ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਾਦੀ ’ਚ ਈਦ ਮੌਕੇ ਅਮਨ-ਅਮਾਨ

Posted On August - 13 - 2019

ਕੁਝ ਥਾਵਾਂ ’ਤੇ ਪਥਰਾਅ ਅਤੇ ਵਿਰੋਧ ਪ੍ਰਦਰਸ਼ਨ;
ਤਿਉਹਾਰ ਮਨਾਉਣ ਦਾ ਚਾਅ ਰਿਹਾ ਮੱਠਾ

ਕਸ਼ਮੀਰੀ ਲੋਕ ਸੋਮਵਾਰ ਨੂੰ ਸ੍ਰੀਨਗਰ ਦੀ ਇਕ ਮਸੀਤ ਵਿੱਚ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕਰਦੇ ਹੋਏ। -ਫੋਟੋ: ਰਾਇਟਰਜ਼

ਸ੍ਰੀਨਗਰ, 12 ਅਗਸਤ
ਭਾਰੀ ਸੁਰੱਖਿਆ ਪ੍ਰਬੰਧਾਂ ਅਤੇ ਪਾਬੰਦੀਆਂ ਵਿਚਕਾਰ ਜੰਮੂ ਕਸ਼ਮੀਰ ਦੇ ਲੋਕਾਂ ਨੇ ਅੱਜ ਈਦ ਮਨਾਈ। ਮੁਸਲਿਮ ਭਾਈਚਾਰੇ ਦੇ ਅਹਿਮ ਪਵਿੱਤਰ ਤਿਉਹਾਰ ਮੌਕੇ ਵਾਦੀ ’ਚ ਸ਼ਾਂਤੀ ਕਾਇਮ ਰਹੀ ਪਰ ਜੋਸ਼ੋ-ਖਰੋਸ਼ ਗਾਇਬ ਰਿਹਾ। ਕੁਝ ਥਾਵਾਂ ’ਤੇ ਪਥਰਾਅ ਅਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਹੋਈਆਂ ਪਰ ਉਨ੍ਹਾਂ ਨੂੰ ਪੁਲੀਸ ਨੇ ਤੁਰੰਤ ਖਿੰਡਾ ਦਿੱਤਾ। ਰਿਪੋਰਟਾਂ ਮੁਤਾਬਕ ਪੁਲੀਸ ਦੀ ਕਾਰਵਾਈ ’ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਉਂਜ ਸਰਕਾਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ।
ਈਦ ਉੱਲ ਜ਼ੁਹਾ ਮੌਕੇ ਨਮਾਜ਼ ਅਦਾ ਕਰਨ ਵਾਸਤੇ ਪੁਲੀਸ ਨੇ ਲੋਕਾਂ ਦੀ ਆਵਾਜਾਈ ਯਕੀਨੀ ਬਣਾਉਣ ਦੇ ਇੰਤਜ਼ਾਮ ਕੀਤੇ ਸਨ। ਕੁਝ ਲੋਕ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਈਦ ਮੁਬਾਰਕ ਆਖਦੇ ਦੇਖੇ ਗਏ। ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਵੱਲੋਂ ਮਠਿਆਈਆਂ ਵੰਡਣ ਦੀ ਤਸਵੀਰ ਸਾਂਝੀ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਤਰਜਮਾਨ ਵਸੁਧਾ ਗੁਪਤਾ ਨੇ ਟਵੀਟ ਕੀਤਾ ਕਿ ਅਨੰਤਨਾਗ, ਬਾਰਾਮੂਲਾ, ਬੜਗਾਮ, ਬਾਂਦੀਪੋਰਾ ਦੀਆਂ ਸਾਰੀਆਂ ਮਸਜਿਦਾਂ ’ਚ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਸ਼ਾਂਤੀਪੂਰਬਕ ਈਦ ਮਨਾਈ ਗਈ। ਬਾਂਦੀਪੋਰਾ, ਬਾਰਾਮੂਲਾ, ਕੁਪਵਾੜਾ, ਤ੍ਰੇਹਗਾਮ, ਸੋਪੋਰ, ਕੁਲਗਾਮ, ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ, ਅਨੰਤਨਾਗ, ਗੰਦਰਬਲ ਅਤੇ ਬੜਗਾਮ ਦੀਆਂ ਮਸਜਿਦਾਂ ’ਚ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਜੰਮੂ ’ਚ ਈਦਗਾਹ ਵਿਖੇ ਪੰਜ ਹਜ਼ਾਰ ਜਦਕਿ ਬਾਰਾਮੂਲਾ ਦੀ ਜਾਮਾ ਮਸਜਿਦ ’ਚ 10 ਹਜ਼ਾਰ ਲੋਕਾਂ ਨੇ ਨਮਾਜ਼ ਪੜ੍ਹੀ।
ਨਾਜ਼ੁਕ ਇਲਾਕਿਆਂ ’ਚ ਵੱਡੇ ਇਕੱਠਾਂ ’ਤੇ ਪਾਬੰਦੀ ਲਾਏ ਜਾਣ ਮਗਰੋਂ ਸ੍ਰੀਨਗਰ ਦੀਆਂ ਸਥਾਨਕ ਮਸਜਿਦਾਂ ’ਚ ਸੈਂਕੜੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਜ਼ਿਕਰਯੋਗ ਹੈ ਕਿ ਸੂਬਾ ਪ੍ਰਸ਼ਾਸਨ ਨੇ ਈਦ ਦਾ ਤਿਉਹਾਰ ਮਨਾਉਣ ਲਈ ਸ਼ਨਿਚਰਵਾਰ ਨੂੰ ਪਾਬੰਦੀਆਂ ਹਟਾ ਲਈਆਂ ਸਨ। ਐਤਵਾਰ ਨੂੰ ਕਰਫਿਊ ’ਚ ਛੇ ਘੰਟਿਆਂ ਦੀ ਛੋਟ ਦੌਰਾਨ ਲੋਕ ਖ਼ਰੀਦੋ-ਫ਼ਰੋਖ਼ਤ ਲਈ ਦੁਕਾਨਾਂ ’ਤੇ ਪਹੁੰਚ ਗਏ ਸਨ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੇ ਪਿਛਲੇ ਸਾਲਾਂ ਦੇ ਉਲਟ ਇਸ ਵਾਰ ਇਕੱਲਿਆਂ ਚੁੱਪ-ਚਾਪ ਈਦ-ਉਲ-ਜ਼ੁਹਾ ਦਾ ਤਿਉਹਾਰ ਮਨਾਇਆ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਆਗੂਆਂ ਦੇ ਘਰਾਂ ਵਿੱਚ ਈਦ ਮੌਕੇ ਸਮਰਥਕਾਂ, ਦੋਸਤਾਂ-ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜਸ਼ਨ ਮਨਾਏ ਜਾਂਦੇ ਰਹੇ ਹਨ। ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ’ਚ ਧਾਰਾ 370 ਰੱਦ ਕੀਤੇ ਜਾਣ ਅਤੇ ਸੂਬੇ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡੇ ਜਾਣ ਮਗਰੋਂ ਇਹ ਤਿੰਨੋਂ ਆਗੂ ਪੁਲੀਸ ਹਿਰਾਸਤ ਵਿੱਚ ਹਨ। ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਆਪਣੇ ਘਰ ਵਿੱਚ ਹੀ ਨਜ਼ਰਬੰਦ ਹਨ ਜਦਕਿ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੂੰ ਹਰੀ ਨਿਵਾਸ ਪੈਲੇਸ ਵਿੱਚ ਅਤੇ ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਚਸ਼ਮਾਸ਼ਾਹੀ ਹੱਟ ਵਿੱਚ ਰੱਖਿਆ ਗਿਆ ਹੈ। ਅੱਜ ਈਦ ਮੌਕੇ ਇਨ੍ਹਾਂ ਤਿੰਨਾਂ ਆਗੂਆਂ ਦੇ ਗੁਪਕਾਰ ਰੋਡ ਸਥਿਤ ਘਰਾਂ ਵਿੱਚ ਸੁੰਨ ਪਸਰੀ ਹੋਈ ਸੀ ਅਤੇ ਘਰਾਂ ਦੇ ਬਾਹਰ ਕੇਵਲ ਸੁਰੱਖਿਆ ਵਾਹਨ ਖੜ੍ਹੇ ਸਨ। ਕਈ ਹੋਰ ਸਿਆਸੀ ਆਗੂਆਂ, ਜਿਨ੍ਹਾਂ ਨੂੰ 5 ਅਗਸਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਨੇ ਇੱਥੇ ਹੋਟਲ ਸੈਂਟੂਰ ਵਿੱਚ ਨਮਾਜ਼ ਅਦਾ ਕੀਤੀ। ਸਰਕਾਰ ਵਲੋਂ ਉਨ੍ਹਾਂ ਲਈ ਮੌਲਵੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸੇ ਦੌਰਾਨ ਕਸ਼ਮੀਰ ਦੇ ਆਈਜੀ ਐੱਸ.ਪੀ. ਪਾਨੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਈਦ-ਉਲ-ਜ਼ੁਹਾ ਦੇ ਤਿਉਹਾਰ ਮੌਕੇ ਇੱਕਾ-ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ-ਸ਼ਾਂਤੀ ਰਹੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਈਦਗਾਹਾਂ ਵਿੱਚ ਤਿਉਹਾਰ ਮੌਕੇ ਲੋਕ ਇਕੱਠੇ ਹੋਏ ਅਤੇ ਨਮਾਜ਼ ਅਦਾ ਕਰਨ ਮਗਰੋਂ ਸ਼ਾਂਤੀਪੂੁਰਵਕ ਆਪਣੇ ਘਰਾਂ ਨੂੰ ਚਲੇ ਗਏ। ਉਨ੍ਹਾਂ ਕਿਹਾ ਕਿ ਇੱਕਾ-ਦੁੱਕਾ ਹਿੰਸਕ ਘਟਨਾਵਾਂ ਵਿੱਚ ਕੁਝ ਲੋਕ ਜ਼ਖ਼ਮੀ ਜ਼ਰੂਰ ਹੋਏ ਹਨ ਪਰ ਵਾਦੀ ਵਿੱਚ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਕੁਝ ਜ਼ਖ਼ਮੀ ਹਸਪਤਾਲਾਂ ਵਿੱਚ ਦਾਖ਼ਲ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
-ਪੀਟੀਆਈ

ਡੋਵਾਲ ਵੱਲੋਂ ਕਸ਼ਮੀਰ ਵਾਦੀ ਦਾ ਹਵਾਈ ਸਰਵੇਖਣ

ਸ੍ਰੀਨਗਰ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੋਮਵਾਰ ਨੂੰ ਈਦ ਮੌਕੇ ਸ਼ਹਿਰ ਅਤੇ ਦੱਖਣੀ ਕਸ਼ਮੀਰ ਦੇ ਇਲਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਮੁਖੀ ਦਿਲਬਾਗ ਸਿੰਘ ਅਤੇ ਫ਼ੌਜ ਕਮਾਂਡਰਾਂ ਨੇ ਵੀ ਕਸ਼ਮੀਰ ਵਾਦੀ ਦੇ ਵੱਖ ਵੱਖ ਹਿੱਸਿਆਂ ਦਾ ਵੱਖਰੇ ਤੌਰ ’ਤੇ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ ਕਿ ਵਾਦੀ ’ਚ ਹਾਲਾਤ ਬਿਲਕੁਲ ਠੀਕ-ਠਾਕ ਮਿਲੇ ਅਤੇ ਸ਼ਾਂਤੀ ਨਾਲ ਜੰਮੂ ਕਸ਼ਮੀਰ ’ਚ ਈਦ ਦੀ ਨਮਾਜ਼ ਪੜ੍ਹੀ ਗਈ। ਈਦ ਮੌਕੇ ਸ੍ਰੀਨਗਰ ਅਤੇ ਵਾਦੀ ਦੇ ਹੋਰ ਹਿੱਸਿਆਂ ’ਚ ਬੱਕਰਿਆਂ ਤੇ ਭੇਡਾਂ ਦੀ ਵੱਡੇ ਪੱਧਰ ’ਤੇ ਵਿਕਰੀ ਹੋਈ ਅਤੇ ਸ਼ਹਿਰ ’ਚ ਇਕੱਲੀਆਂ ਢਾਈ ਲੱਖ ਭੇਡਾਂ ਵਿਕੀਆਂ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਦੇ ਪੰਜ ਜ਼ਿਲ੍ਹਿਆਂ ’ਚੋਂ ਪਾਬੰਦੀਆਂ ਪੂਰੀ ਤਰ੍ਹਾਂ ਨਾਲ ਹਟਾ ਲਈਆਂ ਗਈਆਂ ਹਨ ਜਦਕਿ ਕਸ਼ਮੀਰ ਦੇ 9 ਜ਼ਿਲ੍ਹਿਆਂ ’ਚ ਹਾਲਾਤ ਮੁਤਾਬਕ ਛੋਟਾਂ ਦਿੱਤੀਆਂ ਗਈਆਂ ਹਨ।
-ਪੀਟੀਆਈ

ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਸੁਣੀ ਜਾਵੇ: ਮਨਮੋਹਨ ਸਿੰਘ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਦੇਸ਼ ਦੇ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ‘ਭਾਰਤ ਦੇ ਸੰਕਲਪ’ ਨੂੰ ਵਧੇਰੇ ਪ੍ਰਬਲ ਬਣਾਉਣਾ ਹੈ ਤਾਂ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਲਾਜ਼ਮੀ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਡੂੰਘੇ ਸੰਕਟ’ ਵਿੱਚੋਂ ਲੰਘ ਰਿਹੈ ਤੇ ਉਸ ਨੂੰ ਇਕੋ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਸਾਬਕਾ ਪ੍ਰਧਾਨ ਮੰਤਰੀ ਇਥੇ ਆਪਣੇ ਕੈਬਨਿਟ ਕੁਲੀਗ ਤੇ ਸਾਬਕਾ ਕਾਂਗਰਸੀ ਐੱਸ.ਜੈਪਾਲ ਰੈੱਡੀ, ਜਿਨ੍ਹਾਂ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ, ਨੂੰ ਸ਼ਰਧਾਂਜਲੀ ਦੇਣ ਲਈ ਆਏ ਸਨ। ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਮਨਸੂਖ਼ ਕੀਤੇ ਜਾਣ ਮਗਰੋਂ ਸਾਬਕਾ ਪ੍ਰਧਾਨ ਦੀ ਇਸ ਮੁੱਦੇ ’ਤੇ ਇਹ ਪਲੇਠੀ ਪ੍ਰਤੀਕਿਰਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ ਦੇਸ਼ ਦੇ ਵੱਡੀ ਗਿਣਤੀ ਲੋਕਾਂ ਨੇ ਇਹ ਫ਼ੈਸਲਾ ਪਸੰਦ ਨਹੀਂ ਕੀਤਾ। ਇਥੇ ਜ਼ਰੂਰੀ ਹੈ ਕਿ ਇਨ੍ਹਾਂ ਸਾਰੇ ਲੋਕਾਂ ਦੀ ਆਵਾਜ਼ ਸੁਣੀ ਜਾਵੇ। ਆਪਣੀ ਆਵਾਜ਼ ਬੁਲੰਦ ਕਰ ਕੇ ਹੀ ਅਸੀਂ ਇਹ ਯਕੀਨੀ ਬਣਾ ਸਕਾਂਗੇ ਕਿ ‘ਭਾਰਤ ਦਾ ਸੰਕਲਪ’, ਜੋ ਕਿ ਸਾਡੇ ਲਈ ਮੁਕੱਦਸ ਹੈ, ਪ੍ਰਬਲ ਬਣ ਸਕੇ।’
-ਪੀਟੀਆਈ

ਕੁਝ ਥਾਵਾਂ ਉੱਤੇ ਹੋਈ ਭਾਰਤ ਵਿਰੋਧੀ ਨਾਅਰੇਬਾਜ਼ੀ

ਸ੍ਰੀਨਗਰ ਵਿੱਚ ਸੋਮਵਾਰ ਨੂੰ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕਰਨ ਬਾਅਦ ਧਾਰਾ 370 ਖਤਮ ਕਰਨ ਖਿਲਾਫ਼ ਮੁਜ਼ਾਹਰਾ ਕਰਦੀਆਂ ਹੋਈਆਂ ਕਸ਼ਮੀਰੀ ਔਰਤਾਂ। -ਫੋਟੋ: ਰਾਇਟਰਜ਼

ਸ੍ਰੀਨਗਰ: ਕਸ਼ਮੀਰ ਦੇ ਸਭ ਤੋਂ ਵੱਡੇ ਸ਼ਹਿਰ ਸ੍ਰੀਨਗਰ ’ਚ ਈਦ ਮੌਕੇ ਸੁਰੱਖਿਆ ਬਲਾਂ ਨੇ ਮੁਕੰਮਲ ਤੌਰ ’ਤੇ ਘੇਰਾਬੰਦੀ ਕੀਤੀ ਹੋਈ ਸੀ ਤਾਂ ਜੋ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਰੋਕਿਆ ਜਾ ਸਕੇ। ਸੂਰਾ ’ਚ ਸੈਂਕੜੇ ਲੋਕਾਂ ਨੇ ਨਮਾਜ਼ ਮਗਰੋਂ ਸੜਕਾਂ ’ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਪਰ ਅਧਿਕਾਰੀਆਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਪ੍ਰਦਰਸ਼ਨਾਂ ਨੂੰ ਸੀਮਤ ਕਰ ਦਿੱਤਾ। ਜੁੰਮੇ ਵਾਲੇ ਦਿਨ ਵੀ ਇਸੇ ਥਾਂ ’ਤੇ ਵੱਡੇ ਪ੍ਰਦਰਸ਼ਨ ਹੋਏ ਸਨ। ਸੋਉਰਾ ’ਚ ਜਨਾਬ ਸਾਹਿਬ ਮਸਜਿਦ ’ਚ ਨਮਾਜ਼ ਮਗਰੋਂ ਪ੍ਰਦਰਸ਼ਨਾਂ ’ਚ ਹਿੱਸਾ ਲੈ ਰਹੀ 18 ਵਰ੍ਹਿਆਂ ਦੀ ਮੁਟਿਆਰ ਆਸਿਫ਼ਾ ਨੇ ਕਿਹਾ,‘‘ਅਸੀਂ ਆਜ਼ਾਦੀ ਚਾਹੁੰਦੇ ਹਾਂ। ਅਸੀਂ ਨਾ ਭਾਰਤ ਦਾ ਅਤੇ ਨਾ ਪਾਕਿਸਤਾਨ ਦਾ ਹਿੱਸਾ ਹਾਂ। ਮੋਦੀ ਝੂਠ ਬੋਲ ਰਹੇ ਹਨ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਇਆ ਜਾਣਾ ਲੋਕਾਂ ਲਈ ਵਧੀਆ ਹੈ। ਅਸੀਂ ਆਖਰੀ ਸਾਹ ਤਕ ਇਸ ਦਾ ਵਿਰੋਧ ਕਰਾਂਗੇ।’’ ਇਲਾਕੇ ਦੀ ਨਿਗਰਾਨੀ ਰੱਖ ਰਹੇ ਹੈਲੀਕਾਪਟਰਾਂ ਦੀ ਆਵਾਜ਼ ਆਉਂਦੇ ਸਾਰ ਹੀ ਪ੍ਰਦਰਸ਼ਨਕਾਰੀਆਂ ਦੇ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਨਾਅਰਿਆਂ ਦੀ ਆਵਾਜ਼ ਤੇਜ਼ ਹੋ ਜਾਂਦੀ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਐਤਵਾਰ ਅਤੇ ਸੋਮਵਾਰ ਸਵੇਰੇ ਸੁਰੱਖਿਆ ਬਲਾਂ ’ਤੇ ਪਥਰਾਅ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ।
-ਰਾਇਟਰਜ਼


Comments Off on ਵਾਦੀ ’ਚ ਈਦ ਮੌਕੇ ਅਮਨ-ਅਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.