ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਸ਼੍ਰੋਮਣੀ ਕਮੇਟੀ ਕਸ਼ਮੀਰੀ ਧੀਆਂ ਦੀ ਰੱਖਿਆ ਲਈ ਡਟੀ

Posted On August - 13 - 2019

ਇਖ਼ਲਾਕੀ ਜ਼ਿੰਮੇਵਾਰੀ

ਜੰਮੂ ਕਸ਼ਮੀਰ ਵਿੱਚ ਪਾਬੰਦੀਆਂ ਕਰਕੇ ਘਰ ਜਾਣ ਤੋਂ ਮਹਿਰੂਮ ਰਹੀ ਕਸ਼ਮੀਰੀ ਵਿਦਿਆਰਥਣ ਸਾਥਣ ਦੇ ਗਲ ਲੱਗ ਕੇ ਚਿੱਤ ਹੌਲਾ ਕਰਦੀ ਹੋਈ। ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਅਜਿਹੇ ਕਸ਼ਮੀਰੀ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਗਮ ਵਿਉਂਤਿਆ ਗਿਆ ਸੀ। -ਫੋਟੋ: ਪੀਟੀਆਈ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਅਗਸਤ
ਜੰਮੂ ਕਸ਼ਮੀਰ ਸੂਬੇ ਵਿਚ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਕਸ਼ਮੀਰੀ ਔਰਤਾਂ ਨੂੰ ਅਪਮਾਨ ਦਾ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਰੱਖਿਆ ਕਰਨ ਦਾ ਐਲਾਨ ਕੀਤਾ ਹੈ। ਗੁਰਦੁਆਰਿਆਂ ਵਿਚ ਰਹਿਣ ਅਤੇ ਖਾਣ-ਪੀਣ ਤੋਂ ਇਲਾਵਾ ਕਸ਼ਮੀਰੀ ਮੁਟਿਆਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਸੁਰੱਖਿਅਤ ਪਹੁੰਚਾਉਣ ਦੀ ਵੀ ਸ਼੍ਰੋਮਣੀ ਕਮੇਟੀ ਨੇ ਜ਼ਿੰਮੇਵਾਰੀ ਲਈ ਹੈ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਕਸ਼ਮੀਰੀ ਔਰਤ ਜਾਂ ਬੱਚੀ ਸ਼ਰਨ ਲਈ ਆਉਂਦੀ ਹੈ ਤਾਂ ਉਸ ਨੂੰ ਰਿਹਾਇਸ਼, ਲੰਗਰ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇ। ਇਨ੍ਹਾਂ ਮੁਟਿਆਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਣ ਲਈ ਕਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ,‘‘ਦੇਸ਼ ਵਿਚ ਵੱਖ ਵੱਖ ਥਾਵਾਂ ’ਤੇ ਕਸ਼ਮੀਰੀ ਲੜਕੀਆਂ ਰਹਿ ਰਹੀਆਂ ਹਨ ਪਰ ਮੌਜੂਦਾ ਮਾਹੌਲ ਕਾਰਨ ਉਹ ਸਹਿਮ ਦੀ ਸਥਿਤੀ ਵਿਚ ਹਨ। ਇਸ ਕਰਕੇ ਅਜਿਹਾ ਫ਼ੈਸਲਾ ਲਿਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਉਥੋਂ ਦੀਆਂ ਔਰਤਾਂ ਵੀ ਸਤਿਕਾਰਯੋਗ ਹਨ। ‘ਉਂਜ ਵੀ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।’ ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਇਸਤਰੀ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਅਬਦਾਲੀ ਦੇ ਵੇਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਉਸ ਨੇ 22 ਹਜ਼ਾਰ ਹਿੰਦੂ ਔਰਤਾਂ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਸਿੱਖਾਂ ਨੇ ਰਿਹਾਅ ਕਰਵਾਇਆ ਅਤੇ ਘਰੋ ਘਰੀ ਪਹੁੰਚਾਇਆ ਸੀ। ਹੁਣ ਵੀ ਸਿੱਖ ਕੌਮ ਆਪਣੀ ਇਸ ਪਰੰਪਰਾ ਨੂੰ ਕਾਇਮ ਰੱਖੇਗੀ।’’ ਉਨ੍ਹਾਂ ਕਸ਼ਮੀਰੀ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਨੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।

ਕਸ਼ਮੀਰੀ ਮੁਟਿਆਰਾਂ ਦੇ ‘ਰਾਖੇ’ ਬਣ ਕੇ ਬਹੁੜੇ ਸਿੱਖ ਨੌਜਵਾਨ

ਕਸ਼ਮੀਰੀ ਕੁੜੀਆਂ ਨੂੰ ਪੁਣੇ ਦੇ ਹਵਾਈ ਅੱਡੇ ਤੋਂ ਸ੍ਰੀਨਗਰ ਪਹੁੰਚਾਉਣ ਵੇਲੇ ਸਿੱਖ ਨੌਜਵਾਨ ਕਸ਼ਮੀਰੀ ਕੁੜੀਆਂ ਨਾਲ।

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ ’ਚ ਸੁਰੱਖਿਅਤ ਪਹੁੰਚਾਇਆ ਹੈ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ,‘‘ਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ ’ਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਅਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।’’ ਉਨ੍ਹਾਂ ਦੱਸਿਆ ਕਿ 14 ਮੁਟਿਆਰਾਂ ਨੂੰ ਪੁਣੇ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ 17 ਨੂੰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ’ਚ ਉਹ ਅਰਮੀਤ ਸਿੰਘ ਖ਼ਾਨਪੁਰੀ (ਪਟੇਲ ਨਗਰ) ਅਤੇ ਬਲਜੀਤ ਸਿੰਘ ਬੱਬਲੂ (ਯਮੁਨਾਪਾਰ) ਨਾਲ ਮਿਲ ਕੇ ਛੱਡਣ ਲਈ ਗਏ। ਤਿੰਨੋਂ ਨੌਜਵਾਨਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ 19 ਮੁਟਿਆਰਾਂ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ। ਇਸੇ ਤਰ੍ਹਾਂ ਬੜਗਾਮ ’ਚ 5, ਸ਼ੋਪੀਆਂ ’ਚ 2, ਸ੍ਰੀਨਗਰ ਅਤੇ ਕੁਪਵਾੜਾ ’ਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸ਼ੋਪੀਆਂ ’ਚ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਹੀਂ ਸੀ। ਮਿੰਨਤਾਂ ਕਰਨ ’ਤੇ ਬਸ਼ੀਰ ਨਾਂ ਦਾ ਟੈਕਸੀ ਡਰਾਈਵਰ ਜਾਣ ਲਈ ਤਿਆਰ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਫ਼ੌਜ ਅਧਿਕਾਰੀ ਏ ਐੱਸ ਮਲਿਕ ਅਤੇ ਹੋਰਾਂ ਨੇ ਇਸ ਕੰਮ ’ਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਸਥਾਨਕ ਕਸ਼ਮੀਰੀ ਨਿਵਾਸੀਆਂ ਨੇ ਨੌਜਵਾਨਾਂ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ। ਸ੍ਰੀ ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਮਿਸ਼ਨ ’ਚ ਤਿੰਨ ਲੱਖ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਜੋ ਸੰਗਤ ਨੇ ਦਿੱਤਾ ਸੀ।


Comments Off on ਸ਼੍ਰੋਮਣੀ ਕਮੇਟੀ ਕਸ਼ਮੀਰੀ ਧੀਆਂ ਦੀ ਰੱਖਿਆ ਲਈ ਡਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.