ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ !    ਵਿੱਤ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ !    ਤਿੰਨ ਕਸ਼ਮੀਰੀ ਹਿਰਾਸਤ ’ਚ ਲਏ !    ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    

ਵੇਲਾ ਕੁਵੇਲਾ

Posted On August - 11 - 2019

ਦੀਪ ਦਵਿੰਦਰ ਸਿੰਘ
ਕਥਾ ਪ੍ਰਵਾਹ

ਬਾਪੂ ਨੂੰ ਕਈ ਵਰ੍ਹਿਆਂ ਬਾਅਦ ਏਨਾ ਸ਼ਾਂਤ ਤੇ ਅੱਖਾਂ ਮੀਟੀ ਪਏ ਵੇਖਿਆ ਹੈ, ਨਹੀਂ ਤਾਂ ਉਸ ਦੀਆਂ ਚਿੱਟੀਆਂ ਅੱਖਾਂ ਵਿਚਲੇ ਸੁਰਖ਼ ਬਲੌਰਾਂ ਵਰਗੇ ਡੇਲੇ ਸੁੱਤੇ ਪਏ ਦੇ ਵੀ ਨੱਚਦੇ ਜਿਹੇ ਵਿਖਾਈ ਦੇਂਦੇ ਸਨ। ਭਾਵੇਂ ਉਹ ਮੰਜੇ ’ਤੇ ਲੱਤਾਂ ਲਮਕਾ ਕੇ ਬੈਠਾ ਹੁੰਦਾ ਜਾਂ ਫਿਰ ਕੰਧਾਂ ਨੂੰ ਟੋਹ ਟੋਹ ਕੇ ਵਿਹੜੇ ਵਿਚ ਤੁਰਿਆ ਫਿਰਦਾ ਉਹਦੀਆਂ ਅੱਖਾਂ ਇਕੋ ਮੁਦਰਾ ਵਿਚ ਹਰਕਤ ਕਰਦੀਆਂ ਰਹਿੰਦੀਆਂ ਸਨ। ਅੱਜ ਸਵੇਰੇ ਹੀ ਉਸ ਦੇ ਆਖ਼ਰੀ ਸਾਹ ਦੀ ਹਲਕੀ ਜਿਹੀ ਫੂਕ ਬਾਹਰ ਨਿਕਲੀ ਸੀ। ਉਸ ਦੀਆਂ ਮੁੱਛਾਂ ਦੇ ਵਿਰਲੇ ਟਾਵੇਂ ਦੁੱਧ ਚਿੱਟੇ ਵਾਲ ਥੋੜ੍ਹੇ ਕੁ ਉੱਪਰ ਨੂੰ ਉੱਠੇ ਸਨ ਤੇ ਉਹ ਸਹਿਜ ਹੋ ਗਿਆ ਸੀ। ਪਿਛਲੇ ਕਈ ਵਰ੍ਹਿਆਂ ਤੋਂ ਖੁੱਲ੍ਹੀਆਂ ਜੋਤਹੀਣ ਅੱਖਾਂ ਨੇ ਆਪਣਾ ਪੰਧ ਸਮੇਟ ਕੇ ਪਲਕਾਂ ਦੇ ਬੂਹੇ ਢੋ ਲਏ ਸਨ। ਪਿੰਡ ਦੀ ਲਹਿੰਦੀ ਗੁੱਠੇ ਛੱਪੜ ਕੰਢੇ ਬੇਢੰਗੀ ਜਿਹੀ ਸ਼ਾਮਲਾਟੀ ਕੁਤਰ ’ਚ ਬਣੇ ਕੰਮੀਆਂ ਦੇ ਸ਼ਮਸ਼ਾਨਘਾਟ ਵਿਚ ਬਾਪੂ ਲੱਕੜਾਂ ’ਚ ਚਿਣਿਆ ਪਿਆ ਹੈ। ਸਿਰਫ਼ ਮੂੰਹ ’ਤੇ ਲੱਕੜਾਂ ਰੱਖਣੀਆਂ ਬਾਕੀ ਨੇ। ਕੈਰੋਂ ਵਾਲੀ ਭੂਆ ਦੀ ਉਡੀਕ ਹੋ ਰਹੀ ਹੈ। ਅੱਧਾ ਪਿੰਡ ਸ਼ਮਸ਼ਾਨਘਾਟ ’ਚ ਜੁੜਿਆ ਖੜ੍ਹਾ ਹੈ। ਕੁਝ ਬਾਪੂ ਦੀ ਪੀੜ੍ਹੀ ਦੇ ਹਨ, ਕੁਝ ਮੇਰੀ ਉਮਰ ਦੇ ਤੇ ਕੁਝ ਅਗਾਂਹ ਮੇਰੇ ਮੁੰਡੇ ਦੇ ਹਾਣੀ। ਚਿਖਾ ਦੇ ਆਸਪਾਸ ਖੜ੍ਹੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ। ਬਾਪੂ ਦੀ ਕਾਰੀਗਰੀ ਦੀਆਂ ਗੱਲਾਂ। ਉਹਦੀ ਜਵਾਨੀ ਵੇਲੇ ਦੇ ਕਿੱਸੇ।
ਜਿਨ੍ਹਾਂ ਦੀਆਂ ਆਵਾਜ਼ਾਂ ਮੇਰੀ ਕੰਨੀਂ ਪੈਂਦੀਆਂ ਹਨ। ‘‘ਭਈ ਬੜਾ ਵਖ਼ਤ ਵੇਖਿਆ ਭਾਊ ਚੈਂਚਲ ਸਿਹੁੰ ਨੇ। ਦੀਦਿਆਂ ਤੋਂ ਬਿਨਾਂ ਪੰਡ ਬਣਕੇ ਬੈਠੇ ਰਹਿਣਾ ਬੜੀ ਸਜ਼ਾ ਐ ਬੰਦੇ ਲਈ।’’
‘‘ਸ਼ਾਬਾਸ਼ੇ ਐ ਮੰਗੇ ਦੇ ਤੇ ਇਹਦੇ ਟੱਬਰ ਦੇ, ਕਿਤੇ ਮਜਾਲ ਚੈਂਚਲ ਸਿਹੁੰ ਦੀ ਸਾਂਭ ਸੰਭਾਲ ਦੀ ਕੋਈ ਕਸਰ ਛੱਡੀ ਹੋਵੇ।’’
ਸੋਚਦਾ ਹਾਂ ਕਿ ਮੇਰੇ ਤੋਂ ਵੱਧ ਬਾਪੂ ਬਾਰੇ ਕੌਣ ਜਾਣਦਾ ਹੈ। ਮੈਂ ਤਾਂ ਨਿੱਕੇ ਹੁੰਦਿਆਂ ਇਹਦੇ ਕੰਧਾੜੇ ਚੜ੍ਹ ਕੇ ਝੂਟੇ ਲਏ ਸਨ। ਇਸੇ ਕੋਲੋਂ ਉੱਚੇ ਨੀਵੇਂ ਥਾਵਾਂ ’ਤੇ ਚੜ੍ਹ ਕੇ ਇੱਟਾਂ ਲਾਉਣੀਆਂ ਵੀ ਸਿੱਖੀਆਂ। ਪਿਛਲੇ ਵੀਹਾਂ ਵਰ੍ਹਿਆਂ ਤੋਂ ਹੱਥ ਫੜ ਕੇ ਇਹਨੂੰ ਬਾਹਰ ਅੰਦਰ ਵੀ ਲਿਜਾਂਦਾ ਰਿਹਾ ਤੇ ਡੋਲੂ ਵਿਚਲੇ ਪਾਣੀ ਨਾਲ ਇਹਦੇ ਜੰਗਲ ਪਾਣੀ ਵਾਲੇ ਹੱਥ ਵੀ ਧਵਾਉਂਦਾ ਰਿਹਾ ਸਾਂ।
‘‘ਅੱਖਾਂ ਨਾਲ ਹੀ ਜਹਾਨ ਵਸਦੈ ਬੰਦੇ ਦਾ।’’ ਮੇਰੀ ਸੁਰਤੀ ਲੰਬੜਦਾਰ ਵੱਲ ਮੁੜਦੀ ਹੈ। ਬਾਪੂ ਦਾ ਟੋਹ ਟੋਹ ਕੇ ਪੈਰ ਪੁੱਟਣ ਦਾ ਲੰਮਾ ਪੈਂਡਾ ਮੇਰੇ ਅੰਤਰਮਨ ਵਿਚੋਂ ਗੁਜ਼ਰਦਾ ਹੈ। ਉਸ ਨਾਲ ਕੰਮ ’ਤੇ ਪਏ ਨੂੰ ਤਿੰਨ ਚਾਰ ਵਰ੍ਹੇ ਹੀ ਹੋਏ ਸਨ ਜਦੋਂ ਉਸ ਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਜਾਂਦੀ ਰਹੀ ਸੀ। ਉਸ ਸਮੇਂ ਬਾਪੂ ਦੀ ਕਾਰੀਗਰੀ ਉਹਦੇ ਸਿਰ ਚੜ੍ਹ ਬੋਲਦੀ ਸੀ। ਉਹਦੇ ਖੱਬੇ ਹੱਥ ਨਾਲ ਚਲਦੀ ਕਾਂਡੀ ਦਾ ਲਾਗੇ ਚਾਗੇ ਚਹੁੰ ਪਿੰਡਾਂ ਵਿਚ ਕੋਈ ਮੁਕਾਬਲਾ ਨਹੀਂ ਸੀ। ਮਗਰ ਲੱਗੇ ਦਿਹਾੜੀਦਾਰ ਭੱਜ ਭੱਜ ਕੰਮ ਕਰਦੇ। ਜੁਗਤ ਨਾਲ ਇੱਟਾਂ ਜੁੜਦੀਆਂ। ਕੰਧਾਂ ਉੱਸਰਦੀਆਂ, ਛੱਤਾਂ ਪੈਂਦੀਆਂ, ਘਰ ਬਣਦੇ। ਬਾਪੂ ਦਾ ਆਪਣੇ ਹੱਥੀਂ ਬਣਾਏ ਘਰਾਂ ਨਾਲ ਖ਼ਾਸ ਮੋਹ ਹੁੰਦਾ ਸੀ।
ਉਨ੍ਹਾਂ ਦਿਨਾਂ ’ਚ ਹੀ ਤਾਂ ਰਸਤੇ ’ਚ ਆਉਂਦਿਆਂ ਜਾਂਦਿਆਂ ਵਗਦੀਆਂ ਖੁਸ਼ਕ ਹਵਾਵਾਂ ਵਿਚ ਕਣਕ ਦੇ ਕਸੀਰ ਉੱਡ ਕੇ ਉਸ ਦੀਆਂ ਅੱਖਾਂ ਵਿਚ ਪੈ ਗਏ ਸਨ ਜਿਸ ਦੀ ਰੜਕ ਕਈ ਦਿਨ ਪੈਂਦੀ ਰਹੀ। ਅੱਖਾਂ ਸੁੱਜ ਗਈਆਂ ਤੇ ਡੇਲੇ ਲਾਲ ਸੁਰਖ਼ ਹੋ ਗਏ ਸਨ। ਉਹ ਦਿਨ ਵਿਚ ਕਈ ਵਾਰੀ ਪਾਣੀ ਦੇ ਛਿੱਟੇ ਮਾਰਦਾ ਤੇ ਉਸੇ ਹਾਲ ਆਪਣੇ ਕੰਮ ’ਚ ਜੁਟਿਆ ਰਹਿੰਦਾ। ਪਾਣੀ ਦੇ ਛਿੱਟਿਆਂ ਨਾਲ ਉਹਨੂੰ ਦੋ ਕੁ ਘੜੀਆਂ ਚੈਨ ਆਉਂਦਾ, ਪਰ ਬਾਅਦ ਵਿਚ ਰੜਕ ਨਾਲ ਉਸੇ ਤਰ੍ਹਾਂ ਤਰਲੋਮੱਛੀ ਹੋਣ ਲੱਗਦਾ।

ਦੀਪ ਦਵਿੰਦਰ ਸਿੰਘ

ਉਸ ਦਿਨ ਵੀ ਸਰਪੰਚਾਂ ਦੀ ਹਵੇਲੀ ਵਿਚ ਦੋ ਘੜੀਆਂ ਸਾਹ ਲੈਣ ਲਈ ਬੈਠੇ ਸਾਂ ਜਦੋਂ ਦੋ ਲੰਮੇ ਚੋਲਿਆਂ ਵਾਲੇ ਜੋਗੀ ਮੋਢੇ ’ਤੇ ਵਹਿੰਗੀ ਲਮਕਾਈ ਉਨ੍ਹਾਂ ਕੋਲ ਆਣ ਬੈਠੇ ਸਨ। ਬਾਪੂ ਨੂੰ ਮੁੜ ਮੁੜ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰਦਿਆਂ ਵੇਖ ਜੋਗੀਆਂ ਨੇ ਉਨ੍ਹਾਂ ਦਾ ਤਿਆਰ ਕੀਤਾ ਕੋਈ ਸੁਰਮਾ ਪਾਉਣ ਦੀ ਸਲਾਹ ਦਿੱਤੀ ਸੀ। ਜੱਕੋਤੱਕੀ ਜਿਹੀ ’ਚ ਬਾਪੂ ਉਨ੍ਹਾਂ ਅੱਗੇ ਪੈਰਾਂ ਭਾਰ ਜਾ ਬੈਠਾ ਸੀ। ਉਨ੍ਹਾਂ ਵਿਚੋਂ ਇਕ ਨੇ ਪਟਾਰੀ ਅੰਦਰੋਂ ਮੈਲੀ ਜਿਹੀ ਡੱਬੀ ’ਚੋਂ ਸੁਆਹ ਵਰਗਾ ਕੋਈ ਪਾਊਡਰ ਕੱਢਿਆ ਤੇ ਸੁਰਮਚੂ ਨਾਲ ਬਾਪੂ ਦੀਆਂ ਦੋਹਾਂ ਅੱਖਾਂ ਵਿਚ ਪਾ ਦਿੱਤਾ। ਸੁਰਮਾ ਉਹਦੀਆਂ ਅੱਖਾਂ ਵਿਚ ਠੰਢ ਪਾਉਣ ਦੀ ਥਾਂ ਮਿਰਚਾਂ ਵਾਂਗ ਲੜਿਆ ਲੱਗਦਾ ਸੀ। ਜੋਗੀ ਦੋ ਕੁ ਰੱਤੀਆਂ ਦੀ ਪੁੜੀ ਬਣਾ ਕੇ ਬਾਪੂ ਦੀ ਤਲੀ ਉੱਤੇ ਰੱਖ ਕੇ ਘੰਟੇ ਘੰਟੇ ਬਾਅਦ ਪਾਉਣ ਦੀ ਸਲਾਹ ਦੇ ਕੇ ਚਲਦੇ ਬਣੇ ਸਨ। ਬਾਪੂ ਦੇ ਲਗਾਤਾਰ ਸੁਰਮਾ ਪਾਉਣ ਨਾਲ ਰੜਕ ਦਾ ਤਾਂ ਭਾਵੇਂ ਫ਼ਰਕ ਪੈ ਗਿਆ ਸੀ, ਪਰ ਅੱਖਾਂ ਅੱਗੇ ਹਲਕਾ ਜਿਹਾ ਧੁੰਦਲਕਾ ਪਸਰਦਾ, ਅੰਤ ਅੱਖਾਂ ਵਿਚਲੀ ਲੋਅ ਨੂੰ ਸਦਾ ਲਈ ਲੈ ਬੈਠਾ ਸੀ।
ਜਿੱਥੇ ਕਿਸੇ ਦੱਸ ਪਾਈ ਉੱਥੇ ਜਾ ਕੇ ਵਿਖਾਇਆ। ਪਰ ਬਾਪੂ ਦੀਆਂ ਅੱਖਾਂ ਦੀ ਗਈ ਜੋਤ ਪਰਤੀ ਨਹੀਂ ਸੀ। ਕਿੰਨਾ ਬੇਚੈਨ ਰਹਿਣ ਲੱਗਾ ਸੀ ਬਾਪੂ ਉਨ੍ਹਾਂ ਦਿਨਾਂ ਵਿਚ। ਉਹ ਵੇਲੇ ਸਿਰ ਹੀ ਉੱਠ ਬੈਠਦਾ। ਸਿਰਹਾਣੇ ਪਈ ਪੱਗ ਨੂੰ ਸਲੀਕੇ ਨਾਲ ਵਲ੍ਹੇਟਣ ਦੀ ਕੋਸ਼ਿਸ਼ ਕਰਦਾ। ਫਿਰ ਹੌਲੀ ਹੌਲੀ ਕੰਧ ਨਾਲ ਟੰਗੇ ਸ਼ੀਸ਼ੇ ਮੂਹਰੇ ਜਾ ਖਲੋਂਦਾ। ਧੁੰਦਲੇ ਜਿਹੇ ਸ਼ੀਸ਼ੇ ਵਿਚ ਅੱਖਾਂ ਮੀਚ ਮੀਚ ਵਲ੍ਹੇਟੀ ਪੱਗ ਦੇ ਪੇਚਾਂ ਨੂੰ ਜਾਚਣ ਦੀ ਕੋਸ਼ਿਸ ਕਰਦਾ ਤੇ ਫਿਰ ਨਿੰਮੋਝੂਣਾ ਜਿਹਾ ਹੋਇਆ ਪਰ੍ਹਾਂ ਜਾ ਬਹਿੰਦਾ ਸੀ। ਕਦੀ ਵੱਡੇ ਸੁਫ਼ੇ ਦੀ ਗੁੱਠੇ ਪਈ ਔਜ਼ਾਰਾਂ ਵਾਲੀ ਪੇਟੀ ਖੋਲ੍ਹ ਕੇ ਬੈਠ ਜਾਂਦਾ। ਇਕੱਲੇ ਇਕੱਲੇ ਔਜ਼ਾਰ ਨੂੰ ਹੱਥ ਫੇਰ ਫੇਰ ਕੇ ਵੇਖਦਾ। ਉਨ੍ਹਾਂ ਨੂੰ ਝਾੜਦਾ ਪੂੰਝਦਾ ਤੇ ਮੁੜ ਥਾਂ ਸਿਰ ਕਰਦਿਆਂ ਉਂਗਲਾਂ ’ਤੇ ਉਨ੍ਹਾਂ ਦੀ ਗਿਣਤੀ ਕਰਦਾ।
ਉਹ ਕਈ ਵਾਰ ਜ਼ਿੱਦ ਕਰਕੇ ਮੇਰੇ ਨਾਲ ਕੰਮ ’ਤੇ ਚਲਾ ਜਾਂਦਾ। ਟੋਹ ਟੋਹ ਕੇ ਲੱਗ ਗਈ ਚਿਣਾਈ ਦੇ ਵਾਰ ਗਿਣਦਾ। ਹੱਥ ਫੇਰ ਫੇਰ ਕੇ ਚਿਣੀਆਂ ਇੱਟਾਂ ਦੀ ਸਫ਼ਾਈ ਜਾਚਦਾ। ਵਾਰ ਵਾਰ ਹੱਥ ਛੋਹਲਾ ਮਾਰਨ ਦੀ ਤਕੀਦ ਕਰਦਾ ਰਹਿੰਦਾ ਸੀ।
ਆਸਮਾਨ ਵੱਲ ਝਾਕਦਿਆਂ ਲਹਿੰਦੇ ਵੱਲ ਸਰਕਦੇ ਜਾ ਰਹੇ ਸੂਰਜ ਵੱਲ ਮੇਰਾ ਧਿਆਨ ਜਾਂਦਾ ਹੈ। ਰਿਸ਼ਤੇਦਾਰਾਂ ਨੂੰ ਵਾਪਸ ਮੁੜਨ ਦੀ ਕਾਹਲੀ ਵੀ ਹੈ। ਖੜ੍ਹੇ ਲੋਕ ਵੱਡੀ ਸੜਕ ਤੋਂ ਪਿੰਡ ਨੂੰ ਮੁੜਦੇ ਪਹੇ ਵੱਲ ਮੁੜ ਮੁੜ ਝਾਕਦੇ ਹਨ। ਭੂਆ ਦੇ ਪੁੱਤ ਨੂੰ ਫ਼ੋਨ ਕਰਕੇ ਕਈ ਵਾਰੀ ਪੁੱਛ ਲਿਆ ਹੈ। ਪਿੰਡ ਦੇ ਉਪਰਲੇ ਪਾਸੇ ਪਹੁੰਚਣ ਦਾ ਪਤਾ ਚਲਿਆ ਹੈ ਉਨ੍ਹਾਂ ਦਾ।
‘‘ਕੋਈ ਨਾ ਪਹੁੰਚ ਗਏ ਹੁਣ ਤਾਂ। ਉਡੀਕ ਹੀ ਲੈਣਾ ਚਾਹੀਦਾ ਭਾਈ।’’ ਕੋਈ ਬਜ਼ੁਰਗ ਬੋਲਿਆ, ‘‘ਦੋ ਘੜੀਆਂ ਦੀ ਖੇਡ ਐ। ਜਾਂਦੀ ਵਾਰ ਦਾ ਮੂੰਹ ਵੇਖ ਲੈਣਗੇ। ਫਿਰ ਤਾਂ ਬੰਦਾ ਸੁਪਨਾ ਹੀ ਹੋ ਜਾਂਦੈ।’’
‘‘ਪਰ ਬੰਦਾ ਕੁਝ ਕਰਕੇ ਮਰਿਆ ਹੋਵੇ ਥੋੜ੍ਹੇ ਕੀਤਿਆਂ ਕਿੱਥੇ ਭੁੱਲਦਾ ਲੋਕਾਂ ਨੂੰ? ਭਾ ਚੈਂਚਲ ਸਿਹੁੰ, ਵੱਡੇ ਰੌਲਿਆਂ ’ਚ ਪਿੰਡ ਦਾ ਬੰਨ੍ਹ ਬਣ ਕੇ ਖਲੋਤਾ ਸੀ। ਲਾਗਲੇ ਪਿੰਡਾਂ ’ਚ ਭਾਵੇਂ ਮੁਸਲਮਾਨਾਂ ਦਾ ਗੜ੍ਹ ਸੀ ਪਰ ਕੀ ਮਜ਼ਾਲ ਐ ਆਪਣੇ ਪਿੰਡ ਵੱਲ ਕਿਸੇ ਨੇ ਅੱਖ ਚੁੱਕ ਕੇ ਵੇਖਣ ਦੀ ਵੀ ਹਿੰਮਤ ਕੀਤੀ ਹੋਵੇ। ਕੱਟ ਵੱਢ ਕਰਨ ਨੂੰ ਮੁੰਡਿਆਂ ਦੀ ਢਾਣੀ ’ਚ ਸਭ ਤੋਂ ਮੂਹਰੇ ਹੋ ਕੇ ਤੁਰਿਆ ਸੀ। ਜਿਸ ਪਾਸੇ ਨੂੰ ਵੀ ਆਪਣੀ ਟੋਲੀ ਲੈ ਕੇ ਮੂੰਹ ਕੀਤਾ, ਭਾਜੜਾਂ ਪੁਆ ਦਿੱਤੀਆਂ ਸੀ।’’ ਭਜਨ ਸਿਹੁੰ ਲੁਹਾਰ ਉਸ ਵੇਲੇ ਨੂੰ ਯਾਦ ਕਰਦਾ ਦਸ ਰਿਹਾ ਸੀ। ਉਹ ਬਾਪੂ ਦਾ ਹਾਣੀ ਵੀ ਸੀ ਤੇ ਜੋਟੀਦਾਰ ਵੀ।
‘‘ਭਾ’ਜੀ, ਮਾਮਾ ਜ਼ਿਆਦਾ ਢਿੱਲਾ ਮੱਠਾ ਹੋ ਗਿਆ ਸੀ? ਤੁਸੀਂ ਕਿਤੇ ਫ਼ੋਨ ਫਾਨ ਕਰ ਦਿੰਦੇ ਤਾਂ ਮਿਲ ਜਾਂਦੇ ਅਸੀਂ।’’ ਭੂਆ ਦੇ ਪੁੱਤ ਨੇ ਆਉਂਦਿਆਂ ਹੀ ਮੇਰੇ ਸੱਜੇ ਮੋਢੇ ’ਤੇ ਹੱਥ ਰੱਖਦਿਆਂ ਪੁੱਛਿਆ ਹੈ। ਮੈਨੂੰ ਮਾਮੂਲੀ ਹੂੰ ਹਾਂ ਤੋਂ ਬਿਨਾਂ ਬਹੁਤਾ ਜਵਾਬ ਨਹੀਂ ਅਹੁੜਦਾ, ਪਰ ਦਿਹਾੜੀ ਪਹਿਲਾਂ ਦੇ ਹੋਏ ਹਾਲ ਦਾ ਚੇਤਾ ਆਦਿਆਂ ਹੀ ਰੂਹ ਕੰਬਦੀ ਹੈ। ਨਾ ਚਾਹੁੰਦਿਆਂ ਵੀ ਇਕ ਇਕ ਸੀਨ ਮੇਰੇ ਅੱਗਿਉਂ ਦੀ ਗੁਜ਼ਰਦਾ ਹੈ। ਉਸ ਦਿਨ ਹਾਲੇ ਗੁਰਦੁਆਰੇ ਬਾਬਾ ਨਹੀਂ ਸੀ ਬੋਲਿਆ ਜਦੋਂ ਬਾਪੂ ਦੀ ਉੱਚੀ ਵੱਜੀ ਚੀਖ਼ ਨਾਲ ਘਰ ਦੇ ਜੀਅ ਅੱਭੜਵਾਹੇ ਉੱਠ ਖਲੋਤੇ ਸਨ। ਕੰਧ ਨਾਲ ਢੋਹ ਲਾ ਕੇ ਬੈਠੇ ਬਾਪੂ ਨੂੰ ਮੈਂ ਗਹੁ ਨਾਲ ਵੇਖਿਆ। ਉਸ ਦਾ ਮੱਥਾ ਤ੍ਰੇਲੀਓ ਤ੍ਰੇਲੀ ਹੋਇਆ ਪਿਆ ਸੀ। ਅੱਖਾਂ ਵਿਚੋਂ ਪਾਣੀ ਆਪਮੁਹਾਰੇ ਵਗੀ ਜਾਂਦਾ ਸੀ। ਉਹ ਡੌਰ ਭੌਰ ਜਿਹਾ ਹੋਇਆ ਆਸੇ ਪਾਸੇ ਡੇਲੇ ਫੇਰਦਾ ਇਉਂ ਲੱਗਦਾ ਸੀ ਜਿਉਂ ਗੂੜ੍ਹੇ ਹਨੇਰੇ ਵਿਚ ਕਿਸੇ ਨੂੰ ਸਿਆਣ ਰਿਹਾ ਹੋਵੇ। ਮੈਂ ਉਸ ਨੂੰ ਸਹਿਜ ਨਾਲ ਲਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗਿਉਂ ਉੱਚੀ ਉੱਚੀ ਡਾਡਾਂ ਮਾਰਨ ਲੱਗ ਪਿਆ, ‘‘ਛੱਡੋ ਓਏ ਮੈਨੂੰ। ਕਾਹਤੋਂ ਮੇਰੇ ਹੱਥ ਪੈਰ ਬੰਨ੍ਹ ਰਹੇ ਜੇ। ਓਏ ਪਾਣੀ ਵਿਚ ਗੋਤੇ ਨਾ ਦਿਉ ਓਏ। ਮੇਰਾ ਸਾਹ ਨਹੀਂ ਜੇ ਨਿਕਲਦਾ।’’
ਫਿਰ ਆਵਾਜ਼ਾਂ ਮਾਰ ਘਰ ਸਿਰ ’ਤੇ ਚੁੱਕ ਲਿਆ, ‘‘ਮੰਗਿਆ, ਓ ਮੰਗਿਆ, ਹਈਥੋਂ ਡਾਂਗ ਫੜ ਸੰਮਾਂ ਵਾਲੀ। ਬੌਲਦ ਆਉਂਦਾ ਈ ਭੂਤਰਿਆ ਇਕ, ਇਹਦੇ ਸਿੰਗ ਵੇਖ ਕਿਵੇਂ ਤਿੱਖੇ ਐ, ਨੇਜਿਆਂ ਵਰਗੇ। ਲੱਗਦੈ ਮੇਰੇ ਢਿੱਡ ’ਚ ਖੋਭੂਗਾ ਇਹ ਤੇ ਕੱਢ ਦਏਗਾ ਆਂਦਰ ਪੇਟਾ ਬਾਹਰ ਮੇਰਾ। ਪੁੱਤ ਮੰਗਿਆ। ਵੇਖ ਓਧਰ, ਕਿੱਦਾਂ ਵਿਹੜੇ ’ਚ ਖੌਰੂ ਪਾ ਰਿਹਾ ਸਾਨ੍ਹ। ਚੌਂਕੇ ਦੇ ਓਟੇ ਨੂੰ ਕਿਵੇਂ ਢੁੱਡਾਂ ਮਾਰਦੈ ਹਟ ਹਟ ਕੇ। ਅਗਾਂਹ ਹੋ, ਸਿੰਗ ਭੰਨ ਇਹਦੇ। ਨਹੀਂ ਤਾਂ ਢੱਠ ਜਾਊਗਾ ਚੁੱਲਾ ਚੌਂਕਾ ਤੇ ਭਾਂਡੇ ਮੂਧੇ ਵੱਜ ਜਾਣੇ ਜੇ।’’
ਉਸ ਵੇਲੇ ਖ਼ੌਫ਼ ਦਾ ਸੰਘਣਾ ਪਰਛਾਵਾਂ ਸਾਰਿਆਂ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। ਮੇਰੀ ਪਤਨੀ ਨੇ ਸਰੋਵਰ ’ਚੋਂ ਲਿਆਂਦੇ ਜਲ ਦਾ ਛਿੱਟਾ ਘਰ ਵਿਚ ਦਿੱਤਾ ਤੇ ਦੋ ਘੁੱਟ ਬਾਪੂ ਦੇ ਮੂੰਹ ਵਿਚ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਆਪਣੀ ਜ਼ਬਾਨ ’ਤੇ ਡਿੱਗੇ ਅੱਧੇ ਕੁ ਚਮਚੇ ਪਾਣੀ ਨੂੰ ਉਸ ਨੇ ਮੂੰਹ ਮੀਚ ਕੇ ਸੰਘੋਂ ਹੇਠਾਂ ਸੁੱਟਿਆ। ਫਿਰ ਤਰਲੋਮੱਛੀ ਹੁੰਦੇ ਨੇ ਕੰਬਦੇ ਹੱਥਾਂ ਨਾਲ ਪਾਣੀ ਪਾਉਂਦੀ ਮੇਰੀ ਪਤਨੀ ਦੇ ਪੋਟਿਆਂ ਨੂੰ ਫੜਿਆਂ ਤੇ ਟੁੱਟਦੇ ਜਿਹੇ ਬੋਲਾਂ ਵਿਚ ਕਿਹਾ, ‘‘ਪੁੱਤ ਗੁਰਮੀਤ ਕੁਰੇ, ਆਹ ਕਾਲੇ ਰੰਗ ਦੇ ਝੁੰਗਲਮਾਟੇ ਜਿਹੇ ’ਚ ਕੌਣ ਜ਼ਨਾਨੀਆਂ ਖੜ੍ਹੀਆਂ ਨੇ ਬਾਹਰ? ਇਨ੍ਹਾਂ ਦੇ ਮੂੰਹ ਸਿਰ ਕਿਉਂ ਨਹੀਂ ਦਿਸਦੇ? ਇਹ ਤਾਂ ਕੋਈ ਕਲਜੋਗਣਾਂ ਲੱਗਦੀਆਂ ਨੇ ਲਹੂਪੀਣੀਆਂ। ਵਸਦੇ ਘਰਾਂ ’ਚ ਤਾਂ ਇਨ੍ਹਾਂ ਦਾ ਪਰਛਾਵਾਂ ਵੀ ਮਾੜਾ। ਉਜਾੜਾ ਭਾਲਦੀਆਂ ਇਹ।’’
‘‘ਕੋਈ ਨਹੀਂ ਐ ਬਾਪੂ ਜੀ। ਐਵੇਂ ਡਰੀ ਜਾਂਦੇ ਓ।’’ ਗੁਰਮੀਤ ਨੇ ਦਿਲਾਸਾ ਦਿੱਤਾ।
ਗਲੀ ਗੁਆਂਢ ਵਿਚੋਂ ਜਿਹਨੇ ਸੁਣਿਆ, ਪਤਾ ਲੈਣ ਆਇਆ। ਕਿਸੇ ਮੰਜੀ ਦੀ ਹੀਂਅ ਲਾਗੇ ਥੋੜ੍ਹਾ ਝੁਕਦਿਆਂ ਪੁੱਛਿਆ, ‘‘ਕਿਵੇਂ ਭਈ ਚੈਂਚਲ ਸਿਹਾਂ, ਕੀ ਹਾਲ ਐ? ਸਿਆਣਦਾਂ ਮੈਨੂੰ?’’ ਤਾਂ ਬਾਪੂ ਬੋਲਦਾ, ‘‘ਹੋਰ ਤੂੰ ਮੈਨੂੰ ਭੁੱਲਿਆਂ, ਖੋਰਿਆਂ ਦੀ ਪੱਤੀ ਵਾਲਾ ਫੱਜਾ ਤੇਲੀ। ਜਿਹਦੀ ਬਾਂਹ ਵੱਢੀ ਸੀ ਇਕੋ ਟਪ ਨਾਲ। ਪਰ੍ਹਾਂ ਹਟਵਾਂ ਹੋ ਕੇ ਖਲੋ ਉਏ। ਤੇਰੇ ਜ਼ਖ਼ਮਾਂ ’ਚੋਂ ਖ਼ੂਨ ਡਿੱਗਦੈ ਮੇਰੇ ਲੀੜਿਆਂ ’ਤੇ।’’
ਕਿਸੇ ਨੂੰ ਮਿਹਰਦੀਨ ਤੇ ਕਿਸੇ ਨੂੰ ਫ਼ਜਲਦੀਨ। ਕੋਈ ਅਰਾਈਆਂ ਦੀ ਨੂੰਹ ਜੈਨਬ ਤੇ ਕੋਈ ਸੱਯਦਾਂ ਦੀ ਜਵਾਨ ਕੁੜੀ ਜਨਤੇ।
ਸਿਆਣੀ ਉਮਰ ਦੀ ਇਕ ਜ਼ਨਾਨੀ ਆਖਿਆ, ‘‘ਗੁਰਮੀਤ ਕੁਰੇ, ਬਾਪੂ ਜੀ ਦੀ ਤਾਂ ਸੁਰਤੀ ਟੁੱਟ ਗਈ ਏਸ ਜਹਾਨ ਨਾਲੋਂ। ਇਹ ਤਾਂ ਹੁਣ ਅਗਲਿਆਂ ਨਾਲ ਗੱਲਾਂ ਕਰਦਾ ਈ। ਐਂ ਕਰ, ਬਾਪੂ ਜੀ ਦੇ ਹੱਥ ਲੁਆ ਕੇ ਦਾਣੇ ਛੱਜ ’ਚ ਪਾ ਤੇ ਸਿਰਹਾਣੇ ਰੱਖ ਇਨ੍ਹਾਂ ਦੇ। ਦਾਨ ਪੁੰਨ ਕੀਤਿਆਂ ਇਨ੍ਹਾਂ ਦਾ ਅਗਲਾ ਰਾਹ ਸੁਖਾਲਾ ਹੋ ਜੂ।’’ ਦੂਜੀ ਨੇ ਦੋਵੇਂ ਹੱਥ ਜੋੜ ਕੇ ਆਸਮਾਨ ਵੱਲ ਮੂੰਹ ਕਰਦਿਆਂ ਕਿਹਾ, ‘‘ਆਹ ਵੇਲੇ ਦਾ ਨਹੀਂ ਪਤਾ ਕਿਹੋ ਜਿਹਾ ਆਉਣੈ। ਇਸ ਬਿਖੜੇ ਰਾਹ ’ਤੇ ਤਾਂ ਆਪਣੀ ਜਾਨ ’ਤੇ ਹੀ ਝੱਲਣਾ ਪੈਣਾ ਸਭ ਕੁਝ।’’
ਵਿਹੜੇ ਵਿਚ ਖਲੋਤੇ ਆਦਮੀ ਵੀ ਇਹੋ ਜਿਹੀਆਂ ਹੀ ਗੱਲਾਂ ਕਰਦੇ ਸੁਣਾਈ ਦਿੱਤੇ। ਇਕ ਆਖਿਆ, ‘‘ਬਜ਼ੁਰਗ ਜ਼ਿਆਦਾ ਹੋਣ ਕਰਕੇ ਅਪਲ ਟਪਲੀਆਂ ਮਾਰਦਾ ਤਾਇਆ।’’
ਦੂਜਾ ਬੋਲਿਆ, ‘‘ਪਿਛਲੇ ਦਿਨੀਂ ਚਾਚੇ ਨੂੰ ਪੀਲੀਆ ਹੋ ਗਿਆ ਸੀ। ਲੱਗਦਾ ਦਿਮਾਗ਼ ’ਤੇ ਅਸਰ ਹੋ ਗਿਆ, ਤਾਹੀਉਂ ਆਏ ਗਏ ਦੀ ਸੋਝੀ ਨਹੀਂ ਰਹੀ।’’ ਤੀਜੇ ਨੇ ਆਪਣੀ ਅਕਲ ਝਾੜੀ, ‘‘ਪੀਲੀਆ ਸੁਆਹ ਚੜ੍ਹਿਆ, ਜਿਨ੍ਹਾਂ ਨੂੰ ਵੱਢਿਆ ਟੁੱਕਿਆ ਤੇ ਅਣਿਆਈ ਮੌਤੇ ਮਾਰਿਆ, ਉਹੋ ਆਪਣਾ ਲੇਖਾ ਮੰਗ ਰਹੇ ਐ ਸਿਰਹਾਣੇ ਖਲੋ ਕੇ।’’
‘‘ਲਹਿਣਾ ਦੇਣਾ ਤਾਂ ਭਾਈ ਬੰਦੇ ਨੂੰ ਦੇਣਾ ਹੀ ਪੈਣਾ ਇਕ ਦਿਨ।’’ ਚੌਥੇ ਗੱਲ ਮੁਕਾਈ।
ਮੈਨੂੰ ਯਾਦ ਆਇਆ ਕਿ ਜਦੋਂ ਬਾਪੂ ਲੈਅ ਵਿਚ ਆਇਆ ਉਨ੍ਹਾਂ ਦਿਨਾਂ ਦੀਆ ਗੱਲਾਂ ਦੱਸਦਾ ਹੁੰਦਾ ਸੀ ਤਾਂ ਉਹਦੀਆਂ ਗੱਲ੍ਹਾਂ ਦਾ ਰੰਗ ਭਖ ਭਖ ਜਾਂਦਾ ਸੀ। ਉਹ ਕੀਤੀ ਮਾਰਧਾੜ ਦੀ ਕਹਾਣੀ ਸ਼ੁਰੂ ਕਰਦਾ ਤੇ ਮੁਕਾ ਕੇ ਹਟਦਾ। ‘‘ਬਈ ਜਦੋਂ ਸਾਨੂੰ ਇੱਧਰ ਪਤਾ ਲੱਗਿਆ ਕਿ ਉੱਧਰ ਸਾਡੀਆਂ ਤੀਵੀਆਂ ਨੰਗੀਆਂ ਕਰਕੇ ਸੜਕਾਂ ’ਤੇ ਜਲੂਸ ਕੱਢੇ ਐ। ਅਸੀਂ ਸੋਚਿਆ ਕਿ ਉੱਧਰਲਿਆਂ ਸਾਡੀਆਂ ਧੀਆਂ ਭੈਣਾਂ ਦਾ ਇਹ ਹਾਲ ਕੀਤਾ, ਇਹ ਸਾਡੇ ਕੀ ਲੱਗਦੇ ਐ? ਉਂਝ ਵੀ ਨੌ ਗਜੇ ਪੀਰ ਦੇ ਮੇਲੇ ’ਚ ਉਨ੍ਹਾਂ ਦੀਆਂ ਜ਼ਨਾਨੀਆਂ ਵੇਖੀਦੀਆਂ ਸੀ ਤਾਂ ਧਰਮ ਨਾਲ ਮੂੰਹ ’ਚ ਪਾਣੀ ਆ ਜਾਂਦਾ ਸੀ। ਫਿਰਦੀਆਂ ਬਹਿਸ਼ਤਾਂ ਦੀ ਹੂਰਾਂ ਲੱਗਦੀਆਂ ਹੁੰਦੀਆਂ ਸਨ।’’
ਬਾਪੂ ਨੂੰ ਇਹ ਦੱਸਦਿਆਂ ਨਾ ਤਾਂ ਆਪਣੀ ਉਮਰ ਦਾ ਧਿਆਨ ਹੁੰਦਾ ਅਤੇ ਨਾ ਹੀ ਘਰ ਦੇ ਬਾਕੀ ਜੀਆਂ ਦੀ ਕੋਈ ਪਰਵਾਹ। ਉਹਦੇ ਚਿਹਰੇ ’ਤੇ ਬੇਪਛਾਣੀ ਜਿਹੀ ਰੌਣਕ ਫੈਲਦੀ। ਤੇਜ਼ੀ ਨਾਲ ਘੁੰਮਦੇ ਅੱਖਾਂ ਦੇ ਸੁਰਖ਼ ਡੇਲੇ ਥੋੜ੍ਹਾ ਸਥਿਰ ਹੋਣ ਲੱਗਦੇ। ਉਹ ਸੁਣਨ ਵਾਲੇ ਦਾ ਹੁੰਗਾਰਾ ਉਡੀਕੇ ਬਿਨਾਂ ਹੀ ਆਪਣੀ ਗੱਲ ਜਾਰੀ ਰੱਖਦਾ, ‘‘ਲੌਢੇ ਕੁ ਵੇਲੇ ਘੇਰਾ ਘੱਤ ਕੇ ਉਸ ਪਿੰਡ ’ਚ ਵੜੇ ਸਾਂ। ਇਕੱਲੇ ਇਕੱਲੇ ਨੂੰ ਧੂਹ ਕੇ ਘਰਾਂ ’ਚੋਂ ਲਿਆਂਦਾ ਅਸੀਂ। ਨਾ ਕੋਈ ਬੁੱਢਾ ਵੇਖਿਆ ਤੇ ਨਾ ਹੀ ਕੋਈ ਛੋਟੇ ਬੱਚੇ ਦਾ ਲਿਹਾਜ਼ ਕੀਤਾ। ਜਿਹੜਾ ਵੀ ਅੱਗੇ ਆਇਆ, ਪਾਰ। ਪੂਰੀ ਦਹਿਸ਼ਤ ਮੱਚ ਗਈ ਪਿੰਡ ਦੀਆਂ ਗਲੀਆਂ ’ਚ। ਲਹੂ ਲੁਹਾਨ ਹੋ ਗਈ ਸੀ ਉਸ ਦਿਨ ਪਿੰਡ ਦੀ ਜੂਹ। ਚਿੱਟੇ ਦਿਨ ਉੱਲੂ ਬੋਲਣ ਲੱਗ ਪਏ ਸੀ। ਭਈ ਜਿਹੜੇ ਉੱਥੇ ਵੱਢੇ ਟੁੱਕੇ, ਉਨ੍ਹਾਂ ਜਿਉਂਦੇ-ਮੋਇਆਂ ਨੂੰ ਗੱਡਿਆਂ ਉੱਤੇ ਸੁੱਟਿਆ। ਪਿੰਡ ਦੇ ਨਾਲ ਖਹਿ ਕੇ ਵਗਦੇ ਦਰਿਆ ਦੇ ਪੁਲ ’ਤੇ ਜਾ ਖਲਿਹਾਰਿਆ ਗੱਡਿਆਂ ਨੂੰ। ਜਦੋਂ ਅਸੀਂ ਖਲੋ ਕੇ ਪਿੱਛੇ ਝਾਤੀ ਮਾਰੀ ਤਾਂ ਵੀਹ ਪੰਝੀ ਜ਼ਨਾਨੀਆਂ ਸਿਰ ਸੁੱਟੀ ਪਿੱਛੇ ਪਿੱਛੇ ਤੁਰੀਆਂ ਆਉਣ। ਚੁੱਪ ਚੁਪੀਤੀਆਂ। ਅਸੀਂ ਸੋਚਿਆ, ਪਹਿਲਾਂ ਗੱਡਿਆਂ ’ਤੇ ਲੱਦਿਆਂ ਨੂੰ ਕਿਸੇ ਬੰਨੇ ਲਾ ਲਈਏ। ਫਿਰ ਜਿਸ ਨੂੰ ਜਿਹੜੀ ਚਾਹੀਦੀ ਹੋਵੇਗੀ ਲੈ ਜਾਏਗਾ। ਬੱਸ ਫਿਰ ਕੀ ਸੀ, ਹੋ ਗਏ ਸ਼ੁਰੂ। ਦੋ ਦੋ ਜਣੇ ਇਕ ਨੂੰ ਫੜਦੇ ਤੇ ਭੁਆਂ ਕੇ ਹੇਠ ਵਗਦੇ ਦਰਿਆ ’ਚ ਮਾਰਦੇ ਤੇ ਕਹਿੰਦੇ ਚਲੋ ਨਿਕਲੋ, ਆਪਣੇ ਦੇਸ਼ ’ਚ ਵੇਲੇ ਸਿਰ। ਆਪਣਿਆਂ ’ਚ ਰਲੋ ਜਾ ਕੇ। ਪਰ੍ਹਾਂ ਹਟਵੀਆਂ ਖਲੋਤੀਆਂ ਜ਼ਨਾਨੀਆਂ ਇਸ ਸਾਰੇ ਦ੍ਰਿਸ਼ ਨੂੰ ਵੇਂਹਦੀਆਂ ਰਹੀਆਂ। ਚੁੱਪਚਾਪ। ਉੱਪਰ ਲਏ ਲੀੜਿਆਂ ’ਚ ਵਲ੍ਹੇਟੇ ਮੂੰਹ ਸਿਰ ਨਾਲ ਕਿਸੇ ਇਕ ਜਣੀ ਦਾ ਵੀ ਹਉਕਾ ਵੀ ਨਹੀਂ ਸੁਣਿਆ ਅਸੀਂ। ਸੂਰਜ ਝਾੜੀਆਂ ਤੇ ਰੁੱਖਾਂ ਦੇ ਝੁੰਡ ’ਚ ਛਿਪਦਾ ਜਾ ਰਿਹਾ ਸੀ। ਗੱਡਿਆਂ ਅੱਗੇ ਜੁਤੇ ਬਲਦਾਂ ਦੇ ਖੁਰਾਂ ਨਾਲ ਕੱਚੇ ਪਹੇ ਤੋਂ ਧੂੜ ਮਿੱਟੀ ਉੱਡ ਉੱਡ ਕੇ ਸਾਡੇ ਸਿਰਾਂ ’ਚ ਪੈ ਰਹੀ ਸੀ। ਗਲ ਪਾਏ ਲੀੜੇ ਥਾਂ ਥਾਂ ਤੋਂ ਲਹੂ ਨਾਲ ਰੰਗੇ ਪਏ ਸਨ। ਇਕ ਵੱਡੇ ਮੋਰਚੇ ਦੀ ਫ਼ਤਹਿ ਨਾਲ ਸਾਡਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਇਕ ਗੁੱਠੇ ਮੁਰਗੀਆਂ ਵਾਂਗ ਦੜ ਕੇ ਖਲੋਤੀਆਂ ਜ਼ਨਾਨੀਆਂ ਵੱਲ ਵੇਖਦਿਆਂ ਹੀ ਦਿਮਾਗ਼ ’ਚੋਂ ਇਕ ਤਰੰਗ ਜਿਹੀ ਉੱਠੀ ਜਿਹੜੀ ਹਿੱਕ ਨੂੰ ਚੀਰਦੀ ਖਲਬਲੀ ਜਿਹੀ ਮਚਾ ਕੇ ਪੈਰਾਂ ਵੱਲ ਦੌੜੀ। ਸਾਡੇ ਪੈਰ ਭੋਇੰ ’ਤੇ ਨਹੀਂ ਸਨ ਟਿਕ ਰਹੇ।’’ ਬਾਪੂ ਸ਼ਬਦ ਜਾਲ ਬੁਣ ਬੁਣ ਕੇ ਐਸੀ ਕਸੀਦਾਕਾਰੀ ਕਰਦਾ ਕਿ ਸੁਣਨ ਵਾਲੇ ਦੀ ਉਤਸੁਕਤਾ ਵਧਦੀ ਜਾਂਦੀ। ਬਗੈਰ ਕੋਈ ਹਿਲਜੁਲ ਕੀਤਿਆਂ ਅਗਲਾ ਕੰਨ ਲਾ ਕੇ ਉਸ ਦੀ ਗੱਲ ਸੁਣਦਾ।
ਉਹ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ‘‘ਗੱਡਿਆਂ ਤੋਂ ਵਿਹਲੇ ਹੋ ਕੇ ਸਾਡਾ ਸਾਰਿਆਂ ਦਾ ਧਿਆਨ ਲਹਿੰਦੇ ਵੱਲ ਖਲੋਤੀਆਂ ਜ਼ਨਾਨੀਆਂ ਵੱਲ ਸੀ। ਉਨ੍ਹਾਂ ਦੇ ਤੇ ਸਾਡੇ ਵਿਚਕਾਰੇ ਐਵੇਂ ਦਸ ਬਾਰਾਂ ਕਦਮਾਂ ਦੀ ਵਿੱਥ ਸੀ। ਇਕ ਦੂਜੀ ਨਾਲ ਜੁੜ ਕੇ ਖੜ੍ਹੀਆਂ ਜ਼ਨਾਨੀਆਂ ਵਿਚ ਥੋੜ੍ਹੀ ਹਿਲਜੁਲ ਹੋਈ। ਇਉਂ ਲੱਗਦਾ ਸੀ ਕਿ ਉਨ੍ਹਾਂ ਨੂੰ ਮਨਾਉਣ ਲਈ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਏਗੀ। ਸਾਡੇ ਮੂਹਰੇ ਆਪੇ ਹੀ ਆਪਣਾ ਆਪ ਪੇਸ਼ ਕਰ ਦੇਣਗੀਆਂ। ਅੱਗੇ ਪਿੱਛੇ ਤਾਂ ਇਨ੍ਹਾਂ ਦਾ ਰਿਹਾ ਕੋਈ ਨਹੀਂ ਸੀ। ਜਾਣਾ ਕਿੱਥੇ ਸੀ ਇਨ੍ਹਾਂ? ਆਪਣਾ ਪਿੰਡ ਤਾਂ ਛੱਡੋ, ਦੂਰ ਦੂਰ ਰਿਸ਼ਤੇਦਾਰੀ ਵਿਚ ਵੀ ਕੋਈ ਜ਼ਨਾਨੀ ਵਿਹੂਣਾ ਨਹੀਂ ਰਹਿਣ ਦੇਣਾ।’’
‘‘ਫਿਰ?’’ ਸੁਣਨ ਵਾਲੇ ਬਾਪੂ ਕੋਲੋਂ ਅਗਲੀ ਗੱਲ ਜਲਦੀ ਸੁਣਨ ਲਈ ਹੋਰ ਉਤਾਵਲੇ ਹੋ ਜਾਂਦੇ।
ਬਾਪੂ ਸੁਣਨ ਵਾਲੇ ਦੇ ਕੰਨ ਰਸ ਦਾ ਪੂਰਾ ਧਿਆਨ ਰੱਖਦਿਆਂ ਆਪਣੀ ਲੜੀ ਟੁੱਟਣ ਨਾ ਦਿੰਦਾ। ਦੱਸਦਾ, ‘‘ਭਈ ਮਿੱਤਰੋ, ਜ਼ਨਾਨੀਆਂ ਹਿੱਲੀਆਂ ਫਿਰ ਹੌਲੀ ਹੌਲੀ। ਪਤਾ ਨਹੀਂ ਕਿੰਨੀਆਂ ਕੁ ਡਰੀਆਂ ਤੇ ਸਹਿਮੀਆਂ ਹੋਣਗੀਆਂ ਉਹ ਕਿ ਉਨ੍ਹਾਂ ਦੇ ਪੈਰਾਂ ਦਾ ਖੜਾਕ ਵੀ ਨਹੀਂ ਸੀ ਸੁਣਾਈ ਦਿੱਤਾ ਕਿਧਰੇ। ਇਕ ਦੂਜੀ ਦੇ ਅੱਗੇ ਪਿੱਛੇ ਹੀ ਖਿਸਕਦੀਆਂ ਖਿਸਕਦੀਆਂ ਉਹ ਪੁਲ ਦੀ ਪਾਰਲੀ ਬਾਹੀ ਨੂੰ ਸਰਕੀਆਂ, ਜਿੱਧਰ ਪਾਣੀ ਦੀ ਠੋਕਰ ਵੱਜਦੀ ਸੀ। ਸਾਡੇ ’ਚੋਂ ਹੀ ਕਿਸੇ ਨੇ ਦੋ ਕੁ ਪੈਰ ਉਨ੍ਹਾਂ ਵੱਲ ਪੁੱਟੇ ਤੇ ਹੌਲੀ ਜਿਹੀ ਬੋਲਿਆ, ‘ਘਬਰਾਓ ਨਾ, ਕੁਝ ਨਹੀਂ ਕਹਿੰਦੇ ਤੁਹਾਨੂੰ। ਬਹੁਤਾ ਨਾ ਹੇਰਵਾ ਕਰੋ। ਸਰਦਾਰਨੀਆਂ ਬਣ ਕੇ ਘਰ ਬਾਹਰ ਸੰਭਾਲਿਉ। ਭੁੱਲ ਜਾਉ ਉਨ੍ਹਾਂ ਨੂੰ। ਗਏ ਨਹੀਂ ਮੁੜਦੇ ਹੁੰਦੇ ਕਦੀ ਵੀ।’ ਉਨ੍ਹਾਂ ਦੀਆਂ ਪਿੱਠਾਂ ਸਾਡੇ ਵੱਲ ਸਨ। ਉਹ ਪੁਲ ਦੇ ਹੇਠੋਂ ਗੁਜ਼ਰਦੇ ਪਾਣੀ ਨੂੰ ਨੀਝ ਲਾ ਕੇ ਝਾਕ ਰਹੀਆਂ ਇਵੇਂ ਲੱਗਦੀਆਂ ਸਨ ਜਿਵੇਂ ਡੂੰਘੇ ਵਹਿਣ ’ਚ ਰੁੜ੍ਹ ਗਿਆਂ ਦਾ ਕੋਈ ਖੁਰਾ ਖੋਜ ਲੱਭ ਰਹੀਆਂ ਹੋਣ। ਸਾਰੇ ਸਾਹ ਰੋਕ ਕੇ ਉਨ੍ਹਾਂ ਦੀ ਨਿੱਕੀ ਨਿੱਕੀ ਹਰਕਤ ਨੂੰ ਵੇਖਦੇ ਸੋਚ ਰਹੇ ਸਾਂ ਕਿ ਹੁਣੇ ਇਹ ਆਪਣੇ ਚਿਹਰੇ ਸਾਡੇ ਵੱਲ ਭਵਾਉਣਗੀਆਂ। ਸਾਰੇ ਹਥਿਆਰ ਸੁੱਟ ਦੇਣਗੀਆਂ ਤੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣਗੀਆਂ।’’
ਫਿਰ ਬਾਪੂ ਗੱਲ ਦੱਸਦਾ ਦੱਸਦਾ ਥੋੜ੍ਹਾ ਕੁ ਰੁਕਦਾ। ਉਦਾਸੀ ਦੀ ਇਕ ਲਹਿਰ ਉਹਦੇ ਚਿਹਰੇ ’ਤੇ ਪਸਰਦੀ ਤੇ ਉਹ ਡਾਢੇ ਅਫ਼ਸੋਸ ਜਿਹੇ ’ਚ ਸਿਰ ਮਾਰਦਾ ਤੇ ਕਹਿੰਦਾ, ‘‘ਉਨ੍ਹਾਂ … ਨੇ ਕਿਤੇ ਉਂਗਲ ਲਾਉਣ ਦਾ ਵੀ ਮੌਕਾ ਨਾ ਦਿੱਤਾ ਸਾਨੂੰ। ਵੇਂਹਦਿਆਂ ਵੇਂਹਦਿਆਂ ਹੀ ਗੜੰਮ ਗੜੰਮ ਦਰਿਆ ’ਚ ਛਾਲਾਂ ਮਾਰ ਗਈਆਂ ਸਾਰੀਆਂ ਦੀਆਂ ਸਾਰੀਆਂ।’’
‘‘ਜਿਨ੍ਹਾਂ ਮਾਈਆਂ ਬੀਬੀਆਂ ਨੇ ਭਾਣਾ ਮਿੱਠਾ ਕਰਕੇ ਮੰਨਿਆ…।’’ ਗ੍ਰੰਥੀ ਲਹਿਣਾ ਸਿਹੁੰ ਦੇ ਅਰਦਾਸ ਕਰਦੇ ਦੇ ਬੋਲ ਮੇਰੇ ਕੰਨੀ ਪੈਂਦੇ ਹਨ।
‘‘ਤੇਰੇ ਭਾਣੇ ਸਰਬੱਤ ਦਾ ਭਲਾ’’ ਦੇ ਵਾਕ ਨਾਲ ਸਾਰੇ ਉਂਗਲਾਂ ਜ਼ਮੀਨ ਨਾਲ ਛੁਹਾ ਕੇ ਮੱਥੇ ਲਾਉਂਦੇ ਹਨ। ਪਰਾਲੀ ਦਾ ਬੁੱਥਾ ਕੋਈ ਮੇਰੇ ਹੱਥ ਫੜਾਉਂਦਾ ਹੈ ਤੇ ਨਾਲ ਹੀ ਡੱਬੀ ’ਚੋਂ ਪੰਜ ਸੱਤ ਤੀਲ੍ਹਾਂ ਕੱਢ ਇਕੱਠੀਆਂ ਬਾਲ ਕੇ ਸਿਰੇ ਨੂੰ ਅੱਗ ਵਿਖਾ ਦਿੰਦਾ ਹੈ। ਲੋਕਾਂ ਦੀ ਆਸੇ ਪਾਸੇ ਜੁੜੀ ਭੀੜ ਦੋ ਦੋ ਪੈਰ ਪਿੱਛੇ ਹਟ ਜਾਂਦੀ ਹੈ। ਮੈਂ ਸਿਆਣਿਆਂ ਦਾ ਆਦੇਸ਼ ਮੰਨਦਿਆਂ ਪਹਿਲਾਂ ਸਿਰ ਵੱਲ ਅੱਗ ਛੁਹਾਉਂਦਾ ਹਾਂ ਫਿਰ ਹੌਲੀ ਹੌਲੀ ਪੈਰਾਂ ਵੱਲ ਵਧਦਾ ਹਾਂ। ਬੁੱਥੇ ਦੀ ਅੱਗ ਤੇਜ਼ੀ ਨਾਲ ਵਧਦੀ ਮੇਰੇ ਹੱਥਾਂ ਤੱਕ ਆ ਜਾਂਦੀ ਹੈ ਤੇ ਮੈਂ ਉਹਨੂੰ ਚਿਖਾ ਦੇ ਉੱਤੇ ਸੁੱਟ ਦਿੰਦਾ ਹਾਂ।
ਤਿੜ ਤਿੜ ਕਰਦੀ ਅੱਗ ਪਲਾਂ ਛਿਣਾਂ ਵਿਚ ਸਾਰੀ ਚਿਖ਼ਾ ਨੂੰ ਘੇਰ ਲੈਂਦੀ ਹੈ। ਆਸੇ ਪਾਸੇ ਖੜ੍ਹੇ ਲੋਕ ਹੋਰ ਪਿੱਛੇ ਹਟ ਜਾਂਦੇ ਹਨ। ਛੋਟੀਆਂ ਤੇ ਪਤਲੀਆਂ ਟਾਹਣੀਆਂ ਦੀ ਤਿੜ ਤਿੜ ਵਿਚ ਮੱਚਦੀ ਅੱਗ ਅਚਾਨਕ ਮੈਨੂੰ ਬਟਾਲੇ ਦੁਸਹਿਰਾ ਗਰਾਉਂਡ ਵਿਚ ਵੇਖੇ ਬਲਦੇ ਪੁਤਲਿਆਂ ਦਾ ਚੇਤਾ ਕਰਵਾ ਦਿੰਦੀ ਹੈ। ਬਦੀ ਦੇ ਅੰਤ ਬਾਰੇ ਸੋਚਦਿਆਂ ਜਿਵੇਂ ਮੇਰਾ ਮਨ ਹਲਕਾ ਹੋ ਜਾਂਦਾ ਹੈ ਤੇ ਮੈਂ ਹੱਥ ਝਾੜਦਾ ਪਿੱਛੇ ਖਲੋਤੇ ਲੋਕਾਂ ਵਿਚ ਜਾ ਰਲਦਾ ਹਾਂ।

ਸੰਪਰਕ: 98721-65707


Comments Off on ਵੇਲਾ ਕੁਵੇਲਾ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.