ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਵੱਖ ਵੱਖ ਤਰ੍ਹਾਂ ਦੇ ਰਸਤੇ: ਵੱਖ ਵੱਖ ਤਰ੍ਹਾਂ ਦੀਆਂ ਸੋਚਾਂ

Posted On August - 29 - 2019

ਅਮਨਦੀਪ ਸਿੰਘ ਸੇਖੋਂ
ਸਾਵਰਕਰ ਨੂੰ ‘ਵੀਰ’ ਕਹਿਣ ਉੱਤੇ ਸ਼ਾਇਦ ਕੁਝ ਲੋਕਾਂ ਨੂੰ ਇਤਰਾਜ਼ ਹੋਵੇ ਪਰ ਕਿਉਂਕਿ ਬੜੀ ਵੱਡੀ ਗਿਣਤੀ ਸਾਵਰਕਰ ਨੂੰ ਵੀਰ ਕਹਿਣਾ ਪਸੰਦ ਕਰਦੀ ਹੈ, ਇਸ ਲਈ ਮੈਂ ‘ਵੀਰ ਸਾਵਰਕਰ’ ਹੀ ਆਖਾਂਗਾ। ਭਗਤ ਸਿੰਘ ਨੂੰ ‘ਕਾਮਰੇਡ’ ਕਹਿਣ ਉੱਤੇ ਸ਼ਾਇਦ ਬਹੁਗਿਣਤੀ ਨੂੰ ਇਤਰਾਜ਼ ਹੋਵੇ ਪਰ ਭਗਤ ਸਿੰਘ ਖੁਦ ਨੂੰ ਅਤੇ ਆਪਣੇ ਸਾਥੀਆਂ ਨੂੰ ਕਾਮਰੇਡ ਆਖਵਾਉਣਾ ਪਸੰਦ ਕਰਦਾ ਸੀ, ਇਸ ਲਈ ਮੈਂ ਉਸ ਨੂੰ ‘ਕਾਮਰੇਡ ਭਗਤ ਸਿੰਘ’ ਹੀ ਆਖਾਂਗਾ। ਜਿਨ੍ਹਾਂ ਨੂੰ ਸਬੂਤ ਦੀ ਲੋੜ ਹੈ ਉਨ੍ਹਾਂ ਦੀ ਤਸੱਲੀ ਲਈ ਮੈਂ ਇੱਕ ਖ਼ਤ ਦਾ ਅੰਸ਼ ਪੇਸ਼ ਕਰ ਰਿਹਾ ਹਾਂ, ਜੋ ਭਗਤ ਸਿੰਘ ਦੇ ਬੋਰਸਟਲ ਜੇਲ੍ਹ ਵਿੱਚ ਬੰਦ ਸਾਥੀਆਂ ਨੇ ਆਪਣੀ ਲੰਬੀ ਭੁੱਖ ਹੜਤਾਲ ਦੌਰਾਨ ਜੇਲ੍ਹ ਪ੍ਰਸ਼ਾਸਨ ਨੂੰ ਲਿਖਿਆ ਸੀ: ‘‘ਸਾਡੀ ਦੂਸਰੀ ਸ਼ਰਤ ਸੀ ਕਿ ਅੰਡਰ-ਟਰਾਇਲ ਬੰਦੀਆਂ ਵਜੋਂ ਸਾਡੀਆਂ ਮੰਗਾਂ ਇੱਕ ਦੋ ਦਿਨਾਂ ਵਿੱਚ ਮੰਨ ਲਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਸਾਨੂੰ ਸਾਰਿਆਂ ਨੂੰ, ਕਾਮਰੇਡ ਭਗਤ ਸਿੰਘ ਅਤੇ ਦੱਤ ਸਮੇਤ, ਇੱਕੋ ਬੈਰਕ ਵਿੱਚ ਰੱਖਣਾ।’’
ਜੇ ਦੇਸ਼ ਦੀ ਬਹੁਗਿਣਤੀ ਉਸ ਆਦਰਸ਼ ਨੂੰ ਨਕਾਰਨਾ ਵੀ ਚਾਹੇ, ਜੋ ਸ਼ਹੀਦ ਭਗਤ ਸਿੰਘ ਆਪਣੀ ਸ਼ਹੀਦੀ ਰਾਹੀਂ ਸਥਾਪਤ ਕਰਨਾ ਚਾਹੁੰਦਾ ਸੀ, ਤਾਂ ਵੀ ਇਹ ਸੰਭਵ ਨਹੀਂ ਕਿਉਂਕਿ ਇਤਿਹਾਸ ਦਾ ਸੱਚ ਕਿਸੇ ਤਿਣਕੇ ਵਾਂਗ ਨਹੀਂ ਹੁੰਦਾ ਜਿਸ ਨੂੰ ਝੂਠ ਦੇ ਹੜ੍ਹ ਵਿੱਚ ਵਹਾਇਆ ਜਾ ਸਕੇ। ਇਹ ਇੱਕ ਪਹਾੜ ਵਾਂਗ ਹੁੰਦਾ ਹੈ ਜਿਸ ਨੂੰ ਝੂਠ ਦਾ ਹੜ੍ਹ ਡੁਬੋ ਤਾਂ ਸਕਦਾ ਹੈ, ਪਰ ਨਾ ਵਹਾ ਸਕਦਾ ਹੈ, ਨਾ ਸਦਾ ਲਈ ਲੁਕਾ ਸਕਦਾ ਹੈ। ਪਾਣੀ ਦਾ ਪੱਧਰ ਘਟੇਗਾ ਹੀ ਅਤੇ ਸੱਚ ਦਿਸੇਗਾ ਹੀ। ਇਤਿਹਾਸ ਦੀਆਂ ਤਹਿਆਂ ਵਿੱਚੋਂ ਕਈ ਹੋਰ ਵੀ ਪੱਤਰ ਤੈਰ ਕੇ ਸਤਹਿ ਉੱਤੇ ਆਏ ਹਨ ਜੋ ਸਾਵਰਕਰ ਨੂੰ ‘ਵੀਰ’ ਕਹਿਣ ਉੱਤੇ ਸਵਾਲ ਉਠਾਉਂਦੇ ਹਨ। ਮਸਲਨ ਉਹ ਛੇ ਮੁਆਫ਼ੀਨਾਮੇ ਜੋ ਵੀਰ ਸਾਵਰਕਰ ਨੇ ਅੰਗਰੇਜ਼ਾਂ ਨੂੰ ਲਿਖੇ। ਪਹਿਲਾ 1910 ਵਿੱਚ ਅੰਡੇਮਾਨ ਜੇਲ੍ਹ ਵਿੱਚ ਜਾਣ ਤੋਂ ਦੋ ਮਹੀਨੇ ਬਾਅਦ ਲਿਖਿਆ। ਇਨ੍ਹਾਂ ਵਿੱਚੋਂ ਇੱਕ ਮੁਆਫ਼ੀਨਾਮਾ, ਜੋ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ, 1914 ਈ. ਵਿੱਚ ਲਿਖਿਆ ਸੀ ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਸੀ। ਵੀਰ ਸਾਵਰਕਾਰ ਨੂੰ ਉਮੀਦ ਸੀ ਕਿ ਜੰਗ ਵਿੱਚ ਅੰਗਰੇਜ਼ਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਰਿਹਾਈ ਹਾਸਲ ਕੀਤੀ ਜਾ ਸਕਦੀ ਹੈ। ਸਾਵਰਕਰ ਨੇ ਲਿਖਿਆ: ‘‘ਜੇ ਦੇਸ਼ ਦੇ ਪੁਰਸ਼ਾਰਥ ਨੂੰ ਸਾਮਰਾਜ ਦੇ ਗੌਰਵ ਅਤੇ ਜ਼ਿੰਮੇਵਾਰੀਆਂ ਵਿੱਚ ਬਰਾਬਰ ਦੀ ਹਿੱਸੇਦਾਰੀ ਦਾ ਮੌਕਾ ਮਿਲਦਾ ਹੈ ਤਾਂ ਭਾਰਤ ਦੇ ਦੇਸ਼-ਭਗਤ ਸਾਮਰਾਜ ਲਈ ਵਫਾਦਾਰੀ ਦਾ ਉਹੀ ਵੇਗ ਮਹਿਸੂਸ ਕਰਨਗੇ, ਜੋ ਕੋਈ ਆਪਣੀ ਮਾਤਭੂਮੀ ਲਈ ਕਰਦਾ ਹੈ। ਮੈਂ ਆਪਣੇ-ਆਪ ਨੂੰ ਇਸ ਜੰਗ ਵਿੱਚ ਇੱਕ ਵਾਲੰਟੀਅਰ ਵਜੋਂ ਹਰ ਉਸ ਸੇਵਾ ਲਈ ਪੇਸ਼ ਕਰਦਾ ਹਾਂ ਜਿਸ ਦੇ ਭਾਰਤ ਸਰਕਾਰ ਮੈਨੂੰ ਯੋਗ ਸਮਝਦੀ ਹੋਵੇ।’’ ਸਾਵਰਕਰ ਨੂੰ ਅਖੀਰ 1921 ਵਿੱਚ ਰਹਿਮ ਦੀ ਅਪੀਲ ਅਤੇ ਇਹ ਵਾਅਦਾ ਕਰਨ ਉੱਤੇ ਕਿ ਉਹ ਅੱਗੋਂ ਇਨਕਲਾਬੀ ਕੰਮਾਂ ਵਿੱਚ ਹਿੱਸਾ ਨਹੀਂ ਲਵੇਗਾ, ਅੰਡੇਮਾਨ ਤੋਂ ਪੂਣੇ ਦੀ ਜੇਲ੍ਹ ਭੇਜ ਦਿੱਤਾ ਗਿਆ ਅਤੇ 1924 ਵਿੱਚ ਰਿਹਾਅ ਕਰ ਦਿੱਤਾ ਗਿਆ। ਅੰਡੇਮਾਨ ਜੇਲ੍ਹ (ਕਾਲ਼ੇ ਪਾਣੀ) ਦੀ ਪਹਿਲੀ ਭੁੱਖ ਹੜਤਾਲ ਵਿੱਚ ਮਰ ਜਾਣ ਵਾਲੇ ਰਾਮ ਰੱਖਾ ਅਤੇ ਭਾਨ ਸਿੰਘ ਦਾ ਨਾਂ ਅੱਜ ਕਿਸ ਨੂੰ ਪਤਾ ਹੈ। ਕਿਸ ਨੂੰ ਯਾਦ ਹੈ ਭਗਤ ਸਿੰਘ ਦਾ ਸਾਥੀ ਕਾਮਰੇਡ ਮਹਾਬੀਰ ਸਿੰਘ, ਜੋ ਅੰਡੇਮਾਨ ਵਿੱਚ ਭੁੱਖ ਹੜਤਾਲ ਕਰਦਿਆਂ ਸ਼ਹੀਦ ਹੋਇਆ। ਪਰ ਭਾਜਪਾ ਸਰਕਾਰ ਨੇ ਅੰਡੇਮਾਨ ਦਾ ਨਾਂ ਵੀਰ ਸਾਵਰਕਰ ਨਾਲ ਜੋੜ ਦਿੱਤਾ ਹੈ ਅਤੇ 2002 ਵਿੱਚ ਰਾਜਧਾਨੀ ਪੋਰਟ ਬਲੇਅਰ ਦੇ ਹਵਾਈ ਅੱਡੇ ਦਾ ਨਾਂ ‘ਵੀਰ ਸਾਵਰਕਰ ਕੌਮਾਂਤਰੀ ਹਵਾਈ’ ਅੱਡਾ ਹੋ ਚੁੱਕਾ ਹੈ।
ਸੰਘ ਪਰਿਵਾਰ ਅਤੇ ਭਾਜਪਾ ਨੂੰ ਵੀਰ ਸਾਵਰਕਰ ਨਾਲ ਅਜਿਹਾ ਹੇਜ ਕਿਉਂ ਹੈ? ਕਿਉਂਕਿ ਅੱਜ ਜਿਸ ਵਿਚਾਰਧਾਰਾ ਸਹਾਰੇ ਭਾਜਪਾ ਨੇ ਆਪਣੀ ਸਰਕਾਰ ਕਾਇਮ ਕੀਤੀ ਹੈ, ਉਸ ਹਿੰਦੂਤਵ ਦਾ ਸਭ ਤੋਂ ਵੱਡਾ ਵਿਚਾਰਕ ਵੀਰ ਸਾਵਰਕਰ ਹੀ ਸੀ। ਸਾਵਰਕਰ ਨੇ ਆਪਣੀ ਕਿਤਾਬ ‘ਹਿੰਦੂਤਵ’ ਵਿੱਚ ਇਸ ਵਿਚਾਰਧਾਰਾ ਦੀ ਰੂਪ-ਰੇਖਾ ਤੈਅ ਕੀਤੀ ਤੇ ਕਿਹਾ ਕਿ ਹਿੰਦੂ ਬਣੇ ਬਗ਼ੈਰ ਕੋਈ ਸੱਚਾ ਭਾਰਤੀ ਨਹੀਂ ਬਣ ਸਕਦਾ। ਸਾਵਰਕਰ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ। ਸ਼ਾਇਦ ਇਸ ਲਈ ਕਿ ਉਹ ਕਾਂਗਰਸ ਦਾ ਵਿਰੋਧ ਕਰ ਕੇ ਅਤੇ ਹਿੰਦੂ-ਮੁਸਲਮਾਨ ਅੰਤਰ-ਵਿਰੋਧਾਂ ਨੂੰ ਹਵਾ ਦੇ ਕੇ ਜਨਤਾ ਨੂੰ ਬਸਤੀਵਾਦ ਵਿਰੋਧੀ ਲਹਿਰ ਤੋਂ ਦੂਰ ਰੱਖੇ। ਵਾਇਸਰਾਏ ਲਾਰਡ ਲਿਨਲਿਥਗੋ ਨਾਲ ਵੀਰ ਸਾਵਰਕਰ ਨੇ ਲਿਖਤੀ ਅਹਿਦ ਕੀਤਾ ਸੀ ਕਿ ਅੰਗਰੇਜ਼ਾਂ ਅਤੇ ਹਿੰਦੂ ਮਹਾਸਭਾ ਦੇ ਸਾਂਝੇ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਬਾਕੀ ਜੀਵਨ ਕਾਂਗਰਸ, ਗਾਂਧੀ ਅਤੇ ਮੁਸਲਮਾਨਾਂ ਦੀ ਵਿਰੋਧਤਾ ਕਰਦਿਆਂ ਬਿਤਾਏਗਾ।
ਜੀਵਨ ਦੇ ਮੁਢਲੇ ਦੌਰ ਵਿੱਚ ਸਾਵਰਕਰ ਹਿੰਦੂ-ਮੁਸਲਿਮ ਏਕਤਾ ਦਾ ਮੁਦਈ ਸੀ। 1909 ਵਿੱਚ ਛਪੀ ਆਪਣੀ ਕਿਤਾਬ ‘ਦ ਇੰਡਿਅਨ ਵਾਰ ਆਫ ਇੰਡੀਪੈਂਡੈਂਸ’ ਵਿੱਚ ਸਾਵਰਕਰ ਨੇ 1857 ਦੇ ਗ਼ਦਰ ਨੂੰ ਹਿੰਦੂਆਂ-ਮੁਸਲਮਾਨਾਂ ਦਾ ਸਾਂਝਾ ਸੰਘਰਸ਼ ਦੱਸਿਆ। ਅੰਗਰੇਜ਼ਾਂ ਨੇ 1910 ਵਿੱਚ ਇਸ ਕਿਤਾਬ ’ਤੇ ਪਾਬੰਦੀ ਲਾ ਦਿੱਤੀ ਪਰ ਇਨਕਲਾਬੀ ਜਥੇਬੰਦੀਆਂ ਗੁਪਤ ਰੂਪ ਵਿੱਚ ਇਸ ਨੂੰ ਛਪਵਾ ਕੇ ਵੰਡਦੀਆਂ ਸਨ। ਸ਼ਹੀਦ ਕਾਮਰੇਡ ਭਗਤ ਸਿੰਘ ਨੇ ਵੀ ਇਸ ਪੁਸਤਕ ਨੂੰ ਗੁਪਤ ਰੂਪ ਵਿੱਚ ਛਪਵਾ ਕੇ ਵੰਡਿਆ ਸੀ। ਵੀਰ ਸਾਵਰਕਰ ਅਤੇ ਕਾਮਰੇਡ ਭਗਤ ਸਿੰਘ ਦੀ ਇਸ ਤੋਂ ਇਲਾਵਾ ਹੋਰ ਕਿਸੇ ਸਾਂਝ ਦਾ ਪਤਾ ਨਹੀਂ ਲਗਦਾ। ਪਰ ਦੋਵਾਂ ਦੀ ਰਾਜਨੀਤੀ ਇੱਕ ਦੂਜੇ ਤੋਂ ਉਲਟ ਸੀ। ਜਦੋਂ 1926 ਵਿੱਚ ਲਾਲਾ ਲਾਜਪਤ ਰਾਏ ਨੇ ਨੈਸ਼ਨਲ ਸਵਰਾਜ ਪਾਰਟੀ ਬਣਾਈ ਤੇ ਆਪਣੀ ਸ਼ਕਤੀ ਕਾਂਗਰਸ ਦੀ ਥਾਂ ਹਿੰਦੂਆਂ ਨੂੰ ਇੱਕਜੁੱਟ ਕਰਨ ਵਿੱਚ ਲਗਾਉਣ ਦਾ ਫੈਸਲਾ ਕੀਤਾ ਤਾਂ ਕਮਰੇਡ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਜਨਤਕ ਸਭਾ ਵਿੱਚ ‘ਬਾਇਰਨ’ ਦੀ ਕਵਿਤਾ ‘ਦ ਲੌਸਟ ਲੀਡਰ’ ਛਪਵਾ ਕੇ ਵੰਡੀ ਸੀ। ਇਸ ਕਵਿਤਾ ਵਿੱਚ ਕਵੀ ਆਪਣੇ ਲੀਡਰ ਦੇ ਚੰਦ ਸਿੱਕਿਆਂ ਲਈ ਵਿਕ ਜਾਣ ਦਾ ਗ਼ਿਲਾ ਕਰਦਾ ਹੈ। ਇਹ ਸੀ ਧਰਮ ਦੀ ਸਿਆਸਤ ਬਾਰੇ ਭਗਤ ਸਿੰਘ ਦਾ ਨਜ਼ਰੀਆ।

ਅਮਨਦੀਪ ਸਿੰਘ ਸੇਖੋਂ

ਵੀਰ ਸਾਵਰਕਰ ਉੱਚਕੋਟੀ ਦਾ ਵਿਚਾਰਕ, ਸਾਹਿਤਕਾਰ, ਬੁਲਾਰਾ ਅਤੇ ਕਵੀ ਸੀ। ਕਾਮਰੇਡ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਾਂਗ ਸਾਵਰਕਰ ਵੀ ਆਪਣੇ ਵਿਚਾਰਾਂ ਵੱਲ ਲੋਕਾਂ ਨੂੰ ਖਿੱਚਣ ਲਈ ਮਾਅਰਕੇਬਾਜ਼ੀ ਵਾਲੇ ਕੰਮ ਕਰਨ ਵਿੱਚ ਯਕੀਨ ਰੱਖਦਾ ਸੀ। ਪਰ ਜਿੱਥੇ ਕਾਮਰੇਡ ਭਗਤ ਸਿੰਘ ਹਰ ਛੋਟਾ-ਵੱਡਾ ਜੋਖਮ ਆਪ ਚੁੱਕਦਾ ਸੀ, ਉਥੇ ਸਾਵਰਕਰ ਜੋਖਮ ਵਾਲੇ ਕੰਮ ਕਿਸੇ ਹੋਰ ਤੋਂ ਕਰਵਾਉਂਦਾ ਸੀ। ਸਾਂਡਰਸ ਨੂੰ ਗੋਲੀ ਮਾਰਨੀ ਹੋਵੇ ਜਾਂ ਅਸੈਂਬਲੀ ਵਿੱਚ ਬੰਬ ਸੁੱਟਣਾ, ਭਗਤ ਸਿੰਘ ਨੇ ਹਰ ਕੰਮ ਲਈ ਖ਼ੁਦ ਨੂੰ ਪੇਸ਼ ਕੀਤਾ। ਕਾਮਰੇਡ ਉੱਤੇ ਸਿਰਫ ਵਾਹਵਾਹੀ ਖੱਟਣ ਵਾਲੀਆਂ ਥਾਵਾਂ ਉੱਤੇ ਅੱਗੇ ਹੋ ਕੇ ਕੰਮ ਕਰਨ ਦਾ ਇਲਜ਼ਾਮ ਵੀ ਨਹੀਂ ਲੱਗ ਸਕਦਾ ਕਿਉਂਕਿ ਜਦੋਂ ਇਨਕਲਾਬੀ ਜਥੇਬੰਦੀ ਨੇ ਆਪਣੇ ਨਵੇਂ ਬਣਾਏ ਬੰਬਾਂ ਦਾ ਪਹਿਲਾ ਤਜਰਬਾ ਝਾਂਸੀ ਦੇ ਜੰਗਲਾਂ ਵਿੱਚ ਸੰਨਸਾਨ ਥਾਂ ’ਤੇ ਕੀਤਾ ਤਦ ਵੀ ਕਾਮਰੇਡ ਭਗਤ ਸਿੰਘ ਨੇ ਕਿਸੇ ਹੋਰ ਨੂੰ ਇਹ ਜੋਖਮ ਨਹੀਂ ਸੀ ਲੈਣ ਦਿੱਤਾ। ਇਸ ਵਿਚ ਜੋਖਮ ਦਾ ਅੰਦਾਜ਼ਾ ਅਜਿਹੇ ਹੀ ਇੱਕ ਤਜਰਬੇ ਦੌਰਾਨ ਕਾਮਰੇਡ ਭਗਵਤੀ ਚਰਨ ਦੀ ਮੌਤ ਤੋਂ ਲਾਇਆ ਜਾ ਸਕਦਾ ਹੈ। ਦੂਜੇ ਪਾਸੇ ‘ਵੀਰ’ ਨੇ ਕਰਜ਼ਨ ਵਾਇਲੀ ਨੂੰ ਮਾਰਨ ਲਈ ਮਦਨ ਲਾਲ ਢੀਂਗਰਾ ਨੂੰ ਤਿਆਰ ਕੀਤਾ। ਢੀਂਗਰਾ ਦਾ ਜੋ ਬਿਆਨ ਅਖ਼ਬਾਰਾਂ ਵਿੱਚ ਛਪਿਆ ਉਸ ਉੱਤੇ ਵੀਰ ਸਾਵਰਕਰ ਦੀ ਛਾਪ ਸਪਸ਼ਟ ਸੀ। ਇਸੇ ਤਰ੍ਹਾਂ ਗਾਂਧੀ ਦੀ ਹੱਤਿਆ ਪਿੱਛੋਂ ਨੱਥੂ ਰਾਮ ਗੋਡਸੇ ਵੱਲੋਂ ਅਦਾਲਤ ਵਿੱਚ ਦਿੱਤਾ ਬਿਆਨ ਵੀ ਵੀਰ ਸਾਵਰਕਰ ਦਾ ਲਿਖਿਆ ਮੰਨਿਆ ਜਾਂਦਾ ਹੈ।
ਜਿਨ੍ਹਾਂ ਹਿੰਦੂਤਵੀ ਤਾਕਤਾਂ ਦਾ ਅੱਜ ਦੇਸ਼ ਵਿੱਚ ਰਾਜ ਹੈ ਅਤੇ ਜਿਨ੍ਹਾਂ ਨੂੰ ਦੇਸ਼ ਦੀ ਬਹੁਗਿਣਤੀ ਦਾ ਸਮਰਥਨ ਹਾਸਲ ਹੈ, ਉਨ੍ਹਾਂ ਕੋਲ ਵਿਚਾਰਕ ਤਾਂ ਬਹੁਤ ਹਨ ਪਰ ਦੇਸ਼ ਲਈ ਮਰ-ਮਿਟਣ ਵਾਲਾ ਸ਼ਹੀਦ ਕੋਈ ਨਹੀਂ। ਇਸ ਕਾਰਨ ਉਹ ਦੇਸ਼ ਲਈ ਮਰ-ਮਿਟੇ ਇਨਕਲਾਬੀਆਂ ਉਤੇ ਕਬਜ਼ਾ ਕਰ ਲੈਣ ਲਈ ਕਾਹਲੇ ਹਨ। ਪਰ ਉਨ੍ਹਾਂ ਨੂੰ ਕੋਈ ਹੋਰ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ ਕਿਉਂਕ ਸ਼ਹੀਦੀ ਤੋਂ ਪਹਿਲਾਂ ਵਾਲਾ ਕਾਮਰੇਡ ਭਗਤ ਸਿੰਘ ਉਨ੍ਹਾਂ ਨੂੰ ਹਜ਼ਮ ਨਹੀਂ ਹੋਣਾ। ਉਹ ਕਾਮਰੇਡ ਭਗਤ ਸਿੰਘ ਜੋ ਅਦਾਲਤ ਵਿੱਚ ਆਪਣੀ ਹਰ ਪੇਸ਼ੀ ਵੇਲੇ ਤਿੰਨ ਨਾਅਰੇ ਬੁਲੰਦ ਕਰਦਾ ਸੀ: ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਅਤੇ ਮਜ਼ਦੂਰ ਏਕਤਾ ਜ਼ਿੰਦਾਬਾਦ।’ ਮਹਿਜ਼ ਗਾਂਧੀਵਾਦ ਨਾਲ ਵਿਰੋਧਤਾ ਕਾਰਨ ਉਹ ਵੀਰ ਸਾਵਰਕਰ ਦੀ ਕਤਾਰ ਵਿੱਚ ਨਹੀਂ ਆ ਜਾਂਦਾ। ਸਾਵਰਕਰ ਇਸ ਲਈ ਗਾਂਧੀ ਦਾ ਵਿਰੋਧੀ ਸੀ ਕਿ ਗਾਂਧੀ ਹਿੰਦੂ-ਮੁਸਲਿਮ ਏਕੇ ਦੀ ਗੱਲ ਕਰਦਾ ਸੀ। ਪਰ ਭਗਤ ਸਿੰਘ ਦਾ ਵਿਰੋਧ ਇਸ ਲਈ ਸੀ ਕਿ ਉਹ ਗਾਂਧੀ ਨੂੰ ਸਰਮਾਏਦਾਰਾਂ ਤੇ ਜਗੀਰਦਾਰਾਂ ਦਾ ਦੋਸਤ ਮੰਨਦਾ ਸੀ। ਆਪਣੇ ਇੱਕ ਭਾਸ਼ਣ ਵਿੱਚ ਯੋਗੇਂਦਰ ਯਾਦਵ ਆਖਦਾ ਹੈ ਕਿ ਭਗਤ ਸਿੰਘ ਇੱਕ ਮਘਦਾ ਹੋਇਆ ਅੰਗਿਆਰ ਹੈ। ਉਸਦੀ ਵਿਚਾਰਧਾਰਾ ਵਿੱਚ ਏਨੀ ਅੱਗ ਹੈ ਕਿ ਕੋਈ ਸੱਤਾਧਾਰੀ ਕਦੇ ਉਸ ਨੂੰ ਆਪਣੀ ਜੇਬ੍ਹ ਵਿੱਚ ਨਹੀਂ ਪਾ ਸਕੇਗਾ। ਜ਼ਰੂਰੀ ਹੈ ਕਿ ਕਾਮਰੇਡ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਘਦਾ ਰੱਖੀਏ।
ਸੰਪਰਕ: 70099-11489


Comments Off on ਵੱਖ ਵੱਖ ਤਰ੍ਹਾਂ ਦੇ ਰਸਤੇ: ਵੱਖ ਵੱਖ ਤਰ੍ਹਾਂ ਦੀਆਂ ਸੋਚਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.