ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੁਕ ਕੇ ਰਹਿਣ ਵਾਲਾ ਪੰਛੀ ਰੇਤਲ ਨ੍ਹੇਰਨੀ

Posted On August - 10 - 2019

ਗੁਰਮੀਤ ਸਿੰਘ

ਜਿਸ ਤਰ੍ਹਾਂ ਮਨੁੱਖ ਆਪਣੇ ਜੀਵਨ ਕਾਲ ਵਿਚ ਆਪਣੇ ਤੇ ਪਰਿਵਾਰ ਦੇ ਸੁੱਖ ਭੋਗਣ ਲਈ ਆਲੀਸ਼ਾਨ ਮਕਾਨ ਬਣਾਉਂਦਾ ਹੈ, ਉਸੇ ਤਰ੍ਹਾਂ ਪੰਛੀ ਵੀ ਆਪਣੇ ਲਈ ਤਿਣਕਾ ਤਿਣਕਾ ਇਕੱਠਾ ਕਰਕੇ ਆਪਣਾ ਆਸ਼ਿਆਨਾ ਤਿਆਰ ਕਰਦੇ ਹਨ। ਪਰ ਦੂਜੇ ਪਾਸੇ ਪੰਛੀਆਂ ਵਿਚ ਇਕ ਕਿਸਮ ਅਜਿਹੀ ਵੀ ਹੈ ਜੋ ਆਪਣਾ ਆਲ੍ਹਣਾ ਬਣਾਉਂਦੀ ਹੀ ਨਹੀਂ ਅਤੇ ਬਿਨਾਂ ਆਲ੍ਹਣਾ ਬਣਾਏ ਆਪਣਾ ਸਾਰਾ ਜੀਵਨ ਬਸਰ ਕਰ ਦਿੰਦੀ ਹੈ। ਇਨ੍ਹਾਂ ਨੂੰ ਅੰਗਰੇਜ਼ੀ ਵਿਚ ਸਿੰਧ ਜਾਂ ਸਾਈਕ ਨਾਇਟਜਰ (Sindh or Syke’s Nightjar), ਪੰਜਾਬੀ ਵਿਚ ਰੇਤਲ ਨ੍ਹੇਰਨੀ ਅਤੇ ਹਿੰਦੀ ਵਿਚ ਉਲਕ ਜਾਂ ਛਪਕਾ ਕਹਿੰਦੇ ਹਨ। ਇਸ ਪੰਛੀ ਦੀ ਖਾਸੀਅਤ ਹੈ ਕਿ ਇਹ ਦਿਨ ਵੇਲੇ ਲੁਕ ਕੇ ਰਹਿੰਦਾ ਹੈ, ਪਰ ਸਾਰੀ ਰਾਤ ਆਪਣੇ ਆਪ ਨੂੰ ਚੌਕੰਨਾ ਰੱਖਦਾ ਹੈ।
ਰੇਤਲ ਨ੍ਹੇਰਨੀ ਉੱਤਰੀ-ਪੱਛਮੀ ਭਾਰਤ, ਪਾਕਿਸਤਾਨ ਅਤੇ ਦੱਖਣ-ਪੂਰਬੀ ਅਫ਼ਗਾਨਿਸਤਾਨ ਵਿਚ ਮਿਲਦਾ ਹੈ। ਰੇਤਲ ਨ੍ਹੇਰਨੀ ਨੂੰ ਕਰਨਲ ਵਿਲੀਅਮ ਹੈਨਰੀ ਸਾਈਕਜ਼ ਜੋ ਭਾਰਤੀ ਫ਼ੌਜ ਵਿਚ ਤਾਇਨਾਤ ਸਨ, ਪਰ ਉਹ ਪੰਛੀਆਂ ਦੇ ਵਿਗਿਆਨੀ ਵੀ ਸਨ, ਵੱਲੋਂ ਲੱਭਿਆ ਗਿਆ ਸੀ, ਇਸ ਲਈ ਉਨ੍ਹਾਂ ਦੀ ਯਾਦ ਵਿਚ ਇਸ ਪੰਛੀ ਨੂੰ ਉਨ੍ਹਾਂ ਦਾ ਨਾਮ ਦਿੱਤਾ ਗਿਆ ਹੈ। ਨ੍ਹੇਰਨੀ (ਨਾਈਟਜਰ) ਪੰਜ ਪਰਿਵਾਰਾਂ ਵਿਚ ਵੰਡਿਆ ਹੋਇਆ ਹੈ ਅਤੇ ਇਸ ਦੀਆਂ 120 ਕਿਸਮਾਂ ਹਨ। ਰੇਤਲ ਨ੍ਹੇਰਨੀ ਨੂੰ ਹਰੀਕੇ ਵਿਖੇ ਲਗਾਤਾਰ 1995 ਤੋਂ 2000 ਤਕ ਵੇਖਿਆ ਗਿਆ, ਪਰ ਉਸਤੋਂ ਬਾਅਦ ਇਹ ਦਿਖਾਈ ਨਹੀਂ ਦਿੱਤਾ।
ਇਹ ਪੰਛੀ ਬਹੁਤ ਛੋਟਾ ਜਿਹਾ ਹੈ ਜਿਸਦੀ 20 ਤੋਂ 25 ਸੈਂਟੀਮੀਟਰ ਲੰਬਾਈ ਹੁੰਦੀ ਹੈ ਅਤੇ ਵਜ਼ਨ 60 ਗ੍ਰਾਮ ਹੁੰਦਾ ਹੈ। ਇਸਦੇ ਸਰੀਰ ਦਾ ਉਪਰਲਾ ਹਿੱਸਾ ਰੇਤਲਾ/ਭੂਰਾ ਹੁੰਦਾ ਹੈ ਅਤੇ ਇਸ ਵਿਚ ਕਾਲੇ, ਭੂਰੇ ਅਤੇ ਪੀਲੇ ਰੰਗ ਦੇ ਨਿਸ਼ਾਨ ਹੁੰਦੇ ਹਨ। ਇਨ੍ਹਾਂ ਦੇ ਸਰੀਰ ਦਾ ਰੰਗ ਰੁੱਖਾਂ ਦੇ ਸੱਕ, ਸੁੱਕੇ ਪੱਤਿਆਂ ਜਾਂ ਰੇਤਲੀ ਜ਼ਮੀਨ ਨਾਲ ਮੇਲ ਖਾਂਦਾ ਹੈ। ਪੰਜੇ ਛੋਟੇ ਹੁੰਦੇ ਹਨ ਜੋ ਜ਼ਿਆਦਾ ਚੱਲਣ ਲਈ ਨਹੀਂ ਵਰਤੇ ਜਾਂਦੇ ਬਲਕਿ ਕਿਸੇ ਰੁੱਖ ’ਤੇ ਬੈਠਣ ਸਮੇਂ ਪੰਛੀ ਵੱਲੋਂ ਰੁੱਖ ਨੂੰ ਫੜਣ ਲਈ ਵਰਤੇ ਜਾਂਦੇ ਹਨ। ਇਸਦੀ ਚੁੰਜ ਪੀਲੀ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਚੁੰਜ ਦੇ ਆਲੇ-ਦੁਆਲੇ ਛੋਟੇ ਖਰ੍ਹਵੇ ਵਾਲ ਹੁੰਦੇ ਹਨ। ਰੇਤਲ ਨ੍ਹੇਰਨੀ ਵਣ ਰਕਬਿਆਂ ’ਤੇ ਘੱਟ ਨਿਰਭਰ ਕਰਦੇ ਹਨ। ਇਹ ਰੇਤਲੇ ਇਲਾਕੇ ਜਿੱਥੇ ਕਿਤੇ ਰੁੱਖ ਅਤੇ ਝਾੜੀਆਂ ਹੋਣ ਵਿਚ ਵਾਸ ਕਰਦਾ ਹੈ।
ਰੇਤਲ ਨ੍ਹੇਰਨੀ ਦੀ ਖੁਰਾਕ ਜ਼ਿਆਦਾਤਰ ਵੱਡੇ ਉੱਡਦੇ ਕੀੜੇ ਜਿਵੇਂ ਕਿ ਬੀਂਡਾ, ਟਿੱਡਾ, ਝੀਂਗਰ, ਪਤੰਗੇ ਤੇ ਪਰਵਾਨੇ ਵਰਗੇ ਕੀੜੇ-ਮਕੌੜੇ ਹੁੰਦੀ ਹੈ। ਉਹ ਜ਼ਿਆਦਾਤਰ ਦੇਰ ਸ਼ਾਮ ਜਾਂ ਰਾਤ ਨੂੰ ਸਰਗਰਮ ਹੁੰਦੇ ਹਨ। ਉਹ ਹਵਾ ਵਿਚ ਉੱਡਦੇ-ਉੱਡਦੇ ਥੱਲੇ ਨੂੰ ਹੋ ਕੇ ਕੀੜਿਆਂ ਦਾ ਸ਼ਿਕਾਰ ਕਰਦੇ ਹਨ। ਇਨ੍ਹਾਂ ਪੰਛੀਆਂ ਦਾ ਪ੍ਰਜਣਨ ਪਾਕਿਸਤਾਨ ਵਿਚ ਫਰਵਰੀ ਤੋਂ ਅਗਸਤ ਤਕ ਹੁੰਦਾ ਹੈ ਅਤੇ ਭਾਰਤ ਵਿਚ ਪ੍ਰਜਣਨ ਸੀਜ਼ਨ ਮਾਰਚ ਤੋਂ ਮਈ ਤਕ ਹੁੰਦਾ ਹੈ। ਮਾਦਾ ਇਕ ਜਾਂ ਦੋ ਆਂਡੇ ਦਿੰਦੀ ਹੈ। ਮਾਦਾ ਵੱਲੋਂ ਆਂਡੇ ਸਿੱਧੇ ਜ਼ਮੀਨ ’ਤੇ ਦਿੱਤੇ ਜਾਂਦੇ ਹਨ। ਰੇਤਲ ਨ੍ਹੇਰਨੀ ਦੀਆਂ ਕਿਸਮਾਂ ਜ਼ਿਆਦਾਤਰ ਪਰਵਾਸੀ ਹੁੰਦੀਆਂ ਹਨ। ਉਹ ਸਰਦੀਆਂ ਵਿਚ ਦੱਖਣ ਵੱਲ ਚਲੇ ਜਾਂਦੇ ਹਨ। ਖਾਣ ਲਈ ਇਹ ਪੰਛੀ ਅਕਸਰ ਸਥਾਨਕ ਥਾਵਾਂ ’ਤੇ ਚਲੇ ਜਾਂਦੇ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ (ਆਈ.ਯੂ.ਸੀ.ਐੱਨ.) ਵੱਲੋਂ ਤਾਂ ਵਿਸ਼ਵ ਪੱਧਰ ’ਤੇ ਰੇਤਲ ਨ੍ਹੇਰਨੀ ਨੂੰ ਘੱਟ ਮਿਲਣ ਵਾਲੀ ਜਿਣਸ ਨਹੀਂ ਦੱਸਿਆ ਗਿਆ।
ਇਹ ਪੰਛੀ ਹਮੇਸ਼ਾਂ ਲੁਕ ਕੇ ਰਹਿੰਦਾ ਹੈ, ਇਸ ਕਾਰਨ ਇਸਨੂੰ ਇਕਦਮ ਪਛਾਣਨਾ ਔਖਾ ਹੋ ਜਾਂਦਾ ਹੈ। ਰੇਤਲ ਨ੍ਹੇਰਨੀ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਉਨ੍ਹਾਂ ਦੇ ਵਾਸ ਨੂੰ ਉਜਾੜਨ ਨਾਲ ਹੈ। ਅੱਜ ਦਰਿਆਵਾਂ ਦੇ ਨੇੜੇ ਰੇਤਲੇ ਇਲਾਕੇ ਵਿਚ ਇਨ੍ਹਾਂ ਦੇ ਵਾਸ ਨੂੰ ਮਾਈਨਿੰਗ ਨਾਲ ਤਬਾਹ ਕਰ ਦਿੱਤਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਲੁਕ ਕੇ ਰਹਿਣ ਵਾਲਾ ਪੰਛੀ ਰੇਤਲ ਨ੍ਹੇਰਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.