ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ

Posted On August - 24 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਮੁਨੱਵਰ ਸੁਲਤਾਨਾ ਦੀ ਪੈਦਾਇਸ਼ ਮਾਲਵਾ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ 1924 ਨੂੰ ਹੋਈ। ਸ਼ਾਹਕਾਰ ਨਗ਼ਮਿਆਂ ਦੀ ਸਿਰਜਣਹਾਰ ਸੁਲਤਾਨਾ ਦਾ ਤਾਲੁਕ ਕਿਸੇ ਸੰਗੀਤ ਘਰਾਣੇ ਨਾਲ ਨਹੀਂ ਸੀ ਅਤੇ ਨਾ ਹੀ ਕਿਸੇ ਉਸਤਾਦ ਕੋਲੋਂ ਉਸ ਨੇ ਮੌਸੀਕੀ ਦੀ ਕੋਈ ਤਾਲੀਮ ਹਾਸਲ ਕੀਤੀ। ਉਨ੍ਹਾਂ ਦੇ ਵਾਲਿਦ ਆਗ਼ਾ ਸਲੀਮ ਖ਼ਾਨ ਪੰਜਾਬ ਪੁਲੀਸ ’ਚ ਮੁਲਾਜ਼ਮ ਸਨ। ਲਿਹਾਜ਼ਾ ਇਨ੍ਹਾਂ ਨੂੰ ਮੁਲਾਜ਼ਮਤ ਦੇ ਸਿਲਸਿਲੇ ’ਚ ਲੁਧਿਆਣਾ ਤੋਂ ਲਾਹੌਰ ਕਿਆਮ ਕਰਨਾ ਪਿਆ। ਅਜ਼ੀਮ ਰੇਡੀਓ ਅਨਾਊਂਸਰ ਮੁਸਤਫ਼ਾ ਅਲੀ ਹਮਦਾਨੀ ਦਾ ਇਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਉਨ੍ਹਾਂ ਬਾਲੜੀ ਸੁਲਤਾਨਾ ਦੇ ਸੰਗੀਤਕ ਇਸ਼ਕ ਨੂੰ ਵੇਖਦਿਆਂ ਆਲ ਇੰਡੀਆ ਰੇਡੀਓ, ਲਾਹੌਰ ’ਤੇ ਬਾਲ ਗਾਇਕਾ ਵਜੋਂ ਪੇਸ਼ ਕਰ ਦਿੱਤਾ। ਕੁਝ ਹੀ ਅਰਸੇ ਬਾਅਦ ਉਸ ਦੀ ਮੌਸੀਕੀ ਨਾਲ ਬੇਇੰਤਹਾ ਲਗਨ ਦੀ ਵਜ੍ਹਾ ਨਾਲ ਉਸਨੂੰ ਰੇਡੀਓ ਫੀਚਰ ਅਤੇ ਦੂਸਰੇ ਮੌਸੀਕੀ ਦੇ ਪ੍ਰੋਗਰਾਮ ਵਿਚ ਵੀ ਸ਼ਾਮਲ ਕੀਤਾ ਜਾਣ ਲੱਗਿਆ। ਮਾਇਕ ਨੂੰ ਇਸਤੇਮਾਲ ਅਤੇ ਅਲਫ਼ਾਜ਼ ਦੀ ਅਦਾਇਗੀ ਦੇ ਰਮੂਜ਼ ਵੀ ਇਨ੍ਹਾਂ ਨੂੰ ਮੁਸਤਫ਼ਾ ਨੇ ਹੀ ਸਮਝਾਏ। ਇੱਥੋਂ ਮੁਨੱਵਰ ਸੁਲਤਾਨਾ ਦਾ ਫ਼ਨੀ ਸਫ਼ਰ ਸ਼ੁਰੂ ਹੋਇਆ ਜੋ 1959 ਤੀਕਰ ਜਾਰੀ ਰਿਹਾ।
ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੀ ਗੁਲ ਜ਼ਮਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁਲ ਬਲੋਚ’ (1945) ਉਸਦੀ ਪਹਿਲੀ ਫ਼ਿਲਮ ਸੀ। ਫ਼ਿਲਮਸਾਜ਼ ਮੀਆਂ ਮੁਸ਼ਤਾਕ ਅਹਿਮਦ ਨੇ ਇਸ ਨੂੰ ਨਵੀਂ ਅਦਾਕਾਰਾ ਵਜੋਂ ਪੇਸ਼ ਕਰਵਾਇਆ ਸੀ। ਮੁਨੱਵਰ ਨੇ ਫ਼ਿਲਮ ’ਚ ਦੂਜੀ ਹੀਰੋਇਨ ‘ਸ਼ੀਲਾ’ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰ ਸਲੀਮ ਰਜ਼ਾ ‘ਰਾਮੂ’ ਦਾ ਪਾਰਟ ਨਿਭਾ ਰਿਹਾ ਸੀ। ਕਹਾਣੀ ਗੁਲ ਜ਼ਮਾਨ, ਮੁਕਾਲਮੇ ਕੇ. ਸੀ. ਵਰਮਾ ਤੇ ਗੀਤ ਮੁਹੰਮਦ ਸ਼ਫ਼ੀ ਆਸ਼ਿਕ ‘ਲਾਹੌਰੀ’ ਨੇ ਤਹਿਰੀਰ ਕੀਤੇ ਸਨ। ਸ਼ਿਆਮ ਸੁੰਦਰ, ਪੰਡਤ ਅਮਰਨਾਥ ਤੇ ਲੱਛੀ ਰਾਮ ਦੇ ਸੰਗੀਤ ’ਚ ਮੁਨੱਵਰ ਸੁਲਤਾਨਾ ਦੇ ਗਾਏ ਤੇ ਉਸੇ ਉੱਪਰ ਫ਼ਿਲਮਾਏ ਗੀਤ ‘ਸੁਣ ਮੇਰੇ ਸ਼ਾਮ ਮੇਰੇ ਦੁੱਖਾਂ ਦੀ ਕਹਾਣੀ’ ਤੇ ‘ਦਰਦੀ ਨਹੀਂ ਮਿਲਦਾ ਜੋ ਮੇਰਾ ਦਰਦ ਵੰਡਾਵੇ ਰੌਂਦੀ ਨੂੰ ਹਸਾਵੇ’ ਤੋਂ ਇਲਾਵਾ ਮੁਨੱਵਰ ਸੁਲਤਾਨਾ ਤੇ ਸਲੀਮ ਰਜ਼ਾ ਤੇ ਫ਼ਿਲਮਾਇਆ ਗੀਤ ‘ਆ ਚੰਨ ਵੇ ਲੱਗੀਆਂ ਤੋੜ ਨਿਭਾਈਏ’ (ਮੁਨੱਵਰ ਸੁਲਤਾਨਾ, ਮੁਹੰਮਦ ਰਫ਼ੀ) ਵੀ ਬੜਾ ਪਸੰਦ ਕੀਤਾ ਗਿਆ। 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ਸ਼ੁਦਾ ਇਹ ਫ਼ਿਲਮ ਮੁਹੰਮਦ ਰਫ਼ੀ ਤੇ ਮਜ਼ਾਹੀਆ ਅਦਾਕਾਰ ਨਜ਼ਰ ਦੀ ਵੀ ਪਹਿਲੀ ਫ਼ਿਲਮ ਸੀ।
ਮੁਨੱਵਰ ਸੁਲਤਾਨਾ ਨੂੰ ਫ਼ਿਲਮੀ ਖ਼ੇਤਰ ’ਚ ਸਮਝੌਤੇ ਕਰਨੇ ਨਾ-ਪਸੰਦ ਸਨ। ਲਿਹਾਜ਼ਾ ਉਸਨੇ ਅਦਾਕਾਰੀ ਦੀ ਬਜਾਏ ਗੁਲੂਕਾਰੀ ਨੂੰ ਤਰਜੀਹ ਦਿੱਤੀ। ਪਿੱਠਵਰਤੀ ਗੁਲੂਕਾਰਾ ਵਜੋਂ ਮੁਨੱਵਰ ਸੁਲਤਾਨਾ ਦੀ ਪਹਿਲੀ ਉਰਦੂ/ਹਿੰਦੀ ਫ਼ਿਲਮ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਰਵਿੰਦਰ ਦੂਬੇ ਨਿਰਦੇਸ਼ਿਤ ‘ਧਮਕੀ’ (1945) ਸੀ। ਰਾਗਿਨੀ ਅਤੇ ਅਲ ਨਾਸਿਰ ਦੇ ਅਹਿਮ ਕਿਰਦਾਰ ਵਾਲੀ ਇਸ ਫ਼ਿਲਮ ਵਿਚ ਉਸਨੇ ਪੰਡਤ ਅਮਰਨਾਥ ਦੇ ਸੰਗੀਤ ਵਿਚ ਦੀਨਾ ਨਾਥ ਮਧੋਕ ਦੇ ਲਿਖੇ 3 ਗੀਤ ‘ਜਵਾਨੀ ਮਸਤਾਨੀ ਹੈ’, ‘ਦਰਦ ਮੁਹੱਬਤ ਆਹ ਸੇ ਕਹਿਦੇ’ ਅਤੇ ਤੀਜਾ ਗੀਤ ਧਨੀਰਾਮ ਨਾਲ ‘ਅਪਨੇ ਕੋਠੇ ਮੈਂ ਖੜ੍ਹੀ ਖਿਲੀ ਚਾਂਦਨੀ ਰਾਤ’ ਵੀ ਬੜੇ ਪਸੰਦ ਕੀਤੇ ਗਏ। ਸ਼ੋਰੀ ਪਿਕਚਰਜ਼, ਲਾਹੌਰ ਦੀ ਬਰਕਤ ਮਹਿਰਾ ਨਿਰਦੇਸ਼ਿਤ ਫ਼ਿਲਮ ‘ਚੰਪਾ’ (1945) ’ਚ ਲੱਛੀ ਰਾਮ ਦੀ ਮੌਸੀਕੀ ’ਚ ਉਸਨੇ ਜ਼ੀਨਤ ਬੇਗ਼ਮ ਨਾਲ ਦੋਗਾਣਾ ‘ਡੋਰੀਏ ਕੀ ਓੜਨੀ ਮੇਂ ਮਲ-ਮਲ ਧੋਊਂਗੀ’ ਗਾਇਆ ਜੋ ਪੰਜਾਬੀ ਫ਼ਿਲਮ ਦੇ ਇਕ ਮਕਬੂਲ ਗੀਤ ਦੀ ਤਰਜ਼ ’ਤੇ ਆਧਾਰਿਤ ਸੀ। ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੀ ਜੀ. ਏ. ਚਿਸ਼ਤੀ ਸੰਗੀਤ ਨਿਰਦੇਸ਼ਿਤ ਫ਼ਿਲਮ ‘ਅਲਬੇਲੀ’ (1945) ’ਚ ਉਸਨੇ ‘ਬੇਕਸੋਂ ਕੀ ਬੇਕਸੀ ਕੋ ਦੇਖਤਾ ਕੋਈ ਨਹੀਂ’ ਗੀਤ ਗਾਇਆ। ਗੰਗਾ ਪ੍ਰੋਡਕਸ਼ਨਜ਼, ਬੰਬਈ ਦੀ ਪੰਡਤ ਅਮਰਨਾਥ ਸੰਗੀਤਸ਼ੁਦਾ ਫ਼ਿਲਮ ‘ਆਈ ਬਹਾਰ’ (1946) ’ਚ ਉਸਨੇ ਡੀ. ਐੱਨ. ਮਧੋਕ ਦਾ ਲਿਖਿਆ ਗੀਤ ‘ਪੀਆ-ਪੀਆ ਮਤ ਬੋਲ ਪਪੀਹਾ’ ਗਾਇਆ।

ਮਨਦੀਪ ਸਿੰਘ ਸਿੱਧੂ

ਸਟੈਂਡਰਡ ਪਿਕਚਰਜ਼, ਬੰਬਈ ਦੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ’ਚ ਮੁਨੱਵਰ ਸੁਲਤਾਨਾ ਨੇ ਸ਼ਮਸ਼ਾਦ ਬੇਗ਼ਮ, ਗੀਤਾ ਰੌਏ, ਨਸੀਮ ਬੇਗ਼ਮ ਨਾਲ ਵਲੀ ਸਾਹਬ ਦਾ ਲਿਖਿਆ ਗੀਤ ‘ਜਬ ਚਾਂਦ ਜਵਾਂ ਹੋਗਾ’ ਗਾਇਆ। ਪ੍ਰਧਾਨ ਪਿਕਚਰਜ਼, ਲਾਹੌਰ ਦੀ ਖਵਾਜਾ ਖੁਰਸ਼ੀਦ ਅਨਵਰ ਦੀ ਸੰਗੀਤ ਨਿਰਦੇਸ਼ਿਤ ਫ਼ਿਲਮ ‘ਪਗਡੰਡੀ’ (1947) ’ਚ ਉਸਨੇ ‘ਝੂਲਨਾ ਝੂਲਾ ਦੇ ਮੋਰੇ ਸਈਆ ਕੋ’, ‘ਬਲਮਾ ਪਟਵਾਰੀ ਹੋ ਗਏ’ ਆਦਿ ਗੀਤ ਗਾਏ। ਪ੍ਰਦੀਪ ਪਿਕਚਰਜ਼, ਬੰਬਈ ਦੀ ਫ਼ਿਲਮ ‘ਇੰਤਜ਼ਾਰ ਕੇ ਬਾਦ’ (1947) ’ਚ ਖ਼ਾਨ ਅਜ਼ੀਜ਼ ਦੇ ਸੰਗੀਤ ’ਚ ਸੁਲਤਾਨਾ ਨੇ ਜ਼ੀਨਤ ਬੇਗ਼ਮ ਨਾਲ ‘ਮੇਰੀ ਬੀਤੀ ਜਵਾਨੀ ਮਸਤਾਨੀ’ ਗੀਤ ਗਾਇਆ। ਦੀਵਾਨ ਪਿਕਚਰਜ਼, ਬੰਬਈ ਦੀ ਫ਼ਿਲਮ ‘ਬਰਸਾਤ ਕੀ ਏਕ ਰਾਤ’ (1948) ’ਚ ਭਾਈ ਗ਼ੁਲਾਮ ਹੈਦਰ ਦੇ ਸੰਗੀਤ ’ਚ ਇਕ ਗੀਤ ‘ਘਟਾ ਕਾਲੀ ਕਾਲੀ ਛਾਈ’ ਵੀ ਬੜਾ ਚੱਲਿਆ। ਚਿੱਤਰਕਲਾ ਮੰਦਰ, ਬੰਬਈ ਦੀ ਫ਼ਿਲਮ ‘ਰੂਪ ਰੇਖਾ’ (1949) ’ਚ ਮੁਨੱਵਰ ਸੁਲਤਾਨਾ ਨੇ ਰਵੀ ਰਾਏ ਚੌਧਰੀ ਦੇ ਸੰਗੀਤ ’ਚ ਚਾਰ ਗੀਤ ਗਾਏ। ਗਿਰਧਰ ਬਹਾਰ ਪ੍ਰੋਡਕਸ਼ਨਜ਼, ਲਾਹੌਰ ਦੀ ਫ਼ਿਲਮ ‘ਗੁਲਨਾਰ’ (1950) ’ਚ ਹੰਸਰਾਜ ਬਹਿਲ ਤੇ ਕਾਦਰ ਫਰੀਦੀ ਦੇ ਸੰਗੀਤ ’ਚ 3 ਗੀਤ ਗਾਏ। ਗਲੋਬ ਪਿਕਚਰਜ਼, ਬੰਬਈ ਦੀ ਫ਼ਿਲਮ ‘ਆਬਸ਼ਾਰ’ (1953) ਮੁਨੱਵਰ ਸੁਲਤਾਨਾ ਦੀ ਗੁਲੂਕਾਰੀ ਵਾਲੀ ਭਾਰਤ ’ਚ ਆਖ਼ਰੀ ਫ਼ਿਲਮ ਸੀ। ਭਾਈ ਗ਼ੁਲਾਮ ਹੈਦਰ ਦੇ ਸੰਗੀਤ ’ਚ ਉਸਨੇ 3 ਗੀਤ ਗਾਏ।
ਦੇਸ਼ ਵੰਡ ਤੋਂ ਬਾਅਦ 14 ਅਗਸਤ, 1947 ਨੂੰ ਰਾਤ ਦੇ 12 ਵੱਜ ਕੇ 1 ਮਿੰਟ ’ਤੇ ਪਾਕਿ ਦੀ ਤਲਾਵਤ ਮੌਲਾਨਾ ਜ਼ਫ਼ਰ ਅਲੀ ਖ਼ਾਨ ਦਾ ਲਿਖਿਆ ਹੋਇਆ ਕੌਮੀ ਨਗ਼ਮਾ ‘ਤੌਹੀਦ ਕੇ ਤਰਾਨੇ ਕੀ ਤਾਨੇਂ ਉੜਾਏ ਜਾ’ ਦਾ ਅਨਮੋਲ ਸ਼ਰਫ਼ ਵੀ ਸਿਰਫ਼ ਮੁਨੱਵਰ ਸੁਲਤਾਨਾ ਨੂੰ ਹੀ ਹਾਸਲ ਹੈ। ਮੁਨੱਵਰ ਦੀ ਆਵਾਜ਼ ’ਚ ਸ਼ਾਇਰ-ਏ-ਮਸ਼ਰਿਕ ਅਲਾਮਾ ਮੁਹੰਮਦ ਇਕਬਾਲ ਦੀ ਲਿਖੀ ਹੋਈ ਦੁਆ ‘ਲਬ ਪੇ ਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ’ ਅੱਜ ਵੀ ਪਾਕਿਸਤਾਨ ਰੇਡੀਓ ਤੋਂ ਪ੍ਰਸਾਰਿਤ ਹੋ ਰਹੀ ਹੈ।
ਮੁਨੱਵਰ ਸੁਲਤਾਨਾ ਨੂੰ ਪਾਕਿਸਤਾਨ ਦੀ ਪਹਿਲੀ ਰਿਲੀਜ਼ਸ਼ੁਦਾ ਦੀਵਾਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਉਰਦੂ ਫ਼ਿਲਮ ‘ਤੇਰੀ ਯਾਦ’ (1948) ਦੀ ਗੁਲੂਕਾਰਾ ਹੋਣ ਦਾ ਵੀ ਮਾਣ ਹਾਸਲ ਹੈ। ਮਾਸਟਰ ਇਨਾਇਤ ਅਲੀ ਨਾਥ ਦੇ ਸੰਗੀਤ ’ਚ ਫ਼ਿਲਮ ਦੇ 10 ਗੀਤਾਂ ’ਚੋਂ 4 ਗੀਤ ਮੁਨੱਵਰ ਸੁਲਤਾਨਾ ਨੇ ਗਾਏ। ਇਸ ਫ਼ਿਲਮ ਤੋਂ ਬਾਅਦ ਉਸਨੇ ਉਰਦੂ ਫ਼ਿਲਮਾਂ ‘ਸ਼ਾਹਿਦਾ’, ‘ਹਿਚਕੋਲੇ’, ‘ਸਚਾਈ’, ‘ਦੋ ਕਿਨਾਰੇ’ (1949) ’ਚ ਨਗਮਾਸਾਰਾਈ ਕੀਤੀ। ਉਸਦੀ ਗੁਲੂਕਾਰੀ ਵਾਲੀ ਪਹਿਲੀ ਸਿਲਵਰ ਜੁਬਲੀ ਪੰਜਾਬੀ ਫ਼ਿਲਮ ਅਨੀਸ ਪਿਕਚਰਜ਼, ਲਾਹੌਰ ਦੀ ‘ਫੇਰੇ’ (1949) ਸੀ। ਜੀ. ਏ. ਚਿਸ਼ਤੀ ਦੇ ਸੰਗੀਤ ’ਚ ਉਸਦੇ ਗਾਏ ‘ਕੀ ਕੀਤਾ ਤਕਦੀਰੇ ਕਿਓਂ ਰੋਲ ਸੁੱਟੇ ਦੋ ਹੀਰੇ’, ‘ਮੈਨੂੰ ਰੱਬ ਦੀ ਸਹੁੰ ਤੇਰੇ ਨਾਲ ਪਿਆਰ ਹੋ ਗਿਆ’ ਆਦਿ ਤੋਂ ਇਲਾਵਾ ‘ਓ ਅੱਖੀਆਂ ਲਾਵੀਂ ਨਾ ਓ ਫਿਰ ਪਛਤਾਵੀਂ ਨਾ ਅਨਜਾਣਾ’ (ਨਾਲ ਇਨਾਇਤ ਹੁਸੈਨ ਭੱਟੀ) ਨੇ ਬੜੀ ਮਕਬੂਲੀਅਤ ਪ੍ਰਾਪਤ ਕੀਤੀ। ਜੀ. ਏ. ਚਿਸ਼ਤੀ ਦੇ ਸੰਗੀਤ ’ਚ ਫ਼ਿਲਮ ‘ਮੁੰਦਰੀ’ (1949) ’ਚ ਮੁਨੱਵਰ ਦੇ ਗਾਏ ‘ਨੀਂ ਮੈਂ ਚੰਨ ਨੂੰ ਚਕੋਰ ਵਾਂਗੂੰ ਲੱਭਦੀ’ ਆਦਿ ਤੋਂ ਇਲਾਵਾ ‘ਚੰਨਾ ਚੰਨ ਚਾਣਨੀ ਮੌਸਮ ਏ ਬਹਾਰ ਦਾ’ (ਕਾਦਰ ਫ਼ਰੀਦੀ) ਗੀਤ ਵੀ ਬਹੁਤ ਪਸੰਦ ਕੀਤਾ ਗਿਆ। ਜੀ. ਏ. ਚਿਸ਼ਤੀ ਦੇ ਹੀ ਸੰਗੀਤ ’ਚ ਫ਼ਿਲਮ ‘ਲਾਰੇ’ (1950) ’ਚ ਮੁਨੱਵਰ ਦੇ ਗਾਏ ਤੇ ਸਵਰਨ ਲਤਾ ’ਤੇ ਫ਼ਿਲਮਾਏ ਗੀਤ ‘ਵੇ ਮੈਂ ਬੋਲ-ਬੋਲ ਥੱਕੀ’ ਤੋਂ ਇਲਾਵਾ ਇਨਾਇਤ ਹੁਸੈਨ ਭੱਟੀ ਨਾਲ ਗਾਇਆ ਭੰਗੜਾ ਗੀਤ ‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹੱਲ ਡੱਕ ਲਏ’ ਵੀ ਖ਼ੂਬ ਚੱਲਿਆ। ਪਰ ਜਿਸ ਗੀਤ ਨੇ ਉਸਨੂੰ ਸ਼ੋਹਰਤ ਦੇ ਸਿਖਰ ’ਤੇ ਪਹੁੰਚਾਇਆ ਉਹ ਸੀ ਐਵਰਨਿਊ ਪਿਕਚਰਜ਼, ਲਾਹੌਰ ਦੀ ਬਲਾਕ ਬਸਟਰ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1956) ਦਾ ਗੀਤ ‘ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੂਚਾਵੀਂ ਵੇ ਕਬੂਤਰਾ’ ਜਿਸਨੇ ਦੋਵਾਂ ਪੰਜਾਬਾਂ ’ਚ ਮਕਬੂਲੀਅਤ ਹਾਸਲ ਕੀਤੀ। ਨੁਮਾਇਆ ਮੌਸੀਕਾਰ ਬਾਬਾ ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ) ਦੀਆਂ ਦਿਲਕਸ਼ ਧੁਨਾਂ ’ਚ ਪਿਰੋਏ ਤੇ ਸਬੀਹਾ ਖ਼ਾਨੁਮ ’ਤੇ ਫ਼ਿਲਮਾਏ ਇਸ ਨਗ਼ਮੇ ਦੇ ਤਖ਼ਲੀਕ-ਕਾਰ ਤੂਫ਼ੈਲ ਹੁਸ਼ਿਆਰਪੁਰੀ ਸਨ।
1957 ਵਿਚ ਉਸਨੇ ਰੇਡੀਓ ਪਾਕਿਸਤਾਨ, ਲਾਹੌਰ ਦੇ ਡਾਇਰੈਕਟਰ, ਮਾਰੂਫ਼ ਸ਼ਾਇਰ ਅਤੇ ਬਰਾਡਕਾਸਟਰ ਅਯੂਬ ਰੂਮਾਨੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਸ਼ੋਅ-ਬਿਜ਼ ਦੀ ਦੁਨੀਆਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ ਸੀ। ਉਸਨੇ ਸਾਂਝੇ ਪੰਜਾਬ ਦੀ ਸਿਰਫ਼ ਇਕ ਪੰਜਾਬੀ ਫ਼ਿਲਮ, 13 ਹਿੰਦੀ ਫ਼ਿਲਮਾਂ ਅਤੇ ਪਾਕਿਸਤਾਨ ਵਿਚ ਤਕਰੀਬਨ 44 ਉਰਦੂ ਫ਼ਿਲਮਾਂ ਅਤੇ 10 ਕੁ ਪੰਜਾਬੀ ਫ਼ਿਲਮਾਂ ’ਚ ਫ਼ਨ-ਏ-ਗੁਲੂਕਾਰੀ ਪੇਸ਼ ਕੀਤੀ। ਫ਼ਿਲਮ ਮੌਸੀਕੀ ’ਚ ਉਨ੍ਹਾਂ ਦੀ ਖ਼ਿਦਮਤ ਨੂੰ ਮੱਦੇਨਜ਼ਰ ਰੱਖਦਿਆਂ ‘ਮਜਲਿਸ-ਏ-ਅਦਬ’ (1981) ਅਤੇ ਸਕਾਫ਼ਤ ਵੱਲੋਂ ‘ਅਲਾਮਤ ਐਵਾਰਡ’ ਨਾਲ ਨਿਵਾਜਿਆ ਗਿਆ। ਫ਼ਿਲਮ ਮੌਸੀਕੀ ਤੋਂ ਇਲਾਵਾ ਪੰਜਾਬੀ ਲੋਕ ਸੰਗੀਤ ਨੂੰ ਵੀ ਮੁਨੱਵਰ ਸੁਲਤਾਨਾ ਦੀ ਬਹੁਤ ਵੱਡੀ ਦੇਣ ਹੈ। ਫ਼ਰਜ਼ੰਦ ਸ਼ਹਿਜ਼ਾਦ ਅਯੂਬ, ਨਗ਼ਮਾਨ ਅਯੂਬ, ਕਾਮਰਾਨ ਅਯੂਬ ਅਤੇ ਸਲਮਾਨ ਅਯੂਬ ਦੀ ਵਾਲਿਦਾ ਤੇ ਅਯੂਬ ਰੂਮਾਨੀ ਦੀ ਸ਼ਰੀਕ-ਏ-ਹਿਆਤ ਮੁਨੱਵਰ ਸੁਲਤਾਨਾ 7 ਜੂਨ 1995 ਨੂੰ 71 ਸਾਲ ਦੀ ਉਮਰੇ ਦਿਲ ਦਾ ਦੌਰਾ ਪੈਣ ਕਰਕੇ ਲਾਹੌਰ ਵਿਖੇ ਵਫ਼ਾਤ ਪਾ ਗਈ।

ਸੰਪਰਕ: 97805-09545


Comments Off on ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.