾ ਸੀ ਜਿਸ ਦੀ ਸ਼ਖ਼ਸੀਅਤ ਕਿਸੇ ਚਿੰਤਕ, ਸੰਨਿਆਸੀ ਤੇ ਕਵੀ ਦਾ ਰਲਵਾਂ ਪ੍ਰਭਾਵ ਪਾ ਰਹੀ ਸੀ। ਉਹ ਆਪਣੀ ਕਵਿਤਾ ਵਿਚ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਦਾ ਜ਼ਿਕਰ ਇੰਜ ਸਹਿਜ-ਸੁਭਾਵਿਕ ਢੰਗ ਨਾਲ਼ ਕਰ ਰਿਹਾ ਸੀ ਕਿ ਸੁਣਨ ਵਾਲ਼ੇ ਆਪਣੇ ਆਪ ਨੂੰ ਉਹਨਾਂ ਇਲਾਕਿਆਂ ਵਿਚ ਸਾਹ ਲੈਂਦੇ ਮਹਿਸੂਸ ਕਰ ਰਹੇ ਸਨ। ਇਹ ਕਾਮਯਾਬ ਬਿਆਨ ਸਤਿਆਰਥੀ ਦੀ ਵਰ੍ਹਿਆਂ ਦੀ ਸਾਧਨਾ ਦਾ ਤੇ ਸਾਰਾ ਮੁਲਕ ਗਾਹੁਣ ਦਾ ਨਤੀਜਾ ਸੀ। ਮੈਨੂੰ ਲੱਗਾ ਕਿ ਹਿੰਦੁਸਤਾਨ ਦਾ ਕੋਈ ਕਵੀ, ਚਾਹੇ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਆਪਣੇ ਦੇਸ ਦੀ ਆਤਮਾ ਨੂੰ ਰੂਪਮਾਨ ਕਰਨ ਵਿਚ ਸਤਿਆਰਥੀ ਦੀ ਬਰਾਬਰੀ ਨਹੀਂ ਕਰ ਸਕਦਾ।’
ਕਵੀ-ਦਰਬਾਰ ਦੇ ਖ਼ਾਤਮੇ ਅਤੇ ਮੁਸ਼ਾਇਰੇ ਦੀ ਸ਼ੁਰੂਆਤ ਵਿਚਕਾਰਲੇ ਵਿਹਲੇ ਸਮੇਂ ਵਿਚ ਸਾਹਿਰ ਤੇ ਸਤਿਆਰਥੀ ਇਕ ਪਾਸੇ ਖੜ੍ਹੇ ਗੱਲਾਂ ਮਾਰ ਰਹੇ ਸਨ। ਏਨੇ ਨੂੰ ਉਰਦੂ ‘ਪ੍ਰੀਤਲੜੀ’ ਦੇ ਸਹਾਇਕ ਸੰਪਾਦਕ ਸ਼ਮਸ਼ੇਰ ਸਿੰਘ ਖੰਜਰ ਨੇ ਮੁਸ਼ਾਇਰੇ ਦੇ ਪ੍ਰਧਾਨ ਦਾ ਨਾ ਆਉਣਾ ਦੱਸ ਕੇ ਸਾਹਿਰ ਦੀ ਰਾਇ ਆ ਪੁੱਛੀ। ਖੰਜਰ, ਲੰਗੜਾਉਂਦਾ ਹੋਇਆ, ਛਟੀ ਦੇ ਸਹਾਰੇ ਤੁਰਦਾ ਉਹਦੇ ਆਖਿਆਂ ਪ੍ਰਧਾਨ ਬਣਾਉਣ ਲਈ ਡਾਕਟਰ ਅਖ਼ਤਰ ਹੁਸੈਨ ਰਾਏਪੁਰੀ ਨੂੰ ਲੱਭਣ ਚਲਿਆ ਗਿਆ। ਸਤਿਆਰਥੀ ਕਹਿੰਦੇ,‘ਮੈਂ ਬਹੁਤ ਚਿਰ ਤੋਂ ਖੰਜਰ ਨੂੰ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ ਪਰ ਝਿਜਕਦਾ ਹਾਂ।… ਇਹ ‘ਖੰਜਰ’ ਤਖ਼ੱਲੁਸ ਇਹਨੇ ਲੱਤ ਟੁੱਟਣ ਤੋਂ ਪਹਿਲਾਂ ਰੱਖਿਆ ਸੀ ਕਿ ਮਗਰੋਂ?’

ਦੇਵਿੰਦਰ ਸਤਿਆਰਥੀ ਤੇ ਸਾਹਿਰ ਲੁਧਿਆਣਵੀ।

ਸਾਹਿਰ ਲਿਖਦਾ ਹੈ,‘ਐਨ ਉਸ ਵੇਲ਼ੇ ਸਾਹਮਣਿਉਂ ਇਕ ਪੰਜਾਬੀ ਕਵਿੱਤਰੀ ਆਉਂਦੀ ਵਿਖਾਈ ਦਿੱਤੀ। ਸਤਿਆਰਥੀ ਨੇ ਕਵਿੱਤਰੀ ਨੂੰ ਕਿਹਾ, ਕਿਥੇ ਚੱਲੇ ਹੋ, ਉਰਦੂ ਮੁਸ਼ਾਇਰਾ ਨਹੀਂ ਸੁਣੋਗੇ? ਉਹ ਬੋਲੀ, ਜ਼ਰੂਰ ਸੁਣਾਂਗੀ, ਬੈਠੀ ਬੈਠੀ ਕੁਝ ਥੱਕ ਗਈ ਸਾਂ, ਇਸ ਲਈ ਏਧਰ ਆ ਗਈ। ਸਤਿਆਰਥੀ ਨੇ ਗੱਲ ਅੱਗੇ ਵਧਾਈ, ਹਾਂ ਹਾਂ, ਜ਼ਰੂਰ ਸੁਣਨਾ, ਅੱਜ ਮੈਂ ਆਪਣੀ ਇਕ ਉਰਦੂ ਨਜ਼ਮ ਸੁਣਾਵਾਂਗਾ।…’
ਸਤਿਆਰਥੀ ਨੇ ਪੁੱਛਿਆ,‘ਸਾਹਿਰ, ਤੁਸੀਂ ਇਹਨਾਂ ਦੀ ਨਜ਼ਮ ਸੁਣੀ ਸੀ?’ ਸਾਹਿਰ ਬੋਲਿਆ,‘ਜੀ ਹਾਂ, ਬਹੁਤ ਖ਼ੂਬਸੂਰਤ ਨਜ਼ਮ ਸੀ। ਤੇ ਉਸ ਵਿਚ ਰਵਾਨੀ ਤੇ ਸ਼ਿੱਦਤ ਤੇ ਗਹਿਰਾਈ ਕਿੰਨੀ ਜ਼ਿਆਦਾ ਸੀ! ਵਾਹ ਵਾਹ! ਮੈਂ ਤਾਂ ਸੋਚਦਾ ਹਾਂ ਕਿ ਮੈਨੂੰ ਸ਼ਾਇਰੀ ਕਰਨੀ ਛੱਡ ਦੇਣੀ ਚਾਹੀਦੀ ਹੈ।’ ਕਵਿੱਤਰੀ ਨੇ ਕਿਹਾ,‘ਇਹ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਤਾਂ ਏਨਾ ਚੰਗਾ ਲਿਖਦੇ ਹੋ!’ ਸਤਿਆਰਥੀ ਨੇ ਸਾਹਿਰ ਨੂੰ ਚੂੰਢੀ ਵੱਢ ਕੇ ਸੁਆਦ ਲਿਆ,‘ਜੀ ਹਾਂ, ਜੀ ਹਾਂ, ਪਰ ਉਹ ਗੱਲ ਪੈਦਾ ਨਹੀਂ ਹੁੰਦੀ।’
ਖੰਜਰ ਫੇਰ ਆ ਖਲੋਤਾ। ਉਹਨੇ ਡਾਕਟਰ ਰਾਏਪੁਰੀ ਦਾ ਵੀ ਵਾਪਸ ਚਲੇ ਜਾਣਾ ਦੱਸ ਕੇ ਫ਼ਿਕਰ ਕੀਤਾ ਕਿ ਸ਼ਾਇਰਾਂ ਦੀਆਂ ਤਿੰਨ ਟੋਲੀਆਂ ਸਦਾਰਤ ਲਈ ਤਿੰਨ ਵੱਖ-ਵੱਖ ਨਾਂ ਦੇ ਰਹੀਆਂ ਹਨ। ਕਵਿੱਤਰੀ ਨੇ ਮੁਸਕਰਾ ਕੇ ਕਿਹਾ,‘ਤੁਹਾਡੇ ਸ਼ਾਇਰਾਂ ਵਿਚ ਸਦਰ ਬਣਾਉਣ ਲਈ ਵੀ ਝਗੜੇ ਹੁੰਦੇ ਨੇ?’ ਸਾਹਿਰ ਬੋਲਿਆ,‘ਕੁਛ ਇਹੋ ਜਿਹੀ ਹੀ ਗੱਲ ਹੈ।’ ਕਵਿੱਤਰੀ ਨੇ ਪੁੱਛਿਆ,‘ਕਿਉਂ?’ ਸਾਹਿਰ ਲਿਖਦਾ ਹੈ,‘ਉਸ ਦੀ ਸਾਦਗੀ ’ਤੇ ਮੈਨੂੰ ਬਹੁਤ ਪਿਆਰ ਆਇਆ। ਮੈਂ ਕਿਹਾ, ਹਾਲੀਂ ਸ਼ਾਇਰਾਂ ਦੇ ਸਾਹਮਣੇ ਜ਼ਿਆਦਾ ਅਹਿਮ ਮਕਸਦ ਨਹੀਂ ਹਨ। ਜਦ ਹੋ ਜਾਣਗੇ ਤਾਂ ਉਹ ਏਨੀਆਂ ਨਿਗੂਣੀਆਂ ਗੱਲਾਂ ਬਾਰੇ ਝਗੜਨਾ ਬੰਦ ਕਰ ਦੇਣਗੇ।’ ਕਵਿੱਤਰੀ ਚੁੱਪ ਰਹੀ।
ਸਾਹਿਰ ਨੇ ਪੁੱਛਿਆ,‘ਕੀ ਤੁਸੀਂ ਸਾਡੀ ਮਦਦ ਨਹੀਂ ਕਰ ਸਕਦੇ?’ ਉਹ ਹੈਰਾਨ ਹੋਈ,‘ਮੈਂ?… ਮੈਂ ਕੀ ਮਦਦ ਕਰ ਸਕਦੀ ਹਾਂ?’ ਸਾਹਿਰ ਨੇ ਕਿਹਾ,‘ਤੁਸੀਂ ਸਾਡੇ ਮੁਸ਼ਾਇਰੇ ਦੀ ਸਦਾਰਤ ਕਰਨਾ ਕਬੂਲ ਕਰ ਲਵੋ।’ ਉਹਨੇ ਉਜਰ ਕੀਤਾ,‘ਪਰ ਮੈਂ ਤਾਂ ਪੰਜਾਬੀ ਵਿਚ ਲਿਖਦੀ ਹਾਂ!’ ਸਾਹਿਰ ਬੋਲਿਆ,‘ਇਹ ਤਾਂ ਸਗੋਂ ਚੰਗੀ ਗੱਲ ਏ, ਵਰਨਾ ਜ਼ਾਹਿਰ ਹੈ ਕਿ ਇਕ ਮੁਸ਼ਾਇਰੇ ਦੇ ਤਿੰਨ ਸਦਰ ਨਹੀਂ ਬਣਾਏ ਜਾ ਸਕਦੇ, ਦੋ ਗਰੋਹ ਹਰ ਹਾਲਤ ਵਿਚ ਨਾਰਾਜ਼ ਹੋ ਜਾਣਗੇ।’ ਕਵਿੱਤਰੀ ਨੇ ਡਰ ਦੱਸਿਆ,‘ਪਰ ਇਹ ਵੀ ਤਾਂ ਹੋ ਸਕਦਾ ਏ ਕਿ ਮੇਰੇ ਸਦਰ ਬਣਨ ’ਤੇ ਤਿੰਨੋਂ ਹੀ ਨਾਰਾਜ਼ ਹੋ ਜਾਣ!’ ਹੁਣ ਖੰਜਰ ਬੋਲਿਆ,‘ਨਹੀਂ, ਤੁਸੀਂ ਔਰਤ ਹੋ, ਇਸ ਲਈ ਇੰਜ ਨਹੀਂ ਹੋਵੇਗਾ।’ ਤਦੇ ਸਾਹਿਰ ਨੇ ਖੰਜਰ ਨੂੰ ਕਿਹਾ,‘ਤੁਸੀਂ ਜਾ ਕੇ ਸਟੇਜ-ਸੈਕ੍ਰੈਟਰੀ ਨੂੰ ਇਹਨਾਂ ਦਾ ਨਾਂ ਸਦਾਰਤ ਲਈ ਦੇ ਦਿਉ।’
ਸਾਹਿਰ ਦਸਦਾ ਹੈ,‘ਖੰਜਰ ਚਲਿਆ ਗਿਆ। ਇਕ ਮਿੰਟ ਪਿੱਛੋਂ ਕਵਿੱਤਰੀ ਵੀ ਚਲੀ ਗਈ। ‘ਓ ਹਰਾਮਜ਼ਾਦੇ!’ ਸਤਿਆਰਥੀ ਚੀਕਿਆ। ਤੇ ਫੇਰ ਉਹ ਵੀ ਚਲਿਆ ਗਿਆ।’
ਕੁਛ ਸਮੇਂ ਮਗਰੋਂ ਸਾਹਿਰ ਲਾਹੌਰ ਤੋਂ ਨਿੱਕਲਦੇ ਉਰਦੂ ਦੇ ਰਸਾਲੇ ‘ਅਦਬੇ-ਲਤੀਫ਼’ ਦੇ ਸੰਪਾਦਕੀ ਮੰਡਲ ਵਿਚ ਸ਼ਾਮਲ ਹੋ ਗਿਆ ਤਾਂ ਸਤਿਆਰਥੀ ਦਾ ਬਹੁਤਾ ਸਮਾਂ ਉਹਦੇ ਨਾਲ਼ ਹੀ ਬੀਤਣ ਲਗਿਆ। ਜਦੋਂ ਹੁਲਾਰੇ ਵਿਚ ਆਉਂਦੇ, ਉਹ ਸਾਹਿਰ ਨੂੰ ਲੋਕਗੀਤ ਸੁਣਾਉਣ ਲਗਦੇ ਤੇ ਫੇਰ ਅਚਾਨਕ ਚੁੱਪ ਹੋ ਜਾਂਦੇ ਤੇ ਆਖਦੇ,‘ਮੇਰੀ ਮਾਇਕ ਹਾਲਤ ਭਾਵੇਂ ਕਿੰਨੀ ਵੀ ਬੁਰੀ ਕਿਉਂ ਨਾ ਹੋਵੇ, ਮੈਂ ਮਹਾਨ ਹਾਂ!’ ਸਾਹਿਰ ਆਖਦਾ,‘ਇਸ ਵਿਚ ਕੀ ਸ਼ੱਕ ਏ!’ ਉਹ ਸਾਹਿਰ ਦੇ ਮੋਢੇ ’ਤੇ ਧੱਫਾ ਮਾਰ ਕੇ ਹਸਦੇ,‘ਤੁਸੀਂ ਵੀ ਮਹਾਨ ਹੋ!… ਅਸੀਂ ਦੋਵੇਂ ਹੀ ਮਹਾਨ ਹਾਂ!’
ਇਕ ਦਿਨ ਸਾਹਿਰ ਦਫ਼ਤਰ ਪਹੁੰਚਿਆ ਤਾਂ ਇਕ ਓਪਰਾ ਨੌਜਵਾਨ ਬੈਠਾ ਸੀ। ਉਹ ਉਹਦੀ ਪਛਾਣ ਪੁੱਛਣ ਹੀ ਲਗਿਆ ਸੀ ਕਿ ਨੌਜਵਾਨ ਬੋਲਿਆ,‘ਮੈਂ ਦੇਵਿੰਦਰ ਸਤਿਆਰਥੀ!’ ਸਾਹਿਰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਦਾੜ੍ਹੀ-ਮੁੱਛ ਗ਼ਾਇਬ, ਸਿਰ ਉੱਤੇ ਛੋਟੇ-ਛੋਟੇ ਵਾਲ਼! ਸਾਹਿਰ ਨੇ ਚਾਹ ਦੇ ਬਹਾਨੇ ਹੋਟਲ ਵਿਚ ਵੱਖਰੇ ਲਿਜਾ ਕੇ ਕਾਰਨ ਪੁੱਛਿਆ ਤਾਂ ਉਹ ਬੋਲੇ, ਐਵੇਂ ਈ! ਸਾਹਿਰ ਦੀ ਤਸੱਲੀ ਨਾ ਹੋਈ,‘ਇਹ ਤਾਂ ਕੋਈ ਜਵਾਬ ਨਾ ਹੋਇਆ। ਆਖ਼ਰ ਕੁਛ ਤਾਂ ਵਜਾਹ ਹੋਵੇਗੀ?’
ਸਤਿਆਰਥੀ ਨੇ ਕਿਹਾ,‘ਵਜਾਹ?… ਵਜਾਹ ਦਰਅਸਲ ਇਹ ਹੈ ਕਿ ਮੈਂ ਆਪਣੇ ਉਸ ਰੂਪ ਤੋਂ ਤੰਗ ਆ ਗਿਆ ਸਾਂ। ਸ਼ੁਰੂ-ਸ਼ੁਰੂ ਵਿਚ ਜਦ ਮੈਂ ਗੀਤ ਇਕੱਠੇ ਕਰਨ ਲਈ ਨਿੱਕਲਿਆ ਸਾਂ ਤਾਂ ਮੇਰੀ ਦਾੜ੍ਹੀ ਨਹੀਂ ਸੀ। ਉਸ ਵੇਲ਼ੇ ਮੈਨੂੰ ਗੀਤ ਇਕੱਠੇ ਕਰਨ ਵਿਚ ਬੜੀ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕ ਮੇਰੇ ’ਤੇ ਭਰੋਸਾ ਨਹੀਂ ਸਨ ਕਰਦੇ। ਕੁੜੀਆਂ ਮੇਰੇ ਕੋਲ ਬੈਠਦਿਆਂ ਝਿਜਕਦੀਆਂ ਸਨ। ਸੋ ਮੈਂ ਦਾੜ੍ਹੀ-ਮੁੱਛਾਂ ਤੇ ਸਿਰ ਦੇ ਵਾਲ ਵਧਾ ਲਏ ਤੇ ਬਿਲਕੁਲ ਦਰਵੇਸ਼ ਵਰਗੀ ਸ਼ਕਲ ਬਣਾ ਲਈ। ਉਸ ਰੂਪ ਨੇ ਮੇਰੇ ਲਈ ਬਹੁਤ ਸਾਰੀਆਂ ਸਹੂਲਤਾਂ ਪੈਦਾ ਕਰ ਦਿੱਤੀਆਂ। ਪੇਂਡੂ ਲੋਕ ਮੇਰੀ ਇੱਜ਼ਤ ਕਰਨ ਲੱਗ ਪਏ। ਕੁੜੀਆਂ ਮੈਨੂੰ ਕਲੰਦਰ ਸਮਝ ਕੇ ਮੇਰੇ ਕੋਲੋਂ ਤਵੀਤ ਮੰਗਣ ਲੱਗ ਪਈਆਂ। ਮੈਂ ਵੇਖਿਆ, ਹੁਣ ਉਹਨਾਂ ਨੂੰ ਮੇਰੇ ਕੋਲ ਬੈਠਣ ਵਿਚ ਝਿਜਕ ਮਹਿਸੂਸ ਨਹੀਂ ਸੀ ਹੁੰਦੀ। ਮੈਂ ਘੰਟਿਆਂ-ਬੱਧੀ ਉਹਨਾਂ ਦੇ ਗੀਤ ਸੁਣਦਾ ਰਹਿੰਦਾ। ਹੁਣ ਮੈਨੂੰ ਭਿੱਛਿਆ ਵੀ ਸੌਖੀ ਮਿਲ ਜਾਂਦੀ। ਤੇ ਬਿਨਾਂ-ਟਿਕਟ ਰੇਲ ਦੇ ਸਫ਼ਰ ਵਿਚ ਵੀ ਸਹੂਲਤ ਹੋ ਗਈ। ਹੌਲ਼ੀ-ਹੌਲ਼ੀ ਦਾੜ੍ਹੀ-ਮੁੱਛਾਂ ਤੇ ਜਟਾਵਾਂ ਮੇਰੀ ਸ਼ਖ਼ਸੀਅਤ ਦਾ ਇਕ ਅੰਗ ਬਣ ਗਈਆਂ।’
ਸਾਹਿਰ ਦੇ ‘ਫੇਰ?’ ਪੁੱਛਣ ਉੱਤੇ ਉਹ ਬੋਲੇ,‘ਫੇਰ ਮੈਂ ਸ਼ਹਿਰ ਆ ਗਿਆ।… ਹੋਰ ਲੇਖਕ ਆਪਸ ਵਿਚ ਬੜੀ ਬੇਤਕੱਲਫ਼ੀ ਨਾਲ਼ ਪੇਸ਼ ਆਉਂਦੇ ਤੇ ਹਾਸਾ-ਮਜ਼ਾਕ ਕਰਦੇ ਪਰ ਜਦ ਉਹ ਮੇਰੇ ਨਾਲ਼ ਗੱਲਾਂ ਕਰਦੇ, ਉਹਨਾਂ ਦੇ ਲਹਿਜ਼ੇ ਵਿਚ ਤਕੱਲਫ਼ ਆ ਜਾਂਦਾ। ਮੇਰੇ ਤੇ ਉਹਨਾਂ ਵਿਚਕਾਰ ਸਤਿਕਾਰ ਦਾ ਇਕ ਪਰਦਾ ਜਿਹਾ ਆ ਖਲੋਂਦਾ।… ਆਮ ਲੋਕ ਵੀ ਜਦ ਮੇਰੇ ਸਾਹਮਣੇ ਆਉਂਦੇ ਤਾਂ ਬੜੇ ਸਨਮਾਨ ਨਾਲ਼ ਬੈਠ ਜਾਂਦੇ, ਜਿਵੇਂ ਉਹ ਕਿਸੇ ਦੇਵਤੇ ਦੇ ਸਾਹਮਣੇ ਬੈਠੇ ਹੋਣ, ਆਪਣੇ ਨਾਲ਼ੋਂ ਵੱਖਰੀ ਤੇ ਉੱਚੀ ਹਸਤੀ ਦੇ ਸਾਹਮਣੇ!’

ਗੁਰਬਚਨ ਸਿੰਘ ਭੁੱਲਰ

ਸਾਹਿਰ ਦੀ ਅਗਲੀ ‘ਫੇਰ?’ ਦੇ ਜਵਾਬ ਵਿਚ ਉਹਨਾਂ ਨੇ ਗੱਲ ਅੱਗੇ ਵਧਾਈ,‘ਆਮ ਮਰਦਾਂ ਦੀ ਨਜ਼ਰ ਪੈਣ ਸਾਰ ਹੀ ਜਵਾਨ ਕੁੜੀਆਂ ਦੇ ਚਿਹਰਿਆ ’ਤੇ ਲਾਲੀ ਫਿਰ ਜਾਂਦੀ, ਉਹਨਾਂ ਦੀਆਂ ਗੱਲ੍ਹਾਂ ਭਖ ਉਠਦੀਆਂ, ਪਰ ਜਦ ਮੈਂ ਉਹਨਾਂ ਵੱਲ ਦੇਖਦਾ ਤਾਂ ਉਹਨਾਂ ਦੀਆਂ ਗੱਲ੍ਹਾਂ ਦਾ ਰੰਗ ਨਾ ਬਦਲਦਾ। ਉਹ ਫ਼ੈਸਲਾ ਨਾ ਕਰ ਸਕਦੀਆਂ ਕਿ ਮੈਂ ਉਹਨਾਂ ਵੱਲ ਪਿਤਾ ਦੀ ਨਜ਼ਰ ਨਾਲ਼ ਦੇਖ ਰਿਹਾ ਹਾਂ ਜਾਂ ਪ੍ਰੇਮੀ ਦੀ ਨਜ਼ਰ ਨਾਲ਼। ਤੇ ਮੈਂ ਉਸ ਜੀਵਨ ਤੋਂ ਤੰਗ ਆ ਗਿਆ ਸਾਂ।… ਅਖ਼ੀਰ ਮੈਂ ਫ਼ੈਸਲਾ ਕੀਤਾ ਕਿ ਆਪਣੀ ਇਸ ਸ਼ਕਲ ਨੂੰ ਬਦਲ ਦਿਆਂਗਾ। ਮੈਂ ਦੇਵਤਾ ਨਹੀਂ, ਆਦਮੀ ਹਾਂ। ਤੇ ਮੈਂ ਆਦਮੀ ਬਣ ਕੇ ਹੀ ਜਿਉਣਾ ਚਾਹੁੰਦਾ ਹਾਂ!’
ਸਾਹਿਰ ਨੇ ਆਖ਼ਰੀ ਵਾਰ ‘ਫੇਰ?’ ਪੁੱਛਿਆ ਤਾਂ ਸਤਿਆਰਥੀ ਮੁਸਕਰਾਏ,‘ਫੇਰ?… ਫੇਰ ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਹਾਂ!’ ਪਰ ਗੱਲ ਸਾਹਿਰ ਦੇ ਸਾਹਮਣੇ ਬੈਠਣ ਨਾਲ਼ ਹੀ ਨਾ ਮੁੱਕੀ। ਜਦੋਂ ਕੋਈ ਕੁਛ ਅਜੀਬ ਜਿਹੀ ਗੱਲ ਹੋ ਜਾਂਦੀ, ਸਤਿਆਰਥੀ ਆਖਿਆ ਕਰਦੇ ਸਨ,‘ਟਾਹਲੀ ਟੱਪ ਗਿਆ ਚੰਗਿਆੜਾ!’ ਇਥੇ ਚੰਗਿਆੜਾ ਸਿਰਫ਼ ਟਾਹਲੀ ਹੀ ਨਾ ਟੱਪਿਆ ਸਗੋਂ ਕਵਿੱਤਰੀ ਦੇ ਵਿਹੜੇ ਜਾ ਡਿੱਗਿਆ ਤੇ ਉਥੇ ਫੋਟੋਆਂ ਦੇ ਬਹਾਨੇ ਧੁਖ ਕੇ ਬਲ਼ਣ ਦੇ ਆਹਰ ਵੀ ਲੱਗ ਗਿਆ!
ਕਵਿੱਤਰੀ ਨਾਲ਼ ਸਤਿਆਰਥੀ ਦੀ ਸਾਹਿਤਕਾਰਾਨਾ ਮੇਲ-ਮੁਲਾਕਾਤ ਉਸ ਦੀ ਲਿਖਣ ਦੀ ਚੜ੍ਹਦੀ ਉਮਰੇ ਹੀ ਹੋ ਗਈ ਸੀ। ਲਗਦਾ ਹੈ, ਉਹ ਮੋਹੇ ਤਾਂ ਉਹਨਾਂ ਦਿਨਾਂ ਵਿਚ ਹੀ ਗਏ ਪਰ ਸਾਹਿਰ ਵਰਗਿਆਂ ਦੇ ਮੁਕਾਬਲੇ ਇਸ਼ਕ ਵਿਚ ਨਾਤਜਰਬੇਕਾਰ ਹੋਣ ਕਰਕੇ ਸੁਹਿਰਦ ਹੁੰਦਿਆਂ ਵੀ ਕੁਛ ਨਾ ਕੁਛ ਅਜਿਹਾ ਕਸੂਤਾ ਕਹਿ-ਕਰ ਬੈਠਦੇ ਕਿ ਸਾਰੀ ਖੇਡ ਵਿਗੜ ਜਾਂਦੀ। ਮੋਹ ਦਾ ਪਤਾ ਤਾਂ ਉਸ ਕਰਾਰੀ ਗਾਲ਼ ਤੋਂ ਲੱਗ ਜਾਂਦਾ ਹੈ ਜੋ ਉਹ ਸਾਹਿਰ ਨੂੰ ਕਵਿੱਤਰੀ ਦੀ ਨਜ਼ਰ ਵਿਚ ਨੰਬਰ ਬਣਾਏ ਦੇਖ ਕੇ ਕਢਦੇ ਹਨ। ਤੇ ਕਸੂਤਾਪਣ ਤਸਵੀਰਾਂ ਵਾਲ਼ੀ ਘਟਨਾ ਤੋਂ ਉਜਾਗਰ ਹੋ ਜਾਂਦਾ ਹੈ। ਸੁਹਿਰਦਤਾ ਤੇ ਕਸੂਤੇਪਣ ਦਾ ਇਹ ਸਮਾਨੰਤਰ ਸਿਲਸਿਲਾ ਸਤਿਆਰਥੀ ਤੇ ਕਵਿੱਤਰੀ ਵਿਚਕਾਰ ਉਮਰ-ਭਰ ਚਲਦਾ ਰਿਹਾ।
ਇਕ ਦਿਨ ਜਦੋਂ ਕਵਿੱਤਰੀ ਨੇ ਸਾਹਿਰ ਤੋਂ ਸਤਿਆਰਥੀ ਦਾ ਦਾੜ੍ਹੀ-ਸਿਰ ਮੁਨਾਉਣਾ ਸੁਣਿਆ ਤਾਂ ਉਹ ਹੈਰਾਨ ਰਹਿ ਗਈ ਤੇ ਕਹਿਣ ਲੱਗੀ,‘ਮੈਂ ਸਤਿਆਰਥੀ ਨੂੰ ਇਸ ਨਵੇਂ ਰੂਪ ਵਿਚ ਇਕ ਵਾਰ ਵੇਖਣਾ ਚਾਹੁੰਦੀ ਹਾਂ। ਕੀ ਤੁਸੀਂ ਉਹਨਾਂ ਨੂੰ ਇਥੇ ਲਿਆ ਸਕੋਗੇ?’ ਸਤਿਆਰਥੀ ਜੀ ਵੀ ਹੈਰਾਨ ਹੋਏ, ‘ਸੱਚ?… ਤਾਂ ਫੇਰ ਕਦ ਚਲੋਗੇ?’ ਸਾਹਿਰ ਨੇ ਤਾਂ ‘ਭਲਕੇ ਕਿਸੇ ਵੇਲ਼ੇ’ ਕਿਹਾ ਸੀ ਪਰ ਉਹਨਾਂ ਨੇ ਸਵੇਰੇ, ਠੀਕ ਪੌਣੇ ਛੇ ਵਜੇ ਉਹਨੂੰ ਜਾ ਜਗਾਇਆ। ਸਾਹਿਰ ਨੇ ਪੁੱਛਿਆ, ‘ਤੁਸੀਂ ਰਾਤ ਸੁੱਤੇ ਵੀ ਸੀ ਜਾਂ ਨਹੀਂ?’ ਪਰ ਉਹਦੀ ਪੁੱਛ ਨੂੰ ਅਣਗੌਲੀ ਕਰਦਿਆਂ ਉਹਨਾਂ ਨੇ ਬੜੇ ਭੇਤ-ਭਰੇ ਲਹਿਜ਼ੇ ਵਿਚ ਪੁੱਛਿਆ,‘ਇਕ ਗੱਲ ਦੱਸੋ। ਮੈਂ ਕਵਿੱਤਰੀ ਦੀ ਫੋਟੋ ਖਿੱਚਣੀ ਚਾਹੁੰਦਾ ਹਾਂ। ਕੀ ਉਹ ਰਾਜ਼ੀ ਹੋ ਜਾਵੇਗੀ?’ ਸਾਹਿਰ ਨੇ ਸਰਸਰੀ ਗੱਲ ਵਾਂਗ ਕਿਹਾ,‘ਉਸ ਕੋਲ ਹੀ ਤਾਂ ਜਾ ਰਹੇ ਹਾਂ, ਪੁੱਛ ਲੈਣਾ।’ ਉਹਨਾਂ ਨੇ ਕੈਮਰਾ ਦਿਖਾਇਆ ਤਾਂ ਸਾਹਿਰ ਬੋਲਿਆ,‘ਬਹੁਤ ਚੰਗਾ ਕੀਤਾ। ਦੁਸ਼ਮਣ ਦੇ ਘਰ ਨਿਹੱਥਿਆਂ ਨਹੀਂ ਜਾਣਾ ਚਾਹੀਦਾ!’
ਕਵਿੱਤਰੀ ਸਤਿਆਰਥੀ ਨੂੰ ਵੇਖਦਿਆਂ ਹੀ ਖਿੜ ਪਈ,‘ਤੁਸੀਂ ਤਾਂ ਬਿਲਕੁਲ ਨੌਜਵਾਨ ਹੋ!’ ਇਸ ਤੋਂ ਪਹਿਲਾਂ ਕਿ ਸਤਿਆਰਥੀ ਕੁਛ ਬੋਲਣ, ਕਵਿੱਤਰੀ ਨੇ ਕਮਰੇ ਵਿਚ ਆਏ ਪਤੀ ਨੂੰ ਕਿਹਾ,‘ਤੁਸੀਂ ਇਹਨਾਂ ਨੂੰ ਪਛਾਣਿਆ? ਇਹ ਦੇਵਿੰਦਰ ਸਤਿਆਰਥੀ ਨੇ।’ ਸਤਿਆਰਥੀ ਨੇ ਦੋਹਾਂ ਦੀ ਫੋਟੋ ਖਿੱਚਣ ਦੀ ਇੱਛਾ ਦੱਸੀ ਤਾਂ ਕਵਿੱਤਰੀ ਨੇ ਰਸਮਨ ਕਿਹਾ,‘ਫੋਟੋ? ਫੋਟੋ ਖਿੱਚ ਕੇ ਕੀ ਕਰੋਗੇ?’ ਉਹਨਾਂ ਨੇ ਦੱਸਿਆ,‘ਆਪਣੇ ਐਲਬਮ ਵਿਚ ਲਾਵਾਂਗਾ।… ਦਰਅਸਲ ਮੈਂ ਸਾਰੇ ਸਾਹਿਤਕਾਰਾਂ ਦੀਆਂ ਫੋਟੋ ਖਿੱਚੀਆਂ ਨੇ।’ ਕਵਿੱਤਰੀ ਨੇ ਪਤੀ ਨੂੰ ਕਿਹਾ,‘ਤੁਹਾਨੂੰ ਸ਼ਾਇਦ ਪਤਾ ਨਹੀਂ, ਸਤਿਆਰਥੀ ਜੀ ਬਹੁਤ ਚੰਗੇ ਫੋਟੋਗ੍ਰਾਫਰ ਨੇ!’ ਸਤਿਆਰਥੀ ਨੇ ਮੌਕਾ ਤਾੜ ਕੇ ਕਿਹਾ,‘ਮੈਂ ਬਹੁਤ ਚੰਗਾ ਕਵੀ ਤੇ ਕਹਾਣੀਕਾਰ ਵੀ ਹਾਂ!’ ਕਵਿੱਤਰੀ ਨੇ ਨੀਵੀਂ ਪਾ ਲਈ। ਸਤਿਆਰਥੀ ਨੇ ਹੁਸ਼ਿਆਰੀ ਵਰਤਦਿਆਂ ਪਤੀ ਨੂੰ ਪੁੱਛਿਆ,‘ਤਾਂ ਫੇਰ ਦੱਸੋ!’ ਪਤੀ ਮੁਸਕਰਾਇਆ,‘ਤੁਸੀਂ ਇਹਨਾਂ ਨੂੰ ਸਿੱਧੇ ਪੁੱਛੋ। ਮੈਨੂੰ ਤਾਂ, ਤੁਸੀਂ ਜਾਣਦੇ ਹੋ, ਅਦਬ ਨਾਲ਼ ਕੋਈ ਸਰੋਕਾਰ ਨਹੀਂ।’ ਸਤਿਆਰਥੀ ਹੁਸ਼ਿਆਰੀ ਦੀ ਅਗਲੀ ਪੌੜੀ ਚੜ੍ਹੇ,‘ਅਦਬ ਨਾਲ਼ ਨਾ ਸਹੀ, ਅਦੀਬਾਂ ਨਾਲ਼ ਤਾਂ ਹੈ। ਤੁਹਾਡੀ ਇਜਾਜ਼ਤ ਤੋਂ ਬਿਨਾਂ ਮੈਂ ਫੋਟੋ ਕਿਵੇਂ ਖਿੱਚ ਸਕਦਾ ਹਾਂ?’ ਪਤੀ ਨੇ ਬੇਪਰਵਾਹੀ ਨਾਲ਼ ਕਿਹਾ,‘ਮੈਂ ਇਹਨਾਂ ਨੂੰ ਹਰ ਗੱਲ ਦੀ ਇਜਾਜ਼ਤ ਦਿੱਤੀ ਹੋਈ ਹੈ।’
ਸਤਿਆਰਥੀ ਚੰਗੀ ਰੌਸ਼ਨੀ ਦੀ ਆਸ ਨਾਲ਼ ਸਭ ਨੂੰ ਛੱਤ ਉੱਤੇ ਲੈ ਗਏ ਅਤੇ ਕੋਈ ਦੋ ਘੰਟੇ ਲਾ ਕੇ ਉਹਨਾਂ ਨੇ ਤਿੰਨ ਫੋਟੋ ਦੋਵਾਂ ਦੀਆਂ ਤੇ ਸੱਤ ਇਕੱਲੀ ਕਵਿੱਤਰੀ ਦੀਆਂ ਖਿੱਚ ਲਈਆਂ। ਰਾਹ ਵਿਚ ਉਹਨਾਂ ਨੇ ਸਾਹਿਰ ਕੋਲ ਭੇਤ ਖੋਲ੍ਹਿਆ,‘ਮੈਂ ਤਿੰਨਾਂ ਹੀ ਫੋਟੋਆਂ ਵਿਚ ਕਵਿੱਤਰੀ ਦੇ ਪਤੀ ਨੂੰ ਉਸ ਕੋਲੋਂ ਰਤਾ ਕੁ ਅੱਡ ਖੜ੍ਹਾ ਕੀਤਾ ਸੀ ਤਾਂ ਜੋ ਕਵਿੱਤਰੀ ਦੀ ਫੋਟੋ ਦਾ ਵੱਖਰਾ ਪ੍ਰਿੰਟ ਬਣਾਉਣ ਵਿਚ ਆਸਾਨੀ ਰਹੇ।’
ਉਹ ਹਰ ਦੂਜੇ-ਤੀਜੇ ਦਿਨ ਕਵਿੱਤਰੀ ਦੀ ਕੋਈ ਇਕ ਫੋਟੋ ਵੱਡੀ ਕਰ ਲਿਆਉਂਦੇ ਤੇ ਸਾਹਿਰ ਨੂੰ ਆਖਦੇ, ਚਲੋ ਉਹਨੂੰ ਦੇ ਆਈਏ। ਇਕ ਦਿਨ ਉਹਨਾਂ ਨੇ ਕੁਛ ਹੋਰ ਫੋਟੋ ਲੈਣ ਦੀ ਇੱਛਾ ਦੱਸੀ ਤਾਂ ਕਵਿੱਤਰੀ ਦਾ ਇਹ ਕਹਿਣਾ ਸੁਭਾਵਿਕ ਸੀ,‘ਹੋਰ ਫੋਟੋ ਲੈ ਕੇ ਕੀ ਕਰੋਗੇ? ਏਨੀਆਂ ਸਾਰੀਆਂ ਫੋਟੋ ਤਾਂ ਤੁਸੀਂ ਲੈ ਚੁੱਕੇ ਹੋ!’ ਸਤਿਆਰਥੀ ਨੇ ਕਾਰਨ ਦੱਸਿਆ,‘ਤੁਸੀਂ ਮੈਨੂੰ ਕੋਈ ਅਜਿਹਾ ਸਮਾਂ ਦਿਉ ਜਦੋਂ ਤੁਹਾਡੇ ਪਤੀ ਘਰ ਨਾ ਹੋਣ।’ ਤੇ ਕਵਿੱਤਰੀ ਦੇ ‘ਉਹ ਕਿਉਂ’ ਦੇ ਜਵਾਬ ਵਿਚ ਮਾਮਲਾ ਸਾਫ਼ ਕਰ ਦਿੱਤਾ,‘ਦਰਅਸਲ ਗੱਲ ਇਹ ਹੈ, ਤੁਹਾਡੇ ਪਤੀ ਦੇ ਸਾਹਮਣੇ ਤੁਹਾਡੀ ਤਸਵੀਰ ਲੈਣੀ ਇਸ ਤਰ੍ਹਾਂ ਹੈ ਜਿਵੇਂ ਠਾਣੇਦਾਰ ਦੇ ਸਾਹਮਣੇ ਕਿਸਾਨ ਤੀਵੀਆਂ ਨੂੰ ਨੱਚਣ ਲਈ ਕਹਿਣਾ।’ ਬਦਕਿਸਮਤੀ ਨੂੰ ਪਤੀ ਦੂਜੇ ਕਮਰੇ ਵਿਚ ਸਭ ਸੁਣ ਰਿਹਾ ਸੀ। ਉਹ ਸਿਰਫ਼ ਸਤਿਆਰਥੀ ਨੂੰ ਹੀ ਨਾਰਾਜ਼ ਨਾ ਹੋਇਆ, ਕਵਿੱਤਰੀ ’ਤੇ ਵੀ ਬਹੁਤ ਵਿਗੜਿਆ।
ਅਗਲੇ ਦਿਨ ਕਵਿੱਤਰੀ ਨੇ ਕਿਸੇ ਨੂੰ ਭੇਜ ਕੇ ਸਾਹਿਰ ਨੂੰ ਦਫ਼ਤਰੋਂ ਬੁਲਾਇਆ ਤੇ ਕਿਹਾ,‘ਤੁਸੀਂ ਜਾਣਦੇ ਹੋ, ਮੇਰੀ ਜ਼ਿੰਦਗੀ ਬੜੀ ਮਜਬੂਰ ਕਿਸਮ ਦੀ ਏ। ਉਸ ਦਿਨ ਸਤਿਆਰਥੀ ਜੀ ਨੇ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜਿਨ੍ਹਾਂ ਬਾਰੇ ਮੇਰੇ ਪਤੀ ਸਖ਼ਤ ਨਾਰਾਜ਼ ਹਨ। ਤੁਸੀਂ ਸਤਿਆਰਥੀ ਜੀ ਨੂੰ ਕਹਿ ਦਿਉ, ਮੇਰੀਆਂ ਤਸਵੀਰਾਂ ਦੇ ਨੈਗੇਟਿਵ ਕਿਸੇ ਦੇ ਹੱਥ ਮੇਰੇ ਪਤੀ ਨੂੰ ਭੇਜ ਦੇਣ।’ ਸਤਿਆਰਥੀ ਨੇ ਨੈਗੇਟਿਵ ਕਿਸੇ ਦੇ ਹੱਥ ਭੇਜਣ ਦੀ ਥਾਂ ਆਪ ਆ ਕੇ ਵਾਪਸ ਕੀਤੇ ਤਾਂ ਪਤੀ ਨੇ ਉਹਨਾਂ ਦੀ ਕੀਮਤ ਪੁੱਛ ਲਈ। ਸਾਹਿਰ ਲਿਖਦਾ ਹੈ,‘ਸਤਿਆਰਥੀ ਦੀਆਂ ਅੱਖਾਂ ਵਿਚ ਜਿਵੇਂ ਖ਼ੂਨ ਉੱਤਰ ਆਇਆ। ਉਹਨੇ ਕਿਹਾ, ‘ਮੈਂ ਬਹੁਤ ਗ਼ਰੀਬ ਹਾਂ, ਇਹ ਸਹੀ ਹੈ। ਪਰ ਮੈਂ ਹਾਲੀਂ ਤੱਕ ਫੋਟੋਗ੍ਰਾਫੀ ਨੂੰ ਰੋਜ਼ੀ ਦਾ ਜ਼ਰੀਆ ਨਹੀਂ ਬਣਾਇਆ। ਜਦ ਕਦੇ ਬਣਾ ਲਵਾਂਗਾ ਤਾਂ ਤੁਹਾਨੂੰ ਦੱਸ ਦੇਵਾਂਗਾ।’ ਉਹ ਉੱਠ ਖੜੋਤਾ ਤੇ ਵਾਪਸ ਆ ਗਿਆ।’
* * *
ਲਗਦਾ ਹੈ, ਸਤਿਆਰਥੀ ਜੀ ਦੀ ਇਸ ਗੱਲ ਦਾ ਕਵਿੱਤਰੀ ਨੇ, ਭਾਵ ਅੰਮ੍ਰਿਤਾ ਨੇ ਕੋਈ ਖਾਸ ਬੁਰਾ ਨਹੀਂ ਸੀ ਮਨਾਇਆ। 1953 ਵਿਚ ਛਪੇ ਸਤਿਆਰਥੀ ਦੇ ਕਾਵਿ-ਸੰਗ੍ਰਹਿ ‘ਬੁੱਢੀ ਨਹੀਂ ਧਰਤੀ’ ਬਾਰੇ ਉਹਨੇ ਸੰਖੇਪ ਪਰ ਅਰਥਪੂਰਨ ਟਿੱਪਣੀ ਕੀਤੀ,‘ਇਸ ਪੁਸਤਕ ਵਿਚ ਸਤਿਆਰਥੀ ਜੀ ਦੀ ਕਲਮ ਲੋਕਾਂ ਦਾ ਸੁਨੇਹਾ ਜ਼ਿੰਦਗੀ ਨੂੰ ਤੇ ਜ਼ਿੰਦਗੀ ਦਾ ਸੁਨੇਹਾ ਲੋਕਾਂ ਨੂੰ ਦਿੰਦੀ ਹੈ।’ 1959 ਵਿਚ ਛਪੇ ਉਹਨਾਂ ਦੇ ਚੌਥੇ ਤੇ ਆਖ਼ਰੀ ਕਾਵਿ-ਸੰਗ੍ਰਹਿ ‘ਲੱਕ ਟੁਣੂ ਟੁਣੂ’ ਦੀ ਤਾਂ ਅੰਮ੍ਰਿਤਾ ਨੇ ਬਹੁਤ ਲੰਮੀ ਭੂਮਿਕਾ ਲਿਖੀ ਜਿਸ ਵਿਚ ਇਸ ਪੁਸਤਕ ਦੀਆਂ ਕਵਿਤਾਵਾਂ ਦੇ ਹਵਾਲੇ ਤਾਂ ਦਿੱਤੇ ਹੀ, ਉਹਨਾਂ ਦੀ ਸਮੁੱਚੀ ਕਵਿਤਾ ਦਾ ਮੁਲੰਕਣ ਵੀ ਕੀਤਾ।
ਉਹਨੇ ਲਿਖਿਆ,‘ਸਤਿਆਰਥੀ ਦਾ ਅਨੁਭਵ ਵਿਸ਼ਾਲ ਹੈ। ਉਹਦੀਆਂ ਗੱਲਾਂ ਵਿਚ ਕਈਆਂ ਰੰਗਾਂ, ਨਸਲਾਂ ਤੇ ਬੋਲੀਆਂ ਦੇ ਲੋਕ ਸਾਹ ਲੈਂਦੇ ਹਨ। ਉਹਦੀ ਜੀਵਨ-ਯਾਤਰਾ ਵਿਚ ਘਾਟ-ਘਾਟ ਦਾ ਪਾਣੀ ਤੇ ਦਾਣੇ-ਦਾਣੇ ਦਾ ਮਾਣ ਹੈ।… ਸਤਿਆਰਥੀ ਕਿਸੇ ਦਰਵੇਸ਼ ਵਾਂਗ ਅਲਖ ਜਗਾਉਂਦਾ ਹੈ, ਇਹ ਮੇਰਾ ਠੂਠਾ ਹੈ, ਇਸ ਵਿਚ ਵੀ ਕੌੜਾ ਪਾਣੀ ਪਾ। ਮੈਂ ਸਾਈਂ-ਲੋਕ ਹਾਂ, ਬਾਬਾ! ਮੈਂ ਕੋਈ ਧੁਰ ਦਾ ਫ਼ਕੀਰ। ਸਤਿਆਰਥੀ ਦੀਆਂ ਲੰਮੀਆਂ ਯਾਤਰਾਵਾਂ ਦੀ ਉਪਜ ਹੈ ਇਹ ‘ਫ਼ਕੀਰ’ ਤਬੀਅਤ।… ਸਾਰੀ ਦੁਨੀਆ ਸਤਿਆਰਥੀ ਦਾ ਘਰ ਹੈ, ਦੇਸ-ਦੇਸ ਦੇ ਲੋਕ, ਨਿੱਕੇ-ਵੱਡੇ ਕਲਾਕਾਰ, ਸਭ ਸਤਿਆਰਥੀ ਦੇ ਗਰਾਈਂ ਹਨ ਤੇ ਇਹੀ ਗੱਲ ਫ਼ਕੀਰ ਤਬੀਅਤ ਸਤਿਆਰਥੀ ਦੀ ਕਵਿਤਾ ਦਾ ਵੱਡਾ ਭੇਤ ਹੈ।… ਇਹ ਗੱਲ ਕਬੂਲਣੀ ਹੀ ਪਵੇਗੀ ਕਿ ਸਤਿਆਰਥੀ ਦਾ ਜੀਵਨ ਉਸ ਦੀ ਕਲਾ ਹੈ ਤੇ ਕਲਾ ਉਸ ਦਾ ਜੀਵਨ! ਬੰਗਾਲ ਬਾਰੇ ਕਿਸੇ ਪੱਛਮੀ ਯਾਤਰੀ ਨੇ ਲਿਖਿਆ ਹੈ ਕਿ ਇਸ ਵਿਚ ਦਾਖ਼ਲ ਹੋਣ ਦੇ ਕਈ ਰਸਤੇ ਹਨ ਪਰ ਉਥੋਂ ਪਰਤ ਕੇ ਨਿੱਕਲਣ ਦਾ ਕੋਈ ਰਸਤਾ ਨਹੀਂ। ਸਤਿਆਰਥੀ ਦੀ ਕਵਿਤਾ ਬਾਰੇ ਵੀ ਇਹੋ ਗੱਲ ਆਖਣੀ ਪਵੇਗੀ। ਇਕ ਵੇਰ ਇਸ ਅਨੁਭਵ ਤੇ ਕਲਪਨਾ ਦੇ ਜਾਦੂ ਦੀ ਦੁਨੀਆ ਵਿਚ ਆ ਕੇ ਅਸੀਂ ਇਥੋਂ ਦੇ ਹੀ ਹੋ ਰਹਿੰਦੇ ਹਾਂ!’
ਇਹੋ ਜਿਹੀਆਂ ਸੁਹਣੀਆਂ-ਸੁਹਣੀਆਂ ਗੱਲਾਂ ਨਾਲ਼ ਸਫ਼ਿਆਂ ਦੇ ਸਫ਼ੇ ਭਰੇ ਪਏ ਹੋਣ ਤੇ ਇਹ ਗੱਲਾਂ ਕਰ ਰਹੀ ਹੋਵੇ ਅੰਮ੍ਰਿਤਾ! ਫੇਰ ਭਲਾ ਇਸ ਭੂਮਿਕਾ ਸਦਕਾ ਹੀ ਉਹ ਪੁਸਤਕ ਨੂੰ ਪ੍ਰਮੁੱਖਤਾ ਕਿਉਂ ਨਾ ਦੇਣ! ਇਕ ਇੰਟਰਵਿਊ ਵਿਚ ਜਸਵੰਤ ਦੀਦ ਨੇ ਉਹਨਾਂ ਦੀ ਸਭ ਤੋਂ ਵਧੀਆ ਰਚਨਾ ਪੁੱਛੀ ਤਾਂ ਉਹਨਾਂ ਦਾ ਜਵਾਬ ਸੁਣ ਲਵੋ,‘ਜੀ ਕਵਿਤਾ ਵਿਚ ਤਾਂ ‘ਲੱਕ ਟੁਣੂ ਟੁਣੂ’। ਏਸ ਕਰਕੇ ਵੀ ਕਿ ਉਸ ਦੀ ਭੂਮਿਕਾ ਪੰਜਾਬ ਦੀ ਜਾਂ ਪੰਜਾਬੀ ਭਾਸ਼ਾ ਦੀ, ਮੈਂ ਤਾਂ ਕਹਾਂਗਾ ਕਿ ਪੂਰੇ ਹਿੰਦੁਸਤਾਨ ਦੀ, ਕਿਉਂ ਜੋ ਸਾਰੀਆਂ ਭਾਸ਼ਾਵਾਂ ਦੇ ਵਿਚ ਉਹਨਾਂ ਦੀ ਰਚਨਾ ਆ ਚੁੱਕੀ ਏ, ਮਹਾਨ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੇ ਲਿਖੀ। ਉਹਨਾਂ ਨੇ ਉਸ ਦੀ ਇੰਟਰੋਡਕਸ਼ਨ ਲਿਖ ਕੇ ਉਸ ਨੂੰ ਸਥਾਪਨਾ ਦਿੱਤੀ ਸੀ-ਲੱਕ ਟੁਣੂ ਟੁਣੂ।’ ਦੀਦ ਜਦੋਂ ਉਹਨਾਂ ਦੇ ਕਿਸੇ ਉਦਾਸ ਪਲ ਬਾਰੇ ਪੁਛਦਾ ਹੈ, ਉਹ ਕਹਿੰਦੇ ਹਨ,‘ਸਭ ਤੋਂ ਉਦਾਸ ਪਲ ਦੱਸਣ ਤੋਂ ਪਹਿਲਾਂ ਦੱਸਣਾ ਪਏਗਾ ਸਭ ਤੋਂ ਵੱਧ ਖ਼ੁਸ਼ੀ ਦਾ ਪਲ। ਖ਼ੁਸ਼ੀ ਦਾ ਇਹ ਉਹ ਪਲ ਸੀ ਜਦ ਪੰਜਾਬ ਦੀ ਮਹਾਨ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਮੇਰਾ ਇਕ ਇੰਟਰਵਿਊ ਲਿਆ। ਉਥੇ ਦੇਵਿੰਦਰ ਰੇਡੀਓ ਵਾਲ਼ਾ ਵੀ ਸੀ। ਇਮਰੋਜ਼ ਨੂੰ ਵੀ ਮੈਂ ਖ਼ੁਦ ਬੁਲਾ ਲਿਆ। ਚੁਨਾਂਚਿ ਇੰਟਰਵਿਊ ਦਾ ਜਿਹੜਾ ਹੈਡਿੰਗ ਸੀ, ਪੈਰਿਸ ਦਾ ਚੌਕ, ਉਹ ਇਮਰੋਜ਼ ਦਾ ਸੁਝਾਇਆ ਹੋਇਆ ਸੀ।’
ਕਾਫ਼ੀ ਸਾਲ ਬੀਤ ਗਏ। ਸਤਿਆਰਥੀ ਜੀ ‘ਆਰਸੀ’ ਵਿਚ ਕੁਛ ਅਜਿਹਾ ਲਿਖ ਬੈਠੇ ਜੋ ਅੰਮ੍ਰਿਤਾ ਨੂੰ ਚੰਗਾ ਨਹੀਂ ਸੀ ਲਗਿਆ। ਉਹਦੀ ਨਾਖ਼ੁਸ਼ੀ ਦਾ ਪਤਾ ਲੱਗੇ ਤੋਂ ਸਤਿਆਰਥੀ ਝੱਟ ਮਾਫ਼ੀ ਮੰਗਣ ਤੁਰ ਪਏ ਪਰ ਅੰਮ੍ਰਿਤਾ ਨੇ ਪੌੜੀਆਂ ਵਿਚੋਂ ਹੀ ਮੋੜ ਦਿੱਤੇ। ਉਹਨੇ ਕਿੰਨੇ ਹੀ ਸਾਲ ਸਤਿਆਰਥੀ ਨਾਲ਼ ਦੁਆ-ਸਲਾਮ ਵੀ ਸਾਂਝੀ ਨਹੀਂ ਸੀ ਕੀਤੀ। ‘ਪ੍ਰੀਤਲੜੀ’ ਵਿਚ ਮੇਰੀ ‘ਕਸਵੱਟੀ’ ਨਾਂ ਦੀ ਕਹਾਣੀ ਛਪੀ। ਅੰਮ੍ਰਿਤਾ ਦੇ ਨਾਂ ਸਮੇਤ ਸਭ ਨਾਂ-ਥਾਂ ਬਦਲੇ ਹੋਣ ਕਰਕੇ ਮੈਂ ਸਮਝਦਾ ਸੀ ਕਿ ਉਹ ਇਸ ਕਹਾਣੀ ਨੂੰ ਆਪਣੇ ਨਾਲ ਨਹੀਂ ਜੋੜੇਗੀ ਪਰ ਉਹ ਪੂਰੀ ਗੁੱਸੇ ਹੋ ਗਈ। ਮੈਂ ਚੁੱਪ ਕਰਨਾ ਤੇ ‘ਨਾਗਮਣੀ ਸ਼ਾਮ’ ਵਿਚ ਨਾ ਜਾਣਾ ਠੀਕ ਸਮਝਿਆ।
ਇਕ ਦਿਨ ਮੈਂ ਨਵਯੁਗ ਪਹੁੰਚਿਆ ਤਾਂ ਸਤਿਆਰਥੀ ਜੀ ਪਹਿਲਾਂ ਹੀ ਬਿਰਾਜਮਾਨ ਸਨ। ਭਾਪਾ ਜੀ ਕਈ ਵਾਰ ਮਖੌਲ ਵਿਚ ਜਾਣੂਆਂ ਦੀ ਜਾਣ-ਪਛਾਣ ਕਰਵਾਉਣ ਲਗਦੇ। ਬੋਲੇ,‘ਸਤਿਆਰਥੀ ਜੀ, ਤੁਹਾਡੇ ਪਿੰਡਾਂ ਦਾ ਮੁੰਡਾ ਮਿਲਾਵਾਂ।’ ਉਹ ਹੱਸੇ,‘ਲਓ ਜੀ, ਇਹ ਤਾਂ ਹੋਏ ਮੇਰੇ ਪੌੜੀ-ਸਾਢੂ, ਮੈਂ ਇਹਨਾਂ ਤੋਂ ਅਣਜਾਣ ਕਿਵੇਂ ਰਹਿ ਸਕਦਾ ਹਾਂ!’ ਮੇਰਾ ਹੈਰਾਨ ਹੋਣਾ ਕੁਦਰਤੀ ਸੀ,‘ਸਤਿਆਰਥੀ ਜੀ, ਮੈਂ ਤੁਹਾਡਾ ਬੱਚਾ, ਇਹ ਸਾਢੂਪੁਣੇ ਦਾ ਪਾਪ ਤਾਂ ਮੇਰੇ ਸਿਰ ਨਾ ਚਾੜ੍ਹੋ।… ਨਾਲੇ ਆਪਾਂ ਸਾਢੂ ਲੱਗੇ ਕਿਧਰੋਂ?’ ਭਾਪਾ ਜੀ ਨੇ ਵੀ ਸਵਾਲ ਕੀਤਾ,’ਤੇ ਇਹ ਪੌੜੀ-ਸਾਢੂ ਕੀ ਹੋਇਆ?’ ਸਤਿਆਰਥੀ ਜੀ ਮੁੱਛਾਂ ਵਿਚ ਹੱਸੇ,‘ਇਹਨਾਂ ਨੂੰ ਵੀ ਉਹ ਪੌੜੀਆਂ ਚੜ੍ਹਨੀਆਂ ਵਰਜਿਤ ਹੋ ਗਈਆਂ ਨੇ ਜੋ ਮੈਨੂੰ ਵਰਜਿਤ ਨੇ।’ ਭਾਪਾ ਜੀ ਨੇ ਮੱਥੇ ਉੱਤੇ ਹੱਥ ਮਾਰਿਆ,‘ਇਹਦੀ ਤਾਂ ਬੇਸ਼ੱਕ ਹੋ ਜਾਵੇ, ਤੁਹਾਡੀ ਗਤੀ ਤਾਂ, ਸਤਿਆਰਥੀ ਜੀ, ਉਹ ਪੌੜੀਆਂ ਚੜ੍ਹਨ ਦੀ ਆਗਿਆ ਮਿਲੇ ਬਿਨਾਂ ਹੋਣੀ ਨਹੀਂ! ਮਰ ਕੇ ਵੀ ਤੁਹਾਡੀ ਆਤਮਾ ਦਾ ਪ੍ਰੇਤ ਉਹਨਾਂ ਪੌੜੀਆਂ ਦੁਆਲੇ ਚੱਕਰ ਕਟਦਾ ਰਹਿਣਾ ਵੇ।’ ਝਿਜਕਣ ਦੀ ਜਾਂ ਕੱਚੇ ਹੋਣ ਦੀ ਥਾਂ ਸਤਿਆਰਥੀ ਜੀ ਨੇ ਅਰਜ਼ੀ ਪਾਈ,‘ਭਾਪਾ ਜੀ, ਤੁਸੀਂ ਕਿਰਪਾ-ਨਿਧਾਨ ਹੋ, ਸਭ ਕਰਨ-ਕਰਾਵਣਹਾਰ ਹੋ, ਕਰੋ ਕੋਈ ਹੀਲਾ!’ ਤੇ ਖਿਦਖਿਦ ਕਰ ਕੇ ਖਚਰੀ ਹਾਸੀ ਹੱਸ ਪਏ।
ਭਾਪਾ ਜੀ ਤਾਂ ਵਿਚੋਲਗੀ ਦੇ ਇਸ ਪੰਗੇ ਵਿਚ ਕਿਥੇ ਪੈਣ ਵਾਲ਼ੇ ਸਨ, ਅੰਮ੍ਰਿਤਾ ਦੇ 75ਵੇਂ ਜਨਮ-ਦਿਨ ਲਈ ਆਏ ਜਸਵੰਤ ਦੀਦ ਵਰਗੇ ਕੁਛ ਲੇਖਕਾਂ ਨੇ ਦੋਵਾਂ ਦੀ ਕਈ ਸਾਲਾਂ ਤੋਂ ਤੁਰੀ ਆ ਰਹੀ ਕੁੜੱਤਣ ਖ਼ਤਮ ਕਰਾਉਣ ਦੀ ਸਲਾਹ ਕੀਤੀ। ਸੁਣ ਕੇ ਅੰਮ੍ਰਿਤਾ ਨੇ ਕਿਹਾ,‘ਸਤਿਆਰਥੀ ਗੱਲਾਂ ਪੁੱਠੀਆਂ ਕਰਦਾ ਹੈ। ਬੰਦਾ ਮਾੜਾ ਨਹੀਂ!’ ਉਹਨਾਂ ਨੇ ਵਿਸ਼ਵਾਸ ਦੁਆਇਆ ਕਿ ਇਸ ਵਾਰ ਉਹ ਕੁਛ ਨਹੀਂ ਬੋਲਣਗੇ। ਜ਼ਾਹਿਰ ਹੈ, ਇਹ ‘ਹਦਾਇਤ’ ਸਤਿਆਰਥੀ ਜੀ ਨੂੰ ਵੀ ਕਰ ਦਿੱਤੀ ਗਈ। ਮੇਰਾ ਆਪਣਾ ਅਨੁਭਵ ਹੈ ਕਿ ਸਤਿਆਰਥੀ ਜੀ ਓਨੇ ਸਾਊ ਵੀ ਨਹੀਂ ਸਨ ਜਿੰਨੇ ਦਿਸਦੇ ਸਨ ਜਾਂ ਬਣਦੇ ਸਨ। ਅਜਿਹੇ ਮੌਕੇ ਉਹ ਆਪਣਾ ਅਸਲੀ ਰੂਪ ਛੱਜ ਜਿੱਡੀ ਦਾੜ੍ਹੀ ਓਹਲੇ ਛੁਪਾ ਕੇ ਤੇ ਘੂਰ-ਝਿੜਕ ਨਾਲ਼ ਬਿਠਾਏ ਹੋਏ ਬੱਚੇ ਵਾਂਗ ਨੀਵੀਂ ਪਾ ਕੇ ਚੁੱਪਚਾਪ ਬੈਠ ਜਾਂਦੇ ਸਨ। ਹੁਣ ਵੀ ਇਉਂ ਹੀ ਬੈਠੇ ਹੋਏ ਸਨ।
ਮਿਰਜ਼ਾ ਗ਼ਾਲਿਬ ਦਾ ਇਕ ਸ਼ਿਅਰ ਹੈ, ‘ਗੋ ਹਾਥ ਕੋ ਜੁੰਬਿਸ਼ ਨਹੀਂ, ਆਂਖੋਂ ਮੇਂ ਤੋ ਦਮ ਹੈ, ਰਹਿਨੇ ਦੋ ਸਾਗ਼ਰ-ਓ-ਮੀਨਾ ਮਿਰੇ ਆਗੇ।’ ਠੀਕ ਹੈ, ਮੁੰਡਿਆਂ ਨੇ ਜ਼ਬਾਨ ਦੀ ਜੁੰਬਿਸ਼ ਬੰਦ ਕੀਤੀ ਸੀ, ਪਰ ਅੱਖਾਂ ਵਿਚ ਵੀ ਦਮ ਸੀ ਤੇ ਜਨਮ-ਦਿਨ ਸਦਕਾ ਆਮ ਨਾਲੋਂ ਕੁਛ ਵੱਧ ਸਜੀ-ਸੰਵਰੀ ਸਾਕਾਰ ਸਾਗ਼ਰ-ਓ-ਮੀਨਾ ਅੰਮ੍ਰਿਤਾ ਵੀ ਸਾਹਮਣੇ ਸੀ, ਸਤਿਆਰਥੀ ਦੇ ਅੰਦਰੋਂ ਕੁਛ ਬੋਲਣ ਦੀਆਂ, ਕੁਛ ਤਾਰੀਫ਼ ਕਰਨ ਦੀਆਂ ਲੂਹਰੀਆਂ ਉੱਠ ਰਹੀਆਂ ਸਨ। ਅਜਿਹੀ ਨਾਜ਼ੁਕ ਹਾਲਤ ਵਿਚ ਉਹ ਚੁੱਪ ਰਹਿਣ ਵੀ ਤਾਂ ਕਿੰਨਾ ਕੁ ਚਿਰ! ਆਖ਼ਰ ‘ਮੂੰਹ ਆਈ ਬਾਤ ਨਾ ਰਹਿੰਦੀ ਐ’ ਆਖਣ ਵਾਲ਼ੇ ਬਾਬਾ ਬੁੱਲ੍ਹੇਸ਼ਾਹ ਦੇ ਸਾਈਂ-ਫ਼ਕੀਰ ਚੇਲੇ ਸਨ! ਅਚਾਨਕ ਸ੍ਰੀਮੁੱਖ ਵਿਚੋਂ ਉਸ ਮਿਲਣੀ ਦਾ ਪਹਿਲਾ ਤੇ ਆਖ਼ਰੀ, ਇਕੋ-ਇਕ ਵਾਕ ਨਿੱਕਲਿਆ, ‘ਬਈ ਅੰਮ੍ਰਿਤਾ! ਤੂੰ ਚੀਜ਼ ਬੜੀ ਹੈਂ ਮਸਤ-ਮਸਤ!’ ਅੰਮ੍ਰਿਤਾ ਸਮੇਤ ਸਭ ਦਾ ਆਪਮੁਹਾਰਾ ਹਾਸਾ ਨਿੱਕਲਣਾ ਕੁਦਰਤੀ ਸੀ ਤੇ ਇਹਦੇ ਨਾਲ਼ ਹੀ ਅੰਮ੍ਰਿਤਾ ਦੀ ਦੋਵਾਂ ਵਿਚਕਾਰ ਉਸਾਰੀ ਹੋਈ ਕੰਧ ਨੇਸਤੋ-ਨਾਬੂਦ ਹੋ ਗਈ!

ਸੰਪਰਕ: 011-42502364


Comments Off on ਸਤਿਆਰਥੀ, ਸਾਹਿਰ ਤੇ ਅੰਮ੍ਰਿਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.