ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਲੋਪ ਹੋ ਰਹੀਆਂ ਪੁਰਾਤਨ ਖੇਡਾਂ

Posted On August - 24 - 2019

ਹਰਪ੍ਰੀਤ ਸਿੰਘ ਸਵੈਚ

ਖੇਡਾਂ ਦਾ ਮਨੁੱਖੀ ਜੀਵਨ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਹਰ ਸਮਾਜ ਦੀਆਂ ਆਪਣੀਆਂ ਵੱਖਰੀਆਂ ਲੋਕ ਖੇਡਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਉਸ ਸਮਾਜ ਦੀਆਂ ਕਦਰਾਂ ਕੀਮਤਾਂ ਤੇ ਸੱਭਿਆਚਾਰ ਦਾ ਝਲਕਾਰਾ ਮਿਲਦਾ ਹੈ। ਪੰਜਾਬੀ ਸੱਭਿਆਚਾਰ ਵਿਚ ਵੀ ਕਈ ਲੋਕ ਖੇਡਾਂ ਪ੍ਰਸਿੱਧ ਹਨ। ਜਿੱਥੇ ਇਹ ਲੋਕ ਖੇਡਾਂ ਮੰਨੋਰੰਜਨ ਦਾ ਸਾਧਨ ਬਣਦੀਆਂ ਹਨ ਉੱਥੇ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਵਿਚ ਵੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਸਾਡੀਆਂ ਲੋਕ ਖੇਡਾਂ ਹੀ ਹਨ ਜਿਨ੍ਹਾਂ ਕਾਰਨ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ, ਜਾਤ ਪਾਤ ਤੇ ਊਚ ਨੀਚ ਤੋਂ ਉੱਪਰ ਉੱਠ ਕੇ ਮਿਲ ਜੁਲ ਕੇ ਖੇਡਣ ਦੀ ਸਿੱਖਿਆ ਮਿਲਦੀ ਹੈ। ਪੰਜਾਬੀ ਸੱਭਿਆਚਾਰ ਵਿਚ ਗੁੱਲੀ ਡੰਡਾ, ਰੱਬ ਦੀ ਹਵੇਲੀ, ਗੁੱਡੀਆਂ ਪਟੋਲੇ, ਸ਼ਟਾਪੂ, ਗੀਟੇ, ਈਂਗਣ ਮੀਂਗਣ, ਬਾਂਦਰ ਕਿੱਲਾ, ਭੰਡਾ ਭੰਡਾਰੀਆ, ਕਿੱਕਲੀ, ਪੀਚੋ, ਲੁਕਣ ਮਿਟੀ, ਕੋਟਲਾ ਛਪਾਕੀ, ਪਿੱਠੂ ਗਰਮ, ਚਿੜੀ ਉੱਡ ਕਾਂ ਉੱਡ, ਅੱਕੜ ਬੱਕੜ ਆਦਿ ਸੈਂਕੜੇ ਹੀ ਅਜਿਹੀਆਂ ਲੋਕ ਖੇਡਾਂ ਮਿਲਦੀਆਂ ਹਨ, ਜਿਨ੍ਹਾਂ ਨੂੰ ਖੇਡ ਕੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦਾ ਬਚਪਨ ਬੀਤਦਾ ਹੁੰਦਾ ਸੀ। ਇਹ ਖੇਡਾਂ ਖੇਡਣ ਵਾਸਤੇ ਕੋਈ ਸਥਾਨ ਤੇ ਸਮਾਂ ਵੀ ਨਿਸ਼ਚਿਤ ਨਹੀਂ ਹੁੰਦਾ, ਸਗੋਂ ਗਰਮੀਆਂ, ਸਰਦੀਆਂ, ਦੁਪਹਿਰ, ਚਾਨਣੀਆਂ ਰਾਤਾਂ ਵਿਚ, ਖੁੱਲ੍ਹੇ ਵਿਹੜਿਆਂ ਵਿਚ, ਗਲੀਆਂ ਵਿਚ, ਟਾਹਲੀਆਂ ਤੇ ਬਰੋਟਿਆਂ ਦੀਆਂ ਛਾਵਾਂ ਵਿਚ ਕਿਤੇ ਵੀ ਜਦੋਂ ਦਿਲ ਕੀਤਾ ਇਹ ਲੋਕ ਖੇਡਾਂ ਖੇਡੀਆਂ ਜਾ ਸਕਦੀਆਂ ਹਨ, ਪਰ ਆਧੁਨਿਕਤਾਵਾਦ ਦੀ ਹਨੇਰੀ ਨੇ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ, ਉੱਥੇ ਅੱਜ ਸਾਡੀਆਂ ਇਹ ਲੋਕ ਖੇਡਾਂ ਵੀ ਲੁਪਤ ਹੋਣ ਦੇ ਕਿਨਾਰੇ ਜਾ ਪਹੁੰਚੀਆਂ ਹਨ।
ਕਿੱਕਲੀ ਕੁੜੀਆਂ ਦੀ ਹਰਮਨਪਿਆਰੀ ਖੇਡ ਹੈ ਜੋ ਇਕ ਤਰ੍ਹਾਂ ਦਾ ਨਾਚ ਵੀ ਹੈ। ਕੁੜੀਆਂ ਨੇ ਜੋਟੇ ਬਣਾ ਕੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣਾ ਤੇ ਨਾਲੇ ਗੁਣਗੁਣਾਉਣਾ ‘ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।’
ਇਸੇ ਤਰ੍ਹਾਂ ਗੀਟੇ ਖੇਡਦਿਆਂ ਪੰਜ ਗੀਟੇ ਕੁੰਡਲ ਵਿਚ ਸੁੱਟ ਕੇ ਇਕ ਗੀਟਾ ਉਛਾਲ ਕੇ ਹੇਠਾਂ ਪਿਆ ਗੀਟਾ ਉਸੇ ਹੱਥ ਨਾਲ ਚੁੱਕ ਕੇ ਉੱਪਰ ਉਛਾਲਿਆ ਗੀਟਾ ਬੋਚਣਾ। ਅੱਡੀ ਛੜੱਪਾ ਦੋ ਟੀਮਾਂ ਵੱਲੋਂ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿਚ ਕੁੜੀਆਂ ਦੀ ਇਕ ਟੀਮ ਨੇ ਲੱਤਾਂ ਧਰਤੀ ਤੇ ਨਸਾਲ ਕੇ ਪੈਰਾਂ ਨਾਲ ਪੈਰ ਜੋੜ ਕੇ ਸਮੁੰਦਰ ਬਣਾ ਲੈਣਾ ਅਤੇ ਦੂਜੀ ਟੀਮ ਦੀਆਂ ਕੁੜੀਆਂ ਵੱਲੋਂ ਵਾਰੋ ਵਾਰੀ ਇਸ ਸਮੁੰਦਰ ਨੁੂੰ ਛਾਲ ਮਾਰ ਕੇ ਪਾਰ ਕਰਨਾ। ਹਰ ਵਾਰੀ ਪੈਰ ਜੋੜ ਕੇ ਤੇ ਇਕ ਮੁੱਠੀ ਤੋਂ ਬਾਅਦ ਮੁੱਠੀਆਂ ਤੇ ਫਿਰ ਗਿੱਠਾਂ ਦੀ ਗਿਣਤੀ ਵਧਦੀ ਜਾਣੀ, ਜਿਸ ਨੂੰ ਛਾਲ ਮਾਰ ਕੇ ਪਾਰ ਕਰਨਾ। ਜੇਕਰ ਛਾਲ ਮਾਰਨ ਵਾਲੀ ਕੁੜੀ ਦਾ ਅੰਗ ਜਾਂ ਕੱਪੜਾ ਹੇਠਾਂ ਬੈਠੀ ਕੁੜੀ ਨਾਲ ਛੂਹ ਜਾਣਾ ਤਾਂ ਉਸਨੇ ਖੇਡ ’ਚੋਂ ਬਾਹਰ ਹੋ ਜਾਣਾ।
ਲੁਕਣ ਮੀਟੀ ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੁੰਦੀ ਸੀ, ਜਿਸ ਨੂੰ ਟੋਲੀ ਵਿਚ ਖੇਡਿਆ ਜਾਂਦਾ। ਇਕ ਬੱਚਾ ਵਾਰੀ ਦਿੰਦਾ ਅਤੇ ਬਾਕੀ ਸਾਰੇ ਲੁਕ ਜਾਂਦੇ, ਫਿਰ ਜਿਸ ਨੂੰ ਉਸਨੇ ਸਭ ਤੋਂ ਪਹਿਲਾਂ ਲੱਭ ਲੈਣਾ, ਉਸ ਦੀ ਵਾਰੀ ਆ ਜਾਣੀ। ਭੰਡਾ ਭੰਡਾਰੀਆ ਖੇਡਣ ਲਈ ਇਕ ਬੱਚੇ ਨੇ ਜ਼ਮੀਨ ’ਤੇ ਲੱਤਾ ਨਿਸਾਲ ਕੇ ਬੈਠ ਜਾਣਾ ਤੇ ਦੂਜੇ ਬੱਚਿਆਂ ਨੇ ਉਸ ਦੇ ਸਿਰ ’ਤੇ ਆਪਣੀਆਂ ਮੁੱਠੀਆਂ ਰੱਖਦੇ ਹੋਏ ਗੁਣਗੁਣਾਉਣਾ ‘ਭੰਡਾ ਭੰਡਾਰੀਆ, ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।’

ਹਰਪ੍ਰੀਤ ਸਿੰਘ ਸਵੈਚ

ਚਿੜੀ ਉਡ ਕਾਂ ਉਡ ਸਭ ਤੋਂ ਆਸਾਨ ਤੇ ਮਨਭਾਉਂਦੀ ਖੇਡ, ਜਿਸ ਨੂੰ ਖੇਡਣ ਲਈ ਬੱਚਿਆਂ ਨੇ ਘੇਰਾ ਰੂਪ ਵਿਚ ਚੌਂਕੜੀ ਮਾਰ ਕੇ ਬੈਠ ਜਾਣਾ ਤੇ ਆਪਣੀ ਇਕ ਉਂਗਲ ਜ਼ਮੀਨ ’ਤੇ ਰੱਖ ਲੈਣੀ। ਫਿਰ ਇਕ ਬੱਚੇ ਨੇ ਵਾਰੀ ਦਿੰਦੇ ਹੋਏ ਕਹਿਣਾ ‘ਕਾਂ ਉਡ, ਚਿੜੀ ਉਡ’ ਬਾਕੀ ਬੱਚਿਆਂ ਨੇ ਵੀ ਉਸ ਦੇ ਨਾਲ ਉਂਗਲੀ ਚੁੱਕ ਕੇ ਕਾਂ ਤੇ ਚਿੜੀ ਦੇ ਉਡਣ ਦਾ ਹੁੰਗਾਰਾ ਭਰਨਾ, ਪਰ ਕਈ ਵਾਰ ਵਾਰੀ ਦੇਣ ਵਾਲੇ ਬੱਚੇ ਨੇ ਕਿਸੇ ਜਾਨਵਰ ਦਾ ਨਾਂ ਲੈ ਕੇ ਉਂਗਲੀ ਚੁੱਕਣੀ ਤੇ ਜਿਹੜੇ ਬੱਚੇ ਨੇ ਜਾਨਵਰ ਉਡਾਉਣਾ ਫਿਰ ਉਸ ਨੂੰ ਬੜੀ ਮੰਨੋਰੰਜਕ ਸਜ਼ਾ ਦਿੱਤੀ ਜਾਣੀ। ਕੇਵਲ ਇਕ ਡੰਡੇ ’ਤੇ ਪੰਜ ਉਂਗਲ ਲੰਮੀ ਗੁੱਲੀ ਨਾਲ ਖੇਡੀ ਜਾਣ ਵਾਲੀ ਪੰਜਾਬ ਦੀ ਪ੍ਰਾਚੀਨ ਖੇਡ ਗੁੱਲੀ ਡੰਡਾ ਹੈ। ਇਕ ਘੁੱਤੀ ਪੁੱਟ ਕੇ ਉਸ ਵਿਚ ਗੁੱਲੀ ਨੂੰ ਰੱਖ ਕੇ ਡੰਡੇ ਨਾਲ ਉਛਾਲਣਾ ਤੇ ਜੇਕਰ ਕਿਸੇ ਬੱਚੇ ਨੇ ਉਹ ਗੁੱਲੀ ਬੋਚ ਲਈ ਤਾਂ ਉਛਾਲਣ ਵਾਲੇ ਖਿਡਾਰੀ ਨੇ ਖੇਡ ਤੋਂ ਬਾਹਰ ਹੋ ਜਾਣਾ।
ਕੋਟਲਾ ਛਪਾਕੀ ਬੜੀ ਦਿਲਚਸਪ ਤੇ ਕਸਰਤ ਵਾਲੀ ਖੇਡ ਹੈ ਜਿਸ ਵਿਚ ਬੱਚਿਆਂ ਨੇ ਗੋਲ ਘੇਰਾ ਬਣਾ ਕੇ ਸਿਰ ਨੀਵਾਂ ਕੇ ਬੈਠ ਜਾਣਾ, ਫਿਰ ਇਕ ਖਿਡਾਰੀ ਨੇ ਹੱਥ ਵਿਚ ਕੱਪੜਾ ਫੜ ਕੇ ਚਾਰ ਚੁਫੇਰੇ ਦੌੜਦੇ ਹੋਏ ਗੁਣਗੁਣਾਉਣਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਹੈ।’
ਪਿੱਠੂ ਗਰਮ ਵਿਚ ਪੰਜ ਸੱਤ ਠੀਕਰੀਆਂ ਨੂੰ ਇਕ ਦੂਜੇ ਦੇ ਉੱਪਰ ਰੱਖ ਕੇ ਖਿਡਾਰੀ ਨੇ ਗੇਂਦ ਨਾਲ ਠੀਕਰੀਆਂ ’ਤੇ ਨਿਸ਼ਾਨਾ ਲਾਉਣਾ, ਬਾਕੀ ਖਿਡਾਰੀਆਂ ਨੇ ਠੀਕਰੀਆਂ ਨੂੰ ਫਿਰ ਤੋਂ ਚਿਣਨ ਲਈ ਜੱਦੋਜਹਿਦ ਕਰਨੀ ਜਦੋਂ ਕਿ ਗੇਂਦ ਵਾਲੇ ਖਿਡਾਰੀ ਨੇ ਦੂਜੇ ਖਿਡਾਰੀਆਂ ਦੀ ਪਿੱਠ ’ਤੇ ਗੇਂਦ ਮਾਰ ਕੇ ਉਨ੍ਹਾਂ ਨੂੰ ਖੇਡ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰਨੀ।
ਅਜਿਹੀਆਂ ਸੈਂਕੜੇ ਹੀ ਪੁਰਾਤਨ ਲੋਕ ਖੇਡਾਂ ਹਨ ਜਿਨ੍ਹਾਂ ਦੀ ਜਗ੍ਹਾ ਅੱਜ ਦੇ ਤਕਨੀਕੀ ਯੁੱਗ ਵਿਚ ਇਲੈੱਕਟ੍ਰਾਨਿਕ ਖੇਡਾਂ ਨੇ ਮੱਲ ਲਈ ਹੈ। ਮੋਬਾਈਲ/ਕੰਪਿਊਟਰ ਗੇਮਾਂ ਖੇਡ ਕੇ ਵੱਡੀ ਹੋ ਰਹੀ ਡਿਜੀਟਲ ਯੁੱਗ ਦੀ ਨਵੀਂ ਪਨੀਰੀ ਸਾਡੀਆਂ ਵਿਰਾਸਤੀ ਲੋਕ ਖੇਡਾਂ ਤੋਂ ਬਿਲਕੁਲ ਅਵੇਸਲੀ ਹੈ। ਇਹ ਲੋਕ ਖੇਡਾਂ ਜਿੱਥੇ ਸਾਡੇ ਬੱਚਿਆਂ ਨੂੰ ਮਾਨਸਿਕ ਸ਼ਕਤੀ ਪ੍ਰਦਾਨ ਕਰਦੀਆਂ ਸਨ, ਉੱਥੇ ਸਰੀਰਿਕ ਵਿਕਾਸ ਵਿਚ ਵੀ ਸਹਾਈ ਹੁੰਦੀਆਂ, ਪਰ ਅਫ਼ਸੋਸ ਹੈ ਕਿ ਅਜੋਕਾ ਬਚਪਨ ਇਨ੍ਹਾਂ ਲੋਕ ਖੇਡਾਂ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਇਲੈੱਕਟ੍ਰਾਨਿਕ ਖੇਡਾਂ ਵਿਚ ਗ੍ਰਸਿਆ ਹੋਇਆ ਹੈ। ਸਾਰਾ ਸਾਰਾ ਦਿਨ ਕਮਰੇ ਵਿਚ ਬੈਠ ਕੇ ਕੰਪਿਊਟਰ ਜਾਂ ਮੋਬਾਈਲ ’ਤੇ ਗੇਮਾਂ ਖੇਡਣਾ ਬੜਾ ਖ਼ਤਰਨਾਕ ਵਰਤਾਰਾ ਹੈ। ਮੋਬਾਈਲ ਗੇਮਜ਼ ਦੀ ਹੱਦੋਂ ਵੱਧ ਵਰਤੋਂ ਨੇ ਸਾਡੇ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ। ਪਬ ਜੀ ਤੇ ਵਾਈਸ ਸਿਟੀ ਆਦਿ ਕੁਝ ਗੇਮਾਂ ਤਾਂ ਅਜਿਹੀਆਂ ਹਨ ਜੋ ਬੱਚਿਆਂ ਦੇ ਕੋਮਲ ਮਨਾਂ ’ਤੇ ਹਿੰਸਕ ਪ੍ਰਵਿਰਤੀ ਨੂੰ ਭਾਰੂ ਕਰ ਰਹੀਆਂ ਹਨ। ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਨੂੰ ਨਸ਼ਾ ਛੁਡਾਉ ਕੇਂਦਰਾਂ ਦੀ ਤਰਜ਼ ਤੇ ਮੋਬਾਈਲ ਛੁਡਾਉ ਕੇਂਦਰ ਖੋਲ੍ਹਣੇ ਪੈਣਗੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮੁੜ ਇਨ੍ਹਾਂ ਲੋਕ ਖੇਡਾਂ ਵੱਲ ਉਤਸ਼ਾਹਿਤ ਕਰੀਏ ਤਾਂ ਜੋ ਉਹ ਘਰ ਅੰਦਰ ਬੈਠ ਕੇ ਮੋਬਾਈਲ ਤੇ ਕੰਪਿਊਟਰ ਦੇ ਗ਼ੁਲਾਮ ਨਾ ਬਣੇ ਰਹਿਣ। ਜੇਕਰ ਹਾਲੇ ਵੀ ਅਸੀਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਇਸ ਵਰਤਾਰੇ ਦੇ ਭਿਆਨਕ ਨਤੀਜੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਪਵੇਗਾ।

ਸੰਪਰਕ: 98782-24000


Comments Off on ਲੋਪ ਹੋ ਰਹੀਆਂ ਪੁਰਾਤਨ ਖੇਡਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.