ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ

Posted On August - 20 - 2019

ਸਰਬਜੋਤ ਸਿੰਘ ਸਰਬ
ਕਰਨਾਲ/ਕੁਰੂਕਸ਼ੇਤਰ, 19 ਅਗਸਤ

ਕਰਨਾਲ ਵਿੱਚ ਹੜ੍ਹ ਕਾਰਨ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਯਮੁਨਾ ਨਦੀ ਦਾ ਦ੍ਰਿਸ਼।

ਹਿਮਾਚਲ-ਉਤਰਾਖੰਡ ਵਿੱਚ ਪਏ ਭਾਰੀ ਮੀੲ ਮਗਰੋਂ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ-ਅਧਿਕਾਰੀ ਪਲ-ਪਲ ਦੀ ਜਾਣਕਾਰੀ ਚੰਡੀਗੜ੍ਹ ਅਤੇ ਦਿੱਲੀ ਭੇਜ ਰਹੇ ਹਨ। ਸਿੰਚਾਈ ਵਿਭਾਗ ਦੇ ਐਕਸੀਅਨ ਹਰਦੇਵ ਕੰਬੋਜ ਨੇ ਦੱਸਿਆ ਕਿ ਯਮੁਨਾਨਗਰ, ਕਰਨਾਲ, ਇੰਦਰੀ ਅਤੇ ਘਰੌਂਡਾ, ਪਾਨੀਪਤ ਅਤੇ ਸੋਨੀਪਤ ਵਿੱਚ ਯਮੁਨਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਕਾਰਨ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਨੀਪਤ ਦੇ 19, ਕਰਨਾਲ ਦੇ 29, ਯਮੁਨਾਨਗਰ ਦੇ 30 ਅਤੇ ਸੋਨੀਪਤ ਦੇ 6 ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਸਥਿਤ ਵਿਗੜਨ ’ਤੇ ਇਨ੍ਹਾਂ ਪਿੰਡਾਂ ਵਿੱਚ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਡੀਸੀ ਨੇ ਇੰਦਰੀ ਖੰਡ ਦੇ ਚੌਗਾਮਾ, ਹੰਸੂ ਮਾਜਰਾ, ਚੰਦਰਾਵ, ਗੜੀਬੀਰਬਲ, ਨਾਬਿਆਬਾਦ, ਜਪਦੀ ਛਪਰਾ, ਸਇਯਦ ਛਪਰਾ, ਕਮਾਲਪੁਰ ਗਡਰਿਆਨ, ਡਬਕੌਲੀ ਖੁਰਦ ਅਤੇ ਡਬਕੌਲੀ ਕਲਾਂ ਅਤੇ ਕੁੰਜਪੁਰਾ ਖੰਡ ਦੇ ਸ਼ੇਰਗਢ ਟਾਪੂ, ਜਡੌਲੀ, ਨਬੀਪੁਰ, ਕੁੰਡਾ ਕਲਾਂ ਆਦਿ ਪਿੰਡਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕਰਨਾਲ ਖੰਡ ਦੇ ਜੰਮੂਖਾਲਾ, ਮੁਸਤਫਾਬਾਦ, ਢਾਕਵਾਲਾ ਗੁਜਰਾਨ ਅਤੇ ਦਿਲਾਵਰਾ ਅਤੇ ਘਰੌਂਡਾ ਖੰਡ ਦੇ ਲਾਲੂਪੁਰਾ, ਸਦਰਪੁਰ, ਮੁੰਡੀਗੜੀ ਅਤੇ ਬਲਹੇਡਾ ਆਦਿ ਪਿੰਡਾਂ ਵਿੱਚ ਯਮੁਨਾ ਦਾ ਪਾਣੀ ਆਉਣ ਦੀ ਸੂਚਨਾ ਜਾਰੀ ਕੀਤੀ ਗਈ ਹੈ।
ਕਰਨਾਲ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਲੋਕਾਂ ਦੀ ਸੁਰੱਖਿਆ ਲਈ ਸਿੰਚਾਈ ਵਿਭਾਗ, ਰਾਜਸ੍ਵ ਵਿਭਾਗ ਅਤੇ ਪੁਲੀਸ ਵਿਭਾਗ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।
ਕਰਨਾਲ ਦੇ ਪਿੰਡ ਚੰਦਰਾਵ ਅਤੇ ਕਲਸੌਰਾ ਸਣੇ ਕਈ ਪਿੰਡਾਂ ਵਿੱਚ ਯਮੁਨਾ ਦਾ ਪਾਣੀ ਸੜਕ ਪਾਰ ਕਰ ਗਿਆ ਹੈ ਅਤੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਵੜ ਗਿਆ ਹੈ। ਪ੍ਰਸ਼ਾਸਨ ਵੱਲੋਂ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਫੋਨ ਨੰਬਰ -2267271 ਅਤੇ ਪੁਲੀਸ ਕੰਟਰੋਲ ਰੂਮ ਨੰਬਰ 100 ’ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਹਿਮਾਚਲ ਦੇ ਕਾਲਾਅੰਬ ਤੋਂ ਮਾਰੰਕਡਾ ਨਦੀ ਵਿੱਚ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਮਾਰਕੰਡਾ ਨਦੀ ਕੰਢੇ ਲੱਗਦੇ ਕਲਸਾਨਾ, ਕਟਵਾ, ਮੁਗਲਮਾਜਰਾ, ਤੰਗੌਰ, ਦਾਮਲੀ, ਦਯਾਲਪੁਰ ਅਤੇ ਗੁੰਮਟੀ ਸਣੇ ਹੋਰ ਪਿੰਡਾਂ ਵਿੱਚ ਪਾਣੀ ਵੜਾਨ ਸ਼ੁਰੂ ਹੋ ਗਿਆ ਹੈ। ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਜ਼ਿਆਦਾ ਆਉਣ ਕਾਰਨ ਸਕੂਲ ਬੰਦ ਰਹੇ ਅਤੇ ਪਿੰਡਾਂ ਨਾਲ ਸੰਪਰਕ ਟੁੱਟ ਗਿਆ। ਪਿਛਲੇ ਕਈ ਦਿਨਾਂ ਤੋਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੈ, ਜੋ ਅੱਜ ਵਧ ਕੇ 34000 ਕਿਊਸਿਕ ਹੋ ਗਿਆ ਹੈ।
ਰਤੀਆ (ਕੇਕੇ ਬਾਂਸਲ): ਪਹਾੜੀ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਇਕ ਵਾਰ ਫਿਰ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਘੱਗਰ ਨਦੀ ਤੋਂ ਇਲਾਵਾ ਹੋਰ ਰੰਗੋਈ ਨਾਲਿਆਂ ਵਿੱਚ ਆਉਣ ਵਾਲੇ ਪਾਣੀ ਨੂੰ ਲੈ ਕੇ ਪੂਰੀ ਤਰ੍ਹਾਂ ਮੁਸ਼ਤੈਦ ਹੋਣ ਦੇ ਦਾਅਵੇ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਬਾਰਿਸ਼ ਕਹਿਰ ਮਚਾ ਰਹੀ ਹੈ, ਉਸ ਨਾਲ ਇਲਾਕੇ ਦੇ ਲੋਕਾਂ ਵਿੱਚ ਹੜ੍ਹ ਦਾ ਡਰ ਪੈਦਾ ਹੋ ਗਿਆ ਹੈ। ਜੁਲਾਈ ਮਹੀਨੇ ਦੇ ਸ਼ੁਰੂ ਵਿਚ ਘੱਗਰ ਨਦੀ ਵਿੱਚ ਨਿਯਮਤ ਰੂਪ ਵਿੱਚ ਬਾਰਿਸ਼ ਦਾ ਪਾਣੀ ਸ਼ੁਰੂ ਹੋਇਆ ਸੀ ਪਰ 15 ਦਿਨ ਮਗਰੋਂ ਹੀ ਘੱਗਰ ਨਦੀ ਪੁਰਾਣੀ ਸਥਿਤੀ ਵਿੱਚ ਆ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਘੱਗਰ ਵਿਚ ਆਏ ਪਾਣੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਪਰ ਫਿਰ ਵੀ ਹਰ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਮੁਸ਼ਤੈਦ ਹੈ ਤੇ ਇਸ ਲਈ ਕਰਮਚਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਵੀ ਲਗਾਈਆਂ ਹੋਈਆਂ ਹਨ।

ਭਾਦਸੋਂ ਚੁੰਗੀ ਵਾਲੇ ਅੱਡੇ ’ਤੇ ਦਿਹਾੜੀ ਲਈ ਉਡੀਕ ਕਰਦੇ ਹੋਏ ਮਜ਼ਦੂਰ।

ਮੀਂਹ ਕਾਰਨ ਹਫ਼ਤੇ ਤੋਂ ਮਜ਼ਦੂਰਾਂ ਦੇ ਘਰ ਨਹੀਂ ਪੱਕ ਰਹੀ ਰੋਟੀ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜਿੱਥੇ ਪੰਜਾਬ ਵਿੱਚ ਹੋਈ ਭਾਰੀ ਬਾਰਸ਼ ਨੇ ਕੁਦਰਤ ਤੇ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਆਪਣੀ ਜ਼ਿੰਦਗੀ ਦੇ ਰੋਜ਼ਾਨਾ 8 ਘੰਟੇ ਮਜ਼ਦੂਰੀ ਲਈ ਆਉਂਦੇ ਮਜ਼ਦੂਰਾਂ ਨੂੰ ਵੀ ਪਿਛਲੇ ਹਫ਼ਤੇ ਤੋਂ ਮਜ਼ਦੂਰੀ ਨਹੀਂ ਮਿਲੀ। ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਕਈ ਮਜ਼ਦੂਰਾਂ ਦੇ ਘਰਾਂ ’ਚ ਚੁੱਲ੍ਹੇ ਠੰਢੇ ਹੋ ਗਏ ਹਨ। ਇੱਥੇ ਭਾਦਸੋਂ ਚੁੰਗੀ, 22 ਨੰਬਰ ਫਾਟਕ, ਕਿਲ੍ਹਾ ਚੌਕ, 24 ਨੰਬਰ ਫਾਟਕ, ਨਦੀ ਦੇ ਕੋਲ, ਅਰਬਨ ਅਸਟੇਟ ’ਚ ਮਜ਼ਦੂਰਾਂ ਦੇ ਅੱਡੇ ਲੱਗਦੇ ਹਨ, ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਭਾਦਸੋਂ ਚੁੰਗੀ ’ਤੇ ਖੜ੍ਹਦੇ ਮਜ਼ਦੂਰਾਂ ਨੇ ਕਿਹਾ ਕਿ ਉਹ ਆਮ ਤੌਰ ’ਤੇ 450 ਰੁਪਏ ਦਿਹਾੜੀ ਲੈਂਦੇ ਹਨ, ਪਰ ਅੱਜ ਕੱਲ੍ਹ ਕੰਮ ਹੀ ਨਹੀਂ ਮਿਲ ਰਿਹਾ। ਇਸ ਲਈ ਉਹ ਘੱਟ ਰੇਟ ’ਤੇ ਵੀ ਜਾਣ ਲਈ ਤਿਆਰ ਹਨ। ਸਵਰਨ ਸਿੰਘ ਫ਼ਤਿਹਗੜ੍ਹ ਨੇ ਕਿਹਾ ਕਿ ਪੰਜ ਦਿਨਾਂ ਤੋਂ ਦਿਹਾੜੀ ਨਹੀਂ ਮਿਲੀ। ਜੱਟਾਂ ’ਚੋਂ ਕਾਲਾ, ਇੰਦਰਜੀਤ ਨੇ ਅੱਡੇ ’ਤੇ ਵੀ ਆਉਣਾ ਛੱਡ ਦਿੱਤਾ ਹੈ। 6 ਜੀਆਂ ਦਾ ਪਰਿਵਾਰ ਪਾਲ ਰਹੇ ਬਖ਼ਸ਼ੀ ਵਾਲਾ ਦੇ ਬੇਅੰਤ ਸਿੰਘ ਬਖ਼ਸ਼ੀ ਵਾਲਾ, ਦਿੱਤੂਪੁਰ ਦੇ ਨਾਹਰ ਸਿੰਘ ਨੇ ਕਿਹਾ ਕਿ ਪੰਜ ਦਿਨਾਂ ਤੋਂ ਮਜ਼ਦੂਰੀ ਨਹੀਂ ਮਿਲੀ। ਮਜ਼ਦੂਰੀ ਲਈ ਅੱਡੇ ’ਤੇ ਖੜ੍ਹੇ 60 ਸਾਲਾ ਸਿਊਨਾ ਦੇ ਗੁਰਚਰਨ ਸਿੰਘ, ਦਰਸ਼ਨਾਂ ਕਾਲੋਨੀ ਦੇ ਗੁਰਦੇਵ ਸਿੰਘ, ਰੌਂਗਲਾ ਦੇ ਗੁਰਮੇਲ ਸਿੰਘ ਨੂੰ ਤਾਂ ਪਿਛਲੇ 15 ਦਿਨਾਂ ਤੋਂ ਦਿਹਾੜੀ ਨਹੀਂ ਮਿਲੀ। ਲੰਗ ਦਾ ਗੁਲਾਬ ਅਲੀ 8 ਦਿਨਾਂ ਤੋਂ ਵਿਹਲਾ ਹੈ। ਮਨਜੀਤ ਨਗਰ ਦਾ ਰਾਜੂ, ਸਿੰਭੜੋ ਦਾ ਕੁਲਵਿੰਦਰ, ਸਿੱਧੂਵਾਲ ਦਾ ਸ਼ਾਹਿਦ ਅਲੀ ਵੀ ਹਫ਼ਤੇ ਤੋਂ ਅੱਡੇ ਤੇ ਆ ਕੇ ਖ਼ਾਲੀ ਮੁੜ ਜਾਂਦੇ ਹਨ। ਇੱਥੇ ਖੜ੍ਹੇ ਮਿਸਤਰੀ ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਦਿਹਾੜੀ ਉਂਜ 700 ਰੁਪਏ ਹੈ ਪਰ ਹੁਣ ਘੱਟ ਵੀ ਲੈ ਲੈਂਦੇ ਹਨ। ਪਿਛਲੇ ਹਫ਼ਤੇ ਤੋਂ ਕੋਈ ਦਿਹਾੜੀ ਨਹੀਂ ਮਿਲੀ। ਇੱਥੇ ਹੀ ਖੂਹੀ ਪੁੱਟਣ ਵਾਲੇ ਵੀ ਖੜ੍ਹੇ ਹਨ। ਪਰ ਰੰਗ ਰੋਗਨ ਕਰਨ ਵਾਲਿਆਂ ਨੂੰ ਅੱਜ ਕੱਲ੍ਹ ਹੋਰ ਕੰਮ ਲੱਭਣੇ ਪੈ ਰਹੇ ਹਨ। ਸ਼ਾਹਿਦ ਅਲੀ ਨੇ ਕਿਹਾ ਕਿ ਅੱਜ ਕੱਲ੍ਹ ਸਾਡੇ 8 ਘੰਟਿਆਂ ਦੇ ਖ਼ਰੀਦਦਾਰ ਬਹੁਤ ਘੱਟ ਹਨ, ਜਿਸ ਕਰਕੇ ਉਨ੍ਹਾਂ ਦੇ ਚੁੱਲ੍ਹਿਆਂ ’ਚ ਅੱਗ ਵੀ ਕਦੇ ਹੀ ਮੱਚਦੀ ਹੈ।

ਖੇੜੀ ਕਲਾਂ ਵਿੱਚ ਮੀਂਹ ਕਾਰਨ ਕੰਧ ਵਿੱਚ ਆਈਆਂ ਤਰੇੜਾਂ ਦਾ ਦ੍ਰਿਸ਼।

ਖੇੜੀ ਕਲਾਂ ’ਚ ਮੀਂਹ ਕਾਰਨ ਦਲਿਤਾਂ ਦੇ ਘਰ ਨੁਕਸਾਨੇ; ਕੰਧਾਂ ’ਚ ਪਈਆਂ ਤਰੇੜਾਂ
ਬੀਰਬਲ ਰਿਸ਼ੀ
ਸ਼ੇਰਪੁਰ, 19 ਅਗਸਤ
ਪਿੰਡ ਖੇੜੀ ਕਲਾਂ ’ਚ ਮੀਂਹ ਦੇ ਪਾਣੀ ਨਾਲ ਕਈ ਦਲਿਤ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਹਾਲੇ ਹੋਰ ਮੀਂਹ ਦੀ ਭਵਿੱਖਵਾਣੀ ਦੇ ਮੱਦੇਨਜ਼ਰ ਪਾਣੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੀ ਜਾਨ ’ਤੇ ਬਣੀ ਹੋਈ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਖੇੜੀ ਤੇ ਪਿੰਡ ਦੇ ਪੰਚ ਗੁਰਮੀਤ ਸਿੰਘ ਨੇ ਕੁਝ ਪੀੜਤ ਪਰਿਵਾਰਾਂ ਨਾਲ ਘਰੋ-ਘਰ ਜਾ ਕੇ ਕੀਤੇ ਰਾਬਤੇ ਮਗਰੋਂ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਵਾਰਡ ਨੰਬਰ 2 ਵਿੱਚ ਮਜ਼ਦੂਰੀ ਕਰਦੇ ਸੁਦਾਗਰ ਸਿੰਘ ਦੇ ਘਰ ਵਿੱਚ ਦੋ ਕਮਰੇ ਹਨ, ਜਿੱਥੇ ਇੱਕ ਵਿੱਚ ਉਸ ਦਾ ਪਰਿਵਾਰ ਤੇ ਦੂਜੇ ਵਿੱਚ ਉਸ ਦੀ ਮਾਤਾ ਤੇ ਭਤੀਜਾ ਰਹਿੰਦੇ ਹਨ ਪਰ ਹੁਣ ਮੀਂਹ ਦੇ ਪਾਣੀ ਨਾਲ ਘਰ ਅੰਦਰ ਇੱਕ ਕਮਰੇ ’ਚ ਕੰਧਾਂ ਤੇ ਫਰਸ਼ ਨੂੰ ਆਈਆਂ ਤਰੇੜਾਂ ਨੇ ਇਸ ਪਰਿਵਾਰ ਦੇ ਸਾਹ ਸੂਤੇ ਹੋਏ ਹਨ। ਇਸੇ ਤਰ੍ਹਾਂ ਪਿੰਡ ਦੇ ਦਲਿਤ ਨਾਜ਼ਰ ਸਿੰਘ ਦੇ ਘਰ ਨੂੰ ਵੀ ਮੀਂਹ ਦੇ ਪਾਣੀ ਤੋਂ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਉਸ ਦੇ ਘਰ ਦੀ ਇੱਕ ਕੰਧ ਧਸ ਗਈ ਹੈ। ਆਗੂਆਂ ਅਨੁਸਾਰ ਪਿੰਡ ਦੇ ਜਸਵੀਰ ਸਿੰਘ ਦਾ ਘਰ ਕਾਫ਼ੀ ਨੀਵਾ ਹੈ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਜਿਸ ਕਰਕੇ ਉਸ ਨੂੰ ਆਪਣੇ ਘਰ ਤੋਂ ਹੀ ਖ਼ਤਰਾ ਹੈ। ਆਗੂਆਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੇ ਪਰਿਵਾਰਾਂ ਦੀ ਨੁਕਸਾਨ ਤੋਂ ਪਹਿਲਾਂ ਸਾਰ ਲਈ ਜਾਵੇ ਉਂਜ ਉਨ੍ਹਾਂ ਛੇਤੀ ਹੀ ਬੀਡੀਪੀਓ ਸ਼ੇਰਪੁਰ ਨੂੰ ਮਿਲ ਕੇ ਸਾਰਾ ਮਾਮਲਾ ਛੇਤੀ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ।

ਡੀਸੀ ਵੱਲੋਂ ਘੱਗਰ ਦਰਿਆ ਵਿੱਚ ਵਧਦੇ ਪਾਣੀ ਦਾ ਜਾਇਜ਼ਾ
ਪਾਤੜਾਂ/ਘੱਗਾ (ਗੁਰਨਾਮ ਸਿੰਘ ਚੌਹਾਨ/ਸ਼ਹਿਬਾਜ਼ ਸਿੰਘ): ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਘੱਗਰ ਵਿੱਚ ਵਹਿ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਬਾਦਸ਼ਾਹਪੁਰ ਆਦਿ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੇ ਪਾਤੜਾਂ ਦੇ ਐੱਸਡੀਐੱਮ ਮਿਸ ਇਨਾਇਤ ਗੁਪਤਾ, ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਤੇ ਐਸਡੀਓ ਨਿਰਮਲ ਸਿੰਘ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਦਾ ਗੰਭੀਰਤਾ ਨਾਲ ਤਤਪਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਬਾਰੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਪਾਣੀ ਆਉਣ ਦੀ ਸੂਰਤ ‘ਚ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਿੰਡ ਬਾਦਸ਼ਾਹਪੁਰ ਕੋਲ ਪਹਿਲਾਂ ਆਏ ਹੜ੍ਹ ਕਾਰਨ ਘੱਗਰ ਦਰਿਆ ਵਿਚ ਪਏ ਪਾੜ ਨੂੰ ਅੱਜ ਦੂਜੇ ਦਿਨ ਕਿਸਾਨ ਪੂਰਨ ਵਿਚ ਲਗੇ ਰਹੇ। ਡਰੇਨ ਵਿਭਾਗ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਲੋਕਾਂ ਵਿਚ ਪ੍ਰਤੀ ਭਾਰੀ ਰੋਸ ਹੈ। ਕਿਸਾਨ ਪਿਸ਼ੋਰਾ ਸਿੰਘ, ਦਵਿੰਦਰ ਸਿੰਘ ਮਾਹਲ, ਸਵਰਨ ਸਿੰਘ, ਬਾਲਵਿੰਦ ਸਿੰਘ ਨੰਬਰਦਾਰ ਨੇ ਕਿਹਾ ਹੈ ਕਿ ਡਰੇਨ ਵਿਭਾਗ ਦਾ ਜੇਈ ਜਸਪਾਲ ਸਿੰਘ ਪਹਿਲੇ ਦਿਨ ਕੁਝ ਕੁ ਮਜ਼ਦੂਰ ਲੈ ਕੇ ਆਇਆ ਸੀ ਉਨ੍ਹਾਂ ਵੱਲੋਂ ਬੰਨੇ ਦੀ ਮਜਬੂਤੀ ਲਈ ਖਾਲੀ ਥੈਲਿਆਂ ਦੀ ਵਾਰ ਵਾਰ ਮੰਗ ਕਰਨ ਉਤੇ ਉਨ੍ਹਾਂ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੂੰ ਥੈਲਿਆਂ ਦਾ ਪ੍ਰਬੰਧ ਖੁਦ ਕਰਨਾ ਪਿਆ। ਇਸੇ ਦੌਰਾਨ ਡਰੇਨ ਵਿਭਾਗ ਦੇ ਜੇਈ ਜਸਪਾਲ ਸਿੰਘ ਨੇ ਕਿਹਾ ਹੈ ਕਿ ਇਹ ਬੰਨ ਪ੍ਰਾਈਵੇਟ ਹੈ ਉਸ ਦੀ ਮਜਬੂਤੀ ਲਈ ਉਨ੍ਹਾਂ ਨੂੰ ਕੋਈ ਹਦਾਇਤਾਂ ਨਹੀਂ ਆਈ ਉਹ ਬੰਨ ਦੀ ਮਜਬੂਤੀ ਲਈ ਵਰਤੋਂ ਵਿਚ ਆਉਣ ਵਾਲੇ ਖਾਲੀ ਥੈਲੇ ਮੁਹੱਈਆ ਨਹੀਂ ਕਰਵਾ ਸਕਦੇ।


Comments Off on ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.