ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਾਇਆ ਅੰਮ੍ਰਿਤਾ ਔਰਤ ਦੀ ਪੀੜ

Posted On August - 31 - 2019

ਨੀਤੂ ਅਰੋੜਾ

ਅੰਮ੍ਰਿਤਾ ਪ੍ਰੀਤਮ ਇਕ ਸਮਾਗਮ ਦੌਰਾਨ। (ਫੋਟੋ: ਪੰਜਾਬੀ ਅਕਾਦਮੀ, ਦਿੱਲੀ)

ਜਦੋਂ ਮੈਂ ਐੱਮ.ਏ. ਪੰਜਾਬੀ ਕੀਤੀ ਤਾਂ ਇਕ ਪਰਚਾ ਆਧੁਨਿਕ ਕਵਿਤਾ ਦਾ ਪੜ੍ਹਾਇਆ ਜਾਂਦਾ ਸੀ ਤਾਂ ਉਸ ਵਿਚ ਪੂਰਨ ਸਿੰਘ, ਮੋਹਨ ਸਿੰਘ, ਬਾਵਾ ਬਲਵੰਤ, ਸ਼ਿਵ, ਪਾਸ਼, ਪਾਤਰ ਅਤੇ ਜਗਤਾਰ ਪੜ੍ਹੇ। ਆਧੁਨਿਕ ਕਵਿਤਾ ਦੇ ਸਿਲੇਬਸ ਵਿਚ ਅੰਮ੍ਰਿਤਾ ਦੀ ਕੋਈ ਕਿਤਾਬ ਨਹੀਂ ਸੀ, ਪਰ ਜਦੋਂ ‘ਸਾਹਿਤ ਦਾ ਇਤਿਹਾਸ’ ਵਾਲਾ ਪਰਚਾ ਪੜ੍ਹਦੇ ਜਾਂ ਆਧੁਨਿਕ ਕਵਿਤਾ ਦੇ ਪੜਾਵਾਂ ਦੀ ਗੱਲ ਕਰਦੇ ਤਾਂ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਪੜਾਅ ਦੀ ਕਵਿਤਾ ਦਾ ਜ਼ਿਕਰ ਵਾਰ-ਵਾਰ ਆਉਂਦਾ। ਇਹ ਇਕ ਵੱਡੀ ਟੇਢ ਸੀ ਜੋ ਦੋ ਦਹਾਕੇ ਪਹਿਲਾਂ ਸਾਡੇ ਧਿਆਨ ਵਿਚ ਵੀ ਨਹੀਂ ਸੀ ਆਉਂਦੀ। ਹੁਣ ਲੱਗਦੈ ਇਹ ਕਿੰਨਾ ਸਪੱਸ਼ਟ ਮਸਲਾ ਸੀ ਕਿ ਜਿਸ ਦੇ ਨਾਂ ਨਾਲ ਕਵਿਤਾ ਦੀ ਇਕ ਧਾਰਾ, ਇਕ ਯੁੱਗ ਜਾਣਿਆ ਜਾਂਦਾ ਹੋਵੇ, ਉਸਨੂੰ ਸਿਲੇਬਸ ਵਿਚੋਂ ਤਾਂ ਆਸਾਨੀ ਨਾਲ ਬਾਹਰ ਕਰ ਦਿੱਤਾ ਗਿਆ ਹੋਵੇ, ਪਰ ਇਤਿਹਾਸ ਕਿਵੇਂ ਬਦਲਿਆ ਜਾਵੇ? ਹੁਣ ਜਦੋਂ ਵਰ੍ਹਿਆਂ ਬਾਅਦ ਕੁੜੀਆਂ ਆਪਣੇ ਪੈਰ ਰੱਖਣ ਲਈ ਉਸ ਅਕਾਦਮਿਕਤਾ ਵਿਚ ਆਪਣੀ ਜ਼ਮੀਨ ਮੰਗ ਰਹੀਆਂ ਹਨ ਤਾਂ ਅੰਮ੍ਰਿਤਾ ਹੀ ਉਹ ਸੱਚੀ ਜ਼ਮੀਨ ਹੈ ਜਿਸਨੇ ਪਿੱਤਰਸੱਤਾ ਦੇ ਪੈਮਾਨਿਆਂ ਨੂੰ ਚੁੱਪ ਕਰਕੇ ਸਵੀਕਾਰ ਨਹੀਂ ਕੀਤਾ। ਨਾਰੀਵਾਦੀ ਚਿੰਤਨ ਦੀ ਧੂਮ ਤਾਂ ਪੰਜਾਬ ਵਿਚ ਲਗਪਗ ਦੋ ਢਾਈ ਦਹਾਕਿਆਂ ਤੋਂ ਪੈ ਰਹੀ ਹੈ, ਪਰ ਸਾਡਾ ਨਾਰੀਵਾਦ ਹੁਣ ਤਕ ਪਿੱਤਰਸੱਤਾ ਦੇ ਅਨੁਕੂਲਨ ਦਾ ਸ਼ਿਕਾਰ ਰਿਹਾ ਜਾਂ ਉਨ੍ਹਾਂ ਔਰਤਾਂ ਨੂੰ ਹਿੱਸੇਦਾਰ ਬਣਾਉਂਦਾ ਰਿਹਾ ਹੈ ਜੋ ਪਿੱਤਰਸੱਤਾ-ਮੁੱਲਾਂ ਨੂੰ ਚੁਣੌਤੀ ਨਹੀਂ ਦੇ ਸਕਦੀਆਂ। ਅੰਮ੍ਰਿਤਾ ਨੇ ਅਜਿਹਾ ਨਹੀਂ ਕੀਤਾ। ਉਸਨੇ ਆਪਣੀ ਲਿਖਣ ਸ਼ੈਲੀ, ਜਿਉਣ ਸ਼ੈਲੀ ਅਤੇ ਮਰਦਾਵੇਂ ਧੜਿਆਂ ਦੇ ਬਰਾਬਰ ਆਪਣਾ ਧੜਾ ਵੀ ਖੜ੍ਹਾ ਕੀਤਾ। ਪੰਜਾਬੀ ਸਾਹਿਤ ਵਿਚ ‘ਗੌਡ ਫਾਦਰ’ ਦੇ ਵਰਤਾਰੇ ਦੇ ਬਰਾਬਰ ‘ਗੌਡ ਮਦਰ’ ਦਾ ਵਰਤਾਰਾ ਸਿਰਜਿਆ। ਉਹ ਅੱਜ ਵਰ੍ਹਿਆਂ ਬਾਅਦ ਉਵੇਂ ਹੀ ਸਾਡੇ ਚੇਤਿਆਂ ਵਿਚ ਮੁਸਕਰਾਉਂਦੀ ਆ ਖੜੋਂਦੀ ਹੈ। ਸਿਲੇਬਸਾਂ ਦੀ ਭੋਇੰ ’ਤੇ ਕਬਜ਼ਾ ਕਰ ਲੈਣਾ ਵੀ ਕਿਸੇ ਸੂਬੇ ’ਤੇ ਕਬਜ਼ਾ ਕਰ ਲੈਣਾ ਹੀ ਹੁੰਦੈ ਅਤੇ ਇਸ ਖ਼ਿਲਾਫ਼ ਬੋਲਣਾ ਉਨ੍ਹਾਂ ਲੋਕਾਂ ਲਈ ਬੋਲਣਾ ਵੀ ਹੁੰਦਾ, ਜਿਨ੍ਹਾਂ ਤੋਂ ਬੋਲਣ ਦੇ ਸਾਰੇ ਮੰਚ ਖੋਹ ਲਏ ਗਏ ਹੋਣ।
ਪੰਜਾਬੀ ਜੀਆਂ ਨੇ ਜੇਕਰ ਅੰਮ੍ਰਿਤਾ ਨੂੰ ਸਮਝਣਾ ਹੋਵੇ ਤਾਂ ਉਸ ਦੀਆਂ ਲਿਖਤਾਂ ਅਤੇ ਉਸਦੇ ਜੀਵਨ ਨੂੰ ਸਮਵਿੱਥ ਰੱਖ ਕੇ ਸਮਝਿਆ ਜਾ ਸਕਦਾ ਹੈ। ਉਸ ਦੀਆਂ ਲਿਖਤਾਂ ਵਿਚ ਔਰਤ ਦੀ ਜੀਵਨ ਪੀੜਾ ਦਾ ਬਿਆਨ ਵੀ ਹੈ, ਸੰਘਰਸ਼ ਦੀ ਗਾਥਾ ਵੀ ਅਤੇ ਸੁਪਨੇ ਦੀ ਸਿਰਜਣਾ ਵੀ। ਉਸਦੀ ਕਵਿਤਾ ‘ਕੁਮਾਰੀ’ ਪੜ੍ਹ ਕੇ ਕੋਈ ਸੰਵੇਦਨਸ਼ੀਲ ਜੀਅ ਸਾਵਾਂ ਨਹੀਂ ਰਹਿ ਸਕਦਾ:
ਤੇਰੇ ਭੋਗ ਦੀ ਖ਼ਾਤਿਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ…
ਮੈਂ ਕਤਲ ਕੀਤਾ ਸੀ
ਇਹ ਕਤਲ ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ਼ ਉਨ੍ਹਾਂ ਦੀ ਜ਼ਿੱਲਤ ਨਾਜਾਇਜ਼ ਹੁੰਦੀ ਹੈ
ਤੇ ਮੈਂ ਉਸ ਜ਼ਿੱਲਤ ਦਾ ਜ਼ਹਿਰ ਪੀਤਾ ਸੀ…

ਨੀਤੂ ਅਰੋੜਾ

ਅਸੀਂ ਸਦੀਆਂ ਤੋਂ ਇਹ ਹੋਣੀ ਹੰਢਾਉਂਦੇ ਲੋਕ ਹਾਂ। ਸਾਡੇ ਵਿਚੋਂ ਬਹੁਤੇ ਇਨ੍ਹਾਂ ‘ਕਾਨੂੰਨਨ ਜਾਇਜ਼ ਕਤਲਾਂ’ (ਬਲਾਤਕਾਰਾਂ) ਦੀਆਂ ਔਲਾਦਾਂ ਹਾਂ। ਅਜਿਹੇ ਬਲਾਤਕਾਰਾਂ ਵਿਚੋਂ ਜੰਮੇ ਅਸੀਂ ਕਿੰਨੇ ਕੁ ਸਹਿਜ ਹੋ ਸਕਦੇ ਹਾਂ। ਅੰਮ੍ਰਿਤਾ ਇਸ ਕਵਿਤਾ ਰਾਹੀਂ ਹਰ ਉਸ ਔਰਤ ਦੀ ਪੀੜ ਦੀ ਬਾਤ ਪਾਉਂਦੀ ਹੈ ਜੋ ਅਣਚਾਹੀ ਸੇਜ ਹੰਢਾਉਂਦੀ ਹੈ। ਅਜਿਹਾ ਕਰਦਿਆਂ ਉਹ ਸੱਭਿਆਚਾਰਕ ਮੁਹਾਜ਼ ’ਤੇ ਵੱਡੀ ਲੜਾਈ ਲੜਦੀ ਹੈ। ਆਪਣੀਆਂ ਅਜਿਹੀਆਂ ਅਨੇਕਾਂ ਕਵਿਤਾਵਾਂ ਨਾਲ ਉਹ ਸਾਡੀ ਪਿੱਤਰਸੱਤਾ ਅਤੇ ਜਗੀਰੂ ਸੱਭਿਆਚਾਰ ਨਾਲ ਟੱਕਰ ਲੈਂਦੀ ਹੈ। ਉਸਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਇਹ ਸਭ ਆਪਣੀਆਂ ਲਿਖਤਾਂ ਵਿਚ ਹੀ ਨਹੀਂ ਕਰਦੀ, ਸਗੋਂ ਆਪਣੇ ਨਿੱਜੀ ਜੀਵਨ ਨੂੰ ਔਰਤ ਦੇ ਬਦਲਵੇਂ ਸੱਭਿਆਚਾਰਕ ਮਾਡਲ ਦੇ ਰੂਪ ਵਿਚ ਪੇਸ਼ ਕਰਦੀ ਹੈ। ਉਹ ਸਿਰਫ਼ ਵਿਆਹ ਦੀ ਸੰਸਥਾ ਨਾਲ ਹੀ ਨਹੀਂ ਟਕਰਾਉਂਦੀ, ਸਗੋਂ ਮਮਤਾ ਦੀ ਰਾਜਨੀਤੀ ਨਾਲ ਵੀ ਦਸਤਪੰਜਾ ਲੈਂਦੀ ਹੈ। ਜਦੋਂ ਅੰਮ੍ਰਿਤਾ ਇਸ ਪੂਰੇ ਸਾਹਿਤ ਸੰਸਾਰ ਵਿਚ ਆਪਣੀ ਨਾਰੀ ਦੇਹ ਅਤੇ ਨਾਰੀ ਮਨ ਸਮੇਤ ਹਾਜ਼ਰੀ ਲਗਵਾਉਂਦੀ ਹੈ, ਉਸਦੇ ਆਲੇ-ਦੁਆਲੇ ਦਾ ਸੰਸਾਰ ਆਪਣਾ ਸੰਤੁਲਨ ਗਵਾ ਬੈਠਦਾ ਹੈ। ਉਹ ਸਾਹਿਤ ਸੰਸਾਰ ਲਈ ‘ਸਨਸਨੀ’ ਬਣ ਜਾਂਦੀ ਹੈ। ਇਹ ਸਨਸਨੀ ਉਸਨੇ ਆਪ ਨਹੀਂ ਪੈਦਾ ਕੀਤੀ। ਪੰਜਾਬੀ ਬੰਦਿਆਂ ਨੇ ਅਜਿਹੀ ਔਰਤ ਕਦੇ ਦੇਖੀ ਹੀ ਨਹੀਂ। ਇਹ ਸਨਸਨੀ ਇਨ੍ਹਾਂ ਦੇ ਦਿਮਾਗ਼ਾਂ ਵਿਚ ਉਣੀ ਜਾਂਦੀ ਹੈ। ਉਸਦੇ ਆਲੇ-ਦੁਆਲੇ ਅਫ਼ਵਾਹਾਂ ਦਾ ਜਾਲ ਲਗਾਤਾਰ ਸੰਘਣਾ ਹੁੰਦਾ ਜਾਂਦਾ ਹੈ। ਅੰਮ੍ਰਿਤਾ ਇਨ੍ਹਾਂ ਅਫ਼ਵਾਹਾਂ ਨਾਲ ਪੀੜੋ-ਪੀੜ ਹੁੰਦੀ ਹੈ, ਛਟਪਟਾਉਂਦੀ ਹੈ, ਮਹਿਫ਼ਲਾਂ ਵਿਚ ਜਾਣਾ ਛੱਡ ਦਿੰਦੀ ਹੈ। ਦਿੱਲੀ ਸ਼ਹਿਰ ਦੀਆਂ ਗਲੀਆਂ ਵਿਚ ਆਪਣੀ ਇਕ ਪਾਤਰ ਦੇ ਹਵਾਲੇ ਨਾਲ ਉਹ ਇਸ ਪੀੜ ਦਾ ਬਿਆਨ ਵੀ ਕਰਦੀ ਹੈ, ਪਰ ਅੰਮ੍ਰਿਤਾ ਦੀ ਖ਼ਾਸੀਅਤ ਇਹ ਹੈ ਕਿ ਉਹ ਇਸ ਮਰਦਾਵੇਂ ਸਮਾਜ ਨਾਲ ਟਕਰਾਉਣਾ ਨਹੀਂ ਛੱਡਦੀ। ਅੱਜ ਕਈ ਦਹਾਕਿਆਂ ਬਾਅਦ ਵੀ ਇਸ ਸਾਹਿਤਕ ਸੰਸਾਰ ਵਿਚ ਵਿਚਰਦੀਆਂ ਔਰਤਾਂ ਸਹਿਜ ਮਹਿਸੂਸ ਨਹੀਂ ਕਰਦੀਆਂ। ਉਨ੍ਹਾਂ ਦੇ ਘਰ, ਵਿਆਹ ਅਤੇ ਸਾਰੇ ਰਿਸ਼ਤੇ ਇਸ ਸੰਸਾਰ ਨਾਲ ਵਾਹ ਵਿਚੋਂ ਡੋਲਣ ਅਤੇ ਕੰਬਣ ਲੱਗਦੇ ਹਨ। ਇਸ ਲਈ ਉਹ ਜਿਉਂਦੀਆਂ ਕੁਝ ਹੋਰ ਹਨ, ਸੋਚਦੀਆਂ ਕੁਝ ਹੋਰ ਹਨ ਅਤੇ ਸਮਝੀਆਂ ਕੁਝ ਹੋਰ ਜਾਂਦੀਆਂ ਹਨ। ਕੁਝ ਲੋਕ ਅੰਮ੍ਰਿਤਾ ਨੂੰ ਵੀ ਇੰਜ ਹੀ ਸਮਝਦੇ ਹਨ। ਉਸਦੇ ਸੱਤਾ ਦੇ ਨੇੜੇ ਜਾਣ ਅਤੇ ਲੋਕਾਂ ਦੇ ਹੱਕ ਵਿਚ ਨਾ ਬੋਲਣ ਦਾ ਦੋਸ਼ ਲਗਾਉਂਦੇ ਹਨ, ਪਰ ਇਨ੍ਹਾਂ ਲੋਕਾਂ ਨੂੰ ਮੇਰਾ ਸੁਆਲ ਇਹ ਹੈ ਕਿ ਜਿਸ ਔਰਤ ਖਿਲਾਫ਼ ਪੰਜਾਬੀ ਦੇ ਰਸਾਲਿਆਂ ਵਿਚ ਲਿਖਿਆ ਜਾ ਰਿਹਾ ਹੋਵੇ, ਪੰਜਾਬੀ ਲੇਖਕਾਂ ਦੀਆਂ ਮਹਿਫ਼ਲਾਂ ਵਿਚ ਜਿਸਦਾ ਮਜ਼ਾਕ ਬਣਾਇਆ ਜਾ ਰਿਹਾ ਹੋਵੇ ਅਤੇ ਉਸ ਔਰਤ ਨੂੰ ਇਹ ਸਾਰਾ ਕੁਝ ਪਤਾ ਵੀ ਲੱਗਦਾ ਰਹਿੰਦਾ ਹੋਵੇ, ਉਹ ਕੀ ਕਰੇ? ਅਜਿਹੀ ਸਮਾਜਿਕ ਸੱਭਿਆਚਾਰਕ ਅਸਵੀਕਾਰਤਾ ਵਿਚੋਂ ਗੁਜ਼ਰਦੀ ਇਕ ਔਰਤ ਜੇਕਰ ਸੱਤਾ ਨੂੰ ਆਪਣੀ ਢਾਲ ਬਣਾ ਲੈਂਦੀ ਹੈ, ਖ਼ੁਦ ਬਰਾਬਰ ਦੀ ਸੱਤਾ ਬਣ ਜਾਂਦੀ ਹੈ ਜਾਂ ਫਿਰ ਨਜ਼ੂਮੀਆਂ ਦੇ ਲੜ ਲੱਗ ਜਾਂਦੀ ਹੈ ਤਾਂ ਇਸ ਮਸਲੇ ਨੂੰ ਇਕ ਵਰਤਾਰੇ ਦੇ ਰੂਪ ਵਜੋਂ ਉਸ ਔਰਤ ਦੀ ਜਿਉਂਦੇ ਰਹਿਣ ਦੀ ਲੜਾਈ ਜਾਂ ਸਮਾਜਿਕ-ਸੱਭਿਆਚਾਰਕ ਅਸਵੀਕਾਰਤਾ ਸਹਿੰਦਿਆਂ ਕਿਤੇ ਹੋਰ ਪਨਾਹ ਲੱਭਣ ਦੇ ਅਸਤਿਤਵੀ ਸੰਕਟ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਨਾ ਕਿ ਵਿਅਕਤੀਗਤ ਦੋਸ਼ ਲਗਾ ਕੇ ਉਸਦੇ ਸਾਰੇ ਕੀਤੇ ਕਰਾਏ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਸਦੀ ‘ਰਚਨਾਕਾਰੀ ਦਾ ਮਿਆਰ ਕਿੰਨਾ ਵੀ ਸਾਧਾਰਨ’ ਕਿਉਂ ਨਾ ਰਿਹਾ ਹੋਵੇ, ਪਰ ਉਸਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਇਕ ਸਾਹਿਤਕਾਰ ਔਰਤ ਜਦੋਂ ਜਗੀਰੂ ਜ਼ਿਹਨੀਅਤ ਵਾਲੇ ਮਰਦ ਸੰਸਾਰ ਵਿਚ ਵਿਚਰਦੀ ਹੈ ਤਾਂ ਉਸ ਬਾਰੇ ਸੱਚ ਅਤੇ ਕੂੜ ਵਿਚਲਾ ਫ਼ਰਕ ਕਰਨ ਵਿਚ ਵੱਡੇ ਵੱਡੇ ਵੀ ਟਪਲੇ ਖਾ ਜਾਂਦੇ ਹਨ। ਇਨ੍ਹਾਂ ਅਨੁਭਵਾਂ ਦਾ ਜਿੰਨਾ ਪ੍ਰਮਾਣਿਕ ਬਿਆਨ ਉਸ ਦੀਆਂ ਲਿਖਤਾਂ ਵਿਚ ਮਿਲਦਾ ਹੈ, ਹੋਰ ਕਿਤੇ ਨਹੀਂ ਮਿਲਦਾ। ਜਿਨ੍ਹਾਂ ਨੂੰ ਉਸ ਦੀਆਂ ਲਿਖਤਾਂ ਵਿਚ ਅੰਤਰ-ਚਿੱਤ ਦਾ ਖਾਤਾ ਖੁੱਲ੍ਹਦਾ ਨਹੀਂ ਥਿਆਉਂਦਾ, ਉਨ੍ਹਾਂ ਨੂੰ ਜ਼ਰੂਰ ਆਪਣੀ ਪੜ੍ਹਤ ਬਾਰੇ ਵੀ ਦੁਬਾਰਾ ਸੋਚਣਾ ਚਾਹੀਦਾ ਹੈ, ਕਿਤੇ ਸਾਡਾ ਆਪਣਾ ਚਿੱਤ ਆਪਣੀ ਪਰਿਭਾਸ਼ਤ ਚੇਤਨਾ ਨੂੰ ਹੀ ਤਾਂ ਅੰਤਿਮ ਸੱਚ ਨਹੀਂ ਸਮਝ ਰਿਹਾ। ਜਦੋਂ ਅਸੀਂ ਉਸ ਦੀਆਂ ਲਿਖਤਾਂ ’ਤੇ ਸਮਕਾਲੀ ਮਨੁੱਖ ਦੀਆਂ ਜੀਵਨ ਪੇਚੀਦਗੀਆਂ ਨੂੰ ਨਾ ਸਮਝਣ ਦਾ ਦੋਸ਼ ਲਾਉਂਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਵੀ ਇਹ ਸੁਆਲ ਕਰਨਾ ਚਾਹੀਦੈ ਕਿ ਕਿਧਰੇ ਅਸੀਂ ਆਪ ਅੰਮ੍ਰਿਤਾ ਅਤੇ ਉਸਦੇ ਜੀਵਨ ਪੰਧ ਨੂੰ ਸਮਝਣ ਲੱਗੇ ਬਹੁਤੇ ਸਰਲੀਕਰਨ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ।
ਅੱਜ ਲਗਪਗ ਅੱਧੀ ਸਦੀ ਬਾਅਦ ਵੀ ਅਸੀਂ ਔਰਤਾਂ ਨੂੰ ਕਠਪੁਤਲੀਆਂ ਵਾਂਗ ਹੀ ਸਮਝਣਾ ਅਤੇ ਚਿਤਰਨਾ ਚਾਹੁੰਦੇ ਹਾਂ। ਖ਼ੁਦ ਔਰਤ ਸਿਰਜਕਾਂ ਇਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਪਾਤਰ ਅਤੇ ਉਹ ਆਪ ਜਗੀਰੂ ਸਮਾਜ ਦੀ ਕਚਹਿਰੀ ਵਿਚੋਂ ਦੋਸ਼-ਮੁਕਤ ਹੋ ਕੇ ਨਿਕਲ ਜਾਣ, ਪਰ ਅੰਮ੍ਰਿਤਾ ਨੂੰ ਇਸ ਤਰ੍ਹਾਂ ਦੁਫਾੜ ਹੋਣਾ ਪਸੰਦ ਨਹੀਂ ਸੀ। ਉਹ ਕਿਤੇ ਸਮਝੌਤਾ ਨਹੀਂ ਕਰਦੀ, ਨਾ ਆਪਣੀਆਂ ਪਾਤਰ ਔਰਤਾਂ ਨੂੰ ਕਰਨ ਦਿੰਦੀ ਹੈ। ਉਸ ਦੀਆਂ ਨਾਇਕਾਵਾਂ ਉਸਦੇ ਸੁਪਨਿਆਂ ਵਰਗੀਆਂ ਹਨ, ਉਹ ਆਪ ਵੀ ਆਪਣੇ ਸੁਪਨੇ ਵਰਗੀ ਹੈ। ਉਸਦੀ ਵਿਲੱਖਣਤਾ ਇਹ ਹੈ ਕਿ ਉਹ ਆਪਣੇ ਸੁਪਨੇ ਨੂੰ ਇੰਨ ਬਿੰਨ੍ਹ ਜਿਉਣ ਲਈ ਕੋਈ ਕਸਰ ਨਹੀਂ ਛੱਡਦੀ। ਸੁਪਨੇ ਦੇ ਹਾਣ ਦਾ ਜੀਵਨ ਜਿਉਣ ਲਈ ਉਸਨੂੰ ਬੜਾ ਕੁਝ ਦਾਅ ’ਤੇ ਲਾਉਣਾ ਪੈਂਦਾ, ਉਹ ਆਪਣਾ ਵਿਆਹ ਤੋੜਦੀ ਹੈ, ਮਾੜੀ ਮਾਂ ਅਖਵਾਉਂਦੀ ਹੈ, ਧਰਮ ਤੋਂ ਕੁਰਾਹੇ ਪਈ ਅਖਵਾਉਂਦੀ ਹੈ, ਆਪਣੇ ਸਿਰ ਲਈ ਆਪਣੇ ਨਾਮ ਦੀ ਛੱਤ ਬਣਾਉਣ ਲਈ ਅਥਾਹ ਮਿਹਨਤ ਕਰਦੀ ਹੈ। ਉਹ ਅੰਦਰੋਂ ਡੋਲਦੀ, ਕੰਬਦੀ, ਪੀੜੋ-ਪੀੜ ਹੁੰਦੀ ਵੀ ਬੁਝਦੀ ਨਹੀਂ। ਉਸ ਦੀਆਂ ਲਿਖਤਾਂ ਵਿਚ ਉਸਦਾ ਜੀਵਨ ਕਲਪਿਆ, ਘੜਿਆ, ਦੁਹਰਾਇਆ ਅਤੇ ਸਮਝਿਆ ਜਾ ਰਿਹਾ ਹੈ। ਅੱਜ ਵੀ ਸਾਡੇ ਕੋਲ ਉਸ ਦੀਆਂ ਨਾਇਕਾਵਾਂ ਵਰਗੀਆਂ ਨਾ ਪਾਤਰ ਹਨ, ਨਾ ਔਰਤਾਂ।
ਅੰਮ੍ਰਿਤਾ ਦਾ ਜੀਵਨ ਅਤੇ ਸਿਰਜਣਾ ਦੱਸਦੀ ਹੈ ਕਿ ਸਾਡੇ ਸਭਨਾਂ ਦਾ ਜਿਸਮ ਅਤੇ ਮਨ ਸਾਡਾ ਆਪੋ ਆਪਣਾ ਕਸ਼ਮੀਰ ਟੋਟਾ ਹੈ। ਉਹ ਆਪਣੇ ਤਨ ਅਤੇ ਮਨ ਵਿਚਲੇ ਕਸ਼ਮੀਰ ਟੋਟੇ ਦੀ ਇਕ ਇੰਚ ਜ਼ਮੀਨ ’ਤੇ ਵੀ ਕਿਸੇ ਬਾਹਰੋਂ ਥੋਪੀ ਮਰਿਆਦਾ ਅਤੇ ਰੁਕਾਵਟਾਂ ਦੀ ਫ਼ੌਜ ਨਹੀਂ ਚੜ੍ਹਨ ਦਿੰਦੀ। ਇਸ ਤਰ੍ਹਾਂ ਉਹ ਆਪਣੇ ਨਿੱਜੀ ਜੀਵਨ ਅਤੇ ਲਿਖਤਾਂ ਰਾਹੀਂ ‘ਛਪੰਜਾ ਇੰਚ ਦੇ ਸੀਨੇ ਵਾਲੀ’ ਮਰਦਾਵੀਂ ਰਾਜਨੀਤੀ ਖਿਲਾਫ਼ ਖੜੋਤੀ ਪ੍ਰਤੀਤ ਹੁੰਦੀ ਹੈ। ਉਹ ਇਕ ਸਦੀ ਜਿਉਂ ਚੁੱਕੀ ਹੈ, ਜਿਉਂਦੀ ਰਹੇਗੀ। ਸੁਆਲ ਤਾਂ ਸਾਡੇ ਲਈ ਹੈ ‘ਕੀ ਅਸੀਂ ਸਾਹ ਲੈਂਦੇ ਹੋਏ ਵੀ ਜਿਉਂਦੇ ਹਾਂ?

ਸੰਪਰਕ: 78883-25800


Comments Off on ਵਾਇਆ ਅੰਮ੍ਰਿਤਾ ਔਰਤ ਦੀ ਪੀੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.