ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਰਤਮਾਨ ਦੀ ਸੁਚੱਜੀ ਵਰਤੋਂ

Posted On August - 10 - 2019

ਕੈਲਾਸ਼ ਚੰਦਰ ਸ਼ਰਮਾ

ਹਰ ਇਨਸਾਨ ਚਾਹੁੰਦਾ ਹੈ ਕਿ ਉਸਦਾ ਜੀਵਨ ਰਮਣੀਕ ਬਣਿਆ ਰਹੇ ਤੇ ਇਸ ਦੀ ਪ੍ਰਾਪਤੀ ਲਈ ਉਹ ਕੋਸ਼ਿਸ਼ ਵੀ ਕਰਦਾ ਹੈ। ਜ਼ਿੰਦਗੀ ਸਮੁੰਦਰ ਦੀ ਤਰ੍ਹਾਂ ਹੈ। ਅਸੀਂ ਇਸ ਵਿਚੋਂ ਕੀ ਲੱਭਣਾ ਚਾਹੁੰਦੇ ਹਾਂ, ਇਹ ਕੇਵਲ ਸਾਡੀ ਸੋਚ ’ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਦਾ ਹਰ ਪਲ ਸਿਖਾਉਂਦਾ ਹੈ, ਬਸ਼ਰਤੇ ਅਸੀਂ ਸਿੱਖਣਾ ਚਾਹੀਏ। ਅੱਜ ਮਨੁੱਖ ਦਾ ਮਨ ਚਿੰਤਾਵਾਂ ਨਾਲ ਭਰਿਆ ਹੋਇਆ ਹੈ, ਪਰ ਇਹ ਚਿੰਤਾਵਾਂ ਵਰਤਮਾਨ ਦੀਆਂ ਨਹੀਂ ਬਲਕਿ ਬੀਤੇ ਹੋਏ ਸਮੇਂ ਤੇ ਭਵਿੱਖ ਦੀਆਂ ਹਨ ਜਿਨ੍ਹਾਂ ਬਾਰੇ ਸੋਚ-ਸੋਚ ਕੇ ਮਨੁੱਖ ਆਪਣੀ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਗੁਆ ਰਿਹਾ ਹੈ। ਇਨ੍ਹਾਂ ਚਿੰਤਾਵਾਂ ਦਾ ਪ੍ਰਭਾਵ ਇਸ ਕਦਰ ਮਨੁੱਖ ’ਤੇ ਪੈ ਰਿਹਾ ਹੈ ਕਿ ਇਨ੍ਹਾਂ ਦੇ ਬੋਝ ਹੇਠ ਵਿਅਕਤੀ ਆਪਣੇ ਵਰਤਮਾਨ ਨੂੰ ਵੀ ਨਸ਼ਟ ਕਰ ਰਿਹਾ ਹੈ। ਇਸ ਵਿਨਾਸ਼ ਤੋਂ ਮੁਕਤੀ ਜ਼ਰੂਰੀ ਹੈ। ਜੇਕਰ ਵਰਤਮਾਨ ਨੂੰ ਬੀਤੇ ਅਤੇ ਆਉਣ ਵਾਲੇ ਕੱਲ੍ਹ ’ਤੇ ਖ਼ਰਚ ਕਰ ਦੇਵਾਂਗੇ ਤਾਂ ਅਸੀਂ ਵਰਤਮਾਨ ਦੀ ਉਪਲੱਬਧੀ ਤੋਂ ਵੀ ਖ਼ੁਦ ਨੂੰ ਦੂਰ ਕਰ ਲਵਾਂਗੇ।
ਬੀਤ ਗਿਆ ਸਮਾਂ ਉਹ ਅਤੀਤ ਹੈ ਜਿਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ। ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ, ਉਸ ਨੂੰ ਬਦਲਣਾ ਕਿਸੇ ਦੇ ਵੀ ਵੱਸ ’ਚ ਨਹੀਂ ਹੈ। ਜੋ ਲੰਘ ਗਿਆ ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ। ਸਿਆਣੇ ਕਹਿੰਦੇ ਹਨ ਕਿ ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ, ਸਗੋਂ ਉਸ ਦਾ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਭੂਤਕਾਲ ’ਚ ਅਸੀਂ ਜੋ ਵੀ ਚੰਗੇ-ਮਾੜੇ ਕਰਮ ਕੀਤੇ ਹਨ ਜਾਂ ਦੂਜਿਆਂ ਵੱਲੋਂ ਸਾਡੇ ਨਾਲ ਕੀਤੇ ਗਏ ਹਨ, ਉਨ੍ਹਾਂ ਤੋਂ ਸਿੱਖਿਆ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤਾਂ ਹੀ ਸਾਡਾ ਵਰਤਮਾਨ ਰਜਨੀਗੰਧਾ ਦੇ ਫੁੱਲਾਂ ਵਾਂਗ ਬਣ ਸਕਦਾ ਹੈ। ਅਤੀਤ ਨੂੰ ਲੈ ਕੇ ਚਿੰਤਾ ਵਿਚ ਡੁੱਬੇ ਰਹਿਣ ਵਾਲੇ ਲੋਕਾਂ ਦੀ ਸ਼ਕਤੀ ਹੌਲੀ-ਹੌਲੀ ਘਟਦੀ ਜਾਂਦੀ ਹੈ ਜਿਸ ਕਾਰਨ ਉਹ ਆਪਣੀ ਸਮਰੱਥਾ ਤੋਂ ਘੱਟ ਕੰਮ ਕਰਦੇ ਹਨ। ਉਨ੍ਹਾਂ ਵਿਚ ਦਲਿਦਰਤਾ ਜਲਦੀ ਆ ਜਾਂਦੀ ਹੈ ਤੇ ਉਤਸ਼ਾਹੀ ਨਾ ਹੋਣ ਕਾਰਨ ਉਹ ਜੀਵਨ ਵਿਚ ਅਕਸਰ ਅਸਫਲਤਾ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਦਾ ਆਤਮ-ਵਿਸ਼ਵਾਸ ਡਗਮਗਾ ਜਾਂਦਾ ਹੈ, ਸਿੱਟੇ ਵਜੋਂ ਉਹ ਆਤਮ-ਚਿੰਤਨ ਵੀ ਨਹੀਂ ਕਰਦੇ। ਯਕੀਨਨ ਅਜਿਹੇ ਲੋਕ ਬਦਕਿਸਮਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਖ਼ੁਸ਼ੀ ਅਤੇ ਜੀਵਨ ਦਾ ਸਵਾਦ ਚਲਾ ਜਾਂਦਾ ਹੈ। ਭੂਤਕਾਲ ਵੱਲ ਨਜ਼ਰ ਮਾਰੋ, ਪਰ ਸਿਰਫ਼ ਆਪਣੀ ਔਕਾਤ ਜਾਣਨ ਲਈ ਕਿ ਅਸੀਂ ਕਿੱਥੋਂ ਚੱਲੇ ਸੀ ਅਤੇ ਕਿੱਥੇ ਪਹੁੰਚੇ ਹਾਂ। ਜੇਕਰ ਕੁਝ ਤਰੁਟੀਆਂ ਲੱਭਣ ਤਾਂ ਬੀਤੇ ਤਜਰਬੇ ਤੋਂ ਸੇਧ ਲੈ ਕੇ ਵਰਤਮਾਨ ਅਤੇ ਭਵਿੱਖ ਨੂੰ ਸੋਨ-ਸੁਨਹਿਰੀ ਬਣਾਉਣ ਲਈ ਯਤਨ ਕਰੀਏ।

ਕੈਲਾਸ਼ ਚੰਦਰ ਸ਼ਰਮਾ

ਦੁਨੀਆਂ ਦੀ ਭੀੜ ਵਿਚੋਂ ਸਿਰਫ਼ ਉਹ ਇਨਸਾਨ ਅੱਗੇ ਨਿਕਲਦੇ ਹਨ ਜਿਨ੍ਹਾਂ ਨੇ ਵਰਤਮਾਨ ਨੂੰ ਯਾਰ ਬਣਾਇਆ ਹੈ ਅਤੇ ਇਸ ਨੂੰ ਚਮਕਦਾਰ ਅਤੇ ਦਮਦਾਰ ਬਣਾਉਣ ਲਈ ਸੱਚੇ ਦਿਲੋਂ ਯਤਨ ਕੀਤੇ ਹਨ। ਯਾਦ ਰੱਖੋ, ਵਰਤਮਾਨ ਦੀ ਸਦਵਰਤੋਂ ਕਰਨ ਨਾਲ ਸਵਰਗ ਵੀ ਧਰਤੀ ’ਤੇ ਉੱਤਰ ਸਕਦਾ ਹੈ ਅਤੇ ਦੁਰਵਰਤੋਂ ਨਾਲ ਸਵਰਗ ਵੀ ਨਰਕ ਵਿਚ ਬਦਲ ਸਕਦਾ ਹੈ। ਜੀਵਨ ਦੀ ਸਭ ਤੋਂ ਮਹਿੰਗੀ ਚੀਜ਼ ਹੈ ਤੁਹਾਡਾ ਵਰਤਮਾਨ। ਜੇ ਇਕ ਵਾਰ ਚਲਾ ਜਾਵੇ ਤਾਂ ਫਿਰ ਉਸ ਨੂੰ ਦੁਨੀਆਂ ਦੀ ਪੂਰੀ ਸੰਪਤੀ ਨਾਲ ਵੀ ਨਹੀਂ ਖ਼ਰੀਦ ਸਕਦੇ। ਜੇਕਰ ਅੰਦਰੋਂ ਬਾਹਰ ਵੱਲ ਵਿਕਸਤ ਹੋਣਾ ਹੈ ਤਾਂ ਵਰਤਮਾਨ ਦੀ ਸੁਚੱਜੀ ਵਰਤੋਂ ਲਾਜ਼ਮੀ ਹੈ। ਸੁਨਹਿਰੀ ਕੱਲ੍ਹ ਅੱਜ ਦੇ ਪਲਾਂ ਵਿਚ ਹੀ ਹੈ। ਸਦਵਰਤੋਂ ਕਰਨ ਲਈ ਅਸੀਂ ਜੋ ਪੁਰਸ਼ਾਰਥ ਕਰਦੇ ਹਾਂ, ਉਹੋ ਜੀਵਨ ਨੂੰ ਸਾਰਥਿਕ ਬਣਾਉਂਦਾ ਹੈ।
ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਭਵਿੱਖ ਸੁੰਦਰ ਅਤੇ ਸੁਰੱਖਿਅਤ ਹੋਵੇ। ਵਰਤਮਾਨ ਦੇ ਸੁਚੱਜੇ ਇਸਤੇਮਾਲ ’ਤੇ ਵੀ ਭਵਿੱਖ ਦੀ ਸੁੰਦਰਤਾ ਨਿਰਭਰ ਕਰਦੀ ਹੈ। ਜੋ ਲੋਕ ਭਵਿੱਖ ਦੀ ਤਸਵੀਰ ਨੂੰ ਸਾਕਾਰ ਕਰਨ ਲਈ ਵਰਤਮਾਨ ਵਿਚ ਧਮਾਕੇਧਾਰ ਯਤਨ ਨਹੀਂ ਕਰਦੇ ਉਹ ਭਵਿੱਖ ਵਿਚ ਵੀ ਪਛਤਾਉਂਦੇ ਰਹਿੰਦੇ ਹਨ। ਜੋ ਵਰਤਮਾਨ ਵਿਚ ਉਪਲੱਬਧ ਹੈ, ਉਹ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਭਵਿੱਖ ਦੀ ਇਮਾਰਤ ਇਸੇ ਅੱਜ ਦੀ ਨੀਂਹ ’ਤੇ ਹੀ ਖੜ੍ਹੀ ਹੈ। ਜੇਕਰ ਅਸੀਂ ਬੀਤੇ ਸਮੇਂ ਤੇ ਭਵਿੱਖ ਦਰਮਿਆਨ ਹੀ ਭਟਕਦੇ ਰਹਾਂਗੇ ਤਾਂ ਅੱਜ ਵਿਚ ਨਹੀਂ ਜੀ ਸਕਾਂਗੇ।
ਇਸ ਲਈ ਭਵਿੱਖ ਦੀ ਕਲਪਨਾ ਅਤੇ ਅਤੀਤ ਦੀ ਚਿੰਤਾ ਵਿਚ ਉਲਝ ਕੇ ਅੱਜ ਰੂਪੀ ਫਲ਼ ਨੂੰ ਠੋਕਰ ਨਾ ਮਾਰੋ। ਅੱਜ ਨੂੰ ਕਿਸੇ ਵੀ ਤਰ੍ਹਾਂ ਬੇਫਜ਼ੂਲ ਚਿੰਤਾਵਾਂ ਵਿਚ ਨਸ਼ਟ ਨਾ ਕਰੋ। ਵਰਤਮਾਨ ਦੀ ਅਣਦੇਖੀ ਅਗਿਆਨ ਦੀ ਹਾਲਤ ਹੁੰਦੀ ਹੈ। ਵਰਤਮਾਨ ’ਚ ਚੌਕੰਨੇ ਨਾ ਰਹਿਣ ਨੂੰ ਸੌਣਾ ਕਹਿੰਦੇ ਹਨ। ਅਗਿਆਨੀ ਸਦਾ ਸੌਂਦੇ ਰਹਿੰਦੇ ਹਨ ਅਤੇ ਗਿਆਨੀ ਜਾਗਦੇ ਹਨ। ਅਤੀਤਕਾਲ ਤਜਰਬੇ ਦਾ ਕਾਲ ਹੈ। ਦੋਸ਼ ਹੋਣਾ ਮਨੁੱਖੀ ਜੀਵਨ ਵਿਚ ਸੁਭਾਵਿਕ ਹੈ, ਪਰ ਇਨ੍ਹਾਂ ਦੋਸ਼ਾਂ ਦੇ ਪ੍ਰਭਾਵਾਂ ਤੋਂ ਸਿੱਖ ਕੇ ਵਰਤਮਾਨ ਨੂੰ ਨਾ ਸੁਧਾਰਨਾ ਮੂਰਖਤਾ ਹੈ। ਜੀਵਨ ਦਾ ਹਰ ਇਕ ਪਲ ਅਨਮੋਲ ਹੈ। ਜੀਵਨ ਕਦੋਂ ਸਮਾਪਤ ਹੋ ਜਾਵੇ ਇਸ ਦਾ ਗਿਆਨ ਕਿਸੇ ਨੂੰ ਵੀ ਨਹੀਂ।
ਇਸ ਲਈ ਆਪਣੇ ਵਰਤਮਾਨ ਨੂੰ ਜ਼ਾਇਕੇਦਾਰ ਬਣਾਓ, ਸਭ ਸੁਧਰ ਜਾਵੇਗਾ। ਇਸ ਵਾਸਤੇ ਜ਼ਰੂਰੀ ਹੈ ਸਰੀਰ ਦੀ ਕਿਰਿਆ ਤੇ ਗਿਆਨ-ਤੰਤਰ ਦਰਮਿਆਨ ਤਾਲਮੇਲ। ਮਨ ਤੇ ਸਰੀਰ ਜਦੋਂ ਇਕ ਹੀ ਕੰਮ ਵਿਚ ਲੱਗੇ ਹੁੰਦੇ ਹਨ ਤਾਂ ਤਣਾਅ ਦੀ ਸਥਿਤੀ ਪੈਦਾ ਨਹੀਂ ਹੁੰਦੀ। ਜੇਕਰ ਕੰਮ ਕਰਦੇ-ਕਰਦੇ ਅਸੀਂ ਭਵਿੱਖ ਦੀ ਕਲਪਨਾ ਜਾਂ ਬੀਤੇ ਸਮੇਂ ਵਿਚ ਪਹੁੰਚ ਜਾਵਾਂਗੇ ਤਾਂ ਅੱਜ ਵਿਅਰਥ ਹੋ ਜਾਵੇਗਾ।
ਵਰਤਮਾਨ ਵਿਚ ਪ੍ਰਾਪਤੀਆਂ ਦਾ ਢੇਰ ਲੱਗਾ ਹੋਇਆ ਹੈ। ਇਸ ਵਿਚ ਝਾਕੇ ’ਤੇ ਜੋ ਵੀ ਚੰਗਾ ਲੱਗਦਾ ਹੈ, ਉਸ ਨੂੰ ਲੈ ਲਾਓ। ਜੋ ਵਿਅਕਤੀ ਆਪਣਾ ਵਰਤਮਾਨ ਸੁਧਾਰ ਲੈਂਦੇ ਹਨ, ਉਨ੍ਹਾਂ ਦਾ ਅਗਲਾ-ਪਿਛਲਾ ਸਭ ਮਨਮੋਹਕ ਬਣ ਜਾਂਦਾ ਹੈ। ਅਤੀਤ ਅਤੇ ਭਵਿੱਖ ਦੀ ਚਿੰਤਾ ਵਿਚ ਰਹਿਣ ਵਾਲੇ ਵਿਅਕਤੀਆਂ ਦੇ ਸੁਪਨੇ ਤਰੇਲ ਦੀਆਂ ਬੂੰਦਾਂ ਵਰਗੇ ਹੁੰਦੇ ਹਨ। ਜ਼ਰਾ ਜਿੰਨੀ ਵਾਤਾਵਰਨ ਵਿਚ ਗਰਮਾਈ ਆਈ ਨਹੀਂ ਕਿ ਸਭ ਗਾਇਬ ਹੋ ਜਾਂਦੇ ਹਨ। ਵਰਤਮਾਨ ਦੀ ਸੁਚੱਜੀ ਵਰਤੋਂ ਬਿਹਤਰ ਕੰਮ ਕਰਨ ਵਿਚ ਹੈ ਤਾਂ ਹੀ ਊਰਜਾ ਇਕੱਠੀ ਹੋ ਸਕੇਗੀ। ਸਾਡੇ ਹੱਥ ਵਿਚ ਨਾ ਤਾਂ ਬੀਤਿਆ ਸਮਾਂ ਹੈ ਅਤੇ ਨਾ ਹੀ ਭਵਿੱਖ। ਦੋਵੇਂ ਹੀ ਸਾਡੇ ਤੋਂ ਦੂਰ ਹਨ। ਸਾਡੇ ਨਜ਼ਦੀਕ ਹੈ ਤਾਂ ਸਿਰਫ਼ ਅੱਜ ਦਾ ਸਮਾਂ ਅਤੇ ਇਹੋ ਹੀ ਸੱਚ ਹੈ। ਇਸ ਲਈ ਇਸਦੀ ਸਦਵਰਤੋਂ ਕਰਦੇ ਹੋਏ ਜਿਊਣ ਦਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਹੀ ਤੁਹਾਡੇ ਸੁਪਨਿਆਂ ਨੂੰ ਬੂਰ ਪਵੇਗਾ।

ਸੰਪਰਕ: 80540-16816


Comments Off on ਵਰਤਮਾਨ ਦੀ ਸੁਚੱਜੀ ਵਰਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.