ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਵਾਯੂਮੰਡਲੀ ਪਰਤਾਂ ਦਾ ਰਹੱਸ

Posted On August - 3 - 2019

ਬਲਜੀਤ ਸਿੰਘ ਨਾਭਾ
ਬੱਚਿਓ! ਧਰਤੀ ਦੁਆਲੇ ਗੈਸਾਂ ਦੇ ਘੇਰ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਵਾਯੂਮੰਡਲ ਦੀਆਂ ਪਰਤਾਂ ਪਿਆਜ਼ ਦੀ ਛਿਲ ਦੀਆਂ ਪਰਤਾਂ ਵਰਗੀਆਂ ਹਨ। ਧਰਤੀ ਦਾ ਵਾਯੂਮੰਡਲ ਪੰਜ ਪਰਤਾਂ ਵਿਚ ਵੰਡਿਆ ਹੋਇਆ ਹੈ। ਇਹ ਪਰਤਾਂ ਧਰਤੀ ਦੀ ਸਤ੍ਹਾ ਜਾਂ ਸਮੁੰਦਰੀ ਤਲ ਤੋਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਰਤਾਂ ਨੂੰ ਹਵਾ ਦੀ ਸੰਘਣਤਾ, ਹਵਾ ਦੇ ਤਾਪਮਾਨ ਅਤੇ ਗੈਸਾਂ ਦੇ ਵਖਰੇਵੇਂ ਦੇ ਆਧਾਰ ’ਤੇ ਵੰਡਿਆ ਜਾਂਦਾ ਹੈ। ਵਾਯੂਮੰਡਲ ਦੀਆਂ ਪਰਤਾਂ ਦੇ ਨਾਂ ਟਰੋਪੋਸਫੀਅਰ, ਸਟਰੈਟੋਸਫੀਅਰ, ਮੀਜੋਸਫੀਅਰ, ਥਰਮੋਸਫੀਅਰ ਅਤੇ ਐਕਸੋਸਫੀਅਰ ਹਨ।
ਧਰਤੀ ਦੀ ਸਤ੍ਹਾ ਤੋਂ ਸ਼ੁਰੂ ਹੋਣ ਦੀ ਪਹਿਲੀ ਪਰਤ ਨੂੰ ਟਰੋਪੋਸਫੀਅਰ ਕਿਹਾ ਜਾਂਦਾ ਹੈ। ਅਸੀਂ ਇਸੇ ਪਰਤ ਵਿਚ ਰਹਿੰਦੇ ਅਤੇ ਸਾਹ ਲੈਂਦੇ ਹਾਂ। ਇਹ ਵਾਯੂਮੰਡਲੀ ਪਰਤ ਧਰਤੀ ਦੀ ਸਤ੍ਹਾ ਨੂੰ ਮਿਲਦੀ ਹੋਈ ਉੱਪਰ ਵੱਲ ਨੂੰ ਵਧਦੀ ਹੈ। ਟਰੋਪੋਸਫੀਅਰ ਵਿਚ ਹਵਾ ਦੀ ਅਦਲਾ ਬਦਲੀ ਹੁੰਦੀ ਹੈ ਅਤੇ ਮੌਸਮ ਵਿਚ ਤਬਦੀਲੀ ਆਉਂਦੀ ਹੈ। ਇਹ ਪਰਤ ਸਮੁੰਦਰੀ ਸਤ੍ਹਾ ਤੋਂ ਸ਼ੁਰੂ ਹੋ ਕੇ 4 ਤੋਂ 20 ਕਿਲੋਮੀਟਰ ਤਕ ਫੈਲੀ ਹੋਈ ਹੈ। ਇਸ ਪਰਤ ਵਿਚ ਸਤ੍ਹਾ ਨਾਲ ਇਕ ਤਿਹਾਈ ਹਿੱਸੇ ਵਿਚ ਵਾਯੂਮੰਡਲ ਦੀਆਂ ਕੁੱਲ ਗੈਸਾਂ ਦਾ 50 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਵਾਯੂਮੰਡਲ ਦਾ ਇਹੀ ਇਕ ਹਿੱਸਾ ਹੈ ਜਿੱਥੇ ਅਸੀਂ ਸਾਹ ਲੈ ਸਕਦੇ ਹਾਂ। ਟਰੋਪੋਸਫੀਅਰ ਵਿਚ ਜਿਉਂ ਜਿਉਂ ਅਸੀਂ ਉੱਪਰ ਵੱਲ ਜਾਂਦੇ ਹਾਂ ਤਾਪਮਾਨ ਵਧਦਾ ਹੈ।
ਟਰੋਪੋਸਫੀਅਰ ਤੋਂ ਵਾਯੂਮੰਡਲ ਦੀ ਅਗਲੀ ਪਰਤ ਦਾ ਨਾਂ ਸਟਰੈਟੋਸਫੀਅਰ ਹੈ। ਇਹ ਪਰਤ ਧਰਤੀ ਦੀ ਸਤ੍ਹਾ ਤੋਂ ਲਗਪਗ 20 ਕਿਲੋਮੀਟਰ ਤੋਂ ਸ਼ੁਰੂ ਹੋ ਕੇ 50 ਕਿਲੋਮੀਟਰ ਤਕ ਫੈਲੀ ਹੋਈ ਹੈ। ਇਹ ਉਹ ਪਰਤ ਹੈ ਜਿੱਥੇ ਜ਼ਿਆਦਾਤਰ ਹਵਾਈ ਜਹਾਜ਼ ਉੱਡਦੇ ਹਨ। ਇੱਥੇ ਹਵਾ ਉੱਪਰ ਜਾਂ ਹੇਠ ਵੱਲ ਨਹੀਂ ਵਗਦੀ ਸਗੋਂ ਧਰਤੀ ਦੀ ਗਤੀ ਨਾਲ ਬਹੁਤ ਤੇਜ਼ ਗਤੀ ਨਾਲ ਘੁੰਮਦੀ ਹੈ। ਇਸ ਪਰਤ ਵਿਚ ਵੀ ਉੱਪਰ ਜਾਣ ਨਾਲ ਤਾਪਮਾਨ ਵਧਦਾ ਹੈ। ਇਸ ਪਰਤ ਵਿਚ ਹੀ ਸੂਰਜੀ ਕਿਰਨਾਂ ਅਤੇ ਆਕਸੀਜਨ ਦੇ ਮੇਲ ਨਾਲ ਕੁਦਰਤੀ ਤੌਰ ’ਤੇ ਓਜ਼ੋਨ ਬਣਦੀ ਹੈ। ਇਹ ਓਜ਼ਨ ਪਰਤ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਨੂੰ ਸੋਖਦੀ ਹੈ ਅਤੇ ਧਰਤੀ ’ਤੇ ਮੌਜੂਦ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।
ਮੀਜੋਸਫੀਅਰ ਧਰਤੀ ਦੀ ਸਤ੍ਹਾ ਤੋਂ 50 ਕਿਲੋਮੀਟਰ ਤੋਂ ਸ਼ੁਰੂ ਹੋ ਕੇ 85 ਕਿਲੋਮੀਟਰ ਤਕ ਫੈਲੀ ਹੋਈ ਹੈ। ਮੀਜੋਸਫੀਅਰ ਦੇ ਉੱਪਰਲੇ ਹਿੱਸੇ ਦਾ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ। ਇਹ ਹਿੱਸਾ ਵਾਯੂਮੰਡਲ ਦਾ ਸਭ ਤੋਂ ਠੰਢਾ ਹਿੱਸਾ ਹੁੰਦਾ ਹੈ। ਇੱਥੇ ਦਾ ਤਾਪਮਾਨ -180 ਡਿਗਰੀ ਸੈਂਟੀਗਰੇਡ ਹੁੰਦਾ ਹੈ।
ਮੀਜੋਸਫੀਅਰ ਦੇ ਉੱਪਰ ਅੱਗੇ 600 ਕਿਲੋਮੀਟਰ ਤਕ ਦੇ ਫੈਲੇ ਵਾਯੂਮੰਡਲ ਨੂੰ ਥਰਮੋਸਫੀਅਰ ਕਹਿੰਦੇ ਹਨ। ਇੱਥੇ ਧਰਤੀ ਦੇ ਆਲੇ ਦੁਆਲੇ ਦੀ ਕੁੱਲ ਹਵਾ ਦਾ ਕੇਵਲ 0.01 ਪ੍ਰਤੀਸ਼ਤ ਹਿੱਸਾ ਹੀ ਹੈ। ਇੱਥੇ ਹਵਾ ਦੇ ਕਣਾਂ ਦਾ ਤਾਪਮਾਨ 2000 ਡਿਗਰੀ ਸੈਂਟੀਗਰੇਡ ਤਕ ਪਹੁੰਚ ਜਾਂਦਾ ਹੈ, ਪਰ ਇੱਥੇ ਹਵਾ ਨਾਂ ਦੇ ਬਰਾਬਰ ਹੋਣ ਕਾਰਨ ਤਾਪ ਦਾ ਸਥਾਨਅੰਤਰਨ ਨਹੀਂ ਹੋ ਸਕਦਾ। ਹਵਾ ਦੇ ਕਣ ਇਕ ਦੂਜੇ ਤੋਂ ਬਹੁਤ ਦੂਰ ਦੂਰ ਹੋਣ ਕਾਰਨ ਕਿਸੇ ਵੀ ਸਰੀਰ ਲਈ ਇਹ ਬਹੁਤ ਹੀ ਠੰਢਾ ਸਥਾਨ ਰਹੇਗਾ।
ਐਕਸੋਸਫੀਅਰ ਧਰਤੀ ਦੀ ਸਤ੍ਹਾ ਤੋਂ ਲਗਪਗ 10,000 ਕਿਲੋਮੀਟਰ ਤਕ ਫੈਲਿਆ ਹੋਇਆ ਖੇਤਰ ਹੈ। ਇਸ ਨੂੰ ਧਰਤੀ ਦੇ ਵਾਯੂਮੰਡਲ ਦਾ ਸਭ ਤੋਂ ਬਾਹਰਲਾ ਹਿੱਸਾ ਕਹਿੰਦੇ ਹਨ। ਸਾਰੇ ਮੌਸਮ ਸਬੰਧੀ ਜਾਣਕਾਰੀ ਦੇਣ ਵਾਲੇ ਮਨੁੱਖ ਵੱਲੋਂ ਨਿਰਮਤ ਬਨਾਉਟੀ ਉਪਗ੍ਰਹਿ ਵਾਯੂਮੰਡਲ ਦੇ ਇਸ ਹਿੱਸੇ ਵਿਚ ਘੁੰਮਦੇ ਹਨ।
ਸੰਪਰਕ: 94170-17778


Comments Off on ਵਾਯੂਮੰਡਲੀ ਪਰਤਾਂ ਦਾ ਰਹੱਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.