ਜਰਮਨੀ ਦੇ ਸੂਬੇ ਬਾਵੇਰੀਆ ਦੇ ਔਗਸਬਰਗ ਦਾ ਜੰਮਪਲ (10 ਫਰਵਰੀ 1898) ਬ੍ਰਤੋਲਤ ਬ੍ਰੈਖਤ ਦੁਨੀਆਂ ਦਾ ਵੱਡਾ ਕਵੀ, ਨਾਟਕਕਾਰ ਅਤੇ ਨਿਰਦੇਸ਼ਕ ਸੀ। ਉਹ ਮੁੱਖ ਤੌਰ ’ਤੇ ਨਾਟਕਕਾਰ ਸੀ, ਪਰ ਪੂਰੀ ਦੁਨੀਆਂ ਵਿਚ ਉਸ ਨੂੰ ਇਕ ਕਵੀ ਵਜੋਂ ਵਧੇਰੇ ਜਾਣਿਆ ਜਾਂਦਾ ਹੈ। ਕਿਸਾਨ ਪਰਿਵਾਰ ਨਾਲ ਸਬੰਧਿਤ ਬ੍ਰੈਖਤ ਨੂੰ ਬਚਪਨ ਵਿਚ ਉਸ ਦੀ ਮਾਤਾ ਵੱਲੋਂ ਪੜ੍ਹਾਈ ਬਾਈਬਲ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਜਿਸ ਦਾ ਅਸਰ ਉਸ ਦੀਆਂ ਰਚਨਾਵਾਂ ’ਤੇ ਤਾਉਮਰ ਰਿਹਾ। ਉਸ ਦੇ ਪਿਤਾ ਕਾਗਜ਼ ਮਿੱਲ ਦੇ ਪ੍ਰਬੰਧਕ ਸਨ। ਮੁੱਢਲੀ ਪੜ੍ਹਾਈ ਤੋਂ ਬਾਅਦ ਮਿਊਨਿਖ ਯੂਨੀਵਰਸਿਟੀ ਤੋਂ ਮੈਡੀਕਲ ਸਿੱਖਿਆ ਹਾਸਲ ਕਰਨ ਵੇਲੇ ਤੋਂ ਹੀ ਬ੍ਰੈਖਤ ਦਾ ਝੁਕਾਅ ਥੀਏਟਰ ਵੱਲ ਸੀ। ਪਹਿਲੀ ਆਲਮੀ ਜੰਗ ਵੇਲੇ ਉਸ ਦੀ ਉਮਰ 16 ਸਾਲ ਸੀ। ਬ੍ਰੈਖਤ ਦਾ ਅਸਲੀ ਨਾਮ ਆਈਗਨ ਬਰਥੋਲਡ ਫਰੈਡਰਿਕ ਬ੍ਰੈਖਤ ਸੀ, ਪਰ 1916 ਵਿਚ ਪਹਿਲੀ ਵਾਰ ਉਸ ਨੇ ਬਰਟ ਬ੍ਰੈਖਤ ਦੇ ਨਾਂ ਹੇਠ ਇਕ ਲੇਖ ਲਿਖਿਆ। ਬਾਅਦ ਵਿਚ ਨਾਟਕਕਾਰ ਅਰਨੋਲਤ ਬਰੋਨੈੱਨ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣਾ ਨਾਮ ਬ੍ਰਤੋਲਤ ਬ੍ਰੈਖਤ ਰੱਖ ਲਿਆ ਅਤੇ ਇਸ ਨਾਮ ਨਾਲ ਦੁਨੀਆਂ ਭਰ ਵਿਚ ਨਾਮਣਾ ਖੱਟਿਆ। ਉਸ ਨੇ ਕੁਝ ਸਮਾਂ ਫ਼ੌਜ ਦੀ ਚਿਕਿਤਸਾ ਕੋਰ ਵਿਚ ਕੰਮ ਕੀਤਾ ਜਿੱਥੇ ਜੰਗ ਦੀ ਭਿਅੰਕਰਤਾ ਤੇ ਕਹਿਰ ਆਪਣੇ ਅੱਖੀਂ ਦੇਖਿਆ ਅਤੇ ਨੌਕਰੀ ਛੱਡ ਜੰਗ ਵਿਰੋਧੀ ਬਣ ਗਿਆ। ਪਹਿਲੀ ਅਤੇ ਦੂਜੀ ਆਲਮੀ ਜੰਗ ਦੀ ਭਿਅੰਕਰਤਾ ਨੂੰ ਆਪਣੇ ਪਿੰਡੇ ਉੱਤੇ ਹੰਢਾਉਣ ਕਰਕੇ ਉਸ ਦੀਆਂ ਰਚਨਾਵਾਂ ਜਬਰ ਦੀ ਮੁਖਾਲਫ਼ਤ ਕਰਨ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਰਚਨਾਵਾਂ ਅੱਜ ਵੀ ਦੁਨੀਆਂ ਭਰ ਵਿਚ ਜਬਰ-ਜ਼ੁਲਮ ਖ਼ਿਲਾਫ਼ ਚੱਲਦੇ ਸੰਘਰਸ਼ ਦੀ ਆਵਾਜ਼ ਬਣਦੀਆਂ ਰਹਿੰਦੀਆਂ ਹਨ। ਨਾਜ਼ੀ ਹਕੂਮਤ ਅਤੇ ਦੂਜੀ ਆਲਮੀ ਜੰਗ ਸਮੇਂ ਬ੍ਰੈਖਤ ਨੂੰ ਕਈ ਸਾਲ ਜਲਾਵਤਨੀ ਭੋਗਣੀ ਪਈ। ਉਸ ਦਾ ਕਹਿਣਾ ਸੀ ਕਿ ‘ਮੈਂ ਜੁੱਤਿਆਂ ਨਾਲੋਂ ਜ਼ਿਆਦਾ ਦੇਸ਼ ਬਦਲੇ ਹਨ।’ ਇਹ ਵਰ੍ਹੇ ਉਸ ਨੇ ਡੈਨਮਾਰਕ, ਸਵੀਡਨ, ਫਿਨਲੈਂਡ ਅਤੇ ਅਮਰੀਕਾ ਵਿਚ ਬਿਤਾਏ।
ਉਸ ਨੇ 1918 ਵਿਚ ‘ਬਾਲ’ ਨਾਂ ਦਾ ਨਾਟਕ ਲਿਖਿਆ ਅਤੇ 1919 ਵਿਚ ‘ਡਰੱਮਜ਼ ਇਨ ਦਿ ਨਾਈਟ’ ਲਿਖਿਆ ਜਿਸ ਲਈ ਉਸ ਨੂੰ ਨੌਜਵਾਨ ਪ੍ਰਤਿਭਾ ਵਜੋਂ ‘ਕਲਾਇਸਟ ਪੁਰਸਕਾਰ’ ਮਿਲਿਆ। 1955 ’ਚ ਉਸ ਨੂੰ ਮਾਸਕੋ ਵਿਖੇ ਲੈਨਿਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਨਾਟਕ, ਕਵਿਤਾਵਾਂ ਅਤੇ ਕਾਵਿ-ਗਾਥਾਵਾਂ ਲਿਖੀਆਂ। ਸਿਰਫ਼ ਥੀਏਟਰ ਹਾਲ ਵਿਚ ਹੀ ਨਹੀਂ, ਉਸ ਦੇ ਦਰਸ਼ਕ ਪੂਰੀ ਦੁਨੀਆਂ ਵਿਚ ਹਨ।
1933 ਵਿਚ ਹਿਟਲਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਉਸ ਨੂੰ ਜਲਾਵਤਨੀ ਦਾ ਸੰਤਾਪ ਭੋਗਣਾ ਪਿਆ। ਬ੍ਰਤੋਲਤ ਬ੍ਰੈਖਤ ਅਤੇ ਉਸ ਦੀ ਦੂਜੀ ਪਤਨੀ ਹੈਲਨ ਵੀਗਲ (ਜਰਮਨ ਅਦਾਕਾਰਾ) 22 ਅਕਤੂਬਰ 1948 ਨੂੰ ਪੰਦਰਾਂ ਸਾਲ ਦੀ ਜਲਾਵਤਨੀ ਤੋਂ ਬਾਅਦ ਬਰਲਿਨ ਪਰਤੇ। ਉਹ 1949 ਵਿਚ ਬਰਲਿਨ ਦੇ ਇਕ ਖਸਤਾਹਾਲ ਮਕਾਨ ਵਿਚ ਰਹਿਣ ਲੱਗੇ। ਦੂਜੀ ਆਲਮੀ ਜੰਗ ਤੋਂ ਬਾਅਦ ਦੇ ਇਸ ਸਮੇਂ ਦੌਰਾਨ ਬ੍ਰਤੋਲਤ ਬ੍ਰੈਖਤ ਕੋਲ ਨਾ ਤਾਂ ਕੋਈ ਨੌਕਰੀ ਸੀ ਅਤੇ ਨਾ ਹੀ ਨਾਟਕਾਂ ਦਾ ਕੋਈ ਕੰਮਕਾਰ। 1953 ਵਿਚ ਉਸ ਨੇ ਆਪਣੀ ਰਿਹਾਇਸ਼ ਬਦਲ ਕੇ ਸ਼ਾਓਜ਼ੀਸਤਰਾਸੋ ਨਾਮ ਦੀ ਜਗ੍ਹਾ ਕਰ ਲਈ। ਇਸ ਘਰ ਦੀ ਹਾਲਤ ਦਾ ਜ਼ਿਕਰ ਮਾਰਚ 1954 ਵਿਚ ਬ੍ਰਤੋਲਤ ਬ੍ਰੈਖਤ ਨੇ ਆਪਣੇ ਪ੍ਰਕਾਸ਼ਕ ਨੂੰ ਇਕ ਖ਼ਤ ਵਿਚ ਲਿਖ ਕੇ ਭੇਜਿਆ। ਇਸ ਛੋਟੇ ਜਿਹੇ ਘਰ ਵਿਚ ਸਿਰਫ਼ ਤਿੰਨ ਕਮਰੇ ਸਨ। ਆਲੇ-ਦੁਆਲੇ ਪੁਰਾਣੀਆਂ ਅਤੇ ਖੰਡਰ ਬਣੀਆਂ ਇਮਾਰਤਾਂ ਸਨ। ਇਸ ਘਰ ਵਿਚ ਉਹ ਜ਼ਿੰਦਗੀ ਦੇ ਆਖ਼ਰੀ ਪਲ ਤਕ ਕਿਰਾਏਦਾਰ ਵਜੋਂ ਰਹੇ। 1840 ਵਿਚ ਬਣੀ ਇਸ ਇਮਾਰਤ ਨੇ ਦੋ ਆਲਮੀ ਜੰਗਾਂ ਕਾਰਨ ਤਬਾਹੀ ਦੀ ਮਾਰ ਝੱਲੀ। ਹਿਟਲਰ ਦੇ ‘ਬਰਲਿਨ ਸਟੋਰੀ ਬੰਕਰ’ ਤੋਂ ਲਗਭਗ ਤਿੰਨ ਮੀਲ ਦੀ ਦੂਰੀ ਉੱਤੇ ਸਥਿਤ ਇਸ ਘਰ ਨੂੰ ਜੰਗ ਦਾ ਸੇਕ ਲੱਗਣਾ ਸੁਭਾਵਿਕ ਹੀ ਸੀ। ਅੱਜ ਇਸ ਘਰ ’ਚ ਬ੍ਰੈਖਤ-ਵੀਗਲ ਮਿਊਜ਼ੀਅਮ ਬਣਿਆ ਹੋਇਆ ਹੈ। ਆਪਣੀ ਬਰਲਿਨ ਯਾਤਰਾ ਦੌਰਾਨ ਹਿਟਲਰ ਦਾ ਬਰਲਿਨ ਸਟੋਰੀ ਬੰਕਰ ਦੇਖਣ ਮਗਰੋਂ ਮਨ ਵਿਚ ਬ੍ਰੈਖਤ ਦੀ ਯਾਦਗਰ ਦੇਖਣ ਦੀ ਯੋਜਨਾ ਬਣੀ ਜਿਸ ਨੇ ਫਾਸ਼ੀਵਾਦ ਦੀ ਚੜ੍ਹਤ ਦੇ ਕਾਲੇ ਦੌਰ ’ਚ ਫਾਸ਼ੀਵਾਦੀ ਸੱਤਾ ਦੇ ਕੇਂਦਰ ਬਰਲਿਨ ਵਿਚੋਂ ਇਸ ਕਾਲੇ ਦੌਰ ਦੇ ਖਾਤਮੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਘਰ ਦੀ ਦਹਿਲੀਜ਼ ’ਚ ਪੈਰ ਧਰਦਿਆਂ ਹੀ ਹੈਲਨ ਅਤੇ ਬ੍ਰੈਖਤ ਦੇ ਦੋ ਵੱਡਆਕਾਰੀ ਪੋਰਟਰੇਟ ਘਰ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਜਾਪਦੇ ਹਨ। ਇਨ੍ਹਾਂ ਨੂੰ ਦੇਖਦਿਆਂ ਅਹਿਸਾਸ ਹੁੰਦਾ ਹੈ ਕਿ ਇਹ ਬ੍ਰੈਖਤ ਤੇ ਹੈਲਨ ਦਾ ਸਾਂਝਾ ਘਰ ਹੈ। ਹੁਣ ਇਸ ਦਾ ਨਾਮ ਬ੍ਰੈਖਤ-ਵੀਗਲ ਮਿਊਜ਼ੀਅਮ ਰੱਖ ਦਿੱਤਾ ਗਿਆ ਹੈ। ਬ੍ਰੈਖਤ ਜੋੜੇ ਦਾ ਘਰ ਬੇਹੱਦ ਸਾਧਾਰਨ, ਨਿੱਕਾ ਅਤੇ ਪੁਰਾਣਾ ਹੈ। ਇਸ ਨੂੰ ਦੇਖਣ ਬਹੁਤ ਘੱਟ ਲੋਕ ਆਉਂਦੇ ਹਨ। ਇਸ ਘਰ ਵਿਚ ਦੋ ਪੜ੍ਹਨ ਕਮਰੇ, ਇਕ ਸੌਣ ਕਮਰਾ ਅਤੇ ਇਕ ਰਸੋਈ ਤੇ ਬਾਥਰੂਮ ਹਨ। ਪੁਰਾਣਾ ਰਸੋਈਘਰ ਅੱਜਕੱਲ੍ਹ ਸੈਲਾਨੀਆਂ ਲਈ ਕਲੌਕ ਰੂਮ ਦਾ ਕੰਮ ਦੇ ਰਿਹਾ ਹੈ। ਘਰ ਦੇ ਫਰਸ਼ ਅਤੇ ਪੁਰਾਣੀ ਇਮਾਰਤ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਇਸ ਘਰ ਦੀ ਰਸੋਈ ਵਿਚ ਪੁਰਾਣੀਆਂ ਅਤੇ ਬੇਹੱਦ ਖਸਤਾ ਹਾਲਤ ਵਿਚ ਪਈਆਂ ਚੀਜ਼ਾਂ ਮਹਾਨ ਲੇਖਕ ਦੀ ਆਰਥਿਕ ਹਾਲਤ ਦੀ ਗਵਾਹੀ ਭਰਦੀਆਂ ਹਨ। ਦਿਨ ਵੇਲੇ ਸੂਰਜ ਦੇ ਨਿੱਘ ਵਿਚ ਬੈਠ ਕੇ ਪੜ੍ਹਨ ਲਈ ਘਰ ਦੇ ਪਿਛਲੇ ਹਿੱਸੇ ਇਕ ਛੋਟਾ ਜਿਹਾ ਬਗੀਚਾ ਹੈ ਜਿੱਥੇ ਬ੍ਰੈਖਤ ਦੀ ਕੁਰਸੀ ਪਈ ਹੈ। ਘਰ ਦਾ ਫਰਨੀਚਰ ਬੇਹੱਦ ਪੁਰਾਣਾ ਅਤੇ ਖਸਤਾ ਹਾਲਤ ਹੈ। 1953 ਵਿਚ ਜਦੋਂ ਬ੍ਰੈਖਤ ਤੇ ਵੀਗਲ ਇਸ ਘਰ ਵਿਚ ਰਹਿਣ ਲੱਗੇ ਸਨ, ਉਦੋਂ ਵੀ ਇਹ ਉਸ ਵੇਲੇ ਸੌ, ਡੇਢ ਸੌ ਸਾਲ ਪੁਰਾਣਾ ਸੀ।
ਘਰ ਵਿਚਲੇ ਦੋਵੇਂ ਕਮਰੇ ਉਸ ਦੀਆਂ ਲਿਖਤਾਂ ਦੀ ਅਮੀਰ ਵਿਰਾਸਤ ਨੂੰ ਸਮੋਈ ਬੈਠੇ ਹਨ। ਘਰ ਦੇ ਇਕ ਕਮਰੇ ਦੀ ਇਕ ਕੰਧ ’ਤੇ ਬਣੀ ਲਾਇਬ੍ਰੇਰੀ ਵਿਚ 5,300 ਕਿਤਾਬਾਂ ਪਈਆਂ ਹਨ। ਇਹ ਕਿਤਾਬਾਂ ਉਨ੍ਹਾਂ ਵੱਖ-ਵੱਖ ਮੁਲਕਾਂ ਵਿਚੋਂ ਇਕੱਠੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਬ੍ਰੈਖਤ ਹੋਰੀਂ ਵੱਖ-ਵੱਖ ਸਮੇਂ ’ਤੇ ਰਹਿੰਦੇ ਰਹੇ। ਕੁਝ ਕਿਤਾਬਾਂ ਉਸ ਦੇ ਦੋਸਤਾਂ-ਮਿੱਤਰਾਂ ਤੋਂ ਹਾਸਲ ਕੀਤੀਆਂ ਗਈਆਂ ਹਨ ਅਤੇ ਬਹੁਤ ਸਾਰੀਆਂ ਕਦੇ ਮਿਲੀਆਂ ਹੀ ਨਹੀਂ। ਇਹ ਲਾਇਬ੍ਰੇਰੀ ਬ੍ਰੈਖਤ ਦੀ ਸਾਹਿਤਕ, ਕਲਾਤਮਿਕ, ਫਲਸਫ਼ਾਨਾ ਅਤੇ ਸਿਆਸੀ ਵਿਚਾਰਾਂ ਤੇ ਰੁਚੀਆਂ ਦੀ ਝਲਕ ਪੇਸ਼ ਕਰਦੀ ਹੈ। ਇੱਥੇ ਅਨੇਕਾਂ ਪੌਰਾਣਿਕ ਰੋਮਨ ਅਤੇ ਯੂਨਾਨੀ ਫਿਲਾਸਫ਼ਰਾਂ ਦੀਆਂ ਲਿਖਤਾਂ ਪਈਆਂ ਹਨ। ਜਰਮਨ, ਫਰਾਂਸੀਸੀ ਅਤੇ ਅੰਗਰੇਜ਼ੀ ਲਿਖਤਾਂ ਵੀ ਮੌਜੂਦ ਹਨ। ਕਲਾਸੀਕਲ ਮਾਰਕਸਵਾਦ-ਲੈਨਿਨਵਾਦੀ ਕਿਰਤਾਂ ਇਕ ਵੱਖਰੇ ਖੂੰਜੇ ’ਚ ਰੱਖੀਆਂ ਹੋਈਆਂ ਹਨ। ਇੱਥੇ ਬ੍ਰਤੋਲਤ ਬ੍ਰੈਖਤ ਵੱਲੋਂ ਆਪਣੇ ਰਚਨਾ ਕਾਰਜ ਲਈ ਲਏ ਗਏ ਫੁਟਨੋਟ ਵੀ ਪਏ ਹਨ। ਬ੍ਰੈਖਤ ਨੂੰ ਸਵੇਰੇ ਜਲਦੀ ਉੱਠ ਕੇ ਪੜ੍ਹਨਾ ਅਤੇ ਲਿਖਣਾ ਪਸੰਦ ਸੀ। ਇਸ ਲਈ ਘਰ ਦੇ ਸੌਣ ਕਮਰੇ ਦੇ ਇਕ ਖੂੰਜੇ ’ਚ ਪਿਆ ਲੱਕੜ ਦਾ ਮੇਜ਼ ਅਤੇ ਕੁਰਸੀ ਹੀ ਉਸ ਦਾ ਪੜ੍ਹਨ ਕਮਰਾ ਸੀ। ਪੜ੍ਹਨ-ਲਿਖਣ ਦਾ ਕੰਮ ਨਿਬੇੜਨ ਤੋਂ ਬਾਅਦ ਉਹ ਨਾਟਕ ਦੀ ਰਿਹਰਸਲ ਲਈ ਥੀਏਟਰ ਹਾਲ ਜਾਂਦਾ। ਦਿਨ ਢਲਦੇ ਹੀ ਉਸ ਦਾ ਘਰ ਬਰਲਿਨ ਦੇ ਸਾਹਿਤਕਾਰਾਂ ਦੀਆਂ ਸਾਹਿਤਕ ਮਿਲਣੀਆਂ ਦੇ ਕੇਂਦਰ ਦਾ ਰੂਪ ਧਾਰਨ ਕਰ ਲੈਂਦਾ।
ਘਰ ਦੇ ਦੂਜੇ ਕਮਰੇ ਵਿਚ ਕੰਧ ਉੱਤੇ ਚੀਨੀ ਦਾਰਸ਼ਨਿਕ ਕਨਫੂਸ਼ੀਅਸ ਦਾ ਚਿੱਤਰ ਟੰਗਿਆ ਹੋਇਆ ਹੈ। ਇਸ ਉੱਤੇ ਚੀਨੀ ਭਾਸ਼ਾ ਵਿਚ ਕੁਝ ਉਕਰਿਆ ਹੋਇਆ ਹੈ। ਇਹ ਚਿੱਤਰ ਬ੍ਰੈਖਤ ਨੂੰ ਸੌਗਾਤ ਵਜੋਂ ਪ੍ਰਾਪਤ ਹੋਇਆ ਸੀ। ਪਿੱਛੋਂ ਇਹ ਚਿੱਤਰ ਉਸ ਦੀ ਕਵਿਤਾ ‘ਸ਼ੰਕਾ’ ਦਾ ਕੇਂਦਰੀ ਵਿਸ਼ਾ ਬਣਿਆ। ਇਸੇ ਕਮਰੇ ਦੇ ਇਕ ਖੂੰਜੇ ਪੁਰਾਣੇ ਮੇਜ਼ ਉੱਤੇ ਲੈਨਿਨ ਦੀ ਤਸਵੀਰ ਛੋਟੇ ਜਿਹੇ ਫਰੇਮ ਵਿਚ ਜੜਾ ਕੇ ਰੱਖੀ ਹੋਈ ਹੈ। ਬ੍ਰੈਖਤ ਸੋਵੀਅਤ ਇਨਕਲਾਬ ਅਤੇ ਉਸ ਦੇ ਸਮਾਜਵਾਦੀ ਆਰਥਿਕ-ਸਿਆਸੀ ਮਾਡਲ ਤੋਂ ਬਹੁਤ ਪ੍ਰਭਾਵਿਤ ਸੀ। ਉਸ ਦੀਆਂ ਸਾਹਿਤਕ ਕਿਰਤਾਂ ਸਮਾਜਵਾਦੀ ਵਿਚਾਰਧਾਰਾ ਦੀਆਂ ਸਮਰਥਕ ਸਨ ਅਤੇ ਫਾਸ਼ੀਵਾਦ ਤੇ ਆਲਮੀ ਜੰਗਾਂ ਖ਼ਿਲਾਫ਼ ਤਿੱਖੀ ਵਿਰੋਧੀ ਸੁਰ ਰੱਖਦੀਆਂ ਸਨ। ਬ੍ਰੈਖਤ ਨੇ ਆਪਣੀ ਕਵਿਤਾ ਅਤੇ ਨਾਟਕਾਂ ਰਾਹੀਂ ਫਾਸ਼ੀਵਾਦੀ ਤੰਤਰ ਉੱਤੇ ਕਰਾਰੀ ਚੋਟ ਕਰਦਿਆਂ ਵਿਦਰੋਹ ਦੀ ਧਾਰਾ ਨੂੰ ਪ੍ਰਚੰਡ ਕੀਤਾ। ਉਸ ਨੇ ਮਾਰਕਸਵਾਦ ਦਾ ਅਧਿਐਨ ਕੀਤਾ ਅਤੇ ਇਸ ਨੂੰ ਆਪਣੀ ਕਲਾ ਅਤੇ ਸਾਹਿਤ ਰਚਨਾ ਰਾਹੀਂ ਪੇਸ਼ ਕੀਤਾ। ਇਸ ਸਬੰਧੀ ਇਕ ਥਾਂ ਬ੍ਰੈਖਤ ਨੇ ਲਿਖਿਆ ਕਿ ‘ਜਦੋਂ ਮੈਂ ਮਾਰਕਸ ਦੀ ‘ਪੂੰਜੀ’ ਪੜ੍ਹੀ ਤਦ ਮੈਂ ਆਪਣੇ ਨਾਟਕਾਂ ਨੂੰ ਸਮਝ ਸਕਿਆ।’’
ਉਸ ਦੀ ਨਾਟਕ ਕਲਾ ਦੀ ਵਿਸ਼ੇਸ਼ਤਾ ਇਹ ਸੀ ਕਿ ਉਸ ਨੇ ‘ਲੋਕ ਨਾਟਕ’ ਵਿਧਾ ਰਾਹੀਂ ਮਾਰਕਸੀ ਦ੍ਰਿਸ਼ਟੀਕੋਣ ਤੋਂ ‘ਦਵੰਦਤਾਮਕ ਥੀਏਟਰ’ ਦੀ ਪੇਸ਼ਕਾਰੀ ਕਰਨ ਦੇ ਯਤਨ ਕੀਤੇ। ਭਾਵੇਂ ਸੁਹਜ-ਸ਼ਾਸਤਰੀ ਨਜ਼ਰੀਏ ਤੋਂ ਉਸ ਦੇ ਨਾਟਕਾਂ ਤੇ ਕਵਿਤਾਵਾਂ ਦਾ ਸਮੇਂ-ਸਮੇਂ ’ਤੇ ਆਲੋਚਨਾਤਮਕ ਵਿਸ਼ਲੇਸ਼ਣ ਵੀ ਹੁੰਦਾ ਆ ਰਿਹਾ ਹੈ, ਪਰ ਉਸ ਦੀਆਂ ਕ੍ਰਿਤਾਂ ਦਾ ਹਾਸਲ ਇਹ ਹੈ ਕਿ ਇਹ ਵਿਸ਼ਵ ਭਰ ਵਿਚ ਅੱਜ ਵੀ ਜਬਰ ਖ਼ਿਲਾਫ਼ ਪੀੜਤ ਵਰਗ ਦੇ ਦੁੱਖਾਂ-ਦਰਦਾਂ ਅਤੇ ਰੋਹ ਦੀ ਆਵਾਜ਼ ਬਣੀਆਂ ਹੋਈਆਂ ਹਨ। ਉਸ ਦੀ ਰਚਨਾਤਮਿਕ ਸਿਰਜਣਾ ਦਾ ਸੁਹਜ ਸਮਾਜ ਦੀ ਜਮਾਤੀ ਵੰਡ ’ਤੇ ਆਧਾਰਿਤ ਸੀ। ਇਕ ਵਰਗ ਲਈ ਇਹ ਰੁੱਖਾ, ਕੌੜਾ ਤੇ ਅਕਾਊ ਹੈ ਅਤੇ ਦੂਜੇ ਵਰਗ ਲਈ ਮਿੱਠਾ, ਸੁਆਦਲਾ ਅਤੇ ਰੌਚਕ।
ਬ੍ਰੈਖਤ ਨੇ ਖ਼ੁਦ ਜਲਾਵਤਨੀ ਅਤੇ ਗ਼ਰੀਬੀ ਭੋਗਦਿਆਂ ਜੰਗ ਦੇ ਝੰਬੇ ਯੂਰੋਪੀਅਨ ਮਹਾਂਦੀਪ ਦੇ ਲੋਕਾਂ ਨੂੰ ਮਾਨਸਿਕ ਖੁਰਾਕ ਮੁਹੱਈਆ ਕਰਵਾਈ। ਉਸ ਨੇ ਫਾਸ਼ੀਵਾਦ ਦੇ ਕੇਂਦਰ ਵਿਚ ਬੈਠ ਕੇ ਹਥਿਆਰਾਂ ਨਾਲ ਲੈਸ ਹੁਕਮਰਾਨਾਂ ਨੂੰ ਕਲਮ ਦੇ ਜ਼ੋਰ ਨਾਲ ਵੰਗਾਰਿਆ। ਉਹ ਕਲਾ ਦੀ ਹੋਂਦ ਨੂੰ ਮਨੁੱਖਤਾ ਦੀ ਹੋਂਦ ਅਤੇ ਭਲਾਈ ਵਿਚੋਂ ਦੇਖਦਾ ਸੀ। ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸਿਰਜਣਾਤਮਿਕ ਸੰਵੇਦਨਾ ਮਨੁੱਖਤਾ ਦੀ ਹੋਂਦ ਦੀ ਜੱਦੋਜਹਿਦ ਨੂੰ ਸਮਰਪਿਤ ਸੀ। ਇਹੀ ਉਸ ਦੀ ਸਾਹਿਤ ਕਲਾ ਦਾ ਕੇਂਦਰੀ ਨੁਕਤਾ ਸੀ।
14 ਅਗਸਤ 1956 ਨੂੰ ਦਿਲ ਦਾ ਦੌਰਾ ਪੈਣ ਨਾਲ ਬ੍ਰੈਖਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੈਲਨ ਵੀਗਲ ਨੇ ਇਸ ਘਰ ਵਿਚ ਬ੍ਰੈਖਤ ਆਰਕਾਈਵ ਦੀ ਸਥਾਪਨਾ ਕੀਤੀ। ਇੱਥੇ ਉਸ ਦੀਆਂ ਰਚਨਾਵਾਂ ਦਾ ਵਰਗੀਕਰਨ ਕਰਕੇ ਰੱਖਿਆ ਗਿਆ ਅਤੇ ਉਸ ਦੀਆਂ ਅਪ੍ਰਕਾਸ਼ਿਤ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ। ਵੀਗਲ ਆਪਣੇ ਆਖ਼ਰੀ ਸਾਹਾਂ (1971) ਤੱਕ ਇਸ ਦੀ ਦੇਖਭਾਲ ਕਰਦੀ ਰਹੀ। ਉਸ ਦੀ ਮੌਤ ਮਗਰੋਂ ਉਸ ਦੇ ਨਾਮ ’ਤੇ ਇਕ ਫਾਊਂਡੇਸ਼ਨ ਬਣਾ ਕੇ ਇਸ ਘਰ ਨੂੰ 1978 ਤੋਂ ਪ੍ਰਦਰਸ਼ਨੀ ਲਈ ਜਨਤਕ ਤੌਰ ’ਤੇ ਖੋਲ੍ਹ ਦਿੱਤਾ ਗਿਆ। ਸ਼ੁਰੂ ਵਿਚ ਇਹ ਜੋੜਾ ਘਰ ਦੀ ਦੂਜੀ ਮੰਜ਼ਿਲ ਉੱਤੇ ਰਹਿੰਦਾ ਸੀ, ਪਰ ਬਾਅਦ ਵਿਚ ਉਹ ਹੇਠਲੀ ਮੰਜ਼ਿਲ ’ਤੇ ਰਹਿਣ ਲੱਗੇ ਸਨ। ਇਸ ਲਈ ਬ੍ਰੈਖਤ-ਵੀਗਲ ਮਿਊਜ਼ੀਅਮ ਇਸ ਸਮੇਂ ਹੇਠਲੀ ਮੰਜ਼ਿਲ ’ਤੇ ਬਣਿਆ ਹੋਇਆ ਹੈ। ਘਰ ਦੇ ਅੰਦਰਲੇ ਹਿੱਸੇ ਦੀਆਂ ਤਸਵੀਰਾਂ ਲੈਣ ਦੀ ਮਨਾਹੀ ਹੈ ਅਤੇ ਮਿਊਜ਼ੀਅਮ ਦੇਖਣ ਦੀ ਟਿਕਟ ਪੰਜ ਯੂਰੋ ਹੈ। ਪੁੱਛਗਿੱਛ ਕਮਰੇ ਵਿਚ ਬ੍ਰੈਖਤ ਦੇ ਸਾਹਿਤਕ ਤੇ ਰੰਗਮੰਚ ਸਫ਼ਰ ਨਾਲ ਸਬੰਧਿਤ ਕੁਝ ਕਿਤਾਬਾਂ ਵਿਕਰੀ ਲਈ ਉਪਲੱਬਧ ਹਨ ਜੋ ਨਾਕਾਫ਼ੀ ਹਨ। ਭਾਵੇਂ ਜਰਮਨੀ ਨੇ ਤਕਨੀਕ ਦੇ ਖੇਤਰ ਵਿਚ ਤਰੱਕੀ ਸਦਕਾ ਵਿਸ਼ਵ ਪ੍ਰਸਿੱਧੀ ਹਾਸਲ ਕਰ ਲਈ ਹੈ ਅਤੇ ਉਸ ਦਾ ਨਾਮ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਵਿਚ ਸ਼ੁਮਾਰ ਹੈ, ਪਰ ਸ਼ਾਇਦ ਉਸ ਕੋਲ ਦੇਸ਼ ਦੇ ਮਹਾਨ ਸਾਹਿਤਕਾਰ ਦੀ ਵਿਰਾਸਤ ਨੂੰ ਸਾਂਭਣ ਲਈ ਵਕਤ ਅਤੇ ਪੈਸਾ ਨਹੀਂ ਹੈ। ਆਪਣੇ ਦੇਸ਼ ਦੇ ਸਾਹਿਤਕਾਰਾਂ ਦੀ ਬੇਕਦਰੀ ਦੀ ਬਦਨੀਅਤ ਪੱਛੜੇ ਮੁਲਕਾਂ ਤੋਂ ਲੈ ਕੇ ਸਾਮਰਾਜੀ ਦੇਸ਼ਾਂ ਤੱਕ ਇਕ ਬਰਾਬਰ ਦਿਸਦੀ ਹੈ। ਬ੍ਰੈਖਤ ਜਿਊਂਦੇ ਜੀਅ ਵੀ ਜਲਾਵਤਨੀ ਭੋਗਦਾ ਰਿਹਾ ਤੇ ਉਸ ਦੇ ਦੇਹਾਂਤ ਤੋਂ ਬਾਅਦ ਵੀ ਉਸ ਨੂੰ ਆਪਣੇ ਹੀ ਮੁਲਕ ਵਿਚ ਬੇਗਾਨਾ ਸਮਝਿਆ ਜਾ ਰਿਹਾ ਹੈ। ਉਸ ਦੇ ਨਾਮ ’ਤੇ ਬਣੇ ਟਰੱਸਟ ਨੇ ਵੀ ਉਸ ਦੀ ਸਾਹਿਤਕ ਘਾਲਣਾ ਨੂੰ ਪ੍ਰਚਾਰਨ-ਪ੍ਰਸਾਰਨ ਵਿਚ ਕੋਈ ਖ਼ਾਸ ਭੂਮਿਕਾ ਨਹੀਂ ਨਿਭਾਈ। ਇਸ ਦੇ ਬਾਵਜੂਦ ਬ੍ਰਤੋਲਤ ਬ੍ਰੈਖਤ ਦੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸਿਰਜਣਾਤਮਿਕ ਯੋਗਤਾ ਸਦਕਾ ਉਹ ਰਸਮੀ ਸੰਸਥਾਵਾਂ ਅਤੇ ਸਰਕਾਰੀ ਖੈਰਾਤ ਦਾ ਮੁਥਾਜ ਨਹੀਂ ਹੈ।