ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਵਿਧਾਨ ਸਭਾ ਦੇ ਮਸਲੇ

Posted On August - 12 - 2019

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਸੀਬੀਆਈ ਦੀ ਖਾਰਿਜ ਰਿਪੋਰਟ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਪੋ ਆਪਣਾ ਸਿਆਸੀ ਅਕਸ ਸੁਧਾਰਨ ਦੀ ਕੋਸ਼ਿਸ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਸੀਬੀਆਈ ਵੱਲੋਂ ਤਫ਼ਤੀਸ਼ ਬੰਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਹੁਕਮ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਦੇ ਵਿਧਾਨ ਸਭਾ ਇਜਲਾਸ ਦੌਰਾਨ ਖਾਰਿਜ ਰਿਪੋਰਟ ਨੂੰ ਖ਼ੁਦ ਨੂੰ ਕਲੀਨ ਚਿੱਟ ਮਿਲਣ ਦੇ ਦਾਅਵੇ ਵਜੋਂ ਪੇਸ਼ ਕੀਤਾ। ਇਸੇ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਸੁਪਰੀਮ ਕੋਰਟ ਜਾਣ ਦੀ ਚਿਤਾਵਨੀ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਫੂਲਕਾ ਦੇ ਦਸ ਮਹੀਨਿਆਂ ਤੋਂ ਲਟਕ ਰਹੇ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ। ਫੂਲਕਾ ਨੇ ਕੈਪਟਨ ਸਰਕਾਰ ਉੱਤੇ ਅਕਾਲੀਆਂ ਨਾਲ ਮਿਲੀਭੁਗਤ ਹੋਣ ਅਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਹੋਰ ਵਿਧਾਇਕਾਂ ਨੂੰ ਵੀ ਬੇਅਦਬੀ ਦੇ ਮੁੱਦੇ ਉੱਤੇ ਅਸਤੀਫ਼ੇ ਦੇਣ ਦੀ ਸਲਾਹ ਦਿੱਤੀ ਹੈ।
ਕਾਂਗਰਸ ਦੇ ਕਈ ਮੰਤਰੀਆਂ ਨੇ ਫੂਲਕਾ ਉੱਤੇ ਦੋਸ਼ ਲਗਾਇਆ ਹੈ ਕਿ ਉਹ ਧਾਰਮਿਕ ਮੁੱਦੇ ਉੱਤੇ ਸਿਆਸਤ ਕਰ ਰਹੇ ਹਨ। ਇਹ ਸਲਾਹ ਵੀ ਦੇ ਦਿੱਤੀ ਗਈ ਕਿ ਜੇਕਰ ਫੂਲਕਾ ਨੂੰ ਖਾਰਿਜ ਰਿਪੋਰਟ ਤੋਂ ਇੰਨੀ ਹੀ ਠੇਸ ਪਹੁੰਚੀ ਹੈ ਤਾਂ ਉਸ ਨੂੰ ਕੇਂਦਰੀ ਸਰਕਾਰ ਵੱਲੋਂ ਦਿੱਤਾ ਗਿਆ ਪਦਮਸ੍ਰੀ ਦਾ ਖ਼ਿਤਾਬ ਵਾਪਸ ਕਰਨਾ ਚਾਹੀਦਾ ਹੈ। ਇਕ ਗੱਲ ਸਪੱਸ਼ਟ ਹੈ ਕਿ ਅਜੇ ਤੱਕ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਠੋਸ ਰੂਪ ਵਿਚ ਕਿਸੇ ਤਣ-ਪੱਤਣ ਨਹੀਂ ਲੱਗੀਆਂ ਅਤੇ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਫੂਲਕਾ ਉੱਤੇ ਵੀ ਇਹ ਸਵਾਲ ਤਾਂ ਉੱਠਦਾ ਹੈ ਕਿ ਅਸਤੀਫ਼ੇ ਦੇ ਬਾਵਜੂਦ ਉਨ੍ਹਾਂ ਦਾ ਸੈਸ਼ਨ ਵਿਚ ਆਉਣਾ ਅਤੇ ਤਨਖ਼ਾਹ ਲੈਣਾ ਕਿਵੇਂ ਵਾਜਬ ਸੀ? ਹਾਲਾਂਕਿ ਫੂਲਕਾ ਨੇ ਤਨਖ਼ਾਹ ਲੋਕ ਸੇਵਾ ਵਿਚ ਲਾਉਣ ਦੀ ਦਲੀਲ ਦਿੱਤੀ ਹੈ ਪਰ ਫ਼ੈਸਲਾ ਕਰਕੇ ਉਸ ਉੱਤੇ ਅਮਲ ਨਾ ਕਰਨਾ ਵੱਖਰਾ ਨੈਤਿਕ ਸਵਾਲ ਹੈ।
ਫੂਲਕਾ ਦੇ ਅਸਤੀਫ਼ੇ ਨਾਲ ਵਿਧਾਨ ਸਭਾ ਦੇ ਦਾਖਾ ਹਲਕੇ ਦੀ ਜ਼ਿਮਨੀ ਚੋਣ ਲਈ ਰਾਹ ਸਾਫ਼ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਅਤੇ ਸੋਮ ਪ੍ਰਕਾਸ਼ ਦੇ ਲੋਕ ਸਭਾ ਲਈ ਚੁਣੇ ਜਾਣ ਕਰਕੇ ਜਲਾਲਾਬਾਦ ਅਤੇ ਫਗਵਾੜਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੀ ਹੋਣਗੀਆਂ। ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਚਲੇ ਗਏ ਪਰ ਉਨ੍ਹਾਂ ਦੇ ਅਸਤੀਫ਼ੇ ਅਜੇ ਤੱਕ ਪ੍ਰਵਾਨ ਨਹੀਂ ਕੀਤੇ ਗਏ। ਇਸੇ ਤਰ੍ਹਾਂ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨਵੀਂ ਪਾਰਟੀ ਬਣਾ ਕੇ ਚੋਣ ਲੜ ਚੁੱਕੇ ਹਨ, ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਗਏ ਹਨ ਅਤੇ ਨਾ ਹੀ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਕੋਈ ਕਾਰਵਾਈ ਕੀਤੀ ਗਈ ਹੈ। ਇਹ ਲੋਕਾਂ ਦੇ ਪ੍ਰਤੀ ਜਵਾਬਦੇਹੀ ਤੋਂ ਮੁਨਕਰ ਹੋਣਾ ਹੈ, ਕਿਉਂਕਿ ਜਦ ਕੋਈ ਵਿਧਾਇਕ ਪਾਰਟੀ ਬਦਲਦਾ ਹੈ ਤਾਂ ਲੋਕਾਂ ਨੂੰ ਆਪਣਾ ਨਵਾਂ ਨੁਮਾਇੰਦਾ ਚੁਣਨ ਦਾ ਹੱਕ ਮਿਲਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਨੂੰ ਲੰਮੇ ਸਮੇਂ ਤੱਕ ਲਟਕਾ ਕੇ ਰੱਖਣਾ ਸੰਵਿਧਾਨ, ਕਾਨੂੰਨ ਅਤੇ ਜਮਹੂਰੀਅਤ ਦੇ ਵੀ ਪੱਖ ਵਿਚ ਨਹੀਂ।


Comments Off on ਵਿਧਾਨ ਸਭਾ ਦੇ ਮਸਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.