ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਵਕਤ ਖੁੰਝਿਆ; ਨਸ਼ਿਆਂ ਨੇ ਸਮੱਸਿਆਵਾਂ ਵਧਾਈਆਂ

Posted On August - 12 - 2019

ਗੁਰਚਰਨ ਸਿੰਘ ਨੂਰਪੁਰ

ਜਦੋਂ ਕਿਸੇ ਸਮੱਸਿਆ ਦਾ ਹੱਲ ਵਕਤ ਸਿਰ ਨਹੀਂ ਹੁੰਦਾ ਤਾਂ ਉਹ ਸਮੱਸਿਆ ਅਗਾਂਹ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਅੱਗ ਨਾਲ ਬਲ ਰਿਹਾ ਹੈ। ਘਰ ਟੁੱਟ ਰਹੇ ਹਨ। ਚੂੜਿਆਂ ਵਾਲੀਆਂ ਦੇ ਸੁਹਾਗ ਅਤੇ ਭੈਣਾਂ ਦੇ ਵੀਰ ਆਤਮਘਾਤ ਦੇ ਰਾਹ ਪੈ ਗਏ ਹਨ। ਹਰ ਪਿੰਡ ਸ਼ਹਿਰ ਵਿਚ ਮਾਵਾਂ ਦੇ ਵਿਰਲਾਪ ਹਨ। ਅਸੀਂ ਸੋਚਦੇ ਹਾਂ ਕਿ ਸਰਕਾਰਾਂ ਦੇ ਕੰਨ ਬੋਲੇ ਹੋ ਗਏ ਹਨ, ਉਨ੍ਹਾਂ ਨੂੰ ਇਹ ਵਿਰਲਾਪ ਸੁਣਦਾ ਨਹੀਂ ਪਰ ਹਕੀਕਤ ਇਹ ਨਹੀਂ। ਹਕੀਕਤ ਇਹ ਹੈ ਕਿ ਹੁਣ ਅਸੀਂ ਉਸ ਦੌਰ ਵਿਚ ਦਾਖ਼ਲ ਹੋ ਗਏ ਹਾਂ ਜਿੱਥੇ ਲੋਕਾਂ ਦੇ ਹਉਕਿਆਂ ਹੰਝੂਆਂ ਦੁੱਖਾਂ ਦਰਦਾਂ ਵਿਚੋਂ ਵੀ ਕਾਰੋਬਾਰ ਦੇਖਿਆ ਜਾਣ ਲੱਗ ਪਿਆ ਹੈ।
ਸੰਸਾਰ ਪ੍ਰਸਿੱਧ ਅਮਰੀਕੀ ਲੇਖਕ ਨਿਊਮੀ ਕਲੇਨ ਆਪਣੀ ਕਿਤਾਬ ‘ਸਦਮਾ ਸਿਧਾਂਤ’ (Shock 4octrine) ਵਿਚ ਲਿਖਦੀ ਹੈ ਕਿ ਅਵਾਮ ਨੂੰ ਨਿੱਸਲ ਕਰਕੇ ਰੱਖਣ ਲਈ ਸਮੇਂ ਸਮੇਂ ਅਨੁਸਾਰ ਸੋਚੀ ਸਮਝੀ ਰਣਨੀਤੀ ਤਹਿਤ ਅਜਿਹੇ ਸਦਮੇ ਦਿੱਤੇ ਜਾਂਦੇ ਹਨ ਕਿ ਲੋਕ ਸਾਹ-ਸਤਹੀਣ ਹੋ ਜਾਣ। ਲੋਕਾਂ ਦੀ ਅਣਖ, ਗੈਰਤ ਅਤੇ ਹੌਸਲਾ ਪਸਤ ਕਰਨ ਲਈ ਵੱਡੇ ਸਦਮੇ ਦਿੱਤੇ ਜਾਂਦੇ ਹਨ ਤਾਂ ਕਿ ਲੋਕ ਸਥਾਪਤੀ ਖ਼ਿਲਾਫ਼ ਆਵਾਜ ਨਾ ਉਠਾ ਸਕਣ। ਨਸ਼ਾ ਅਜਿਹਾ ਵੱਡਾ ਸਦਮਾ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਦਾ ਖਾਤਮਾ ਹੋ ਰਿਹਾ ਹੈ। ਹਰ ਰੋਜ਼ ਦੋ ਤਿੰਨ ਨੌਜੁਆਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਉਂਜ, ਇਹ ਅਖਬਾਰੀ ਅੰਕੜੇ ਹਨ, ਹਕੀਕਤ ਇਸ ਤੋਂ ਕਿਤੇ ਭਿਆਨਕ ਹੈ। ਸਰਕਾਰ ਵੱਲੋਂ ਹੁਣ ਤੱਕ ਕੋਈ ਅਜਿਹੀ ਪਹਿਲ ਕਦਮੀ ਅਜੇ ਤੱਕ ਨਜ਼ਰ ਨਹੀਂ ਆਈ ਜਿਸ ਤੋਂ ਇਹ ਆਸ ਬੱਝਦੀ ਹੋਵੇ ਕਿ ਇਹ ਇਸ ਸਮੱਸਿਆ ਬਾਰੇ ਸੁਹਿਰਦ ਹੈ। ਲੋਕ ਹੁਣ ਨਸ਼ਿਆਂ ਦੇ ਛੋਟੇ ਮੋਟੇ ਸੌਦਾਗਰਾਂ ਨੂੰ ਆਪ ਫੜ ਕੇ ਪੁਲੀਸ ਹਵਾਲੇ ਕਰਨ ਲੱਗ ਪਏ ਹਨ।
ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਬੰਦਾ ਸੋਚਦਾ ਹੈ ਕਿ ਸਰਕਾਰ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਫੜਨਾ ਚਾਹੀਦਾ ਹੈ, ਇਹੀ ਸ਼ਾਇਦ ਸਾਡਾ ਸਭ ਤੋਂ ਵੱਡਾ ਭੁਲੇਖਾ ਹੈ। ਇੱਥੇ ਵਿਚਾਰ ਕਰਨ ਵਾਲੇ ਦੋ ਸਵਾਲ ਹਨ: ਪਹਿਲਾ, ਜੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਨਸ਼ੇ ਬੰਦ ਨਹੀਂ ਹੋ ਰਹੇ ਤਾਂ ਪਿੰਡਾਂ ਸ਼ਹਿਰਾਂ ਵਿਚ ਕਿਵੇਂ ਹੋਣਗੇ? ਦੂਜਾ, ਕਿਹੜੇ ਲੋਕਾਂ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਸਜ਼ਾ ਕੀ ਮਿਲ ਹੈ? ਮੋਗਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਦੌਲੇਵਾਲਾ ਵਿਚ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਤੇ ਨਸ਼ਿਆਂ ਦੇ ਦਰਜਨਾਂ ਕੇਸ ਦਰਜ ਹੋਏ ਅਤੇ ਇਹ ਲੋਕ ਜਦੋਂ ਬਾਹਰ ਆਉਂਦੇ ਹਨ, ਦੁਬਾਰਾ ਇਹੀ ਕੰਮ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਖ਼ਿਲਾਫ਼ ਹੁਣ ਸਿਰਫ ਪਰਚੇ/ਜੇਲ੍ਹਾਂ ਇਸ ਸਮੱਸਿਆ ਦਾ ਹੱਲ ਨਹੀਂ ਹੈ। ਨਾਲੇ ਵਿਵਸਥਾ ਇੰਨੀ ਨਿੱਘਰ ਗਈ ਹੈ ਕਿ ਅਸਲ ਦੋਸ਼ੀ ਨੂੰ ਤਾਂ ਸਜ਼ਾ ਨਹੀਂ ਦਿੱਤੀ ਜਾ ਰਹੀ।

ਗੁਰਚਰਨ ਸਿੰਘ ਨੂਰਪੁਰ

ਪਿੰਡਾਂ ਵਿਚ ਹੁਣ ਦੇਖਾ-ਦੇਖੀ ਨਸ਼ਾ ਵਿਕਣ ਲੱਗ ਪਿਆ ਹੈ। ਉਹ ਲੋਕ ਜਿਨ੍ਹਾਂ ਕੋਲ ਚੰਗੀ ਜਾਇਦਾਦ ਹੈ, ਉਹ ਵੀ ਹੱਥ ਰੰਗਣ ਲਈ ਬੇਤਾਬ ਹਨ। ਹਰ ਦਿਨ ਨਸ਼ੇ ਦੇ ਵਿਕਰੇਤਾ ਵਧ ਰਹੇ ਹਨ। ਮੋਗਾ ਅਤੇ ਫਿਰੋਜ਼ਪੁਰ ਦੇ ਇਲਾਕੇ ਵਿਚ ਪਹਿਲਾਂ ਪਿੰਡ ਦੌਲੇਵਾਲਾ ਨੂੰ ਨਸ਼ਿਆਂ ਦੀ ਰਾਜਧਾਨੀ ਕਿਹਾ ਜਾਂਦਾ ਸੀ ਪਰ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡ ਦੌਲੇਵਾਲਾ ਬਣ ਰਹੇ ਹਨ। ਇਸ ਸੂਰਤ ਵਿਚ ਹਾਲਾਤ ਬੜੀ ਭਿਆਨਕ ਹੋਵੇਗੀ, ਜਿਸ ਦਾ ਅਜੇ ਸਾਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਹੈ।
ਜਿਨ੍ਹਾਂ ਘਰਾਂ ਨੂੰ ਨਸ਼ੇ ਨੇ ਬਰਬਾਦ ਕੀਤਾ ਹੈ, ਉਨ੍ਹਾਂ ਦੀਆਂ ਕਹਾਣੀਆਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਹਨ। ਬਹੁਤ ਸਾਰੇ ਅੱਲੜ ਉਮਰ ਦੇ ਮੁੰਡੇ ਇਕ ਦੋ ਵਾਰੀ ਸੁਆਦ ਦੇਖਣ ਕਾਰਨ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਹੋ ਗਏ। ਬਾਅਦ ਵਿਚ ਇਹਦੀ ਘਾਟ ਪੂਰੀ ਕਰਨ ਲਈ ਸਮੈਕ ਦੇ ਘੋਲ ਦੇ ਟੀਕੇ ਲਗਾ ਰਹੇ ਹਨ। ਟੀਕਾ ਲਾਉਣ ਵਾਲਾ ਨਸ਼ਈ ਬੜੀ ਜਲਦੀ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਟੀਕੇ ਲਾਉਣ ਵਾਲੇ ਵੱਡੀ ਗਿਣਤੀ ਵਿਚ ਨੌਜੁਆਨ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਐੱਚਆਈਵੀ ਦੇ ਸ਼ਿਕਾਰ ਬਣ ਰਹੇ ਹਨ। ਬਹੁਤ ਸਾਰੇ ਅਜਿਹੇ ਨੌਜੁਆਨ ਹਨ ਜਿਨ੍ਹਾਂ ਦਾ ਨਸ਼ੇ ਕਰਨ ਤੇ ਵੱਖਰਾ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਭਿਆਨਕ ਬਿਮਾਰੀਆਂ ਦੇ ਇਲਾਜ ਤੇ ਵੱਖਰਾ ਖਰਚ ਹੁੰਦਾ ਹੈ। ਭਿਆਨਕ ਰੋਗਾਂ ਤੋਂ ਪੀੜਤ ਇਹ ਨੌਜੁਆਨ ਇਨ੍ਹਾਂ ਬਿਮਾਰੀਆਂ ਨੂੰ ਅਗਾਂਹ ਹੋਰ ਲੋਕਾਂ ਤੱਕ ਫੈਲਾਉਣ ਦਾ ਕਾਰਨ ਵੀ ਬਣ ਰਹੇ ਹਨ।
ਗੋਲੀਆਂ-ਕੈਪਸੂਲ ਅਤੇ ਸਮੈਕ ਦੀ ਡੋਜ਼ ਲੈਣ ਵਾਲੇ ਨਸ਼ਈ ਜੋ ਖਾਸ ਤਰ੍ਹਾਂ ਦੇ ਮਨੋਵਿਕਾਰ ਦੇ ਸ਼ਿਕਾਰ ਹੋ ਜਾਂਦੇ ਹਨ, ਰੋਜ਼ਾਨਾ ਘਰਾਂ ਵਿਚ ਲੜਾਈਆਂ ਕਲੇਸ਼ ਕਰਦੇ ਹਨ, ਮਾਂ ਬਾਪ ਦੀ ਮਾਰ ਕੁੱਟ ਕਰਦੇ ਹਨ, ਅਜਿਹੇ ਜ਼ੁਲਮਾਂ ਦੇ ਸਤਾਏ ਮਾਂ ਬਾਪ ਪੱਲਿਓਂ ਪੈਸੇ ਖਰਚ ਕੇ ਇਨ੍ਹਾਂ ਨੂੰ ਨੌਜੁਆਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖਣ ਵਿਚ ਆਪਣੀ ਭਲਾਈ ਸਮਝ ਰਹੇ ਹਨ। ਬਹੁਤ ਸਾਰੇ ਮਾਂ ਪਿਓ ਅਜਿਹੇ ਵੀ ਹਨ ਜੋ ਆਪਣੇ ਢਿੱਡੋਂ ਜਾਇਆਂ ਦੀ ਮੌਤ ਮੰਗਦੇ ਹਨ। ਪੰਜਾਬ ਵਿਚ ਕਦੇ ਅਜਿਹਾ ਸਮਾਂ ਨਹੀਂ ਆਇਆ, ਜਦੋਂ ਮਾਂ ਬਾਪ ਆਪਣੀ ਔਲਾਦ ਨੂੰ ਕੋਈ ਨਸ਼ਾ ਖਾਣ ਲਈ ਆਪ ਕਹਿਣ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕ ਆਪਣੀ ਔਲਾਦ ਨੂੰ ਚਿੱਟੇ ਦੇ ਕਹਿਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਹੋਰ ਹਲਕੇ ਨਸ਼ੇ ਖਾਣ ਲਈ ਆਪ ਕਹਿ ਰਹੇ ਹਨ।
ਨਸ਼ਿਆਂ ਦਾ ਇਕ ਵੱਡਾ ਕਾਰਨ ਬੇਰੁਜਗਾਰੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਆਏ ਵੱਡੇ ਬਦਲਾਓ, ਵੋਟਾਂ ਦੌਰਾਨ ਵਰਤਾਏ ਜਾਂਦੇ ਨਸ਼ਿਆਂ ਦੇ ਖੁੱਲ੍ਹੇ ਗੱਫੇ, ਗੈਰ ਮਿਆਰੀ ਤੇ ਬੋਝਲ ਸਿੱਖਿਆ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਨੌਜੁਆਨ ਪੀੜ੍ਹੀ ਲਈ ਰੋਲ ਮਾਡਲ ਦਾ ਸੰਕਟ, ਕਿਰਤ ਸਭਿਆਚਾਰ ਦਾ ਮਨਫੀ ਹੋ ਜਾਣਾ, ਦਿਖਾਵੇ ਦਾ ਰੁਝਾਨ, ਲੱਚਰ ਤੇ ਮਾੜੀਆਂ ਫਿਲਮਾਂ, ਅਸੱਭਿਅਕ ਗੀਤਾਂ ਦੀ ਅਸ਼ਲੀਲ ਸ਼ਬਦਾਵਲੀ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਫਿਲਮਾਂਕਣ, ਅਮੀਰੀ ਗਰੀਬੀ ਦਾ ਵਧਿਆ ਪਾੜਾ ਆਦਿ। ਇਹ ਕਾਰਨ ਰਲ ਕੇ ਨਸ਼ਿਆਂ ਨੂੰ ਮਹਾਂਮਾਰੀ ਬਣਾਉਂਦੇ ਹਨ।
ਉਧਰ, ਸਰਕਾਰਾਂ ਕੋਲ ਨੌਜੁਆਨਾਂ ਲਈ ਰੁਜ਼ਗਾਰ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਇਸ ਵੇਲੇ ਉਨ੍ਹਾਂ ਸਾਹਮਣੇ ਇਲੈਕਟ੍ਰੌਨਿਕ ਮੀਡੀਆ ਵੱਲੋਂ ਚੈਨੇਲਾਈਜ਼ ਕੀਤਾ ਜਾ ਰਿਹਾ ਤਲਿਸਮੀ ਸੰਸਾਰ ਹੈ ਤੇ ਦੂਜੇ ਪਾਸੇ ਅਨਿਸ਼ਚਤਾ ਵਾਲਾ ਭਵਿੱਖ ਹੈ। ਜਵਾਨੀ ਨਿਰਾਸ਼ਾ ਦੇ ਆਲਮ ਵਿਚ ਹੈ। ਸਾਡੇ ਸੰਵਿਧਾਨ ਦੀ ਧਾਰਾ 47 ਵਿਚ ਇਹ ਗੱਲ ਸਾਫ ਕੀਤੀ ਗਈ ਹੈ ਕਿ ‘ਸਰਕਾਰ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਮਨੁੱਖਤਾ ਖ਼ਿਲਾਫ਼ ਸੰਗੀਨ ਜੁਰਮ ਮੰਨਦੇ ਹੋਏ ਇਸ ਉੱਤੇ ਪਾਬੰਦੀ ਲਗਾਏਗੀ।’
ਨਸ਼ਿਆਂ ਦੀ ਰੋਕਥਾਮ ਲਈ ਫੌਰੀ ਕਦਮ ਉਠਾਏ ਜਾਣੇ ਚਾਹੀਦੇ ਹਨ। ਨਸ਼ਈ ਲੋਕਾਂ ਦੇ ਇਲਾਜ ਦਾ ਪ੍ਰਬੰਧ ਹੋਵੇ ਅਤੇ ਨਸ਼ੇ ਦੀ ਵਿਕਰੀ ਤੇ ਇੱਕਸਾਰ ਰੋਕ ਲਾਈ ਜਾਣੀ ਚਾਹੀਦੀ ਹੈ। ਮਨੋਵਿਗਿਆਨ ਅਨੁਸਾਰ, ਜਦੋਂ ਬੱਚਿਆਂ ਖਾਸ ਕਰ ਨੌਜੁਆਨਾਂ ਨੂੰ ਘਰੋਂ ਪੂਰਾ ਪਿਆਰ ਨਹੀਂ ਮਿਲਦਾ ਤਾਂ ਉਹ ਨਸ਼ਿਆਂ ਵਰਗੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖਣ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਸ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੁਆਦ ਚੱਖਣ ਦੀ ਗਲਤੀ ਨਾ ਕਰਨ। ਸਾਨੂੰ ਵਿਆਹਾਂ ਸ਼ਾਦੀਆਂ ਮੌਕੇ ਸਵੇਰ ਤੋਂ ਸ਼ਾਮ ਤਕ ਬੱਚਿਆਂ, ਔਰਤਾਂ ਅਤੇ ਨੌਜੁਆਨਾਂ ਦੇ ਸਾਹਮਣੇ ਸ਼ਰਾਬ ਦੇ ਖੁੱਲ੍ਹੇ ਦੌਰ ਚਲਾਉਣ ਤੋਂ ਵੀ ਗੁਰੇਜ ਕਰਨਾ ਪਵੇਗਾ।
ਨਸ਼ੇ ਪੰਜਾਬ ਦੀ ਧਰਤੀ ਤੇ ਅਤਿਵਾਦ ਨਾਲੋਂ ਵੀ ਵੱਡੀ ਸਮੱਸਿਆ ਬਣ ਗਏ ਹਨ ਜੋ ਬੜੀ ਤੇਜ਼ੀ ਨਾਲ ਨੌਜੁਆਨੀ ਜੋ ਸਾਡਾ ਭਵਿੱਖ ਹੈ, ਨੂੰ ਖਤਮ ਕਰ ਰਹੇ ਹਨ। ਇਸ ਸਮੱਸਿਆ ਖ਼ਿਲਾਫ਼ ਸਾਰੀਆਂ ਧਿਰਾਂ ਨੂੰ ਰਲ-ਮਿਲ ਕੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ। ਗੁਰੂ ਜੀ ਦਾ ਫਲਸਫਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਹੈ। ਇਹ ਮਲਿਕ ਭਾਗੋਆਂ ਦੇ ਖ਼ਿਲਾਫ਼ ਅਤੇ ਭਾਈ ਲਾਲੋਆਂ ਦੇ ਹੱਕ ਵਿਚ ਖੜ੍ਹੇ ਹੋਣ ਦਾ ਫਲਸਫਾ ਹੈ। ਕਾਸ਼! ਵੱਡੀਆਂ ਕੁਰਸੀਆਂ ਤੇ ਬੈਠੇ ਲੋਕ ਅਤੇ ਅਸੀਂ ਸਭ ਇਸ ਫਲਸਫੇ ਨੂੰ ਸਮਝ ਸਕੀਏ।
ਸੰਪਰਕ: 98550-51099


Comments Off on ਵਕਤ ਖੁੰਝਿਆ; ਨਸ਼ਿਆਂ ਨੇ ਸਮੱਸਿਆਵਾਂ ਵਧਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.