ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 12 ਅਗਸਤ
ਰੋਜ਼ਾ ਸ਼ਰੀਫ਼ (ਫਤਹਿਗੜ੍ਹ ਸਾਹਿਬ) ਦੇ ਖ਼ਲੀਫ਼ਾ ਸਈਅਦ ਸਾਦਿਕ ਰਜ਼ਾ ਪੁਲੀਸ ਮੁਖੀ ਅਮਨੀਤ ਕੌਂਡਲ ਤੇ ਹੋਰਾਂ ਦਾ ਸਨਮਾਨ ਕਰਦੇ ਹੋਏ। -ਫੋਟੋ: ਮਿੱਠਾ
ਇੱਥੇ ਰੋਜ਼ਾ ਸ਼ਰੀਫ਼ ਵਿਚ ਈਦ-ਉਲ-ਜ਼ੁਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਰੋਜ਼ਾ ਸ਼ਰੀਫ਼ ਵਿਖੇ ਸਵੇਰ ਤੋਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਤੇ ਹੋਰ ਵੱਖ ਵੱਖ ਫ਼ਿਰਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਅਤੇ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਲ, ਐਸਪੀ ਹੈੱਡਕੁਆਟਰ ਨਵਨੀਤ ਸਿੰਘ ਬੈਂਸ, ਰੋਜ਼ਾ ਸਰੀਫ ਦੇ ਖ਼ਲੀਫ਼ਾ ਸਈਅਦ ਸਾਦਿਕ ਰਜ਼ਾ, ਬਲਾਕ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਗੁਲਸ਼ਨ ਰਾਏ ਬੌਬੀ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕਾਲੜਾ ਮੌਜੂਦ ਸਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵੱਖ ਵੱਖ ਥਾਵਾਂ ਉੱਪਰ ਕੀਤੇ ਸਮਾਗਮ ਦੌਰਾਨ ਸਿੱਖ ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ। ਫਤਹਿਗੜ੍ਹ ਸਾਹਿਬ ਵਿਖੇ ਸਥਿਤ ਮੁਸਲਮਾਨਾਂ ਦੇ ਦੂਜੇ ਮੱਕੇ ਵਜੋਂ ਮਸ਼ਹੂਰ ਰੋਜ਼ਾ ਸ਼ਰੀਫ਼ ਵਿਖੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਸਿੰਘ ਭੁੱਟਾ ਨੇ ਪਹੁੰਚ ਕੇ ਇਸ ਮੁਬਾਰਕ ਮੌਕੇ ਨੂੰ ਮੁਸਲਮਾਨ ਭਾਈਚਾਰੇ ਨਾਲ ਸਾਂਝਾ ਕੀਤਾ।
ਨੰਗਲ (ਨਿੱਜੀ ਪੱਤਰ ਪ੍ਰੇਰਕ): ਇਲਾਕੇ ’ਚ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਪਿੰਡ ਰਾਏਪੁਰ ਵਿਖੇ ਜਾਮਾ ਮਸਜਿਦ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਈਮਾਮ ਮੌਲਾਨਾ ਮੁਹੰਮਦ ਆਜ਼ਾਦ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਨੁਮਾਇੰਦੇ ਵਜੋਂ ਪਹੁੰਚ ਕੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੈ ਸਾਹਨੀ ਨੇ ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਉਲ ਜ਼ੁਹਾ ਦੀ ਵਧਾਈ ਦਿੱਤੀ। ਇਸ ਮੌਕੇ ਉਨਾਂ ਸਪੀਕਰ ਦੇ ਅਖ਼ਤਿਆਰੀ ਕੋਟੇ ਵਿੱਚੋਂ ਜਾਮਾ ਮਸਜਿਦ ਲਈ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਮੁਸਲਿਮ ਭਾਈਚਾਰੇ ਵਲੋਂ ਵੱਖ ਵੱਖ ਥਾਵਾਂ ’ਤੇ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਕਲਗੀਧਰ ਕੰਨਿਆ ਪਾਠਸ਼ਾਲਾ ਵਿਚ ਅੱਜ ਬਕਰੀਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁਸਲਮਾਨ ਭਾਈਚਾਏ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਬਕਰੀਦ ਦੀ ਨਮਾਜ਼ ਜਾਮਾ ਮਸਜਿਦ ਸ਼ੇਖਾਂ ਦੇ ਇਮਾਮ ਮੌਲਾਨਾ ਸਈਅਦ ਅਜ਼ਹਰ ਹਸਨ ਨੇ ਪੜ੍ਹਾਈ। ਇਸੇ ਤਰ੍ਹਾਂ ਕਾਦਰੀ ਮਸਜਿਦ ਵੱਡੀ ਹਵੇਲੀ, ਸ਼ਾਮਪੁਰਾ ਵਿੱਚ ਸਥਿਤ ਮਸਜਿਦ ਵਿੱਚ ਵੀ ਬਕਰੀਦ ਮਨਾਈ ਗਈ।
ਲਾਲੜੂ (ਪੱਤਰ ਪ੍ਰੇਰਕ): ਇਲਾਕੇ ਵਿੱਚ ਈਦ ਉਲ ਜੁਹਾ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਮਨਾਇਆ ਗਿਆ। ਲਾਲੜੂ ਪਿੰਡ, ਮੰਡੀ, ਦੱਪਰ, ਧਰਮਗੜ੍ਹ, ਬਟੌਲੀ, ਜੜੌਤ, ਆਲਮਗੀਰ, ਹੰਡੇਸਰਾ, ਜੌਲਾ, ਨਾਹਰ ਕੰਪਨੀ, ਬੜਾਨਾ ਸਮੇਤ ਅਨੇਕਾ ਥਾਵਾਂ ਤੇ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਅਤੇ ਹਲਕਾ ਵਿਧਾਇਕ ਅਕਾਲੀ ਆਗੂ ਐਨ.ਕੇ ਸ਼ਰਮਾ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਬਨੂੜ (ਪੱਤਰ ਪ੍ਰੇਰਕ): ਬਨੂੜ ਵਿਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਈਦ ਦੀ ਨਮਾਜ਼ ਪੜ੍ਹੀ ਗਈ। ਦੂਜੇ ਫ਼ਿਰਕਿਆਂ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।