ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਰਾਮਪੁਰਾ ਫੂਲ ਹਲਕੇ ’ਚ ਬਿਜਲੀ ਚੋਰ ਮਾਲਾਮਾਲ ਹੋਏ

Posted On August - 13 - 2019

ਲੱਖਾਂ ਰੁਪਏ ਦਾ ਡਿਫਾਲਟਰ ਰਾਮਪੁਰਾ ਦਾ ਕੈਨਾਲ ਕਲੱਬ। -ਫੋਟੋ: ਗੁਰਵਿੰਦਰ ਸਿੰਘ

ਚਰਨਜੀਤ ਭੁੱਲਰ
ਬਠਿੰਡਾ, 12 ਅਗਸਤ
ਮਾਲ ਮੰਤਰੀ ਦੇ ਹਲਕਾ ਰਾਮਪੁਰਾ ਫੂਲ ’ਚ ਬਿਜਲੀ ਚੋਰਾਂ ਨੂੰ ਖੁੱਲ੍ਹੀ ਛੁੱਟੀ ਹੈ। ਰਾਮਪੁਰਾ ’ਚ ਅਮੀਰਾਂ ਦਾ ਕੈਨਾਲ ਕਲੱਬ 2.98 ਲੱਖ ਦਾ ਡਿਫਾਲਟਰ ਹੈ। ਬਿਜਲੀ ਅਫ਼ਸਰਾਂ ਨੇ ਕਲੱਬ ਤੋਂ ਪਾਸਾ ਵੱਟ ਲਿਆ ਹੈ। ਨਗਰ ਕੌਂਸਲ ਰਾਮਪੁਰਾ ਦੀ ਬਿਨਾਂ ਕਿਸੇ ਪ੍ਰਵਾਨਗੀ ਤੋਂ ਕੈਨਾਲ ਕਲੱਬ ’ਤੇ ਹਾਕਮ ਧਿਰ ਦੇ ਬੰਦੇ ਕਾਬਜ਼ ਹਨ ਜਦੋਂਕਿ ਕਲੱਬ ਦੀ ਜਗ੍ਹਾ ਕੌਂਸਲ ਦੀ ਸੰਪਤੀ ਹੈ। ਇਸ ਕਲੱਬ ਦੀ ਮੈਂਬਰਸ਼ਿਪ ਫੀਸ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਹੈ। ਅਕਾਲੀ ਵਜ਼ਾਰਤ ਵੇਲੇ ਕੈਨਾਲ ਕਲੱਬ ਦਾ ਕੇਸ ਸੁਪਰੀਮ ਕੋਰਟ ਤੱਕ ਗਿਆ ਸੀ ਤੇ ਮਹਿਰਾਜ ਪਿੰਡ ਦੇ ਗੁਰਮੀਤ ਸਿੰਘ ਦੀ ਪਟੀਸ਼ਨ ’ਤੇ 21 ਸਤੰਬਰ 2012 ਨੂੰ ਤਾਂ ਹਾਈ ਕੋਰਟ ਨੇ ਕਲੱਬ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਜਾਈ ਮਹਿਕਮੇ ਨੇ ਮੁਫ਼ਤ ਵਿਚ ਜ਼ਮੀਨ ਕੈਨਾਲ ਕਲੱਬ ਨੂੰ ਦੇ ਦਿੱਤੀ ਸੀ, ਮਗਰੋਂ ਇਹ ਜ਼ਮੀਨ ਨਗਰ ਕੌਂਸਲ ਨੂੰ ਮਿਲ ਗਈ ਸੀ ਜਿਸ ਨੇ 24 ਮਈ 2010 ਨੂੰ ਕੈਨਾਲ ਕਲੱਬ ਨੂੰ ਜਗ੍ਹਾ ਲੀਜ਼ ’ਤੇ ਦੇ ਦਿੱਤੀ ਸੀ। ਗੱਠਜੋੜ ਸਰਕਾਰ ਸਮੇਂ ਅਕਾਲੀ ਕਾਬਜ਼ ਰਹੇ ਤੇ ਹੁਣ ਕਾਂਗਰਸੀ ਉਸੇ ਤਰਜ਼ ’ਤੇ ਕਾਬਜ਼ ਹਨ ਜਦੋਂਕਿ ਬਿਲ ਕੌਂਸਲ ਭਰ ਰਹੀ ਹੈ। ਨਗਰ ਕੌਂਸਲ ਰਾਮਪੁਰਾ ਦੇ ਕਾਰਜਸਾਧਕ ਅਫ਼ਸਰ ਸੁਰਿੰਦਰ ਗਰਗ ਅਨੁਸਾਰ ਕੈਨਾਲ ਕਲੱਬ ਬਾਰੇ ਹਾਲੇ ਮਤਾ ਪਾਸ ਕਰਨਾ ਹੈ ਤੇ ਅਗਲੀ ਮੀਟਿੰਗ ਲਈ ਏਜੰਡੇ ’ਤੇ ਰੱਖਿਆ ਗਿਆ ਹੈ। ਬਿਜਲੀ ਬਿੱਲ ਬਾਰੇ ਵੀ ਮੀਟਿੰਗ ਵਿਚ ਫ਼ੈਸਲਾ ਹੋਵੇਗਾ।
ਇਸ ਕਲੱਬ ਨੂੰ ਪਹਿਲਾਂ ਵੀ ਪਾਵਰਕੌਮ ਵੱਲੋਂ ਇੱਕ ਲੱਖ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਪਾਇਆ ਗਿਆ ਸੀ। ਹੁਣ ਜਦੋਂ ਬਿਜਲੀ ਚੋਰੀ ਰੋਕਣ ਲਈ ਉੱਡਣ ਦਸਤੇ ਰਾਮਪੁਰਾ ਹਲਕੇ ਵਿਚ ਪੁੱਜੇ ਤਾਂ ਹਕੂਮਤ ਬਿਜਲੀ ਚੋਰਾਂ ਦੀ ਪਿੱਠ ’ਤੇ ਆ ਗਈ। ਹਕੂਮਤੀ ਦਾਬੇ ਮਗਰੋਂ ਰਾਮਪੁਰਾ ਸ਼ਹਿਰ ਦਾ ਐਕਸੀਅਨ 15 ਦਿਨਾਂ ਦੀ ਛੁੱਟੀ ’ਤੇ ਚਲਾ ਗਿਆ ਹੈ। ਐਨਫੋਰਸਮੈਂਟ ਦੇ ਚਾਰ ਉੱਡਣ ਦਸਤਿਆਂ ਵੱਲੋਂ ਰਾਮਪੁਰਾ ਵਿਚ ਸੱਤ ਅਗਸਤ ਨੂੰ ਕਰੀਬ ਦੋ ਦਰਜਨ ਅਣਅਧਿਕਾਰਡ ਲੋਡ ਤੇ ਬਿਜਲੀ ਚੋਰੀ ਆਦਿ ਵਾਲੇ ਕੇਸ ਫੜੇ ਗਏ ਸਨ, ਇਸ ਤੋਂ ਹਕੂਮਤ ਤਲਖ਼ੀ ਵਿਚ ਆ ਗਈ ਤੇ ਬਿਜਲੀ ਅਫ਼ਸਰਾਂ ਦੀ ਲਾਹ-ਪਾਹ ਕਰ ਦਿੱਤੀ।
ਸੂਤਰਾਂ ਅਨੁਸਾਰ ਸੱਤ ਅਗਸਤ ਨੂੰ ਬਿਜਲੀ ਚੋਰੀ ਦੇ ਫੜੇ ਕੇਸਾਂ ’ਚ ਕਿਸੇ ਤੋਂ ਜੁਰਮਾਨਾ ਨਹੀਂ ਭਰਾਇਆ ਗਿਆ ਅਤੇ ਨਾ ਹੀ ਕੁਨੈਕਸ਼ਨ ਕੱਟੇ ਗਏ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐੱਸ.ਐੈੱਸ.ਪੀਜ਼ ਨੂੰ ਹੁਕਮ ਜਾਰੀ ਕੀਤੇ ਹਨ ਕਿ ਬਿਜਲੀ ਚੋਰੀ ਰੋਕਣ ਵਿਚ ਪਾਵਰਕੌਮ ਦਾ ਸਹਿਯੋਗ ਦਿੱਤਾ ਜਾਵੇ। ਮੁੱਖ ਮੰਤਰੀ ਦੇ ਹੁਕਮ ਰਾਮਪੁਰਾ ’ਚ ਠੁੱਸ ਹੋ ਗਏ ਹਨ। ਐੱਸ.ਡੀ.ਓ ਰਾਮਪੁਰਾ ਸਿਟੀ ਹਰਸ਼ ਜਿੰਦਲ ਦਾ ਕਹਿਣਾ ਸੀ ਕਿ ਉਹ ਕੈਨਾਲ ਕਲੱਬ ਦਾ ਬਿੱਲ ਚੈੱਕ ਕਰਨਗੇ। ਇਹ ਕੁਨੈਕਸ਼ਨ ਕੌਂਸਲ ਦੇ ਨਾਂ ’ਤੇ ਹੋਣ ਕਰ ਕੇ ਉਹ ਕਾਰਵਾਈ ਨਹੀਂ ਕਰ ਸਕਦੇ। ਜੋ ਐਨਫੋਰਸਮੈਂਟ ਨੇ ਬਿਜਲੀ ਚੋਰੀ ਦੇ ਕੇਸ ਫੜੇ ਸਨ, ਉਨ੍ਹਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ ਤੇ ਬਿਜਲੀ ਚੋਰਾਂ ਨੂੰ ਕਰੀਬ ਚਾਰ ਲੱਖ ਦੇ ਜੁਰਮਾਨੇ ਆਦਿ ਪਾਏ ਗਏ ਹਨ। ਕਿਸੇ ਨਾਲ ਰਿਆਇਤ ਨਹੀਂ ਕੀਤੀ ਜਾਵੇਗੀ।
ਦੂਜੇ ਪਾਸੇ, ਰਾਮਪੁਰਾ ਦੇ ਐਕਸੀਅਨ ਲੁੱਧਰ ਕੁਮਾਰ ਦਾ ਕਹਿਣਾ ਸੀ ਕਿ ਕੈਨਾਲ ਕਲੱਬ ਦੇ ਬਿੱਲ ਬਾਰੇ ਕੱਲ੍ਹ ਹੀ ਪਤਾ ਲੱਗਾ ਹੈ ਤੇ ਕੁਨੈਕਸ਼ਨ ਕੱਟਣ ਦੀ ਜ਼ਿੰਮੇਵਾਰੀ ਐੱਸ.ਡੀ.ਓ ਦੀ ਬਣਦੀ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਨਿੱਜੀ ਕੰਮ ਕਰ ਕੇ ਛੁੱਟੀ ’ਤੇ ਗਏ ਹਨ। ਉਨ੍ਹਾਂ ਆਖਿਆ ਕਿ ਪਿਛਲੇ ਦਿਨਾਂ ’ਚ ਹੋਈ ਬਿਜਲੀ ਚੈਕਿੰਗ ’ਤੇ ਸਿਆਸੀ ਇਤਰਾਜ਼ ਉੱਠੇ ਸਨ।

ਮਾਮਲਾ ਹਾਈ ਕੋਰਟ ਲਿਜਾਵਾਂਗਾ: ਗੁਰਮੀਤ ਸਿੰਘ

ਕੈਨਾਲ ਕਲੱਬ ਬਾਰੇ ਕਾਨੂੰਨੀ ਲੜਾਈ ਲੜਨ ਵਾਲੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਅਕਾਲੀ ਦਲ ਤੇ ਹੁਣ ਕਾਂਗਰਸੀ ਸ਼ਹਿ ’ਤੇ ਕੈਨਾਲ ਕਲੱਬ ’ਤੇ ਕਬਜ਼ਾ ਕੀਤਾ ਹੋਇਆ ਹੈ। ਨਗਰ ਕੌਂਸਲ ਅਮੀਰ ਲੋਕਾਂ ਦੀ ਸਹੂਲਤ ਲਈ ਆਮ ਸ਼ਹਿਰੀਆਂ ਦਾ ਪੈਸਾ ਲੁਟਾ ਰਹੀ ਹੈ। ਹਲਕੇ ਵਿਚ ਬਿਜਲੀ ਚੋਰੀ ਸਿਖ਼ਰ ’ਤੇ ਹੈ ਤੇ ਉਹ ਕਲੱਬ ਦਾ ਮਾਮਲਾ ਮੁੜ ਹਾਈ ਕੋਰਟ ਲਿਜਾ ਰਹੇ ਹਨ।

ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ: ਸ਼ਹਿਰੀ ਪ੍ਰਧਾਨ

ਰਾਮਪੁਰਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੰਜੀਵ ਕੁਮਾਰ ਦਾ ਪ੍ਰਤੀਕਰਮ ਸੀ ਕਿ ਕਲੱਬ ’ਤੇ ਕਾਂਗਰਸ ਦਾ ਕੋਈ ਕਬਜ਼ਾ ਨਹੀਂ। ਕਾਂਗਰਸ ਨੂੰ ਬਿਜਲੀ ਚੋਰਾਂ ਖ਼ਿਲਾਫ਼ ਛੇੜੀ ਮੁਹਿੰਮ ’ਤੇ ਵੀ ਕੋਈ ਇਤਰਾਜ਼ ਨਹੀਂ ਹੈ ਤੇ ਐਕਸੀਅਨ ਦੇ ਛੁੱਟੀ ’ਤੇ ਚਲੇ ਜਾਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।


Comments Off on ਰਾਮਪੁਰਾ ਫੂਲ ਹਲਕੇ ’ਚ ਬਿਜਲੀ ਚੋਰ ਮਾਲਾਮਾਲ ਹੋਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.