ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸ਼ੁਰੂਆਤ ਦਾ ਚਾਅ ਅਤੇ ਚੁਣੌਤੀਆਂ

Posted On August - 3 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਕੱਲ੍ਹ 4 ਅਗਸਤ ਹੈ। ਉਹ ਦਿਨ ਜਦੋਂ ਮੇਰੇ ਥੀਏਟਰ ਦੇ ਹਸੀਨ ਸਫ਼ਰ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਪਲਾਂ ਨੇ ਜ਼ਿੰਦਗੀ ਨੂੰ ਜਿਉਣ ਲਾਇਕ ਬਣਾ ਦਿੱਤਾ ਸੀ, ਇਸਦੇ ਰੰਗ ਹੋਰ ਗੂੜ੍ਹੇ ਤੇ ਅਰਥ ਭਰਪੂਰ ਹੋ ਗਏ ਸਨ। 4 ਅਗਸਤ ਦੇ ਉਨ੍ਹਾਂ ਵਿਸਮਾਦੀ ਪਲਾਂ ਦੀ ਮਹਿਕ ਜ਼ਿੰਦਗੀ ਦੇ ਆਖਰੀ ਸਾਹਾਂ ਤਕ ਆਪਣੀ ਖੁਸ਼ਬੋ ਬਿਖੇਰਦੀ ਰਹੇਗੀ ਤੇ ਧੜਕਦੀ ਰੁਮਕਦੀ ਰਵਾਨੀ ਬਣਾਈ ਰੱਖੇਗੀ। ਉਸ ਪਲ ਨੂੰ ਇਕ ਦਿਨ ਪਹਿਲਾਂ ਯਾਦ ਕਰਦਿਆਂ ਅੱਜ ਦਾ ਇਹ ਲੇਖ ਰੰਗਕਰਮੀਆਂ ਦੇ ਅਜਿਹੇ ਹੀ ਸ਼ੁਰੂਆਤੀ ਪਲਾਂ ਦੇ ਚਾਅ ਅਤੇ ਚੁਣੌਤੀਆਂ ਦਾ ਜ਼ਿਕਰ ਕਰੇਗਾ।
ਪਿਛਲੇ ਦਿਨੀਂ ਬਾਲ ਭਵਨ ਦੀ ਸਟੇਜ ਤੋਂ ਪ੍ਰਸਿੱਧ ਨਾਟਕਕਾਰ ਸਵਦੇਸ਼ ਦੀਪਕ ਦਾ ਚਰਚਿਤ ਨਾਟਕ ‘ਬਾਲ ਭਗਵਾਨ’ ਪੇਸ਼ ਕੀਤਾ ਗਿਆ। ਇਹ ਨਾਟਕ ਧਾਰਮਿਕ ਅੰਧਵਿਸ਼ਵਾਸ, ਧਰਮ ਦੇ ਨਾਮ ’ਤੇ ਲੁੱਟ ਅਤੇ ਧੱਕਾ, ਚਾਲਾਕ ਵਰਗ ਵੱਲੋਂ ਇਕ ਅਣਭੋਲ ਬੱਚੇ ਦੀ ਮਾਸੂਮੀਅਤ ਨੂੰ ਵਰਤ ਕੇ ਆਪਣੀਆਂ ਰੋਟੀਆਂ ਸੇਕਣ ਦਾ ਦੰਭ ਪੇਸ਼ ਕਰਦਾ ਹੈ। ਧਰਮ, ਸਿਆਸਤ ਅਤੇ ਕਥਿਤ ਬੁੱਧੀਜੀਵੀ ਵਰਗ (ਨਾਟਕ ਵਿਚ ਇਕ ਮਾਸਟਰ) ਦੀ ਜੁੰਡਲੀ ਜਦੋਂ ਗਲਵਕੜੀ ਪਾਉਂਦੀ ਹੈ ਤਾਂ ਜਨਤਾ ਦਾ ਸ਼ੋਸ਼ਣ ਬਹੁਪਰਤੀ ਹੁੰਦਾ ਹੈ। ਇਹ ਨਾਟਕ ਅਨੇਕਾਂ ਪਰਤਾਂ ਸਮੋਈ ਬੈਠਾ ਹੈ। ਜੋ ਬੋਲਿਆ ਜਾ ਰਿਹਾ ਹੈ, ਉਸ ਸੰਵਾਦ ਦੀ ਤਹਿ ਅੰਦਰ ਕੁਝ ਹੋਰ ਪਿਆ ਹੈ ਜੋ ਬਹੁਤ ਕੌੜਾ ਤੇ ਡੂੰਘਾ ਸੱਚ ਹੈ। ਉਸਨੂੰ ਫੜਨ ਲਈ ਨਿਰਦੇਸ਼ਕ ਅਤੇ ਅਦਾਕਾਰਾਂ ਦੀ ਪਰਿਪੱਕਤਾ ਲੋੜੀਂਦੀ ਹੈ, ਪਰ ਜਿਵੇਂ ਮੈਂ ਉੱਪਰ ਕਿਹਾ, ਇਹ ਪੇਸ਼ਕਾਰੀ ਬਹੁਤ ਸਾਰੇ ਅਣਭੋਲ, ਸੱਜਰੇ, ਜੋਸ਼ ਨਾਲ ਲੱਦੇ ਹੋਏ, ਕਾਹਲੇ ਤੇ ਡੁੱਲ੍ਹ ਡੁੱਲ੍ਹ ਪੈਂਦੇ ਕਲਾਕਾਰਾਂ ਦੀ ਕੋਸ਼ਿਸ਼ ਸੀ। ਇਸ ਲਈ ਮੈਂ ਆਲੋਚਨਾ ਦੇ ਬੂਹੇ ’ਤੇ ਦਸਤਕ ਨਹੀਂ ਦਿਆਂਗਾ ਕਿਉਂਕਿ ਨਵੀਂ ਵਿਆਹੀ ਦੁਲਹਨ ਨੂੰ ਸਿਰਫ਼ ਆਸੀਸਾਂ ਦਿੱਤੀਆਂ ਜਾਂਦੀਆਂ ਹਨ, ਉਸਦੇ ਨੱਕ, ਬੁੱਲ੍ਹ, ਠੋਡੀ ਦਾ ਮੁਆਇਨਾ ਤੇ ਉਨ੍ਹਾਂ ਬਾਰੇ ਤਬਸਰਾ ਤਾਂ ਕੁਝ ਦਿਨ ਬਾਅਦ ਆਰੰਭ ਹੁੰਦਾ ਹੈ। ਨਾਟਕ ਦਾ ਨਿਰਦੇਸ਼ਕ ਮਨਦੀਪ ਵੀ ਅਜੇ ਨਵਾਂ ਹੈ। ਸੋ ਮੈਂ ਆਪਣੇ ਰੰਗਮੰਚੀ ਟੱਬਰ ਵਿਚ ਸੱਜਰੇ ਜੁੜੇ ਭੈਣ ਭਰਾਵਾਂ ਨੂੰ ਫਿਲਹਾਲ ਸਿਰਫ਼ ਵਧਾਈ ਦਿਆਂਗਾ ਅਤੇ ਆਪਣੇ ਪਾਠਕਾਂ ਨੂੰ ਰੰਗਕਰਮੀਆਂ ਦੇ ਸ਼ੁਰੂਆਤੀ ਪਲਾਂ ਦੇ ਨੇੜੇ ਲੈ ਕੇ ਜਾਣ ਦਾ ਯਤਨ ਕਰਾਂਗਾ।

ਡਾ. ਸਾਹਿਬ ਸਿੰਘ

ਨਾਟਕ ਜਦੋਂ ਆਰੰਭ ਹੋਇਆ ਤਾਂ ਪਰਦਾ ਅਜੇ ਮਸਾਂ ਉਠਿਆ ਹੀ ਸੀ, ਮੰਚ ’ਤੇ ਰੌਸ਼ਨੀ ਅਜੇ ਫੈਲਣੀ ਸ਼ੁਰੂ ਹੋਈ ਸੀ ਕਿ ਦਗੜ ਦਗੜ ਕਰਦੀਆਂ ਤਿੰਨ ਅਦਾਕਾਰ ਕੁੜੀਆਂ ਤੇਜ਼ੀ ਨਾਲ ਸਟੇਜ ’ਤੇ ਆ ਧਮਕੀਆਂ, ਉਨ੍ਹਾਂ ਆਪਣੇ ਸੰਵਾਦ ਸਾਈਡ ਵਿੰਗ ਵਿਚੋਂ ਅੰਦਰ ਪੱਬ ਧਰਦਿਆਂ ਹੀ ਬੋਲਣੇ ਸ਼ੁਰੂ ਕਰ ਦਿੱਤੇ। ਬੋਲਦੀਆਂ ਬੋਲਦੀਆਂ ਆਪਣੀ ਪੁਜੀਸ਼ਨ ਲੈ ਕੇ ਖਲੋ ਗਈਆਂ, ਪਰ ਸੰਵਾਦ-ਵਰਖਾ ਜਾਰੀ ਰਹੀ, ਜਿਵੇਂ ਸਾਹ ਲੈਣਾ ਭੁੱਲ ਗਈਆਂ ਹੋਣ। ਸਾਰੇ ਸੰਵਾਦ ਮੁਕਾ ਕੇ ਉਹ ਮੰਚ ਤੋਂ ਇਵੇਂ ਰਵਾਨਾ ਹੋਈਆਂ ਜਿਵੇਂ ਮੋਰਚਾ ਸਰ ਕਰ ਲਿਆ ਹੋਵੇ। ਮੇਰੇ ਚਿਹਰੇ ’ਤੇ ਮੁਸਕਰਾਹਟ ਫੈਲਣੋਂ ਨਾ ਰਹਿ ਸਕੀ। ਅੰਦਰੋਂ ਉਨ੍ਹਾਂ ਨਿਰਛਲ ਕਲਾਕਾਰਾਂ ਪ੍ਰਤੀ ਢੇਰ ਸਾਰਾ ਪਿਆਰ ਜਾਗਿਆ ਜਿਨ੍ਹਾਂ ਨੇ ਆਉਣ ਵਾਲੇ ਸਮਿਆਂ ਵਿਚ ‘ਸ਼ਾਤਿਰ ਕਲਾਕਾਰ’ ਬਣ ਜਾਣਾ ਹੈ ਅਤੇ ਮੰਚ ’ਤੇ ਜੰਮ ਕੇ ਖੇਡਣਾ ਹੈ।
ਬੀਬੀਆਂ ਗਈਆਂ ਤਾਂ ਬੀਬੇ ਅਗਲਾ ਸੀਨ ਲੈ ਕੇ ਹਾਜ਼ਰ ਹੋ ਗਏ। ਜੋਸ਼ ਬੀਬੀਆਂ ਤੋਂ ਵੀ ਦੁੱਗਣਾ, ਜਿਵੇਂ ਦਰਸ਼ਕਾਂ ਦਾ ਸਾਹ ਬੰਦ ਕਰਨਾ ਹੋਵੇ। ਤੀਜੇ ਦ੍ਰਿਸ਼ ਵਿਚ ਇਕ ਮੁੰਡਾ ਹਲਵਾਈ ਬਣਕੇ ਆਇਆ ਤਾਂ ਲੱਗਿਆ ਜਿਵੇਂ ਹੁਣ ਕੁਝ ਵਾਪਰਿਆ, ਹੁਣ ਕੁਝ ਵਾਪਰਿਆ! ਨਵੀਂ ਪੀੜ੍ਹੀ ਇਕ ਮੁਹਾਵਰਾ ਅੱਜਕੱਲ੍ਹ ਆਮ ਵਰਤਦੀ ਐ ‘ਰੌਕ ਦਿ ਸਟੇਜ’, ਇਨ੍ਹਾਂ ਦਾ ਜੋਸ਼ ਤੋੜਨ ਉਖਾੜਨ ਵਾਲਾ ਹੀ ਸੀ। ਅੱਜ ਦੀ ਪੀੜ੍ਹੀ ਇਸ ਤਰ੍ਹਾਂ ਹੀ ਬੋਲਦੀ ਹੈ,‘ਕਿਆ ਪਰਫਾਰਮੈਂਸ ਥਾ, ਤੋੜ ਡਾਲਾ!’। ਅਗਲਾ ਦ੍ਰਿਸ਼ ਆਰੰਭ ਹੋਇਆ ਤਾਂ ਰੰਗ ਥੋੜ੍ਹਾ ਬਦਲ ਗਿਆ, ਰੰਗਮੰਚ ਤੇ ਸਿਨਮਾ ਦਾ ਹੰਢਿਆ ਅਦਾਕਾਰ ਸੰਨੀ ਗਿੱਲ ਪੰਡਤ ਪਰਸ਼ੂਰਾਮ ਦੇ ਕਿਰਦਾਰ ਵਿਚ ਪੇਸ਼ ਹੋਇਆ ਤਾਂ ਲੱਗਾ ਕਿ ਉਲੱਥ ਬਰਾਤ ਸੰਦੂਕ ਵਿਚ ਬੰਦ ਕਰਕੇ ਇਕ ਸਿਆਣਾ ਵੀ ਨਾਲ ਲਿਆਈ ਐ! ਸੰਨੀ ਗਿੱਲ ਆਪਣੀ ਅਦਾਕਾਰੀ ਦਾ ਜਲੌਅ ਦਿਖਾ ਰਿਹਾ ਸੀ, ਆਵਾਜ਼ ਦਾ ਉਤਰਾਅ ਚੜ੍ਹਾਅ, ਮਟਕਦੀਆਂ ਅੱਖਾਂ, ਖੇਡਦੇ ਹੱਥ ਪੈਰ, ਰਿਦਮ ਵਿਚ ਆਇਆ ਪੂਰਾ ਸਰੀਰ। ਉਸਦੇ ਖੇਡਣ ਦਾ ਦਿਨ ਸੀ, ਉਹ ਰੱਜਕੇ ਖੇਡਿਆ। ਸਚਿਤ, ਸ਼ਾਸ਼ਵਤ, ਗਿਰੀਸ਼ ਠੁਕਰਾਲ, ਸੁਰੇਸ਼, ਲੋਕੇਸ਼, ਪਰਦੀਪ, ਗੁਰਨਾਰਾਇਣ ਸਿੰਘ ਬਰਾੜ, ਅਮਨ ਮਲਿਕ, ਖੁਸ਼ਿਕਾ, ਚਾਰੁਲ, ਸੰਕਲਪ, ਦੀਕਸ਼ਤ, ਕਮਲ, ਸੁੱਖੀ, ਵਿਪੁਲ ਅਗਰਵਾਲ, ਮੋਹਿਤ ਸੰਦੂਕ ਵਿਚੋਂ ਬਾਹਰ ਕੱਢੇ ਬਜ਼ੁਰਗ ਸੰਨੀ ਗਿੱਲ ਦੇ ਇਰਦ ਗਿਰਦ ਸੁਰੱਖਿਅਤ ਮਹਿਸੂਸ ਕਰ ਰਹੇ ਸਨ। ਵਿਆਹ ਵਰਗਾ ਮਾਹੌਲ ਸੀ। ਕੋਈ ਪ੍ਰਭਾਵਿਤ ਨਹੀਂ ਸੀ ਕਰ ਰਿਹਾ, ਪਰ ਪਿਆਰੇ ਲੱਗ ਰਹੇ ਸਨ। ਚਾਅ ਦਾ ਹੜ੍ਹ ਸੀ। ਰੰਗਮੰਚ ਦੇ ਜਜ਼ਬੇ ਨਾਲ ਭਰੇ ਇਨ੍ਹਾਂ ਰੰਗਕਰਮੀਆਂ ਨੇ ਆਪਣੇ ਗਰੁੱਪ ਦਾ ਨਾਂ ਵੀ ਖ਼ੂਬ ਰੱਖਿਆ ਹੈ ‘ਨਿਰਭੈ ਰੰਗਮੰਚ।’
ਮੇਰੀ ਸਿਮਰਤੀ ਵਿਚ ਸਿਰਸਾ ਲਾਗੇ ਦਾ ਇਕ ਪਿੰਡ ਉੱਭਰਦਾ ਹੈ। ਅਸੀਂ ਨਾਟਕ ਖੇਡਣਾ ਸੀ ‘ਮੁਨਸ਼ੀ ਖਾਨ’। ਉਹ ਕਿਰਦਾਰ ਨਿਭਾਉਣ ਵਾਲਾ ਸੀਨੀਅਰ ਅਦਾਕਾਰ ਗ਼ੈਰ ਹਾਜ਼ਰ ਸੀ। ਭਾਅ ਜੀ ਗੁਰਸ਼ਰਨ ਸਿੰਘ ਨੇ ਇਕ ਅਸਲੋਂ ਨਵੇਂ ਅਦਾਕਾਰ ਕਮਲਜੀਤ ਨੂੰ ਕੁਝ ਦਿਨਾਂ ਵਿਚ ਮੁਨਸ਼ੀ ਖਾਨ ਤਿਆਰ ਕਰਵਾ ਦਿੱਤਾ। ਨਾਟਕ ਆਰੰਭ ਹੋਇਆ ਤਾਂ ਹਜ਼ਾਰਾਂ ਦਰਸ਼ਕ ਸਾਹਮਣੇ ਦੇਖ ਕੇ ਉਹ ਭਮੱਤਰ ਗਿਆ। ਭਾਅ ਨੇ ਮੰਚ ’ਤੇ ਪੈਰ ਧਰਿਆ ਤੇ ਬੋਲੇ, ‘ਕਿਮੇਂ ਐਂ ਮੁਨਸ਼ੀ ਖਾਨ?’ ਕਮਲਜੀਤ ਬਾਬੇ ਦੀ ਪੁਰਸੋਜ਼ ਆਵਾਜ਼ ਸੁਣ ਕੇ ਹੋਰ ਘਬਰਾ ਗਿਆ ਤੇ ਮਸਾਂ ਕੂਇਆ, ‘ਠੀਕ ਆਂ’ ਅੱਗੋਂ ਚੁੱਪ, ਅਗਲੇ ਸੰਵਾਦ ਵਿਚ ਮੁਨਸ਼ੀ ਖਾਨ ਨੇ ਆਪਣਾ ਦੁੱਖੜਾ ਰੋਣਾ ਸੀ। ਭਾਅ ਨੇ ਉਸਨੂੰ ਉਸਦਾ ਸੰਵਾਦ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਡੈਂਬਰਿਆ ਹੋਇਆ ਭਾਅ ਵੱਲ ਦੇਖੀ ਜਾਵੇ। ਜਦੋਂ ਭਾਅ ਨੇ ਭਾਰੇ ਹੱਥਾਂ ਨਾਲ ਫੜਕੇ ਝੰਜੋੜਿਆ ਤਾਂ ਉਹ ਹੁਬਕੀਂ ਹੋ ਲਿਆ। ਗੁਰਸ਼ਰਨ ਭਾਅ ਸੱਤ ਪੱਤਣਾਂ ਦੇ ਤਾਰੂ ਸਨ। ਉਨ੍ਹਾਂ ਸਾਰਾ ਦ੍ਰਿਸ਼ ਇਹ ਸੰਵਾਦ ਬੋਲਦਿਆਂ ਸੰਪੂਰਨ ਕਰ ਮਾਰਿਆ, ‘ਤੇਰਾ ਚਿਹਰਾ ਦੇਖਕੇ ਮੈਂ ਸਮਝ ਗਿਆ ਮੁਨਸ਼ੀ ਖਾਨ ਕਿ ਤੂੰ ਆਹ ਕਹਿਣਾ ਚਾਹੁਨੈਂ…ਹੁਣ ਤੂੰ ਮੇਰੇ ਜਵਾਬ ਵਿਚ ਆਹ ਕਹਿਣਾ ਚਾਹੁਨੈਂ!’ ਨਵਾਂ ਕਲਾਕਾਰ ਅਣਭੋਲ ਬੱਚਾ ਹੁੰਦਾ ਹੈ ਅਤੇ ਜ਼ਿੰਦਗੀ ਦੇ ਕਿਸੇ ਹਸੀਨ ਸਫ਼ਰ ਦੀ ਸ਼ੁਰੂਆਤ ਵੀ ਜਜ਼ਬਿਆਂ ਨਾਲ ਲਬਰੇਜ਼ ਹੁੰਦੀ ਐ, ਭਲਾ ਨੁਕਸਾਨ ਨਹੀਂ ਦੇਖਦੀ। ਸ਼ਾਇਦ ਰੰਗਮੰਚ ਦੀ ਇਹੀ ਤਾਕਤ ਹੈ, ਸ਼ਾਇਦ ਜ਼ਿੰਦਗੀ ਦਾ ਇਹੀ ਰੰਗ ਢੰਗ ਹੈ। ਸ਼ੁਰੂਆਤ ਨੂੰ ਅੰਜਾਮ ਦਾ ਇਲਮ ਨਹੀਂ ਹੁੰਦਾ, ਕਿੰਨੇ ਜੁੜੇ ਰਹਿਣਗੇ, ਕਿੰਨੇ ਰਾਹ ਬਦਲ ਲੈਣਗੇ, ਕਿੰਨੇ ‘ਰਾਜ’ ਕਰਨ ਵਾਲਿਆਂ ਨਾਲ ਰਿਸ਼ਤਾ ਜੋੜ ਲੈਣਗੇ, ਨਹੀਂ ਪਤਾ, ਪਰ ਸ਼ੁਰੂਆਤ ਦੇ ਸ਼ਹਿਦ ਦਾ ਰਸ ਕੋਈ ਹੋਰ ਨਹੀਂ ਚੱਖ ਸਕਦਾ। ਸ਼ੁਰੂਆਤ ਜ਼ਿੰਦਾਬਾਦ!

ਸੰਪਰਕ:98880-11096


Comments Off on ਸ਼ੁਰੂਆਤ ਦਾ ਚਾਅ ਅਤੇ ਚੁਣੌਤੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.